ਪੰਜਾਬ ’ਚ ਡੇਂਗੂ ਦੇ ਮਰੀਜ਼ਾਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਵੇਖਦਿਆਂ ਸਿਹਤ ਵਿਭਾਗ ਨੂੰ ਆਪਣੀ ਸਰਗਰਮੀ ਵਧਾਉਣੀ ਹੋਵੇਗੀ। ਸਿਹਤ ਵਿਭਾਗ ਵੱਲੋਂ ਹਸਪਤਾਲਾਂ ’ਚ ਵਾਜਬ ਇੰਤਜ਼ਾਮ ਕੀਤੇ ਜਾਣ ਦੀ ਜ਼ਰੂਰਤ ਹੈ। ਸੂਬੇ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਤਕਰੀਬਨ ਦੋ ਹਜ਼ਾਰ ਤਕ ਪੁੱਜ ਗਈ ਹੈ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਰਾਜ ’ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ। ਪਿਛਲੇ ਵਰ੍ਹੇ ਵੀ ਇਹੋ ਹਾਲ ਸੀ ਪਰ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿੱਖਿਆ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਬੀਤੇ ਅਗਸਤ ਮਹੀਨੇ ਦੇ ਅੰਤ ’ਚ ਪੰਜਾਬ ’ਚ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 800 ਸੀ, ਜੋ 19 ਸਤੰਬਰ ਤਕ ਵਧ ਕੇ 1,739 ਹੋ ਗਈ ਸੀ। ਸਭ ਤੋਂ ਵੱਧ ਚਿੰਤਾਜਨਕ ਹਾਲਤ ਮੋਹਾਲੀ ਦੀ ਹੈ, ਜਿੱਥੇ ਲਗਪਗ ਸਾਢੇ ਤਿੰਨ ਸੌ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਰੂਪਨਗਰ ’ਚ ਵੀ ਤਿੰਨ ਸੌ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋ ਚੁੱਕੇ ਹਨ। ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਾਰੇ ਪ੍ਰਬੰਧ ਕਰਨੇ ਹੋਣਗੇ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਮੋਹਾਲੀ ਤੇ ਰੂਪਨਗਰ ਲਾਗਲੇ ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ’ਚ ਵੀ ਡੇਂਗੂ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ ਤੇ ਉਨ੍ਹਾਂ ਦੀ ਗਿਣਤੀ ਦੋ ਸੌ ਦੇ ਲਗਪਗ ਹੋ ਗਈ ਹੈ। ਇਹ ਜ਼ਿਲ੍ਹੇ ਕਿਉਂਕਿ ਨਾਲ-ਨਾਲ ਹਨ, ਇਸ ਲਈ ਸਰਕਾਰ ਨੂੰ ਇਹ ਵੇਖਣਾ ਹੋਵੇਗਾ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਕੀ ਕਾਰਨ ਹਨ? ਲੁਧਿਆਣਾ ਜ਼ਿਲ੍ਹੇ ਦੇ ਖੰਨਾ ’ਚ ਇੱਕੋ ਦਿਨ ’ਚ 11 ਕੇਸ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੀ ਚੁਣੌਤੀ ਵਧ ਗਈ ਹੈ। ਜ਼ਿਲ੍ਹੇ ’ਚ ਹੁਣ ਤਕ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਂਝ ਭਾਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭਰੋਸਾ ਦਿਵਾਇਆ ਹੈ ਕਿ ਪੰਜਾਬ ’ਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਤੇ ਜਨਤਾ ਨੂੰ ਦਹਿਸ਼ਤ ’ਚ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਿਹਤ ਵਿਭਾਗ ਆਮ ਲੋਕਾਂ ਦੀ ਸਿਹਤ-ਸਲਾਮਤੀ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਫਿਰ ਵੀ ਅਜਿਹੀ ਹਾਲਤ ’ਚ ਆਮ ਜਨਤਾ ਨੂੰ ਵੀ ਵਾਧੂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਡੇਂਗੂ ਦੇ ਮਾਮਲੇ ’ਚ ਕਈ ਵਾਰ ਜਦੋਂ ਸਰਕਾਰੀ ਟੀਮਾਂ ਲੋਕਾਂ ਦੇ ਘਰਾਂ ’ਚ ਜਾਂਚ ਕਰਨ ਲਈ ਪੁੱਜਦੀਆਂ ਹਨ ਤਾਂ ਉੱਥੇ ਲਾਪਰਵਾਹੀ ਸਾਹਮਣੇ ਆਉਂਦੀ ਹੈ। ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪਾਇਆ ਜਾਂਦਾ ਹੈ। ਟੀਮ ਵੱਲੋਂ ਉਨ੍ਹਾਂ ਲੋਕਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ, ਜਿਨ੍ਹਾਂ ਦੇ ਘਰਾਂ ਅੰਦਰ ਜਾਂ ਵਿਹੜਿਆਂ ’ਚ ਕਿਤੇ ਪਾਣੀ ਖੜ੍ਹਾ ਮਿਲਦਾ ਹੈ ਕਿਉਂਕਿ ਖੜ੍ਹੇ ਪਾਣੀ ’ਚ ਲਾਰਵਾ ਵਧੇਰੇ ਛੇਤੀ ਪਣਪਦਾ ਤੇ ਪ੍ਰਫੁੱਲਿਤ ਹੁੰਦਾ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਆਪਣੀ ਜਾਨ ਖ਼ੁਦ ਮੁਸੀਬਤ ’ਚ ਕਿਉਂ ਪਾਉਂਦੇ ਹਾਂ? ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਭਵਿੱਖ ’ਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਖ਼ਦਸ਼ੇ ਨੂੰ ਵੇਖਦਿਆਂ ਹਸਪਤਾਲਾਂ ’ਚ ਦਵਾਈਆਂ ਤੇ ਬਿਸਤਰਿਆਂ ਦਾ ਪੂਰਾ ਇੰਤਜ਼ਾਮ ਕਰਨਾ ਹੋਵੇਗਾ। ਕਈ ਵਾਰ ਅਜਿਹਾ ਹੁੰਦਾ ਹੈ ਕਿ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤਾਂ ਹਸਪਤਾਲਾਂ ’ਚ ਬਿਸਤਰਿਆਂ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਇਹ ਵੇਖਣਾ ਹੋਵੇਗਾ ਕਿ ਵੱਖੋ-ਵੱਖਰੇ ਖੇਤਰਾਂ ’ਚ ਫੌਗਿੰਗ ਸਹੀ ਤਰੀਕੇ ਨਾਲ ਹੋਵੇ। ਅਜਿਹੇ ਮਾਮਲਿਆਂ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਭਾਰੀ ਪੈ ਸਕਦੀ ਹੈ। ਪਿੰਡਾਂ ਦੇ ਛੱਪੜਾਂ ’ਚ ਗੰਬੂਜ਼ੀਆ ਮੱਛੀਆਂ ਛੱਡੀਆਂ ਜਾਣੀਆਂ ਚਾਹੀਦੀਆਂ ਹਨ, ਜੋ ਸਿਰਫ਼ ਡੇਂਗੂ ਦਾ ਲਾਰਵਾ ਹੀ ਖਾਂਦੀਆਂ ਹਨ। ਇੰਝ ਡੇਂਗੂ ਦੇ ਡੰਗ ਨੂੰ ਨੱਪਣ ਲਈ ਹੋਰ ਵੀ ਠੋਸ ਕਦਮ ਚੁੱਕੇ ਜਾ ਸਕਦੇ ਹਨ।

Posted By: Jagjit Singh