ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਅਤੇ ਉਸ ਦੇ ਪਰਿਵਾਰ ਨੇ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਦਾ ਸੁਨਹਿਰੀ ਪੰਨਾ ਲਿਖਿਆ ਹੈ। ਇਸ ਪਰਿਵਾਰ ਦੇ ਜੀਅ ਘੁੱਪ ਹਨੇਰੇ ਦੌਰਾਨ ਜੁਗਨੂੰਆਂ (ਦੀਪਿਤ ਕੀਟਾਂ) ਵਾਂਗ ਟਿਮਟਿਮਾ ਕੇ ਰੋਸ਼ਨੀ ਦੇ ਵਾਹਕ ਹੋਣ ਦੀ ਹੋਂਦ ਜਤਾਉਂਦੇ ਰਹੇ।

ਸਰਹੱਦੀ ਪੱਟੀ ਦੇ ਲੋਕ ਉਨ੍ਹਾਂ ਨੂੰ 'ਸ਼ੇਰਾਂ ਤੇ ਸ਼ੀਹਣੀਆਂ ਦਾ ਟੱਬਰ' ਕਹਿ ਕੇ ਸਨਮਾਨ ਦਿੰਦੇ ਆ ਰਹੇ ਹਨ। ਤੁੰਦ-ਹਵਾਵਾਂ 'ਚ ਉਹ ਲਟਲਟ ਬਲਣ ਵਾਲੇ ਚਿਰਾਗ ਹਨ। ਅਫ਼ਸੋਸ! ਝੱਖੜਾਂ-ਵਾਵਰੋਲਿਆਂ ਵੇਲੇ ਖੜ੍ਹਾ ਰਿਹਾ ਲੋਹ-ਖੰਭਾ ਅਵੇਸਲੇਪਣ ਕਾਰਨ ਡਿੱਗ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਕਾਲੇ ਦਿਨਾਂ ਦੀ ਆਹਟ ਮੁੜ ਮਹਿਸੂਸ ਹੋ ਰਹੀ ਹੈ। ਕਾਮਰੇਡ ਬਲਵਿੰਦਰ ਸਿੰਘ, ਉਸ ਦੀ ਪਤਨੀ, ਭਰਾ ਤੇ ਭਰਜਾਈ ਉਨ੍ਹਾਂ ਵਿਰਲੇ-ਟਾਵੇਂ ਲੋਕਾਂ 'ਚੋਂ ਹਨ ਜਿਨ੍ਹਾਂ ਨੇ 40 ਤੋਂ ਵੱਧ ਅੱਤਵਾਦੀ ਹਮਲਿਆਂ ਨੂੰ ਪਛਾੜਿਆ ਸੀ। ਉਸ ਦੀ ਬੀਵੀ ਤੇ ਭਰਜਾਈ ਆਪਣੇ ਨਿੱਕੇ ਜੁਆਕਾਂ ਨੂੰ ਗੋਦੀ ਚੁੱਕ ਕੇ ਵੀ ਸਟੇਨਗੰਨਾਂ ਚਲਾਉਂਦੀਆਂ ਰਹੀਆਂ। ਤੀਹ ਸਾਲ ਪਹਿਲਾਂ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੇ ਲਗਪਗ 200 ਸਾਥੀਆਂ ਸਮੇਤ ਉਨ੍ਹਾਂ ਦੇ ਘਰ ਨੂੰ ਘੇਰਾ ਪਾਇਆ ਸੀ ਤਾਂ ਕਾਮਰੇਡ ਬਲਵਿੰਦਰ ਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ।

