-ਡਾ. ਚਰਨਜੀਤ ਸਿੰਘ ਗੁਮਟਾਲਾ

ਅਮਰੀਕਾ ਦੇ ਟੈਕਸਸ ਸੂਬੇ ਵਿਚ ਬੀਤੇ ਸ਼ੁੱਕਰਵਾਰ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇਕ ਸਿਰਫਿਰੇ ਸਪੈਨਿਸ਼ ਮੂਲ ਦੇ ਰਾਬਰਟ ਸਾਲਸ (47) ਨਾਮੀ ਵਿਅਕਤੀ ਵੱਲੋਂ ਸ਼ਹੀਦ ਕਰਨ 'ਤੇ ਪੂਰੇ ਅਮਰੀਕਾ ਵਿਚ ਸੋਗ ਦੀ ਲਹਿਰ ਦੌੜ ਗਈ। ਸੰਦੀਪ ਸਿੰਘ ਅਮਰੀਕਾ ਵਿਚ ਪਹਿਲਾ ਪਗ਼ੜੀਧਾਰੀ ਸਿੱਖ ਪੁਲਿਸ ਅਫ਼ਸਰ ਸੀ ਜਿਸ ਨੂੰ ਡਿਊਟੀ ਸਮੇਂ ਗੋਲ਼ੀ ਮਾਰ ਕੇ ਸ਼ਹੀਦ ਕੀਤਾ ਗਿਆ ਹੈ। ਉਸ ਨੇ ਇਕ ਕਾਰ ਨੂੰ ਰੋਕ ਕੇ ਜਦ ਚੈਕਿੰਗ ਕੀਤੀ ਤਾਂ ਕਾਤਲ ਨੇ ਪਿੱਛੋਂ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਨੂੰ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਦੀ ਗਰਦਨ ਅਤੇ ਸਿਰ 'ਤੇ ਗੋਲੀਆਂ ਵੱਜੀਆਂ ਸਨ।

ਕਾਤਲ ਪਹਿਲਾਂ ਹੀ ਕਈ ਜੁਰਮਾਂ ਵਿਚ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਸੀ ਅਤੇ ਪੈਰੋਲ 'ਤੇ ਆਇਆ ਹੋਇਆ ਸੀ। ਪੈਰੋਲ ਖ਼ਤਮ ਹੋਣ ਦੇ ਬਾਵਜੂਦ ਉਹ ਵਾਪਸ ਜੇਲ੍ਹ ਨਹੀਂ ਗਿਆ ਸੀ। ਉਸ ਦੇ ਨਾਲ ਉਸ ਦੀ ਇਕ ਦੋਸਤ ਲੜਕੀ ਵੀ ਸੀ। ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਜੱਜ ਕ੍ਰਿਸ ਮੋਰਟਿਨ ਨੇ ਉਸ ਨੂੰ ਬਿਨਾਂ ਜ਼ਮਾਨਤ ਤੋਂ ਹਿਰਾਸਤ ਵਿਚ ਰੱਖਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਕਾਤਲ ਨੂੰ ਜਦ ਕਤਲ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਭਗੌੜਾ ਹੈ ਅਤੇ ਇਸ ਪੁਲਿਸ ਅਫ਼ਸਰ ਨੇ ਉਸ ਨੂੰ ਮੁੜ ਜੇਲ੍ਹ ਭੇਜ ਦੇਣਾ ਸੀ ਪਰ ਉਹ ਜੇਲ੍ਹ ਨਹੀਂ ਸੀ ਜਾਣਾ ਚਾਹੁੰਦਾ। ਪੁਲਿਸ ਨੇ ਉਸ ਪਾਸੋਂ ਕਤਲ ਲਈ ਵਰਤੀ ਸੈਮੀ ਆਟੋਮੈਟਿਕ ਗੰਨ ਵੀ ਪ੍ਰਾਪਤ ਕਰ ਲਈ ਹੈ।

