ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੀ ਸੁਚੱਜੀ ਸੋਚਣੀ ਦੇ ਸੰਕਲਪਾਂ ਤੋਂ ਭਟਕ ਗਈਆਂ ਜਾਪ ਰਹੀਆਂ ਹਨ ਅਤੇ ਅਸਲੀ ਮੁੱਦੇ ਮਨਫ਼ੀ ਹੋ ਰਹੇ ਹਨ। ਜ਼ਿਆਦਾਤਰ ਸਿਆਸਤਦਾਨ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾ ਕੇ ਰਾਸ਼ਟਰੀਅਤਾ, ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ ਲਈ ਹਰ ਗ਼ਲਤ ਤਰੀਕਾ ਅਪਣਾਉਣ ’ਤੇ ਉਤਾਰੂ ਹਨ। ਇਸੇ ਲੜੀ ਤਹਿਤ ਦੇਸ਼ ਨੂੰ ਭਾਸ਼ਾ, ਜਾਤਾਂ-ਪਾਤਾਂ, ਧਰਮਾਂ ਅਤੇ ਰਾਖਵੇਂਕਰਨ ਵਿਚ ਵੰਡਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਦੀ ਸੱਤਾ ਭੁੱਖ ਨੇ ਇਕੱਲਾ ਸਮਾਜ ਦਾ ਤਾਣਾ-ਬਾਣਾ ਹੀ ਨਹੀਂ ਉਲਝਾਇਆ ਸਗੋਂ ਘਰ-ਘਰ ਵਿਚ ਭਰਾ ਨੂੰ ਭਰਾ ਦੇ ਖ਼ਿਲਾਫ਼ ਕਰ ਦਿੱਤਾ ਹੈ। ਇਹ ਲੋਕ ਆਪਣੀ ਸੱਤਾ ਦੀ ਇੱਛਾ ਲਈ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਮਿਹਨਤਕਸ਼ ਬਣਾਉਣ ਤੋਂ ਕਿਨਾਰਾ ਤਾਂ ਕਰ ਹੀ ਰਹੇ ਹਨ, ਨਾਲ ਦੀ ਨਾਲ ਦੇਸ਼ ਦਾ ਦੀਵਾਲਾ ਵੀ ਕੱਢ ਰਹੇ ਹਨ। ਇਹ ਸਿਆਸਤ ਨੂੰ ਲੋਕ ਸੇਵਾ ਦਾ ਨਾਮ ਦੇ ਕੇ ਭ੍ਰਿਸ਼ਟ ਕਾਰਜਾਂ ਨੂੰ ਨੇਪਰੇ ਚਾੜ੍ਹ ਰਹੇ ਹਨ। ਇਹ ਲੋਕ ਬਿਜ਼ਨਸ ਰੂਪੀ ਸਿਆਸਤ ਵਿਚ ਲੱਖਾਂ ਰੁਪਏ ਲਾ ਕੇ ਕਰੋੜਾਂ ਕਮਾਉਣ ਦੀਆਂ ਦੁਕਾਨਦਾਰੀਆਂ ਕਰਦੇ ਹਨ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ ਦੀਆਂ ਸਰਕਾਰਾਂ ਨੇ ਕੁਝ ਖ਼ਾਸ ਨਹੀਂ ਕੀਤਾ। ਇਸ ਦੇ ਨਾਲ ਹੀ ਅਸੀਂ ਵੀ ਇਨ੍ਹਾਂ ਸਿਆਸੀ ਲੋਕਾਂ ਦੇ ਦਬਾਅ ਹੇਠ ਆਪਣੀ ਬਣਦੀ ਡਿਊਟੀ ਨਹੀਂ ਨਿਭਾ ਰਹੇ। ਧਨ-ਦੌਲਤ, ਰੁਤਬੇ ਅਤੇ ਸਿਆਸੀ ਤਾਕਤ ਸਾਨੂੰ ਕਮਜ਼ੋਰ ਬਣਾ ਰਹੀ ਹੈ। ਅਸੀਂ ਵੋਟ ਦੀ ਸਹੀ ਵਰਤੋਂ ਨਾ ਕਰ ਕੇ ਨੇਤਾਵਾਂ ਦੇ ਮਾੜੇ ਕੰਮਾਂ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਯੋਗਦਾਨ ਦੇ ਰਹੇ ਹਾਂ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਮੁੱਚੀਆਂ ਪਾਰਟੀਆਂ ਵਿਚ ਨੇਤਾਵਾਂ ਦੇ ਭ੍ਰਿਸ਼ਟ ਆਚਰਣ ਅਤੇ ਅਪਰਾਧਕ ਰਿਕਾਰਡ ਦਾ ਗ੍ਰਾਫ ਉੱਚਾ ਹੈ। ਤ੍ਰਾਸਦੀ ਇਹ ਹੈ ਕਿ ਸਿਆਸਤ ਵਿਚ ਅੱਜ-ਕੱਲ੍ਹ ਅਪਰਾਧਕ ਕਿਸਮ ਦੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਵਿਅਕਤੀ ਜਦ ਸਰਕਾਰਾਂ ਦਾ ਹਿੱਸਾ ਬਣਦੇ ਹਨ ਤਾਂ ਸਥਿਤੀ ਹਾਸੋਹੀਣੀ ਬਣ ਜਾਂਦੀ ਹੈ। ਇਹੋ ਜਿਹੇ ਲੋਕ ਅਪਰਾਧਾਂ ਨੂੰ ਰੋਕਣ ਲਈ ਕੀ ਕੁਝ ਕਰਨਗੇ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅੱਜ ਤਕ ਸਾਡੇ ਦੇਸ਼ ਦਾ ਕਾਨੂੰਨ ਇਹ ਸਿੱਧ ਨਹੀਂ ਕਰ ਸਕਿਆ ਕਿ ਸਿਆਸਤਦਾਨਾਂ ਕੋਲ ਕਿਹੜੀ ਗਿੱਦੜਸਿੰਗੀ ਹੈ ਜੋ ਇਨ੍ਹਾਂ ਨੂੰ ਲੋਕ ਨੁਮਾਇੰਦੇ ਬਣਦੇ ਹੀ ਕਰੋੜਾਂ-ਅਰਬਾਂ ਦੇ ਮਾਲਕ ਬਣਾ ਦਿੰਦੀ ਹੈ। ਸਿਆਸੀ ਪਾਰਟੀਆਂ ਦੀ ਸੋਚ ਸਾਰਥਿਕ ਨਹੀਂ ਹੈ। ਉਹ ਸਮਾਜ ਨੂੰ ਚੰਗੀ ਸੇਧ ਨਹੀਂ ਦੇ ਸਕਦੀਆਂ। ਸਾਨੂੰ ਇਨ੍ਹਾਂ ਦੇ ਲੋਕ ਸੇਵਾ ਦੇ ਮਖੌਟੇ ਉਤਾਰਨੇ ਹੋਣਗੇ। ਇਸ ਦੇ ਲਈ ਦੇਸ਼ ਦੇ ਵਾਰਿਸਾਂ ਨੂੰ ਚੰਗੇ-ਮਾੜੇ ਵਰਤਮਾਨ ਲਈ ਜ਼ਿੰਮੇਵਾਰ ਬਣਨਾ ਹੋਵੇਗਾ। ਇਹ ਵੰਗਾਰ ਹੈ ਸਾਡੇ ਸਾਰਿਆਂ ਲਈ। ਜੇ ਅਸੀਂ ਨਾ ਸਮਝੇ ਤਾਂ ਇਹ ਸਿਆਸੀ ਗਿਰਾਵਟ ਸਮਾਜ ਤੇ ਜਵਾਨੀਆਂ ਨੂੰ ਖਾ ਜਾਵੇਗੀ।

-ਚੰਨਦੀਪ ਸਿੰਘ ‘ਬੁਤਾਲਾ’

ਮੋਬਾਈਲ : 84271-40006

Posted By: Jagjit Singh