ਲਾਕਡਾਊਨ ਦਾ ਚੌਥਾ ਗੇੜ ਖ਼ਤਮ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਚਰਚਾ ਦੇ ਬਾਜ਼ਾਰ ਗਰਮ ਹੋਣੇ ਸੁਭਾਵਿਕ ਹਨ ਕਿ ਕੀ ਪੰਜਵੇਂ ਗੇੜ ਦੀ ਵੀ ਨੌਬਤ ਆਵੇਗੀ? ਲਾਕਡਾਊਨ ਦੀ ਮਿਆਦ ਨੂੰ ਹੋਰ ਵਧਾਉਣ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਚਾਹੇ ਜਿਸ ਨਤੀਜੇ 'ਤੇ ਪੁੱਜਣ, ਉਹ ਇਸ ਦੀ ਅਣਦੇਖੀ ਨਹੀਂ ਕਰ ਸਕਦੀਆਂ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ ਅਤੇ ਦੇਸ਼ ਦੇ ਕੁਝ ਸ਼ਹਿਰ ਖ਼ਾਸ ਤੌਰ 'ਤੇ ਮੁੰਬਈ, ਦਿੱਲੀ, ਅਹਿਮਦਾਬਾਦ ਵਿਚ ਇਨਫੈਕਸ਼ਨ ਨੂੰ ਨੱਥ ਪੈਂਦੀ ਨਹੀਂ ਦਿਖਾਈ ਦੇ ਰਹੀ। ਸਪਸ਼ਟ ਹੈ ਕਿ ਕੋਰੋਨਾ ਇਨਫੈਕਸ਼ਨ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਸ਼ਹਿਰਾਂ ਅਤੇ ਹਾਟ-ਸਪਾਟ ਕਹੇ ਜਾਣ ਵਾਲੇ ਇਲਾਕਿਆਂ ਵਿਚ ਚੌਕਸੀ ਦਾ ਪੱਧਰ ਵਧਾਉਣ ਦੀ ਜ਼ਰੂਰਤ ਪਵੇਗੀ। ਇਸ ਜ਼ਰੂਰਤ ਦੀ

ਪੂਰਤੀ ਹੋਣੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਆਰਥਿਕ ਅਤੇ ਵਪਾਰਕ ਸਰਗਰਮੀਆਂ ਨੂੰ ਅਸਲ ਵਿਚ ਕਿੱਦਾਂ ਤਾਕਤ ਮਿਲੇ? ਇਸ ਦੇ ਲਈ ਕੇਂਦਰ ਸਰਕਾਰ ਨੂੰ ਵੀ ਸਰਗਰਮ ਹੋਣਾ ਪਵੇਗਾ ਅਤੇ ਸੂਬਾ ਸਰਕਾਰਾਂ ਨੂੰ ਵੀ। ਭਾਵੇਂ ਹੀ ਲਾਕਡਾਊਨ ਦੇ ਚੌਥੇ ਗੇੜ ਵਿਚ ਤਮਾਮ ਛੋਟ ਦੇ ਕੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਉਪਾਅ ਕੀਤੇ ਗਏ ਹੋਣ ਪਰ ਸੱਚ ਇਹੀ ਹੈ ਕਿ ਉਹ ਨਾਕਾਫ਼ੀ ਸਿੱਧ ਹੋਏ ਹਨ। ਅਜਿਹਾ ਇਸ ਲਈ ਹੋਇਆ ਕਿ ਇਕ ਤਾਂ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਮਨਚਾਹੀ ਵਿਆਖਿਆ ਕੀਤੀ ਗਈ ਅਤੇ ਦੂਜੇ, ਸੂਬਾ ਸਰਕਾਰਾਂ ਨੇ ਸਰੀਰਕ ਦੂਰੀ ਦੇ ਨਿਯਮ ਨੂੰ ਲੈ ਕੇ ਜ਼ਰੂਰਤ ਤੋਂ ਜ਼ਿਆਦਾ ਸਖ਼ਤੀ ਵਰਤੀ। ਇਸ ਦਾ ਨਤੀਜਾ ਇਹ ਹੋਇਆ ਕਿ ਕਾਰੋਬਾਰੀ ਸਰਗਰਮੀਆਂ ਨੂੰ ਗਤੀ ਦੇਣ ਲਈ ਜ਼ਰੂਰੀ ਮੰਨੀ ਗਈ ਆਵਾਜਾਈ ਦੇ ਰਾਹ ਵਿਚ ਕਦਮ-ਕਦਮ 'ਤੇ ਅੜਿੱਕੇ ਡਾਹੇ ਗਏ। ਇਹ ਰੁਝਾਨ ਹੁਣ ਵੀ ਜਾਰੀ ਹੈ। ਕੁਝ ਸੂਬਾ ਸਰਕਾਰਾਂ ਆਪਣੀਆਂ ਹੱਦਾਂ 'ਤੇ ਨਾਕਾਬੰਦੀ ਕਰੀ ਬੈਠੀਆਂ ਹਨ ਜਦਕਿ ਕੁਝ ਰੇਲ ਅਤੇ ਹਵਾਈ ਸਫ਼ਰ ਨੂੰ ਹਰੀ ਝੰਡੀ ਦਿਖਾਉਣ ਵਿਚ ਨਾਂਹ-ਨੁੱਕਰ ਕਰ ਰਹੀਆਂ ਹਨ। ਪਤਾ ਨਹੀਂ ਉਹ ਇਹ ਆਮ ਜਿਹੀ ਗੱਲ ਸਮਝਣ ਨੂੰ ਤਿਆਰ ਕਿਉਂ ਨਹੀਂ ਹਨ

ਕਿ ਬਿਨਾਂ ਆਵਾਜਾਈ ਦੇ ਕੰਮ-ਧੰਦਾ ਕਿੱਦਾਂ ਅੱਗੇ ਵੱਧ ਸਕਦਾ ਹੈ? ਉਨ੍ਹਾਂ ਨੂੰ

ਇਸ ਦਾ ਨਾ ਸਿਰਫ਼ ਅਹਿਸਾਸ ਹੋਣਾ ਚਾਹੀਦਾ ਹੈ ਬਲਕਿ ਨਜ਼ਰ ਵੀ ਆਉਣਾ ਚਾਹੀਦਾ ਹੈ ਕਿ ਕਾਰੋਬਾਰੀ ਸਰਗਰਮੀਆਂ ਦੇ ਠੱਪ ਹੋਣ ਦੀ ਭਾਰੀ ਕੀਮਤ ਤਾਰਨੀ ਪੈ ਰਹੀ ਹੈ। ਜੇ ਕਾਰੋਬਾਰ ਨੂੰ ਅੱਗੇ ਵਧਾਉਣ ਵਿਚ ਕਾਹਲ ਦਾ ਸਬੂਤ ਨਹੀਂ ਦਿੱਤਾ ਜਾਂਦਾ ਤਾਂ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਉਪਜੀ ਮਹਾਮਾਰੀ ਨਾਲੋਂ ਵੱਧ ਨੁਕਸਾਨ ਉਦਯੋਗ-ਵਪਾਰ ਠੱਪ ਰਹਿਣ ਕਾਰਨ ਹੋ ਸਕਦਾ ਹੈ। ਹੁਣ ਜਦ ਇਸ ਦੇ ਸੰਕੇਤ ਵੀ ਦਿਸਣ ਲੱਗੇ ਹਨ ਉਦੋਂ ਫਿਰ ਸਹੀ ਇਹੀ ਹੈ ਕਿ ਲਾਕਡਾਊਨ ਨੂੰ ਲੈ ਕੇ ਕੋਈ ਫ਼ੈਸਲਾ ਕਰਦੇ ਸਮੇਂ ਯਕੀਨੀ ਬਣਾਇਆ ਜਾਵੇ ਕਿ ਕਾਰੋਬਾਰੀ ਸਰਗਰਮੀਆਂ ਨੂੰ ਰਫ਼ਤਾਰ ਦੇਣ ਵਿਚ ਅੜਿੱਕਾ ਬਣ ਰਹੀਆਂ ਰੁਕਾਵਟਾਂ ਤਰਜੀਹ ਦੇ ਆਧਾਰ 'ਤੇ

ਦੂਰ ਹੋਣ। ਇਹ ਵੀ ਵਿਲੱਖਣ ਹੈ ਕਿ ਸੂਬਾ ਸਰਕਾਰਾਂ ਸਰੀਰਕ ਦੂਰੀ ਦੇ ਜਿਸ ਨਿਯਮ ਨੂੰ ਲੈ ਕੇ ਸਖ਼ਤੀ ਦਿਖਾ ਰਹੀਆਂ ਹਨ, ਉਨ੍ਹਾਂ ਦੀ ਪੈਰ-ਪੈਰ 'ਤੇ ਉਲੰਘਣਾ ਤਾਂ ਕਾਮਿਆਂ ਦੀ ਵਾਪਸੀ ਦੌਰਾਨ ਦਿਖ ਰਹੀ ਹੈ। ਬਿਹਤਰ ਹੋਵੇ ਕਿ ਸਰਕਾਰਾਂ ਇਹ ਸਮਝਣ ਕਿ ਸਰੀਰਕ ਦੂਰੀ ਦਾ ਨਿਯਮ ਇਹ ਨਹੀਂ ਕਹਿੰਦਾ ਕਿ ਕਾਰੋਬਾਰੀ ਸਰਗਰਮੀਆਂ ਨੂੰ ਸ਼ੁਰੂ ਕਰਨ ਵਿਚ ਦੇਰੀ ਕੀਤੀ ਜਾਵੇ। ਸਭ ਨੂੰ ਪਤਾ ਹੈ ਕਿ

ਕੋਰੋਨਾ ਇੰਨੀ ਜਲਦੀ ਜਾਣ ਵਾਲਾ ਨਹੀਂ ਹੈ। ਅਜਿਹੇ ਵਿਚ ਸਮਝਦਾਰੀ ਇਸੇ

ਵਿਚ ਹੈ ਕਿ ਕੋਰੋਨਾ ਤੋਂ ਬਚਾਅ ਲਈ ਹਰ ਸੰਭਵ ਚੌਕਸੀ ਵਰਤਦੇ ਹੋਏ ਜੀਵਨ-ਸ਼ੈਲੀ ਨੂੰ ਪਟੜੀ 'ਤੇ ਚਾੜ੍ਹਨ ਦੇ ਸੰਜੀਦਾ ਯਤਨ ਕੀਤੇ ਜਾਣ।

Posted By: Jagjit Singh