ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਦੀ ਬਣਾਈ ਨਿਯਮਾਵਲੀ ਵਿਚ ਦਿੱਤੀ ਜਾਣ ਵਾਲੀ ਦਵਾਈ ਬਾਰੇ ਮੁਕੰਮਲ ਜਾਣਕਾਰੀ ਵਾਲਾ ਲਿਖਤੀ ਨੋਟ, ਜਿਸ ਵਿਚ ਦਵਾਈ ਵਿਚਲੇ ਸਾਲਟ ਅਤੇ ਸਾਈਡ ਅਫੈਕਟ ਦੀ ਜਾਣਕਾਰੀ ਦਿੱਤੀ ਹੁੰਦੀ ਹੈ, ਦੇਣਾ ਵੀ ਲਾਜ਼ਮੀ ਹੁੰਦਾ ਹੈ ਪਰ ਭਾਰਤ ਸਮੇਤ ਬਹੁਤ ਸਾਰੇ ਹੋਰ ਵਿਕਾਸਸ਼ੀਲ ਅਤੇ ਵਧੇਰੇ ਸੰਘਣੀ ਆਬਾਦੀ ਵਾਲੇ ਮੁਲਕਾਂ ਵਿਚ ਇਨ੍ਹਾਂ ਨਿਯਮਾਂ ਦੀ ਪਾਲਣਾ ਘੱਟ-ਵੱਧ ਹੁੰਦੀ ਹੈ।

ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਬਿਮਾਰ ਹੋਣ ਉੱਤੇ ਸਰੀਰ ਵਿਚ ਦਿਸਣ ਵਾਲੇ ਆਮ ਲੱਛਣਾਂ ਦੇ ਆਧਾਰ ’ਤੇ ਦਵਾਈ ਖਾ ਲੈਂਦੇ ਹਨ। ਕਈ ਵਾਰ ਜਦੋਂ ਦਵਾਈਆਂ ਰਿਐਕਸ਼ਨ ਕਰ ਜਾਂਦੀਆਂ ਹਨ ਤਾਂ ਜਾਨ ਤੱਕ ਖ਼ਤਰੇ ਵਿਚ ਪੈ ਜਾਂਦੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਖਾਣੀ ਚਾਹੀਦੀ।
ਦੁਨੀਆ ਭਰ ਵਿਚ ਪ੍ਰਚਲਿਤ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਹਰ ਫਾਰਮੇਸੀ ’ਤੇ ਕੁਆਲੀਫਾਈਡ ਫਾਰਮਾਸਿਸਟਾਂ (Pharmacists) ਦਾ ਹਾਜ਼ਰ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ ਤਾਂ ਜੋ ਮਰੀਜ਼ ਨੂੰ ਪਹਿਲੀ ਵਾਰ ਦਿੱਤੀ ਕਿਸੇ ਦਵਾਈ ਬਾਰੇ ਸਮਝਾਇਆ ਜਾ ਸਕੇ ਅਤੇ ਡਾਕਟਰ ਵੱਲੋਂ ਕਿਸੇ ਵੀ ਦਵਾਈ ਦੀ ਤਬਦੀਲੀ ਦੇ ਸਮੇਂ ਉਹ ਮਰੀਜ਼ ਨੂੰ ਉਸ ਬਦਲਵੀਂ ਦਵਾਈ ਬਾਰੇ ਵਿਸਥਾਰ ਵਿਚ ਜਾਣਕਾਰੀ ਦੇ ਸਕੇ।
ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਦੀ ਬਣਾਈ ਨਿਯਮਾਵਲੀ ਵਿਚ ਦਿੱਤੀ ਜਾਣ ਵਾਲੀ ਦਵਾਈ ਬਾਰੇ ਮੁਕੰਮਲ ਜਾਣਕਾਰੀ ਵਾਲਾ ਲਿਖਤੀ ਨੋਟ, ਜਿਸ ਵਿਚ ਦਵਾਈ ਵਿਚਲੇ ਸਾਲਟ ਅਤੇ ਸਾਈਡ ਅਫੈਕਟ ਦੀ ਜਾਣਕਾਰੀ ਦਿੱਤੀ ਹੁੰਦੀ ਹੈ, ਦੇਣਾ ਵੀ ਲਾਜ਼ਮੀ ਹੁੰਦਾ ਹੈ ਪਰ ਭਾਰਤ ਸਮੇਤ ਬਹੁਤ ਸਾਰੇ ਹੋਰ ਵਿਕਾਸਸ਼ੀਲ ਅਤੇ ਵਧੇਰੇ ਸੰਘਣੀ ਆਬਾਦੀ ਵਾਲੇ ਮੁਲਕਾਂ ਵਿਚ ਇਨ੍ਹਾਂ ਨਿਯਮਾਂ ਦੀ ਪਾਲਣਾ ਘੱਟ-ਵੱਧ ਹੁੰਦੀ ਹੈ। ਫਾਰਮੇਸੀ (ਕੈਮਿਸਟ ਸ਼ਾਪ) ਦੇ ਲਾਇਸੈਂਸ ਦੇਣ ਸਮੇਂ ਕੁਆਲੀਫਾਈਡ ਫਾਰਮਾਸਿਸਟ ਦਾ ਸਰਟੀਫਿਕੇਟ ਤਾਂ ਨਾਲ ਲਾ ਦਿੱਤਾ ਜਾਂਦਾ ਹੈ ਪਰ ਫਾਰਮਾਸਿਸਟ ਦਾ ਕੈਮਿਸਟ ਸ਼ਾਪ ’ਤੇ ਹਾਜ਼ਰ ਰਹਿਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ।
ਇਸ ਕਰਕੇ ਕੁਆਲੀਫਾਈਡ ਫਾਰਮਾਸਿਸਟਾਂ ਦੇ ਲਾਇਸੈਂਸਾਂ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਹੁੰਦੀ ਹੈ। ਹਰ ਵਰ੍ਹੇ ਦੀ ਤਰ੍ਹਾਂ ਅਸੀਂ ਪਰਿਵਾਰ ਸਮੇਤ ਆਪਣੇ ਸਥਾਈ ਘਰ ਭਾਰਤ ਵਿਚ ਸਾਂ। ਜਿਵੇਂ ਕਿ ਆਪਣੇ ਭਾਈਚਾਰੇ ਵਿਚ ਮਹਿਮਾਨ ਨਿਵਾਜ਼ੀ ਦਾ ਇਕ ਬਹੁਤ ਵਧੀਆ ਰਿਵਾਜ ਹੈ, ਮੇਰੇ ਆਂਢੀ-ਗੁਆਂਢੀ ਅਤੇ ਦੋਸਤ-ਮਿੱਤਰ ਹਰ ਰੋਜ਼ ਖਾਣ-ਪੀਣ ਦੇ ਮੁਹੱਬਤੀ ਸੱਦੇ ਦਿੰਦੇ ਰਹਿੰਦੇ ਸਨ। ਲਗਾਤਾਰ ਚੱਲ ਰਹੇ ਦਾਅਵਤਾਂ ਦੇ ਸਿਲਸਿਲੇ ਨੂੰ ਬਰੇਕ ਲਾਉਣ ਲਈ ਅਸੀਂ ਬਹਾਨੇ ਬਣਾ ਰਹੇ ਸਾਂ ਪਰ ਮੇਰਾ ਇਕ ਗੁਆਂਢੀ ਪਰਿਵਾਰ ਜਬਰੀ ਟਹਿਲ-ਸੇਵਾ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਉਹ ਵਾਰ-ਵਾਰ ਸੱਦ ਰਿਹਾ ਸੀ। ਮੈ ਟਾਲਣ ਦੇ ਮਕਸਦ ਨਾਲ ਪੇਟ ਖ਼ਰਾਬ ਹੋਣ ਦਾ ਬਹਾਨਾ ਮਾਰਿਆ ਤਾਂ ਕਹਿਣ ਲੱਗੇ, ‘‘ਕੀ ਹੋਇਆ ਤੇਰੇ ਪੇਟ ਨੂੰ?’’ ਮੈ ਕਿਹਾ ਕਿ ਅਪਸੈਟ ਜਿਹਾ ਕੰਮ ਹੈ।
