style="text-align: justify;"> ਹਰ ਮਨੁੱਖ ਸੁਖਦਾਈ ਜੀਵਨ ਜਿਊਣਾ ਚਾਹੁੰਦਾ ਹੈ। ਤਮਾਮ ਲੋਕ ਆਪਣੇ ਆਚਰਨ ਅਤੇ ਮਿਹਨਤ ਸਦਕਾ ਦੁਨਿਆਵੀ ਜ਼ਰੂਰਤਾਂ ਦੀ ਪੂਰਤੀ ਕਰ ਕੇ ਸੁਖਦਾਈ ਜੀਵਨ ਜਿਊਂਦੇ ਹਨ ਜਦਕਿ ਬਹੁਤ ਸਾਰੇ ਲੋਕ ਕਿਸਮਤ ਦੇ ਸਹਾਰੇ ਸਭ ਕੁਝ ਹਾਸਲ ਕਰਨਾ ਲੋਚਦੇ ਰਹਿੰਦੇ ਹਨ। ਅਜਿਹੇ ਲੋਕ ਕਿਸਮਤ ਵਿਚ ਲਿਖਿਆ ਹੋਵੇਗਾ ਤਾਂ ਸਭ ਕੁਝ ਮਿਲੇਗਾ, ਸੋਚ ਕੇ ਬੈਠੇ ਰਹਿੰਦੇ ਹਨ ਜਦਕਿ ਕੁਝ ਲੋਕ ਰੱਬ ਆਸਰੇ ਹੀ ਸੁਖਾਵੇਂ ਜੀਵਨ ਦੀ ਕਲਪਨਾ ਕਰਦੇ ਰਹਿੰਦੇ ਹਨ। ਜਦਕਿ ਇਹ ਸੱਚ ਹੈ ਕਿ ਬਿਨਾਂ ਬੀਜ ਦੇ ਜਿਵੇਂ ਰੁੱਖ ਨਹੀਂ ਹੁੰਦਾ, ਉਸੇ ਤਰ੍ਹਾਂ ਬਿਨਾਂ ਕਰਮ ਬੀਜ ਦੇ ਉਮੀਦਾਂ ਦਾ ਰੁੱਖ ਅਤੇ ਉਸ 'ਤੇ ਫਲ ਨਹੀਂ ਲੱਗ ਸਕਦੇ। ਧਰਮ ਗ੍ਰੰਥਾਂ ਦੀ ਵਿਆਖਿਆ ਇਹ ਨਹੀਂ ਹੈ ਕਿ ਭਗਵਾਨ ਭੌਤਿਕ ਜ਼ਰੂਰਤਾਂ ਦੀ ਪੂਰਤੀ ਕਰ ਦੇਵੇਗਾ। ਧਰਮ ਗ੍ਰੰਥਾਂ ਦੇ ਦੱਸੇ ਰਸਤੇ 'ਤੇ ਸੋਝੀ ਨਾਲ ਚੱਲਣ 'ਤੇ ਆਤਮ ਬਲ ਮਜ਼ਬੂਤ ਹੁੰਦਾ ਹੈ। ਮਹਾਭਾਰਤ ਦੇ ਅਨੁਸ਼ਾਸਨ ਪਰਵ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਕ ਵਾਰ ਯੁਧਿਸ਼ਟਰ ਨੇ ਇਸੇ ਤਰ੍ਹਾਂ ਦਾ ਪ੍ਰਸ਼ਨ ਭੀਸ਼ਮ ਪਿਤਾਮਾ ਤੋਂ ਪੁੱਛਿਆ ਕਿ ਕਿਸਮਤ ਦੇ ਸਹਾਰੇ ਜਿਊਣਾ ਚਾਹੀਦਾ ਹੈ ਜਾਂ ਪੁਰੂਸ਼ਾਰਥ ਸਹਾਰੇ। ਜਿਸ 'ਤੇ ਪਿਤਾਮਾ ਭੀਸ਼ਮ ਨੇ ਕਿਹਾ ਕਿ ਧਰਮ ਅਪਣਾਉਣ ਅਤੇ ਉਸ ਅਨੁਸਾਰ ਜੀਵਨ ਦੇ ਪੰਧ 'ਤੇ ਚੱਲਣ ਨਾਲ ਵਿਅਕਤੀ ਦੀ ਸੋਚ ਅਤੇ ਦ੍ਰਿਸ਼ਟੀ ਸਪਸ਼ਟ ਹੁੰਦੀ ਹੈ। ਉਹ ਚਮਤਕਾਰ ਸਹਾਰੇ ਭੌਤਿਕ ਉਪਲਬਧੀ ਵਿਚ ਨਹੀਂ ਪੈਂਦਾ। ਉਹ ਸਦਾ ਸੱਚ ਦਾ ਆਚਰਨ ਕਰਦਾ ਹੈ ਜਿਸ ਸਦਕਾ ਉਸ ਦੇ ਜੀਵਨ ਵਿਚ ਨਾਂਹ-ਪੱਖੀ ਸੋਚ ਨਹੀਂ ਆਉਂਦੀ ਜਦਕਿ ਕਿਸਮਤ ਦੇ ਸਹਾਰੇ ਜਿਊਣ ਵਾਲਾ ਪਹਿਲਾਂ ਆਲਸੀ ਹੁੰਦਾ ਹੈ ਅਤੇ ਉਸ ਮਗਰੋਂ ਨਾਂਹ-ਪੱਖੀ ਹੋ ਜਾਂਦਾ ਹੈ ਜਿਸ ਕਾਰਨ ਉਸ ਦੇ ਆਲੇ-ਦੁਆਲੇ ਤਣਾਅ ਡੇਰਾ ਲਾ ਲੈਂਦਾ ਹੈ। ਫਿਰ ਉਸ ਦੀ ਇਸ ਕਮਜ਼ੋਰੀ ਦਾ ਦੂਜੇ ਫ਼ਾਇਦਾ ਚੁੱਕਣ ਲੱਗਦੇ ਹਨ। ਧਰਮ ਦੇ ਨਾਂ 'ਤੇ ਅਜਿਹੇ ਲੋਕ ਖ਼ੂਬ ਠੱਗੇ ਵੀ ਜਾਂਦੇ ਹਨ। ਭੀਸ਼ਮ ਨੇ ਕਿਹਾ ਕਿ ਪਰਮਾਤਮਾ ਪ੍ਰਗਟ ਹੋ ਕੇ ਸਭ ਕੁਝ ਦੇ ਦੇਵੇਗਾ, ਇਸ ਖ਼ਾਹਿਸ਼ ਵਿਚ ਪਾਖੰਡੀ ਲੋਕ ਦਾਨ-ਦਕਸ਼ਣਾ ਦੇ ਨਾਂ 'ਤੇ ਉਸ ਕੋਲ ਜੋ ਕੁਝ ਧਨ ਹੈ, ਉਸ ਨੂੰ ਹੜੱਪ ਲੈਂਦੇ ਹਨ। ਭੀਸ਼ਮ ਨੇ ਅਜਿਹੇ ਦਾਨ ਜਿਸ ਨਾਲ ਘਰ ਦੇ ਆਸ਼ਰਿਤਾਂ ਦੇ ਗੁਜ਼ਾਰੇ ਵਿਚ ਅੜਿੱਕਾ ਪੈਂਦਾ ਹੋਵੇ, ਉਸ ਨੂੰ ਦੋਸ਼ਪੂਰਨ ਕਿਹਾ ਹੈ। ਦਾਨ ਦੇਣ ਅਤੇ ਲੈਣ ਦੇ ਮੌਕੇ ਅਤੇ ਪਾਤਰਤਾ 'ਤੇ ਵੀ ਖ਼ੂਬ ਚਿੰਤਨ-ਮਨਨ ਮਗਰੋਂ ਸਪਸ਼ਟ ਵਿਵਸਥਾ ਦਿੱਤੀ ਹੈ। ਅਜਿਹਾ ਨਹੀਂ ਹੈ ਕਿ ਖ਼ੂਬ ਦਾਨ ਕਰਨ 'ਤੇ ਪਰਮਾਤਮਾ ਭੱਜਿਆ ਆਵੇਗਾ। ਮਾਂ ਲਕਸ਼ਮੀ ਦੀ ਪ੍ਰਸੰਨਤਾ ਸਦਕਾ ਜਿਹੜੀ ਧਨ-ਦੌਲਤ ਮਿਲਣ ਦੀ ਗੱਲ ਕਹੀ ਜਾਂਦੀ ਹੈ, ਉਹ ਆਪਣੇ ਟੀਚੇ ਪ੍ਰਤੀ ਨਿਸ਼ਠਾ ਨਾਲ ਲੱਗੇ ਰਹਿਣ 'ਤੇ ਹੀ ਸੰਭਵ ਹੁੰਦੀ ਹੈ। ਲਕਸ਼ਮੀ ਦੀ ਦੁਰਵਰਤੋਂ ਦੀ ਵੀ ਮਨਾਹੀ ਹੈ। ਅਯੋਗ ਵਿਅਕਤੀ ਨੂੰ ਦਾਨ ਦੇਣ ਦੇ ਦੋਸ਼ ਵੀ ਦੱਸੇ ਗਏ ਹਨ। ਇਸ ਲਈ ਵਿਅਕਤੀ ਨੂੰ ਆਪਣੀ ਮਿਹਨਤ 'ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।-ਸਲਿਲ ਪਾਂਡੇ।

Posted By: Sunil Thapa