ਜ਼ਹਿਰੀਲੀ ਸ਼ਰਾਬ ਨੇ 'ਨਾਮ ਖੁਮਾਰੀ' ਵਾਲੀ ਧਰਤਿ ਸੁਹਾਵਣੀ ਦੇ ਕਈ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ। ਕਈਆਂ ਦੇ ਸੁਹਾਗ ਉੱਜੜ ਗਏ ਤੇ ਕਈ ਭੈਣਾਂ ਦੇ ਭਰਾ ਸਦਾ ਲਈ ਵਿੱਛੜ ਗਏ ਜਿਨ੍ਹਾਂ ਦੇ ਗੁੱਟਾਂ 'ਤੇ ਉਨ੍ਹਾਂ ਨੇ ਰੱਖੜੀਆਂ ਬੰਨ੍ਹਣੀਆਂ ਸਨ। ਅਭਾਗੇ ਮਾਪਿਆਂ ਦੀਆਂ ਅੱਖਾਂ ਪੱਥਰਾ ਗਈਆਂ ਹਨ। ਇਹ ਦੁਖਾਂਤ ਸਰਹੱਦੀ ਪੱਟੀ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਵਾਪਰਿਆ ਹੈ। ਇਹ ਉਹੀ ਖੇਤਰ ਹੈ ਜਿੱਥੋਂ ਦੇ ਜਾਏ ਘੋੜਿਆਂ ਦੀਆਂ ਕਾਠੀਆਂ 'ਤੇ ਇਸ ਲਈ ਸੌਂਦੇ ਸਨ ਤਾਂ ਜੋ ਵਿਦੇਸ਼ੀ ਧਾੜਵੀਆਂ ਤੋਂ ਆਪਣੇ ਵਤਨ ਦੀ ਇੱਜ਼ਤ-ਆਬਰੂ ਬਚਾ ਸਕਣ। ਨਸ਼ੇ-ਪੱਤੇ ਤੋਂ ਉਹ ਕੋਹਾਂ ਦੂਰ ਰਹਿੰਦੇ। ਉਹ ਨਾਮ ਖੁਮਾਰੀ 'ਚ ਮਦਮਸਤ ਰਹਿੰਦੇ ਜੋ ਦਿਨ-ਰਾਤ ਚੜ੍ਹੀ ਰਹਿੰਦੀ। ਛੈਲ-ਛਬੀਲੇ ਗੱਭਰੂਆਂ ਦੀ ਬਦੌਲਤ ਹੀ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਮਾਣ ਮਿਲਿਆ ਸੀ। ਪੰਜ-ਆਬ ਦੇ ਜਾਏ ਤਾਂ 'ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ' ਵਿਚ ਯਕੀਨ ਰੱਖਣ ਵਾਲੇ ਸਨ। ਪੰਜ ਦਰਿਆਵਾਂ ਦੀ ਜਰਖੇਜ਼ ਧਰਤੀ 'ਤੇ ਅੱਜਕੱਲ੍ਹ ਵਹਿ ਰਿਹਾ ਛੇਵਾਂ ਦਰਿਆ ਪੰਜਾਬੀਆਂ ਲਈ ਸਭ ਤੋਂ ਵੱਡਾ ਮਿਹਣਾ ਹੈ। ਜ਼ਹਿਰੀਲੀ ਸ਼ਰਾਬ ਨੇ ਵਸਦੇ-ਰਸਦੇ ਘਰਾਂ ਦੇ ਚਿਰਾਗ਼ ਬੁਝਾ ਕੇ ਪੀੜਤ ਪਰਿਵਾਰਾਂ ਨੂੰ ਸਦੀਵੀ ਹਨੇਰਾ ਵੰਡਿਆ ਹੈ। ਹਾਸ਼ੀਆ-ਗ੍ਰਸਤ ਇਹ ਲੋਕ ਕਿਰਤੀ-ਕਾਮੇ ਸਨ ਜੋ ਸਵੇਰ ਦਾ ਕਮਾਇਆ ਰਾਤ ਨੂੰ ਖਾਂਦੇ ਸਨ। ਅਫ਼ਸੋਸ! ਅਜਿਹਾ ਭਾਣਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਰ੍ਹੇ ਦੌਰਾਨ ਵਾਪਰਿਆ ਹੈ। ਬਾਬਾ ਨਾਨਕ ਦੇ 47 ਸਾਲ ਅੰਗ-ਸੰਗ ਰਹੇ ਭਾਈ ਮਰਦਾਨਾ (1459-1534) ਨੇ ਬਿਹਾਗੜੇ ਦੀ ਵਾਰ 'ਚ ਦੁਨਿਆਵੀ ਸ਼ਰਾਬ ਨੂੰ ਤੱਜਦਿਆਂ ਬਾਣੀ ਰਚੀ ਹੈ, ''ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ'' (ਭਾਵ, ਕਲਯੁਗੀ ਸੁਭਾਅ ਮਾਨੋ ਸ਼ਰਾਬ ਕੱਢਣ ਵਾਲੀ ਮੱਟੀ ਹੈ ਤੇ ਇਸ ਨੂੰ ਪੀਣ ਵਾਲਾ ਮਨੁੱਖੀ ਮਨ ਹੈ) ਉਹ ਅੱਗੇ ਫ਼ਰਮਾਉਂਦੇ ਹਨ, ''ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।'' (ਹੇ ਪ੍ਰਾਣੀ, ਆਪਣੇ ਸਦਗੁਣਾਂ ਨੂੰ ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਬਣਾ)। ਭਾਈ ਮਰਦਾਨਾ ਦੀ ਰਚੀ ਟੂਕ, 'ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ' (ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ) ਦੇ ਸ਼ਿਲਾਲੇਖ ਜੇ ਥਾਂ-ਥਾਂ ਲੱਗੇ ਹੁੰਦੇ ਤਾਂ ਸ਼ਰਾਬਬੰਦੀ ਬਾਰੇ ਵੱਡੀ ਲਹਿਰ ਪੈਦਾ ਕੀਤੀ ਜਾ ਸਕਦੀ ਸੀ। ਇਸ ਦੇ ਉਲਟ ਸ਼ਰਾਬ ਸਾਡੇ ਲਈ ਆਮਦਨ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਇਕ ਸ਼ਰਾਬੀ ਸੜਕ 'ਤੇ ਬੜ੍ਹਕਾਂ ਮਾਰ ਸਕਦਾ ਹੈ ਕਿ ਜੇ ਉਹ ਸ਼ਰਾਬ ਦਾ ਸੇਵਨ ਨਾ ਕਰੇ ਤਾਂ ਸਰਕਾਰ ਕਿਵੇਂ ਚੱਲੇਗੀ! ਸ਼ਰਾਬ ਦੇ ਠੇਕੇ ਬੰਦ ਹੋਣ ਨਾਲ ਸਰਕਾਰ ਦੇ ਖ਼ਜ਼ਾਨੇ ਮਸਤ ਹੋ ਜਾਂਦੇ ਹਨ। ਅੱਜ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖੋਖਲਾ ਕੀਤਾ ਹੋਇਆ ਹੈ। ਪੁਲਿਸ ਜਾਂ ਫ਼ੌਜ ਦੀ ਭਰਤੀ ਦੌਰਾਨ ਕੱਦ-ਕਾਠ ਪੂਰਾ ਨਾ ਹੋਣ ਵਾਲਾ ਕੁਸੈਲਾ ਸੱਚ ਸਾਹਮਣੇ ਆ ਹੀ ਜਾਂਦਾ ਹੈ। ਸਰਹੱਦੀ ਪੱਟੀ 'ਚ ਕੁਝ ਘੰਟਿਆਂ ਦੇ ਅਰਸੇ ਦੌਰਾਨ ਪੰਜਾਹ ਤੋਂ ਵੱਧ ਮੌਤਾਂ ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਇਸ ਕਾਲੇ ਕਾਰੋਬਾਰ ਦਾ ਜਾਲ ਦੂਰ ਤਕ ਫੈਲਿਆ ਹੋਇਆ ਹੈ। ਕੋਰੋਨਾ ਦੀ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਨੇ ਕੱਚੀ ਤੇ ਸਸਤੀ ਸ਼ਰਾਬ ਕੱਢਣ ਵਾਲਿਆਂ ਦੇ ਧੰਦੇ ਵਿਚ ਚੋਖਾ ਵਾਧਾ ਕੀਤਾ ਹੈ। ਸਰਹੱਦੀ ਜ਼ਿਲ੍ਹਿਆਂ ਦੇ ਦਰਿਆਵਾਂ/ਨਹਿਰਾਂ ਤੇ ਨਾਲਿਆਂ ਦੇ ਕੰਢਿਆਂ 'ਤੇ ਇਨ੍ਹਾਂ ਨੇ ਲਾਹਣ ਕੱਢਣ ਦੀਆਂ ਭੱਠੀਆਂ ਲਗਾਈਆਂ ਹੋਈਆਂ ਹਨ ਜਿਸ ਵਿਚ ਗੰਦਾ ਪਾਣੀ ਇਸਤੇਮਾਲ ਕੀਤਾ ਜਾਂਦਾ ਹੈ। ਗੁੜ, ਖੰਡ ਦੀ ਚਾਸ਼ਣੀ, ਸ਼ੀਰਾ ਅਤੇ ਹੋਰ ਜੈਵਿਕ ਤੱਤਾਂ ਨਾਲ ਬਣੀ ਦੇਸੀ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ। ਕਈ ਤਸਕਰ ਕੱਚੀ ਸ਼ਰਾਬ ਕੱਢਣ ਲਈ ਧਤੂਰਾ, ਗਾਚੀ, ਚੂਨਾ, ਕਲੀ, ਯੂਰੀਆ ਖਾਦ, ਮੱਝਾਂ-ਗਊਆਂ ਨੂੰ ਲਾਉਣ ਵਾਲੇ ਆਕਸੀਟੋਸਨ ਦੇ ਟੀਕੇ ਅਤੇ ਕੈਮੀਕਲ ਆਦਿ ਦੀ ਵੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੀ ਨਕਲੀ ਸ਼ਰਾਬ ਪੀਣ ਨਾਲ ਨਸ਼ਾ ਤੁਰੰਤ ਸਿਰ ਨੂੰ ਚੜ੍ਹਦਾ ਹੈ ਅਤੇ ਪਿਆਕੜ ਸੁੱਧ-ਬੁੱਧ ਭੁੱਲ ਜਾਂਦੇ ਹਨ। ਇਹੀ ਕਾਰਨ ਹੈ ਕਿ ਕੱਚੀ ਦਾਰੂ ਪੀਣ ਤੋਂ ਬਾਅਦ ਕਈ ਪਿਆਕੜ ਹਸਪਤਾਲਾਂ ਤੇ ਘਰਾਂ ਦੇ ਰਾਹ ਵਿਚ ਹੀ ਦਮ ਤੋੜ ਗਏ। ਸਪਸ਼ਟ ਹੈ ਕਿ ਅਜਿਹੀ ਤਸਕਰੀ ਸਿਆਸੀ ਜਾਂ ਪ੍ਰਸ਼ਾਸਨਿਕ ਸਰਪ੍ਰਸਤੀ ਤੋਂ ਬਿਨਾਂ ਵੱਧ-ਫੁੱਲ ਨਹੀਂ ਸਕਦੀ। ਅਜਿਹੇ ਦੁਖਾਂਤ ਤੋਂ ਬਾਅਦ ਸਰਕਾਰੀ ਮਸ਼ੀਨਰੀ ਹਰਕਤ ਵਿਚ ਆਉਂਦੀ ਹੈ ਪਰ ਡੱਡਾਂ-ਮੱਛੀਆਂ ਜਾਂ ਇਸ ਦੇ ਪੂੰਗ ਨੂੰ ਕਾਬੂ ਕਰ ਕੇ ਅੱਖਾਂ ਪੂੰਝੀਆਂ ਜਾਂਦੀਆਂ ਹਨ। ਵੱਡੇ-ਵੱਡੇ ਮੱਛ-ਮਗਰਮੱਛ ਜਾਲ ਵਿਚ ਨਹੀਂ ਫਸਦੇ। 'ਚਿੱਟੇ' ਦੇ ਕਾਲੇ ਕਾਰੋਬਾਰ ਨੇ ਵੀ ਪੰਜਾਬੀਆਂ ਦੇ ਹੱਡਾਂ ਨੂੰ ਖੋਖਲਾ ਕੀਤਾ ਹੈ ਪਰ ਵੱਡੇ ਸਮੱਗਲਰਾਂ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਉਹ ਧੜ-ਪਕੜ ਤੋਂ ਬਚਦੇ ਆ ਰਹੇ ਹਨ। ਸਰਕਾਰਾਂ ਬਦਲਦੀਆਂ ਹਨ ਫਿਰ ਵੀ ਤਸਕਰਾਂ ਦੀ ਪੌਂ ਬਾਰਾਂ ਹੀ ਹੁੰਦੀ ਹੈ। ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨੇ ਅਣਗਿਣਤ ਅਪਰਾਧਾਂ ਨੂੰ ਜਨਮ ਦਿੱਤਾ ਹੈ। ਨਸ਼ੇੜੀ ਨਾ ਘਰਦਿਆਂ ਨੂੰ ਬਖ਼ਸ਼ਦੇ ਹਨ ਤੇ ਨਾ ਬਾਹਰ ਦਿਆਂ ਨੂੰ। ਹੈਰੋਇਨ, ਅਫ਼ੀਮ ਅਤੇ ਸਿੰਥੈਟਿਕ ਡਰੱਗਜ਼ ਦੀ ਤਸਕਰੀ ਦਾ ਦੋਸ਼ ਗੁਆਂਢੀ ਮੁਲਕ 'ਤੇ ਸਹਿਜੇ ਹੀ ਮੜ੍ਹਿਆ ਜਾ ਸਕਦਾ ਹੈ। ਪਰ ਕੱਚੀ ਸ਼ਰਾਬ ਤਾਂ ਸਾਡੇ ਪਿੰਡਾਂ ਦੇ ਛੱਪੜਾਂ ਵਿਚ ਦੱਬੇ ਘੜਿਆਂ ਵਿਚੋਂ ਹੀ ਨਿਕਲਦੀ ਹੈ। ਇਹ ਅਜਿਹੇ ਸੁਲਗਦੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਲੱਭਣਾ ਜ਼ਰੂਰੀ ਹੈ। ਅਜਿਹੇ ਦੁਖਾਂਤ ਤੋਂ ਬਾਅਦ ਸਿਆਸਤ ਭਖਣੀ ਕੁਦਰਤੀ ਵਰਤਾਰਾ ਹੈ। ਸਿਆਸਤਦਾਨਾਂ ਨੂੰ ਇਕ-ਦੂਜੇ 'ਤੇ ਦੋਸ਼ ਮੜ੍ਹਨ ਦਾ 'ਸੁਨਹਿਰੀ' ਮੌਕਾ ਮਿਲ ਜਾਂਦਾ ਹੈ। ਸਿਵਿਆਂ 'ਤੇ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਮਸਲੇ ਦਾ ਹੱਲ ਸਿਰ ਜੋੜ ਕੇ ਕੱਢਣ ਦੀ ਲੋੜ ਹੈ। ਪੰਜਾਬ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ ਅਤੇ ਗੁਜਰਾਤ ਵਿਚ ਵੀ ਕੱਚੀ ਸ਼ਰਾਬ ਵੱਡੀ ਮਾਤਰਾ ਵਿਚ ਕੱਢੀ ਜਾਂਦੀ ਹੈ। ਇਨ੍ਹਾਂ ਸੂਬਿਆਂ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਰੋਜ਼ਾਨਾ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁਝਦਾ ਰਹਿੰਦਾ ਹੈ। ਆਂਧਰ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਵਿਚ ਤਾਲਾਬੰਦੀ ਦੌਰਾਨ ਸ਼ਰਾਬ ਨਾ ਮਿਲਣ ਕਰਕੇ ਪਿਆਕੜਾਂ ਨੇ ਪਾਣੀ ਤੇ ਕੋਲਡ ਡਰਿੰਕਸ ਵਿਚ ਸੈਨੇਟਾਈਜ਼ਰ ਮਿਲਾ ਕੇ ਪੀ ਲਿਆ ਜਿਸ ਤੋਂ ਬਾਅਦ 10 ਜਣੇ ਰੱਬ ਨੂੰ ਪਿਆਰੇ ਹੋ ਗਏ। ਤਾਲਾਬੰਦੀ ਤੋਂ ਬਾਅਦ ਜਦੋਂ ਠੇਕੇ ਖੁੱਲ੍ਹੇ ਤਾਂ ਕਈ ਸੂਬਿਆਂ 'ਚ ਪਿਆਕੜਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਸਨ। ਇਹ ਵੀ ਹਕੀਕਤ ਹੈ ਕਿ ਤਾਲਾਬੰਦੀ ਦੌਰਾਨ ਅਮੀਰਾਂ ਨੂੰ ਅੰਗਰੇਜ਼ੀ ਦਾਰੂ ਮਹਿੰਗੇ ਮੁੱਲ 'ਤੇ ਉਨ੍ਹਾਂ ਦੇ ਦਰ-ਦਰਵਾਜ਼ਿਆਂ 'ਤੇ ਮਿਲ ਜਾਂਦੀ ਸੀ ਪਰ ਦੂਜੇ ਪਾਸੇ ਦੇਸੀ ਸ਼ਰਾਬ ਵੇਚਣ ਵਾਲਿਆਂ ਨੇ ਹਾਸ਼ੀਏ ਤੋਂ ਹੇਠਾਂ ਰਹਿੰਦੇ ਕਿਰਤੀ-ਕਾਮਿਆਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਲਈ ਆਪਣਾ ਜਾਲ ਫੈਲਾਅ ਲਿਆ।

Posted By: Jagjit Singh