ਦੱਸਣਾ ਬਣਦਾ ਹੈ ਕਿ ਸੰਦੀਪ ਸਿੰਘ ਧਾਲੀਵਾਲ ਦਾ ਜਨਮ ਸੇਵਾ ਮੁਕਤ ਫ਼ੌਜੀ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਧਾਲੀਵਾਲ ਜ਼ਿਲ੍ਹਾ ਕਪੂਰਥਲਾ ਵਿਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ ਸੀ। ਉਹ ਆਪਣੇ ਪਿੱਛੇ ਦੋ ਬੇਟੀਆਂ 13 ਅਤੇ 10 ਸਾਲ ਦੀਆਂ ਅਤੇ ਬੇਟਾ (5) ਅਤੇ ਪਤਨੀ ਤੇ ਪਿਤਾ ਛੱਡ ਗਿਆ ਹੈ। ਉਸ ਦੀ ਮਾਤਾ ਦਾ ਸਾਲ ਕੁ ਪਹਿਲਾਂ ਦੇਹਾਂਤ ਹੋ ਗਿਆ ਸੀ। ਉਹ 25 ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ। ਇੱਥੇ ਆ ਕੇ ਉਹ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭੰਗੜੇ ਦੇ ਜੌਹਰ ਵਿਖਾਉਣ ਕਾਰਨ ਬੜਾ ਹਰਮਨਪਿਆਰਾ ਹੋ ਗਿਆ ਸੀ।

ਪੁਲਿਸ ਵਿਚ ਭਰਤੀ ਹੋਣਾ ਸੁਭਾਵਕ ਨਹੀਂ ਸੀ। ਸੰਦੀਪ ਦੇ ਪਿਤਾ ਪਿਆਰਾ ਸਿੰਘ ਧਾਲੀਵਾਲ ਨੇ ਦੱਸਿਆ ਕਿ 2008 ਦੀ ਗੱਲ ਹੈ ਕਿ ਸੰਦੀਪ ਸਿੰਘ ਗੁਰਦੁਆਰੇ ਬੈਠਾ ਸੀ। ਇਕ ਸਿੱਖ ਪਰਿਵਾਰ ਦੇ ਘਰ ਚੋਰੀ ਹੋ ਗਈ ਸੀ। ਜਦ ਪਰਿਵਾਰ ਨੇ ਪੁਲਿਸ ਨੂੰ ਸਹਾਇਤਾ ਲਈ ਸੱਦਿਆ ਤਾਂ ਪੁਲਿਸ ਨੇ ਉਲਟਾ ਉਕਤ ਪਰਿਵਾਰ ਵਿਰੁੱਧ ਕੇਸ ਦਰਜ ਕਰ ਦਿੱਤਾ। ਅਸਲ ਵਿਚ ਪਰਿਵਾਰ ਦੇ ਮੁਖੀ ਨੇ ਕਿਰਪਾਨ ਪਾਈ ਹੋਈ ਸੀ ਅਤੇ ਪੁਲਿਸ ਨੂੰ ਨਹੀਂ ਸੀ ਪਤਾ ਕਿ ਅੰਮ੍ਰਿਤਧਾਰੀ ਸਿੱਖ ਕਿਰਪਾਨ ਪਾਉਂਦੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਗੁਰਦੁਆਰੇ ਆਏ ਅਤੇ ਸਿੱਖਾਂ ਨੂੰ ਅਮਰੀਕੀ ਪੁਲਿਸ ਵਿਚ ਭਰਤੀ ਹੋਣ ਦੀ ਅਪੀਲ ਕੀਤੀ। ਸੰਦੀਪ ਸਿੰਘ ਨੇ ਪਿਤਾ ਨਾਲ ਗੱਲ ਕੀਤੀ। ਭਾਵੇਂ ਅਮਰੀਕਾ ਵਿਚ ਬੰਦੂਕ ਸੱਭਿਆਚਾਰ ਹੋਣ ਕਰਕੇ ਪੁਲਿਸ ਦੀ ਨੌਕਰੀ ਬੜੀ ਜੋਖ਼ਮ ਭਰੀ ਹੈ ਪਰ ਉਸ ਨੇ ਕਿਹਾ ਕਿ ਉਹ ਆਮ ਸਿੱਖਾਂ ਨਾਲੋਂ ਵੱਖਰਾ ਕੰਮ ਕਰਨਾ ਚਾਹੁੰਦਾ ਹੈ। ਉਸ ਸਮੇਂ ਉਹ ਆਮ ਪੰਜਾਬੀਆਂ ਵਾਂਗ ਟਰੱਕਿੰਗ ਦਾ ਕੰਮ ਕਰਦਾ ਸੀ। ਉਹ 2009 ਵਿਚ ਡੀਟਂੈਸ਼ਨ ਅਫ਼ਸਰ ਭਰਤੀ ਹੋਇਆ ਤੇ ਹੌਲੀ-ਹੌਲੀ ਤਰੱਕੀ ਕਰਦਾ ਡਿਪਟੀ ਚੀਫ਼ ਬਣ ਗਿਆ। ਉਸ ਨੇ 2015 ਵਿਚ ਦਸਤਾਰ ਸਜਾਉਣ ਦੀ ਆਗਿਆ ਮੰਗੀ ਜਿਸ ਦੀ ਚਰਚਾ ਅਮਰੀਕੀ ਮੀਡੀਆ ਵਿਚ ਬਹੁਤ ਹੋਈ। ਉਸ ਨੂੰ ਆਗਿਆ ਮਿਲਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖੀ ਸਰੂਪ ਵਿਚ ਪੁਲਿਸ ਵਿਚ ਨੌਕਰੀ ਕਰਨ ਦਾ ਰਾਹ ਖੁੱਲ੍ਹ ਗਿਆ। ਭਰਤੀ ਹੋਣ ਤੋਂ ਬਾਅਦ ਉਸ ਨੇ ਦਫ਼ਤਰ ਵਿਚ ਕੰਮ ਕਰਨ ਦੀ ਥਾਂ ਆਮ ਲੋਕਾਂ ਵਿਚ ਵਿਚਰਨ ਨੂੰ ਪਹਿਲ ਦਿੱਤੀ। ਉਹ ਅਕਸਰ ਆਪਣੀ ਗੱਡੀ 'ਚ ਘੁੰਮਦਾ-ਫਿਰਦਾ ਸੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਹੁਣ ਵੀ ਜਦ ਉਸ ਦਾ ਕਤਲ ਹੋਇਆ ਤਾਂ ਉਹ ਚੌਕ ਵਿਚ ਡਿਊਟੀ ਦੇ ਰਿਹਾ ਸੀ।