ਖ਼ਾਲਿਸਤਾਨੀ ਮੁੰਡੇ ਨੇੜਲੀਆਂ ਇਮਾਰਤਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਨੰਗੀਆਂ ਗਾਲ੍ਹਾਂ ਤੇ ਗੋਲ਼ੀਆਂ ਦੀਆਂ ਬੁਛਾੜਾਂ ਕਰ ਰਹੇ ਸਨ। ਫਿਰ ਵੀ ਇਹ ਪਰਿਵਾਰ ਬਿਨਾਂ ਪੁਲਿਸ ਦੀ ਸਹਾਇਤਾ ਦੇ ਲਗਪਗ ਪੰਜ ਘੰਟੇ ਲੜਦਾ ਰਿਹਾ। ਪਰਮਜੀਤ ਸਿੰਘ ਦਾ ਪੰਜਵੜ ਪਿੰਡ ਭਿੱਖੀਵਿੰਡ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਹੈ। ਖ਼ਾਲਿਸਤਾਨ ਕਮਾਂਡੋ ਫੋਰਸ ਦਾ ਇਕ ਹੋਰ ਮੁਖੀ ਸੁਖਦੇਵ ਸਿੰਘ ਉਰਫ਼ ਸੁੱਖਾ ਸਿਪਾਹੀ ਉਰਫ਼ ਜਨਰਲ ਲਾਭ ਸਿੰਘ ਵੀ ਪੰਜਵੜ ਦਾ ਹੀ ਜੰਮਪਲ ਸੀ ਜੋ ਰਿਸ਼ਤੇਦਾਰੀ ਵਿਚ ਪਰਮਜੀਤ ਸਿੰਘ ਪੰਜਵੜ ਦਾ ਭਰਾ ਲੱਗਦਾ ਸੀ। ਪਰਮਜੀਤ ਸਿੰਘ ਪੰਜਵੜ ਹਮੇਸ਼ਾ ਕਾਮਰੇਡ ਬਲਵਿੰਦਰ ਸਿੰਘ ਨੂੰ ਸਮਾਂ ਤੇ ਸਥਾਨ ਦੱਸ ਕੇ ਲਲਕਾਰਦਾ ਸੀ। ਪੁਲਿਸ ਨੂੰ ਰੋਕਣ ਲਈ ਰਾਹਾਂ 'ਤੇ ਬਾਰੂਦੀ ਸੁਰੰਗਾਂ ਵਿਛਾਈਆਂ ਜਾਂਦੀਆਂ। ਇਸ ਦੇ ਬਾਵਜੂਦ ਉਹ ਕਾਮਰੇਡ ਬਲਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਦਾ ਵਾਲ ਵੀ ਵਿੰਙਾ ਨਹੀਂ ਸਨ ਕਰ ਸਕੇ।

ਪਾਕਿਸਤਾਨ 'ਚ ਸ਼ਰਨ ਲਈ ਬੈਠੇ ਪਰਮਜੀਤ ਸਿੰਘ ਪੰਜਵੜ ਵੱਲੋਂ ਲਗਾਤਾਰ ਇਸ ਪਰਿਵਾਰ ਨੂੰ ਧਮਕੀਆਂ ਮਿਲਦੀਆਂ ਰਹੀਆਂ ਸਨ। ਪੰਜਵੜ ਉਨ੍ਹਾਂ 20 'ਚੋਂ ਇਕ ਹੈ ਜਿਨ੍ਹਾਂ ਨੂੰ ਭਾਰਤ ਨੇ 'ਮੋਸਟ ਵਾਂਟਿਡ ਅੱਤਵਾਦੀ' ਐਲਾਨਿਆ ਹੋਇਆ ਹੈ। ਕਾਮਰੇਡ ਬਲਵਿੰਦਰ ਦੇ ਪਰਿਵਾਰ ਦੇ ਸਾਹਸ 'ਤੇ ਮੋਹਰ ਲਾਉਂਦਿਆਂ ਭਾਰਤ ਸਰਕਾਰ ਨੇ ਇਸ ਦੇ ਚਾਰ ਜੀਆਂ ਨੂੰ ਇਕੱਠਿਆਂ 'ਸ਼ੌਰਿਆ ਚੱਕਰ' ਨਾਲ ਸਨਮਾਨਿਤ ਕੀਤਾ ਸੀ। ਦੇਸ਼ ਦਾ ਇਹ ਇਕਲੌਤਾ ਪਰਿਵਾਰ ਹੈ ਜਿਸ ਨੂੰ ਚਾਰ ਸ਼ੌਰਿਆ ਚੱਕਰਾਂ ਨਾਲ ਨਿਵਾਜਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਕਾਇਰਾਂ ਦੇ ਜਿਸਮਾਂ 'ਤੇ ਜ਼ਖ਼ਮਾਂ ਦੇ ਨਿਸ਼ਾਨ ਨਹੀਂ ਹੁੰਦੇ ਜਦਕਿ ਬਹਾਦਰ ਲੋਕ ਜ਼ਖ਼ਮਾਂ ਨੂੰ ਤਗਮਿਆਂ ਵਾਂਗ ਸਮਝਦੇ ਹਨ। ਇਸੇ ਕਰਕੇ ਇਸ ਪਰਿਵਾਰ ਨੂੰ ਹਮੇਸ਼ਾ ਖ਼ਦਸ਼ਾ ਰਹਿੰਦਾ ਸੀ ਕਿ ਸਾਏ ਵਾਂਗ ਮੌਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਇਸੇ ਕਰਕੇ ਸ਼ੌਰਿਆ ਚੱਕਰ ਵਿਜੇਤਾ ਪਰਿਵਾਰ ਨੇ ਸੁਰੱਖਿਆ ਹਟਾਉਣ ਦੇ ਮੁੱਦੇ 'ਤੇ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਪਰਿਵਾਰ ਪੁੱਛਦਾ ਹੈ ਕਿ ਸਾਲ ਕੁ ਪਹਿਲਾਂ ਕਾਮਰੇਡ ਬਲਵਿੰਦਰ 'ਤੇ ਹੋਏ ਜਾਨਲੇਵਾ ਹਮਲੇ ਪਿੱਛੋਂ ਵੀ ਪਰਿਵਾਰ ਨੇ ਸੁਰੱਖਿਆ ਛੱਤਰੀ ਦੀ ਮੰਗ ਕੀਤੀ ਸੀ ਜਿਸ ਨੂੰ ਦਰਕਿਨਾਰ ਕਰ ਦਿੱਤਾ ਗਿਆ ਜਦੋਂ ਕਿ ਕਈ ਨਾਮ-ਧਰੀਕ ਸਿਆਸਤਦਾਨ 'ਸਟੇਟਸ ਸਿੰਬਲ' ਵਜੋਂ ਸਕਿਉਰਿਟੀ ਵਾਲਿਆਂ ਦੀ ਫ਼ੌਜ ਲਈ ਫਿਰਦੇ ਹਨ। ਮ੍ਰਿਤਕ ਦੀ ਪਤਨੀ ਜਗਦੀਸ਼ ਕੌਰ ਜੋ ਖ਼ੁਦ ਸ਼ੌਰਿਆ ਚੱਕਰ ਵਿਜੇਤਾ ਹੈ, ਨੇ ਦੋਸ਼ ਲਗਾਇਆ ਹੈ ਕਿ ਇਹ ਹਮਲਾ 'ਸਿੱਖ ਰੈਫਰੈਂਡਮ-2020' ਦਾ 'ਟ੍ਰੇਲਰ' ਹੈ। ਉਸ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਸੂਬਾ ਕਾਲੇ ਦੌਰ ਵੱਲ ਮੁੜ ਪਰਤ ਰਿਹਾ ਹੈ ਕਿਉਂਕਿ ਖ਼ਾਲਿਸਤਾਨ ਦੇ ਝੰਡੇ ਤੇ ਪੋਸਟਰ ਲਗਾਉਣ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੰਨਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਹੁਤੇ ਚੰਗੇ ਨਹੀਂ ਹਨ ਤੇ 'ਰੱਬ ਜਾਣੇ' ਭਵਿੱਖ ਵਿਚ ਹਾਲਾਤ ਕਿਹੋ ਜਿਹੇ ਹੋਣਗੇ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਹੱਦੀ ਸੂਬਾ ਹੋਣ ਨਾਤੇ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ। ਕਈ ਨੇਤਾਵਾਂ ਨੇ ਪੰਜਾਬ ਦੀ ਵਿਗੜ ਰਹੀ ਕਾਨੂੰਨ-ਵਿਵਸਥਾ ਲਈ ਵੱਧ ਰਹੀ ਗ਼ਰੀਬੀ ਤੇ ਬੇਰੁਜ਼ਗਾਰੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਵੇਲੇ ਕੋਰੋਨਾ ਮਹਾਮਾਰੀ ਨੇ ਰਹਿੰਦੀ-ਖੂੰਹਦੀ ਕਸਰ ਕੱਢ ਦਿੱਤੀ ਹੈ।

