ਲੋਕਤੰਤਰ ਦਾ ਮਤਲਬ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਬਣਾਈ ਸਰਕਾਰ ਹੁੰਦੀ ਹੈ। ਇਹ ਪਰਿਭਾਸ਼ਾ ਹੁਣ ਸਿਰਫ਼ ਸੰਵਿਧਾਨ ਦੀ ਹੀ ਸ਼ੋਭਾ ਬਣ ਕੇ ਰਹਿ ਗਈ ਹੈ। ਇੰਨੇ ਮਹੀਨਿਆਂ ਤੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਧਰਨਾ ਲਾਈ ਬੈਠੇ ਕਿਸਾਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਬੱਚੇ, ਨੌਜਵਾਨ, ਬਜ਼ੁਰਗ ਅਤੇ ਔਰਤਾਂ ਘਰੋਂ ਬੇਘਰ ਹੋ ਕੇ ਸੜਕਾਂ ਉੱਤੇ ਰੈਣ-ਵਸੇਰੇ ਬਣਾ ਕੇ ਲਗਾਤਾਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੌਰਾਨ ਕਈ ਨੌਜਵਾਨ ਅਤੇ ਬਜ਼ੁਰਗ ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਜਿੱਥੇ ਪਰਿਵਾਰਾਂ ਨੂੰ ਖਮਿਆਜ਼ਾ ਭੁਗਤਣਾ ਪਿਆ, ਉੱਥੇ ਹੀ ਸਰਕਾਰ ’ਤੇ ਕੋਈ ਵੀ ਅਸਰ ਹੋਇਆ ਨਹੀਂ ਦੇਖਿਆ ਗਿਆ। ਉਹ ਟਸ ਤੋਂ ਮਸ ਨਾ ਹੋਈ। ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਲੋਕਾਂ ਦੇ ਭਲੇ ਲਈ ਇਹ ਕਿਸਾਨੀ ਕਾਨੂੰਨ ਬਣਾਏ ਹਨ। ਜੇਕਰ ਲੋਕ, ਕਿਸਾਨ ਹੀ ਇਨ੍ਹਾਂ ਕਾਨੂੰਨਾਂ ਦੇ ਪੱਖ ਵਿਚ ਨਹੀਂ ਹਨ ਤਾਂ ਸਰਕਾਰ ਕਿਉਂ ਧੱਕੇ ਨਾਲ ਜਨਤਾ ’ਤੇ ਇਹ ਕਾਨੂੰਨ ਥੋਪ ਰਹੀ ਹੈ? ਕਿਉਂ ਲੋਕਾਂ ਦੀ ਗੱਲ ਨੂੰ ਨਕਾਰਿਆ ਜਾ ਰਿਹਾ ਹੈ? ਇਹ ਕਿਸਾਨ, ਇਹ ਪੰਜਾਬੀ, ਜੋ ਯੁਗਾਂ-ਯੁਗਾਂ ਤੋਂ ਦੂਜਿਆਂ ਦੇ ਹੱਕਾਂ ਅਤੇ ਇੱਜ਼ਤਾਂ ਦੀ ਰਾਖੀ ਲਈ ਸਿਰ-ਧੜ ਦੀ ਬਾਜ਼ੀ ਲਾਉਂਦੇ ਆ ਰਹੇ ਹਨ, ਉਹ ਆਪਣੇ ਹੱਕਾਂ ਲਈ ਕਿਉਂ ਨਾ ਲੜਨ। ਇਕ ਪਾਸੇ ਤਾਂ ਸਰਕਾਰ ਲਗਾਤਾਰ ਕੋਰੋਨਾ ਮਹਾਮਾਰੀ ਤੋਂ ਲੋਕਾਂ ਦੇ ਬਚਾਅ ਲਈ ਹੱਲਾ ਬੋਲ ਰਹੀ ਹੈ ਅਤੇ ਦੂਜੇ ਪਾਸੇ ਧਰਨਿਆਂ ’ਤੇ ਬੈਠੇ ਕਿਸਾਨਾਂ ਨੂੰ ਮਰਨ ਲਈ ਛੱਡ ਰਹੀ ਹੈ। ਜਿੱਥੇ ਹਰ ਉਮਰ ਦੇ ਵਿਅਕਤੀ ਲਈ ਟੀਕਾਕਰਨ ਦੇ ਪ੍ਰਬੰਧ ਬਾਰੇ ਐਲਾਨ ਕੀਤੇ ਜਾ ਰਹੇ ਹਨ, ਉੱਥੇ ਹੀ ਕਿਸਾਨੀ ਸੰਘਰਸ਼ ਵਿਚ ਮੌਜੂਦ ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਅਣਗਹਿਲੀ ਦਿਖਾਈ ਜਾ ਰਹੀ ਹੈ। ਕੀ ਸਰਕਾਰ ਲੋਕਾਂ ਦੀਆਂ ਜਾਨਾਂ ਪ੍ਰਤੀ ਸੱਚਮੁੱਚ ਗੰਭੀਰ ਹੈ ਜਾਂ ਮਹਿਜ਼ ਦਿਖਾਵਾ ਕਰ ਰਹੀ ਹੈ? ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਦੀ ਆਪਹੁਦਰੀ ਵੀ ਵੱਧਦੀ ਜਾ ਰਹੀ ਹੈ। ਇਸ ਦੀ ਇਕ ਮੁੱਖ ਅਤੇ ਮਹੱਤਵਪੂਰਨ ਉਦਾਹਰਨ ਹੈ ਬੇਰੁਜ਼ਗਾਰ ਅਧਿਆਪਕਾਂ ਦਾ 158 ਦਿਨਾਂ ਤੋਂ ਦਿਨ-ਰਾਤ ਲਗਾਤਾਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲੱਗਾ ਪੱਕਾ ਮੋਰਚਾ। ਇਹ ਮੋਰਚਾ ਵੀ ਦਿਨ ਪ੍ਰਤੀ ਦਿਨ ਲੰਬਾ ਹੁੰਦਾ ਜਾ ਰਿਹਾ ਹੈ ਜੋ ਕਿ ਸਰਕਾਰ ਦੇ ਅੜੀਅਲ ਵਤੀਰੇ ਦਾ ਹੀ ਨਤੀਜਾ ਹੈ। ਕਿੱਥੇ ਹੈ ਲੋਕਤੰਤਰ, ਲੋਕਾਂ ਦੀ ਆਪਣੀ ਬਣਾਈ ਸਰਕਾਰ..? ਜੇਕਰ ਲੋਕਤੰਤਰ ਹੁੰਦਾ ਤਾਂ ਲੋਕਾਂ ਨੂੰ ਇਸ ਤਰ੍ਹਾਂ ਸੜਕਾਂ ’ਤੇ ਰੁਲਣਾ ਨਾ ਪੈਂਦਾ। ਮੌਲਿਕ ਅਧਿਕਾਰਾਂ ਦੀ ਹੋਂਦ ਹੁੰਦੀ ਤਾਂ ਲੋਕਾਂ ਨੂੰ ਆਪਣੇ ਹੱਕਾਂ ਦੀ ਬਦੌਲਤ ਇੰਨਾ ਜੂਝਣਾ ਨਾ ਪੈਂਦਾ। ਗਣਤੰਤਰ ਦੀ ਹੋਂਦ ਹੁੰਦੀ ਤਾਂ ਸੰਵਿਧਾਨ ਦੀਆਂ ਲਿਖਤਾਂ ਦੀ ਇਸ ਤਰ੍ਹਾਂ ਨਿਖੇਧੀ ਨਾ ਹੁੰਦੀ। ਕੇਂਦਰ ਤੇ ਸੂਬਾ ਸਰਕਾਰਾਂ ਦੇ ਅਜੋਕੇ ਵਿਵਹਾਰ ਜਮਹੂਰੀਅਤ ਦੇ ਉਲਟ ਹਨ ਜਿਸ ਸਦਕਾ ਸੰਘਰਸ਼ਮਈ ਧਰਨਿਆਂ ਦੀ ਗਿਣਤੀ ਘਟਣ ਦੀ ਬਜਾਏ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਸਾਰੇ ਵਰਤਾਰੇ ਪ੍ਰਤੀ ਕੇਵਲ ਤੇ ਕੇਵਲ ਸਰਕਾਰਾਂ ਜਵਾਬਦੇਹ ਹਨ।

-ਹਰਜਿੰਦਰ ਕੌਰ ਗੋਲੀ,

ਪਿੰਡ : ਗੁਰਦਾਸਪੁਰ(ਹੁਸ਼ਿਆਰਪੁਰ)

75890-49084

Posted By: Susheel Khanna