ਕੋਰੋਨਾ ਵਾਇਰਸ ਨੇ ਹਰ ਦੇਸ਼ ਦੇ ਸਿਹਤ ਵਿਭਾਗ ਤੇ ਸਹੂਲਤਾਂ ਦੇ ਦਾਅਵਿਆਂ ਤੇ ਵਾਅਦਿਆਂ ਦੀ ਫੂਕ ਕੱਢ ਕੇ ਜੱਗ ਜ਼ਾਹਰ ਕਰ ਦਿੱਤਾ ਹੈ ਕਿ ਭਵਿੱਖ 'ਚ ਸਿਹਤ ਸਹੂਲਤਾਂ ਨੂੰ ਪਹਿਲਕਦਮੀ ਦੇਣ ਦੀ ਲੋੜ ਹੈ। ਸਾਡੇ ਦੇਸ਼ ਦਾ ਸਿਹਤ ਸਹੂਲਤਾਂ ਦੇ ਮਾਮਲੇ 'ਚ 116ਵਾਂ ਨੰਬਰ ਹੈ ਜਦਕਿ ਸਿਹਤ, ਸਿੱਖਿਆ ਤੇ ਬੁਨਿਆਦੀ ਲੋੜਾਂ ਵੱਲ ਸਰਕਾਰਾਂ ਦੀ ਵਿਸ਼ੇਸ਼ ਤਵੱਜੋ ਹੋਣੀ ਚਾਹੀਦੀ ਹੈ। ਦੁਨੀਆ 'ਚ ਸਿੱਖ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਪਾਲਣਾ, ਫਿਲਾਸਫੀ, ਸਿਧਾਂਤ ਤੇ ਅਥਾਹ ਸ਼ਰਧਾ-ਆਸਥਾ ਦੇ ਮੱਦੇਨਜ਼ਰ ਦਾਨ ਦੀ ਪ੍ਰਵਿਰਤੀ ਪੰਜਾਬੀਆਂ 'ਚ ਹੱਦ ਤੋਂ ਪਰ੍ਹੇ ਹੈ। ਜਿੰਨਾ ਦਾਨ ਪੰਜਾਬੀ ਗੁਰੂ ਘਰਾਂ ਦੀ ਉਸਾਰੀ ਤੇ ਲੰਗਰਾਂ ਲਈ ਕਰਦੇ ਹਨ, ਇਹ ਆਪਣੇ ਆਪ 'ਚ ਬਹੁਤ ਵੱਡੀ ਮਿਸਾਲ ਹੈ। ਅਜੋਕੀ ਮਹਾਮਾਰੀ ਦੀ ਸਥਿਤੀ 'ਚ ਵੀ ਇਨ੍ਹਾਂ ਨੇ ਸਿਆਸੀ ਤੇ ਪੱਖਪਾਤੀ ਰਵੱਈਏ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਸੇਵਾ ਕੀਤੀ ਹੈ। ਦੁਨੀਆ ਭਰ 'ਚ ਇਸ ਦੀ ਸ਼ਲਾਘਾ ਨੇ ਮਾਣ ਨਾਲ ਸਿੱਖ ਧਰਮ ਦਾ ਸਿਰ ਉੱਚਾ ਕਰ ਦਿੱਤਾ ਹੈ। ਬੇਸ਼ੱਕ ਮਹਾਮਾਰੀ ਦੇ ਭੈਅ 'ਚ ਸਰਕਾਰੀ ਸਹੂਲਤਾਂ ਤੋਂ ਪੰਜਾਬੀ ਭਲੀ-ਭਾਂਤ ਜਾਣੂ ਹਨ ਪਰ ਉਨ੍ਹਾਂ ਦੀ ਧਾਰਮਿਕ ਮਾਨਸਿਕਤਾ 'ਚ ਤਬਦੀਲੀ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਸੰਭਾਵਨਾ ਦੇ ਮੱਦੇਨਜ਼ਰ ਪੰਜਾਬੀਆਂ ਨੂੰ ਦਾਨ ਦੇ ਢੰਗ 'ਚ ਕੁਝ ਤਬਦੀਲੀਆਂ ਨਾਲ ਉਭਰਨ ਦੀ ਲੋੜ ਭਾਸਦੀ ਹੈ। ਕੋਰੋਨਾ ਮਹਾਮਾਰੀ ਦੇ ਫੈਲਾਅ ਦੇ ਪ੍ਰਭਾਵਾਂ ਨੂੰ ਰੋਕਣ ਤੇ ਪੀੜਤਾਂ ਨਾਲ ਨਜਿੱਠਣ ਲਈ ਪਹਿਲੀਆਂ ਕਤਾਰਾਂ 'ਚ ਸਿਹਤ ਵਿਭਾਗ, ਪ੍ਰਸ਼ਾਸਨ, ਪੁਲਿਸ ਤੇ ਸਫ਼ਾਈ ਕਾਮਿਆਂ ਦੇ ਵਡਮੁੱਲੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਇਸ ਲੜਾਈ ਵਿਚ ਉਹ ਇਕੱਲੇ ਨਹੀਂ ਹਨ ਪਰ ਸਰਕਾਰੀ ਪੱਧਰ 'ਤੇ ਜੋ ਇੰਤਜ਼ਾਮਾਂ ਦੀ ਉਮੀਦ ਸੀ, ਅੱਜ ਅਸੀਂ ਉਸ ਤੋਂ ਬਹੁਤ ਪਿੱਛੇ ਹਾਂ। ਸ਼ੁਰੂਆਤੀ ਦੌਰ 'ਚ ਲੋੜੀਂਦੀਆਂ ਵਸਤਾਂ ਤੇ ਸਹੂਲਤਾਂ ਤੋਂ ਬਿਨਾਂ ਕੋਰੋਨਾ ਪੀੜਤਾਂ ਦੇ ਬਚਾਅ ਲਈ ਬੇਖ਼ੌਫ਼ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਅੱਜ ਦੇ ਦੌਰ 'ਚ ਰਾਸ਼ਨ ਹੀ ਨਹੀਂ ਸਗੋਂ ਸਿਹਤ ਸਹੂਲਤਾਂ ਦੀ ਘਾਟ ਨੂੰ ਸ਼ਿੱਦਤ ਨਾਲ ਮਹਿਸੂਸਿਆ ਜਾ ਰਿਹਾ ਹੈ। ਸਿਹਤ ਸਹੂਲਤਾਂ 'ਚ ਸੁਧਾਰ ਲਈ ਪਹਿਲਕਦਮੀ ਲਾਜ਼ਮੀ ਹੈ ਕਿਉਂਕਿ ਇਸ ਵਾਇਰਸ ਤੋਂ ਨੇੜ ਭਵਿੱਖ 'ਚ ਛੁਟਕਾਰੇ ਦੀ ਸੰਭਾਵਨਾ ਨਹੀਂ। ਪੰਜਾਬੀਆਂ ਨੂੰ ਦਾਨ ਦੀ ਪਰਿਭਾਸ਼ਾ 'ਚ ਤਬਦੀਲੀ ਕਰ ਕੇ ਗੁਰੂ ਸਾਹਿਬਾਨ ਦੇ ਦਾਨ ਦੇ ਉਪਦੇਸ਼ ਨੂੰ ਗ਼ਰੀਬਾਂ ਲਈ ਸਿਹਤ ਸਹੂਲਤਾਂ ਲਈ ਵਰਤੋਂ 'ਚ ਲਿਆਉਣ ਲਈ ਮਨ ਬਣਾਉਣਾ ਪਵੇਗਾ। ਲੰਗਰ ਛਕਾਉਣ ਦੇ ਨਾਲ- ਨਾਲ ਹਸਪਤਾਲਾਂ 'ਚ ਲੋੜਵੰਦਾਂ ਦੀ ਮਦਦ ਲਈ ਦਵਾਈਆਂ ਦੇ ਲੰਗਰਾਂ ਪ੍ਰਤੀ ਬੇਝਿਜਕ ਹੋਣਾ ਪਵੇਗਾ। ਸੋ ਮਨੁੱਖਤਾ ਦੀ ਭਲਾਈ ਲਈ ਇਨਸਾਨ ਨੂੰ ਜੀਵਨ-ਜਾਚ ਤੇ ਦਾਨ ਦੀ ਪਰਿਭਾਸ਼ਾ ਬਦਲ ਕੇ ਸਿਹਤ ਸਹੂਲਤਾਂ ਦੀ ਬਿਹਤਰੀ ਤੇ ਸੁਧਾਰ ਲਈ ਸਹਿਯੋਗ ਕਰਨ ਦੀ ਲੋੜ ਹੈ। ਪੰਜਾਬੀਓ! ਆਓ ਰਲ ਕੇ ਹੰਭਲਾ ਮਾਰੀਏ ਤੇ ਸੂਬੇ ਦੀਆਂ ਸਿਹਤ ਸਹੂਲਤਾਂ ਨੂੰ ਪਾਏਦਾਰ ਤੇ ਨਿਵੇਕਲੀਆਂ ਬਣਾ ਕੇ ਮੀਲ ਪੱਥਰ ਕਾਇਮ ਕਰ ਕੇ ਮਿਸਾਲ ਕਾਇਮ ਕਰੀਏ।

-ਸਤਨਾਮ ਸਿੰਘ ਮੱਟੂ। ਸੰਪਰਕ ਨੰ: 97797-08257

Posted By: Susheel Khanna