ਦਿਨ-ਦਿਹਾੜੇ ਚੋਰੀਆਂ-ਡਾਕਿਆਂ ਤੇ ਕਤਲਾਂ ਨੇ ਸਨਸਨੀ ਫੈਲਾਅ ਦਿੱਤੀ ਹੈ। ਕਾਮਰੇਡ ਬਲਵਿੰਦਰ ਸਿੰਘ ਦੀ ਚਿੱਟੇ ਦਿਨ ਹੋਈ ਹੱਤਿਆ ਭਾਵੇਂ ਨਿੱਜੀ ਰੰਜ਼ਿਸ਼ ਦਾ ਨਤੀਜਾ ਹੋਵੇ ਜਾਂ ਅੱਤਵਾਦੀ ਘਟਨਾ ਪਰ ਇਸ ਨੇ ਸੂਬੇ ਵਿਚ ਸਹਿਮ ਵਾਲਾ ਮਾਹੌਲ ਅਵੱਸ਼ ਪੈਦਾ ਕਰ ਦਿੱਤਾ ਹੈ। ਵੈਸੇ ਵੀ ਭਿੱਖੀਵਿੰਡ ਪਾਕਿਸਤਾਨ ਦੀ ਸਰਹੱਦ ਤੋਂ ਕੁਝ ਕੋਹਾਂ ਦੀ ਦੂਰੀ 'ਤੇ ਹੈ ਅਤੇ ਦੁਸ਼ਮਣ ਦੇਸ਼ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਹਮੇਸ਼ਾ ਪੰਜਾਬ ਵਿਚ ਗੜਬੜ ਫੈਲਾਉਣ ਦੀ ਤਾਕ ਵਿਚ ਰਹਿੰਦੀ ਹੈ। ਪੰਜਵੜ ਸਮੇਤ ਇਸ ਮਿੱਟੀ ਦੇ ਕਈ ਜਾਏ ਅਜੇ ਵੀ ਪਾਕਿਸਤਾਨ ਦੀ ਮਹਿਮਾਨ-ਨਿਵਾਜ਼ੀ ਮਾਣ ਰਹੇ ਹਨ। ਇਸ ਪੱਖੋਂ ਤਰਨਤਾਰਨ ਬੇਹੱਦ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿਸ ਨੂੰ ਕਦੇ 'ਮਿੰਨੀ ਖ਼ਾਲਿਸਤਾਨ' ਕਿਹਾ ਜਾਂਦਾ ਸੀ।

ਦੂਜੇ ਪਾਸੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਜੰਗ ਵਿੱਢੀ ਹੋਈ ਹੈ ਜਿਸ ਨਾਲ ਰੇਲ ਸੇਵਾਵਾਂ ਤੋਂ ਇਲਾਵਾ ਅਰਥ-ਵਿਵਸਥਾ ਲੀਹੋਂ ਲੱਥੀ ਹੋਈ ਹੈ। ਸਰਕਾਰ ਦੇ ਮੰਤਰੀ ਨੂੰ ਵੀ ਜੇ ਇਹ ਕਹਿਣ ਲਈ ਮਜਬੂਰ ਹੋਣਾ ਪਵੇ ਕਿ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਸਾਜ਼ਗਾਰ ਨਹੀਂ ਹਨ। ਕੁੰਭਕਰਨੀ ਨੀਂਦ ਸੌਣ ਵਾਲਿਆਂ ਦੇ ਘਰਾਂ ਨੂੰ ਅਕਸਰ ਸੰਨ੍ਹ ਲੱਗ ਜਾਂਦੀ ਹੈ।

ਵੇਲਾ ਹੈ ਠੀਕਰੀ ਪਹਿਰਾ ਦੇਣ ਦਾ ਤਾਂਜੋ ਪੰਜਾਬ ਦੀ ਸ਼ਾਂਤੀ ਤੇ ਸਦੀਆਂ ਦਾ ਭਾਈਚਾਰਾ ਬਰਕਰਾਰ ਰਹੇ। ਚੈੱਕਸਲੋਵਾਕੀਆ ਦਾ ਅਖਾਣ ਹੈ ਕਿ ਯੁੱਧ ਤੋਂ ਬਾਅਦ ਹਰ ਕੋਈ ਜਰਨੈਲ ਹੁੰਦਾ ਹੈ। ਅਸਲ ਜਰਨੈਲ ਉਹੀ ਹੈ ਜੋ ਸਮੇਂ ਸਿਰ ਆਪਣੇ ਦੇਸ਼ ਤੇ ਕੌਮ ਨੂੰ ਅਗਵਾਈ ਦੇਵੇ। ਇਹ ਸਮਾਂ ਠੰਢ ਵਰਤਾਉਣ ਦਾ ਹੈ। ਤੱਤੇ ਭਾਸ਼ਣਾਂ ਨਾਲ ਪਾਣੀ ਤਾਂ ਨਹੀਂ ਪਰ ਖ਼ੂਨ ਜ਼ਰੂਰ ਉੱਬਲਦਾ ਹੈ। ਹਾਲਾਤ ਦੀ ਨਜ਼ਾਕਤ ਨੂੰ ਭਾਂਪਦਿਆਂ ਨੇਤਾਵਾਂ ਨੂੰ ਸਿਵਿਆਂ ਨਾਲ ਜੁੜੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਇਸੇ ਵਿਚ ਸਰਬੱਤ ਦਾ ਭਲਾ ਹੈ।

Posted By: Sunil Thapa