ਸੰਦੀਪ ਸਿੰਘ ਧਾਲੀਵਾਲ ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਸੀ। ਹੱਸਮੁੱਖ ਅਤੇ ਹਰ ਸਮੇਂ ਸੇਵਾ ਨੂੰ ਸਮਰਪਿਤ ਰਹਿਣ ਵਾਲੇ ਧਾਲੀਵਾਲ ਦੀਆਂ ਸੇਵਾਵਾਂ ਨੂੰ ਅਮਰੀਕੀ ਮੀਡੀਆ ਨੇ ਪ੍ਰਮੁੱਖਤਾ ਨਾਲ ਪ੍ਰਚਾਰਿਆ ਤੇ ਪ੍ਰਸਾਰਿਆ। ਅਮਰੀਕਾ ਵਿਚ ਆਉਂਦੇ ਤੂਫਾਨਾਂ, ਹੜ੍ਹਾਂ ਆਦਿ ਕੁਦਰਤੀ ਆਫਤਾਂ ਸਮੇਂ ਉਹ ਆਪਣੇ ਸਾਥੀਆਂ ਨਾਲ ਛੁੱਟੀ ਲੈ ਕੇ ਸੇਵਾ ਕਰਨ ਜਾਂਦਾ ਸੀ। ਪਿੱਛੇ ਜਿਹੇ ਉਹ ਪੈਟਰਿਕਾ ਵਿਚ ਆਫ਼ਤ ਦੇ ਮੂੰਹ ਆਏ ਲੋਕਾਂ ਦੀ ਮਦਦ ਕਰਨ ਗਿਆ ਸੀ। 'ਯੂਨਾਈਟਿਡ ਸਿੱਖਸ' ਨਾਂ ਦੀ ਸੰਸਥਾ ਨਾਲ ਇਕ ਸਹਿਯੋਗੀ ਦੇ ਤੌਰ 'ਤੇ ਉਸ ਨੇ ਸ਼ਲਾਘਾਯੋਗ ਕੰਮ ਕੀਤਾ।

