ਅਯੁੱਧਿਆ ਮਾਮਲੇ ਵਿਚ ਸਾਲਸੀ ਦੀ ਮੰਗ ਸਿਰਫ਼ ਇਸ ਲਈ ਹੈਰਾਨ ਨਹੀਂ ਕਰਦੀ ਕਿ ਇਹ ਉਦੋਂ ਕੀਤੀ ਜਾ ਰਹੀ ਹੈ ਜਦ ਸੁਪਰੀਮ ਕੋਰਟ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰ ਰਿਹਾ ਹੈ ਬਲਕਿ ਇਸ ਲਈ ਵੀ ਕਰਦੀ ਹੈ ਕਿਉਂਕਿ ਦੋਵਾਂ ਧਿਰਾਂ ਵੱਲੋਂ ਸਿਰਫ਼ ਇਕ-ਇਕ ਮੈਂਬਰ ਹੀ ਅੱਗੇ ਆਇਆ ਹੈ। ਮੁਸਲਿਮ ਧਿਰ ਤੋਂ ਸੁੰਨੀ ਵਕਫ ਬੋਰਡ ਅਤੇ ਹਿੰਦੂ ਧਿਰ ਤੋਂ ਨਿਰਵਾਣੀ ਅਖਾੜਾ ਨੇ ਸਾਲਸੀ ਸਮੂਹ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਕਹਿਣਾ ਔਖਾ ਹੈ ਕਿ ਉਨ੍ਹਾਂ ਦੀ ਬੇਨਤੀ 'ਤੇ ਸੁਪਰੀਮ ਕੋਰਟ ਕੀ ਰੁਖ਼ ਅਖਤਿਆਰ ਕਰਦਾ ਹੈ ਪਰ ਕੀ ਇਹ ਚੰਗਾ ਨਹੀਂ ਹੁੰਦਾ ਕਿ ਸੁੰਨੀ ਵਕਫ ਬੋਰਡ ਅਤੇ ਨਾਲ ਹੀ ਨਿਰਵਾਣੀ ਅਖਾੜਾ ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਲੈਂਦੇ ਜੋ ਇਸ ਮਾਮਲੇ ਵਿਚ ਮੁਦਈ ਤੇ ਮੁਦਾਲੇ ਦੀ ਭੂਮਿਕਾ ਵਿਚ ਹਨ? ਕਿਉਂਕਿ ਬਿਨਾਂ ਅਜਿਹਾ ਕੀਤੇ ਸਾਲਸੀ ਦੀ ਮੰਗ ਕਰ ਦਿੱਤੀ ਗਈ, ਇਸ ਲਈ ਇਹ ਅੰਦੇਸ਼ਾ ਹੋਣਾ ਸੁਭਾਵਿਕ ਹੈ ਕਿ ਕਿਤੇ ਇਹ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਤਾਂ ਨਹੀਂ ਹੈ? ਇਸ ਅੰਦੇਸ਼ੇ ਦਾ ਇਕ ਕਾਰਨ ਇਹ ਵੀ ਹੈ ਕਿ ਦੋਵਾਂ ਧਿਰਾਂ ਦੇ ਹੋਰ ਮੈਂਬਰ ਅਜਿਹੀ ਕਿਸੇ ਮੰਗ ਤੋਂ ਅਣਭਿੱਜ ਹਨ। ਕੁਝ ਤਾਂ ਨਵੇਂ ਸਿਰੇ ਤੋਂ ਸਾਲਸੀ ਦੀ ਜ਼ਰੂਰਤ ਹੀ ਖ਼ਾਰਜ ਕਰ ਰਹੇ ਹਨ। ਸਪਸ਼ਟ ਹੈ ਕਿ ਜਦ ਤਕ ਦੋਵਾਂ ਧਿਰਾਂ ਦੇ ਸਾਰੇ ਮੈਂਬਰ ਸਾਲਸੀ ਦੀ ਮੰਗ ਨਹੀਂ ਕਰਦੇ, ਉਦੋਂ ਤਕ ਉਸ 'ਤੇ ਗ਼ੌਰ ਕਰਨ ਦਾ ਕੋਈ ਕਾਰਨ ਨਹੀਂ ਬਣਦਾ। ਘੱਟੋ-ਘੱਟ ਸਾਲਸੀ ਦੀ ਇਸ ਮੰਗ ਕਾਰਨ ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਵਿਚ ਹੋ ਰਹੀ ਸੁਣਵਾਈ ਤਾਂ ਨਹੀਂ ਰੁਕਣੀ ਚਾਹੀਦੀ। ਵੈਸੇ ਵੀ ਇਸ ਦੀ ਸੰਭਾਵਨਾ ਘੱਟ ਹੀ ਹੈ ਕਿ ਨਵੇਂ ਸਿਰੇ ਤੋਂ ਸਾਲਸੀ ਜ਼ਰੀਏ ਕਿਸੇ ਸਰਬਸੰਮਤੀ ਵਾਲੇ ਨਤੀਜੇ 'ਤੇ ਪੁੱਜਿਆ ਜਾ ਸਕਦਾ ਹੈ। ਅਜਿਹਾ ਉਦੋਂ ਹੀ ਸੰਭਵ ਹੋ ਸਕਦਾ ਹੈ ਜਦ ਦੋਵੇਂ ਧਿਰਾਂ ਦੇ ਸਾਰੇ ਮੈਂਬਰ ਨਾ ਸਿਰਫ਼ ਸਾਲਸੀ ਲਈ ਤਿਆਰ ਹੋਣ ਸਗੋਂ ਉਨ੍ਹਾਂ ਕੋਲ ਵਿਵਾਦ ਦੇ ਹੱਲ ਦਾ ਕੋਈ ਠੋਸ ਫਾਰਮੂਲਾ ਵੀ ਹੋਵੇ। ਫ਼ਿਲਹਾਲ ਬਿਹਤਰ ਇਹੋ ਹੋਵੇਗਾ ਕਿ ਆਪਸੀ ਗੱਲਬਾਤ ਨਾਲ ਕਿਸੇ ਹੱਲ ਤਕ ਪੁੱਜਣ ਦੀ ਇੱਛਾ ਰੱਖਣ ਵਾਲੇ ਪਹਿਲਾਂ ਕਿਸੇ ਫਾਰਮੂਲੇ 'ਤੇ ਸਹਿਮਤੀ ਬਣਾਉਣ ਦਾ ਕੰਮ ਕਰਨ। ਇਸ ਦੌਰਾਨ ਸੁਪਰੀਮ ਕੋਰਟ ਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਉਹ 24 ਦਿਨਾਂ ਦੀ ਸੁਣਵਾਈ ਪੂਰੀ ਕਰ ਚੁੱਕਾ ਹੈ। ਮੰਨਿਆ ਜਾਂਦਾ ਹੈ ਕਿ 50 ਫ਼ੀਸਦੀ ਤੋਂ ਵੱਧ ਸੁਣਵਾਈ ਮੁਕੰਮਲ ਹੋ ਚੁੱਕੀ ਹੈ। ਸੁਪਰੀਮ ਕੋਰਟ ਨੂੰ ਸੁਣਵਾਈ ਰੋਕਣ ਦੀ ਥਾਂ ਫ਼ੈਸਲੇ ਤਕ ਪੁੱਜਣ ਦਾ ਕੰਮ ਇਸ ਲਈ ਕਰਨਾ ਚਾਹੀਦਾ ਹੈ ਕਿਉਂਕਿ ਜੇ ਨਵੇਂ ਸਿਰੇ ਤੋਂ ਸਾਲਸੀ ਜਾਂ ਫਿਰ ਹੋਰ ਕਿਸੇ ਕਾਰਨ ਕਰ ਕੇ ਸੁਣਵਾਈ ਰੁਕਦੀ ਹੈ ਤਾਂ ਮਾਮਲਾ ਲਟਕ ਸਕਦਾ ਹੈ। ਸੁਪਰੀਮ ਕੋਰਟ ਇਸ ਤੋਂ ਜਾਣੂ ਹੀ ਹੋਵੇਗਾ ਕਿ ਇਸ ਮਾਮਲੇ ਦੀ ਸੁਣਵਾਈ ਵਿਚ ਖ਼ਲਲ ਪਾਉਣ ਲਈ ਕਿਸ-ਕਿਸ ਤਰ੍ਹਾਂ ਦੇ ਯਤਨ ਹੋਏ ਹਨ? ਕਿਉਂਕਿ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਵਿਚੋਂ ਕਿਸੇ ਜੱਜ ਦੇ ਸੇਵਾ ਮੁਕਤ ਹੋਣ ਦੀ ਸਥਿਤੀ ਵਿਚ ਪੂਰੀ ਕਾਰਵਾਈ ਨਵੇਂ ਸਿਰੇ ਤੋਂ ਕਰਨੀ ਪਵੇਗੀ, ਇਸ ਲਈ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਜਿਸ ਨਾਲ ਵਕਤ ਦੇ ਨਾਲ-ਨਾਲ ਸੋਮਿਆਂ ਦੀ ਬਰਬਾਦੀ ਹੋਵੇ।

Posted By: Jagjit Singh