-ਰਾਜਿੰਦਰ ਕੌਰ 'ਪੰਨੂ'

ਸੰਨ 1993 'ਚ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ਦਾਮਿਨੀ ਆਈ ਸੀ ਜਿਸ 'ਚ ਦਾਮਿਨੀ ਆਪਣੇ ਦਿਓਰ ਅਤੇ ਉਸ ਦੇ ਦੋਸਤਾਂ ਨੂੰ ਘਰ ਦੀ ਹੀ ਨੌਕਰਾਣੀ ਨਾਲ ਜਬਰ-ਜਨਾਹ ਕਰਦਿਆਂ ਵੇਖ ਲੈਂਦੀ ਹੈ। ਉਹ ਪਰਿਵਾਰ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਦੀ ਹੋਈ ਨੌਕਰਾਣੀ ਨੂੰ ਬਹੁਤ ਦੇਰ ਬਾਅਦ ਇਨਸਾਫ਼ ਦਿਵਾਉਣ 'ਚ ਕਾਮਯਾਬ ਹੋ ਜਾਂਦੀ ਹੈ। ਫਿਲਮ 'ਚ ਸਨੀ ਦਿਓਲ ਭਾਰਤ ਦੇ ਲਾਲਚੀ ਵਕੀਲਾਂ ਦੀਆਂ ਕੋਝੀਆਂ ਚਾਲਾਂ 'ਤੇ ਬੜਾ ਤਕੜਾ ਵਿਅੰਗ ਕੱਸਦਾ ਹੈ। ਉਸ ਅਨੁਸਾਰ ਐਸੇ ਵਕੀਲ 'ਤਰੀਕ' ਨੂੰ ਇਕ ਹਥਿਆਰ ਦੇ ਤੌਰ 'ਤੇ ਵਰਤ ਕੇ ਵਾਰ-ਵਾਰ ਇਨਸਾਫ਼ ਮੰਗਣ ਵਾਲੇ ਨੂੰ ਇਨਸਾਫ਼ ਦੀ ਥਾਂ ਤਰੀਕ ਦੇ ਕੇ ਤੋਰ ਦਿੰਦੇ ਹਨ ਅਤੇ ਮੁਲਜ਼ਮ ਕਈ ਪੁੱਠੇ-ਸਿੱਧੇ ਹੱਥਕੰਡੇ ਅਪਣਾ ਕੇ, ਝੂਠੇ ਗਵਾਹ ਪੇਸ਼ ਕਰ ਕੇ ਬੜੀ ਹੀ ਚਤੁਰਾਈ ਨਾਲ ਬਚ ਜਾਂਦੇ ਹਨ। ਇਹੋ ਕੁਝ ਅੱਜ ਸਾਡੇ ਦੇਸ਼ ਵਿਚ ਹੋ ਰਿਹਾ ਹੈ। ਤਾਂ ਹੀ ਤਾਂ ਸੱਤ ਸਾਲ ਪਹਿਲਾਂ ਦਿੱਲੀ 'ਚ 16 ਦਸੰਬਰ ਨੂੰ ਹੋਏ ਨਿਰਭੈਯਾ ਕਾਂਡ ਦੇ ਮੁਲਜ਼ਮ ਅਜੇ ਵੀ ਜਿਊਂਦੇ ਹਨ। ਸ਼ਾਇਦ ਇਸੇ ਲਈ ਦਰਿੰਦਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਨਾ ਤਾਂ ਉਹ 8 ਸਾਲ ਦੀ ਮਾਸੂਮ ਬੱਚੀ ਨੂੰ ਬਖ਼ਸ਼ਦੇ ਹਨ, ਨਾ ਹੀ 80 ਸਾਲ ਦੀ ਬਜ਼ੁਰਗ ਮਾਈ ਨੂੰ। ਭਾਰਤ ਵਿਚ ਨਿੱਤ ਵੱਡੇ ਪੱਧਰ 'ਤੇ ਜਬਰ-ਜਨਾਹ ਹੋ ਰਹੇ ਹਨ। ਕਾਨੂੰਨ ਤੇ ਪ੍ਰਸ਼ਾਸਨ ਅਜੇ ਵੀ ਕਛੂਏ ਦੀ ਚਾਲ ਤੁਰ ਰਿਹਾ ਹੈ। ਅਜੇ ਤਕ ਅਰਬ ਦੇਸ਼ਾਂ ਵਾਲੀ ਸਖ਼ਤੀ ਭਾਰਤ ਵਿਚ ਨਹੀਂ ਵਰਤੀ ਗਈ। ਹੁਣ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਇਨਸਾਨਾਂ ਦੇ ਰੂਪ ਵਿਚ ਘੁੰਮਦੇ ਹੈਵਾਨਾਂ ਦੇ ਘਰਾਂ 'ਚ ਧੀਆਂ-ਭੈਣਾਂ ਨਹੀਂ ਹੁੰਦੀਆਂ? ਕੀ ਅਜਿਹੇ ਕੁਕਰਮ ਕਰਨ ਲੱਗਿਆਂ ਇਨ੍ਹਾਂ ਦੀ ਅੰਤਰ ਆਤਮਾ ਇਨ੍ਹਾਂ ਨੂੰ ਝੰਜੋੜਦੀ ਨਹੀਂ? ਯਕੀਨਨ ਇਨ੍ਹਾਂ ਦੇ ਘਰਾਂ ਵਿਚ ਵੀ ਮਾਂ ਹੁੰਦੀ ਹੈ, ਧੀ ਹੁੰਦੀ ਹੈ, ਭੈਣ ਹੁੰਦੀ ਹੈ, ਪਤਨੀ ਹੁੰਦੀ ਹੈ, ਬੇਟੀ ਹੁੰਦੀ ਹੈ। ਬਸ ਕਮੀ ਹੁੰਦੀ ਹੈ ਨੈਤਿਕ ਸਿੱਖਿਆ ਦੀ। ਨੈਤਿਕ ਸਿੱਖਿਆ ਦੇਣੀ ਸਕੂਲ, ਸਮਾਜ ਅਤੇ ਮਾਤਾ-ਪਿਤਾ ਤਿੰਨਾਂ ਦੀ ਜ਼ਿੰਮੇਵਾਰੀ ਹੈ। ਮਾਂ-ਬਾਪ ਦਾ ਵਿਵਹਾਰ ਪੁੱਤਰ ਅਤੇ ਧੀ ਲਈ ਇੱਕੋ ਜਿਹਾ ਕਿਉਂ ਨਹੀਂ ਹੁੰਦਾ? ਜੇ ਧੀ ਵੱਲੋਂ ਕੀਤੀ ਗਈ ਗ਼ਲਤੀ ਨਾਲ ਮਾਂ-ਬਾਪ ਦੀ ਬਦਨਾਮੀ ਹੁੰਦੀ ਹੈ ਤਾਂ ਪੁੱਤਰ ਵੱਲੋਂ ਕੀਤੇ ਅਜਿਹੇ ਕੁਕਰਮ ਵੀ ਸਾਨੂੰ ਜਿਊਣ ਜੋਗਾ ਨਹੀਂ ਛੱਡਦੇ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਪਵੇਗੀ ਕਿ ਜੇ ਅਸੀਂ ਸਮਾਜ 'ਚ ਇੱਜ਼ਤ ਵਾਲੀ ਜ਼ਿੰਦਗੀ ਜਿਊਣੀ ਚਾਹੁੰਦੇ ਹਾਂ ਤਾਂ ਸਾਨੂੰ ਧੀਆਂ ਦੇ ਨਾਲ-ਨਾਲ ਪੁੱਤਰਾਂ 'ਤੇ ਵੀ ਨਜ਼ਰ ਰੱਖਣੀ ਪਵੇਗੀ। ਤਾਂ ਹੀ ਅਸੀਂ ਆਪਣੀਆਂ ਧੀਆਂ, ਭੈਣਾਂ ਅਤੇ ਮਾਵਾਂ ਨੂੰ ਸੁਰੱਖਿਅਤ ਰੱਖ ਸਕਾਂਗੇ। ਮੇਰੇ ਲੇਖ ਲਿਖਦਿਆਂ ਹੀ ਟੀਵੀ ਉੱਪਰ ਖ਼ਬਰ ਆ ਗਈ ਕਿ ਹੈਦਰਾਬਾਦ ਵਾਲੀ ਡਾਕਟਰ ਬੇਟੀ ਦੇ ਚਾਰੇ ਕਥਿਤ ਦੋਸ਼ੀ ਪੁਲਿਸ ਐੱਨਕਾਊਂਟਰ ਵਿਚ ਢੇਰ ਹੋ ਗਏ। ਬਹੁਤ ਵਧੀਆ, ਸ਼ਾਬਾਸ਼! ਸਵਾਦ ਆ ਗਿਆ। ਕਾਰਨ ਕੋਈ ਵੀ ਰਿਹਾ ਹੋਵੇ, ਪੁਲਿਸ ਨੇ ਮਿਸਾਲ ਕਾਇਮ ਕੀਤੀ ਹੈ। ਇਸ ਪੁਲਿਸ ਮੁਕਾਬਲੇ ਨਾਲ ਵਹਿਸ਼ੀਅਤ ਮੁਜੱਸਮਿਆਂ ਦੇ ਮਨਾਂ ਵਿਚ ਬਹੁਤਾ ਨਹੀਂ ਤਾਂ ਥੋੜ੍ਹਾ ਡਰ ਤਾਂ ਜ਼ਰੂਰ ਪੈਦਾ ਹੋਵੇਗਾ।

ਸੰਪਰਕ : 95013-92150

Posted By: Jagjit Singh