ਸੰਦੀਪ ਸਿੰਘ ਧਾਲੀਵਾਲ ਦੀ ਮੌਤ 'ਤੇ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਕੈਂਡਲ ਮਾਰਚ ਕੱਢੇ ਗਏ। ਉਸ ਦੇ ਅੰਤਿਮ ਸੰਸਕਾਰ ਸਮੇਂ ਅਮਰੀਕੀ ਟੀਵੀ ਚੈਨਲ ਨੇ ਸਿੱਧਾ ਪ੍ਰਸਾਰਨ ਕੀਤਾ। ਸਸਕਾਰ ਸਮੇਂ ਉਸ ਦੀ ਦੇਹ ਅਮਰੀਕੀ ਝੰਡੇ ਵਿਚ ਲਪੇਟੀ ਹੋਈ ਸੀ। ਉਸ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਸਸਕਾਰ ਤੋਂ ਪਹਿਲਾਂ ਅਮਰੀਕੀ ਝੰਡਾ ਉਤਾਰ ਕੇ ਉਸਂ ਦੀ ਪਤਨੀ ਨੂੰ ਦਿੱਤਾ ਗਿਆ। ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਵਿਚ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਵੱਖ-ਵੱਖ ਬੁਲਾਰਿਆਂ ਨੇ ਸੰਦੀਪ ਸਿੰਘ ਧਾਲੀਵਾਲ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹ ਅਜਿਹਾ ਅਨਮੋਲ ਹੀਰਾ ਸੀ ਜੋ ਵਾਕਿਆ ਹੀ ਸੰਸਾਰ ਵਿਚ ਨਵੀਆਂ ਪੈੜਾਂ ਪਾ ਗਿਆ।

ਅਮਰੀਕਾ ਵਿਚ ਇਸ ਸਮੇਂ ਸਿੱਖ ਪਛਾਣ ਦਾ ਮਸਲਾ ਬੜਾ ਅਹਿਮ ਹੈ। ਅਮਰੀਕਾ ਨੂੰ ਅੱਜ ਅਜਿਹੇ ਸਾਬਤ-ਸੂਰਤ ਸਿੱਖ ਪੁਲਿਸ ਅਤੇ ਅਫ਼ਸਰਾਂ ਦੀ ਲੋੜ ਹੈ ਜੋ ਕਿ ਸਿੱਖ ਧਰਮ ਦੀ ਨਿਸ਼ਕਾਮ ਸੇਵਾ ਕਰਨ ਦੀ ਰਵਾਇਤ ਨੂੰ ਅੱਗੇ ਵਧਾਉਣ। ਸੰਦੀਪ ਦੇ ਚੰਗੇ ਕੰਮਾਂ ਕਾਰਨ ਉਸ ਦੇ ਪਰਿਵਾਰ ਲਈ ਵੱਖ-ਵੱਖ ਸੰਸਥਾਵਾਂ ਦਾਨ ਇਕੱਠਾ ਕਰ ਰਹੀਆਂ ਹਨ। ਹੁਣ ਤਕ ਛੇ ਲੱਖ ਡਾਲਰ ਤੋਂ ਵੱਧ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ। ਪਾਪਾ ਜਾਹਨਜ਼ ਦੀ ਦੱਖਣੀ-ਪੂਰਵੀ ਸ਼ਾਖਾ ਨੇ ਮੰਗਲਵਾਰ ਤੋਂ ਸ਼ੁੱਕਰਵਾਰ ਤਕ ਦੀ ਕਮਾਈ ਇਸ ਫੰਡ 'ਚ ਪਾਉਣ ਦਾ ਐਲਾਨ ਕੀਤਾ ਗਿਆ ਹੈ। ਕਾਬਿਲੇਗ਼ੌਰ ਹੈ ਕਿ ਸੰਨ 2015 ਤੋਂ ਹੁਣ ਤਕ ਪੁਲਿਸ ਦੇ 50 ਮਰਦ ਤੇ ਮਹਿਲਾ ਮੁਲਾਜ਼ਮ ਡਿਊਟੀ ਦਿੰਦੇ ਹੋਏ ਸ਼ਹੀਦ ਹੋ ਚੁੱਕੇ ਹਨ ਜਿਨ੍ਹਾਂ 'ਚੋਂ ਸੰਦੀਪ ਸਿੰਘ ਦਾ ਨੰਬਰ 50ਵਾਂ ਸੀ। ਸੰਦੀਪ ਸਿੰਘ ਧਾਲੀਵਾਲ ਭਾਵੇਂ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ ਪਰ ਉਸ ਵੱਲੋਂ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

-ਸੰਪਰਕ : 0019375739812

Posted By: Sukhdev Singh