ਉਸ ਨੇ ਝੱਟ ਕਿਹਾ ਕਿ ਮੇਰੇ ਇਕ ਜਾਣਕਾਰ ਨੇ ਦਵਾਈ ਦੱਸੀ ਹੈ। ਥੋੜ੍ਹੀ ਜਿਹੀ ਮਹਿੰਗੀ ਜ਼ਰੂਰ ਹੈ ਪਰ ਛੇ ਗੋਲ਼ੀਆਂ ਦੇ ਕੋਰਸ ਕਰਨ ਨਾਲ ਸਭ ਸੈੱਟ ਹੋ ਗਿਆ ਹੈ। ਮੈਂ ਤੁਹਾਨੂੰ ਵੀ ਦਵਾਈ ਲਿਆ ਦੇਵਾਂਗਾ। ਮੈਂ ਸ਼ਿਸ਼ਟਾਚਾਰ ਵਜੋਂ ਕਿਹਾ ਕਿ ਮੈਨੂੰ ਦਵਾਈ ਦਾ ਨਾਂ ਦੱਸ ਦਿਉ, ਮੈਂ ਅੱਜ ਕੋਈ ਹੋਰ ਦਵਾਈ ਲੈਣ ਲਈ ਬਾਜ਼ਾਰ ਜਾਣਾ ਹੀ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਇਸ ਵੇਲੇ ਯਾਦ ਨਹੀਂ, ਮੇਰੇ ਕੋਲ ਖ਼ਾਲੀ ਰੈਪਰ ਪਿਆ ਹੈ। ਮੈਂ ਤੁਹਾਨੂੰ ਵ੍ਹਟਸਐਪ ਕਰ ਦਿੰਦਾ ਹਾਂ। ਉਨ੍ਹਾਂ ਦੇ ਭੇਜੇ ਰੈਪਰ ਦੀ ਤਸਵੀਰ ਟੈਲੀਫੋਨ ਵਿੱਚੋਂ ਵਿਖਾ ਕੇ ਮੈਂ ਆਪਣੇ ਕੈਮਿਸਟ ਮਿੱਤਰ ਰਿਸ਼ੀ ਨੂੰ ਦਵਾਈ ਬਾਰੇ ਪੁੱਛਿਆ ਜੋ ਦਵਾਈਆਂ ਦੇ ਥੋਕ ਵਿਕਰੇਤਾ ਹਨ ਅਤੇ ਮੈਡੀਕਲ ਸਟੋਰ ਚਲਾਉਂਦੇ ਹਨ।
ਉਹ ਦਵਾਈ ਦਾ ਰੈਪਰ ਵੇਖ ਕੇ ਕਹਿਣ ਲੱਗੇ ਕਿ ਕਿਉਂ ਚਾਹੀਦੀ ਹੈ ਇਹ ਦਵਾਈ? ਮੇਰੇ ਇਹ ਦੱਸਣ ’ਤੇ ਕਿ ਪੇਟ ਦੀ ਕਿਸੇ ਲਾਗ ਵਾਲੀ ਬਿਮਾਰੀ ਲਈ ਕਿਸੇ ਮਿੱਤਰ ਨੇ ਦੱਸਿਆ ਹੈ ਕਿ ਇਹ ਬਹੁਤ ਪ੍ਰਭਾਵਸ਼ਾਲੀ ਦਵਾਈ ਹੈ ਤਾਂ ਰਿਸ਼ੀ ਹੱਸਣ ਲੱਗੇ ਤੇ ਕਿਹਾ ਕਿ ਕਿਸੇ ਨੇ ਤੁਹਾਨੂੰ ਗ਼ਲਤ ਦੱਸਿਆ ਹੈ। ਇਸ ਦਵਾਈ ਦਾ ਪੇਟ ਦੀ ਕਿਸੇ ਬਿਮਾਰੀ ਨਾਲ ਕੋਈ ਸਿੱਧਾ ਸਬੰਧ ਹੈ ਹੀ ਨਹੀਂ ਅਤੇ ਇਹ ਤਾਂ ਕਿਸੇ ਖ਼ਾਸ ਕਿਸਮ ਦੀ ਐਲਰਜੀ ਦੀ ਦਵਾਈ ਹੈ।
ਰਿਸ਼ੀ ਦੇ ਦੱਸਣ ਅਨੁਸਾਰ ਕੋਈ ਡੇਢ ਕੁ ਸਾਲ ਪਹਿਲਾਂ ਇਕ ਬਜ਼ੁਰਗ ਉਨ੍ਹਾਂ ਦੀ ਦੁਕਾਨ ’ਤੇ ਇਸ ਤਰ੍ਹਾਂ ਹੀ ਇਕ ਪੁਰਾਣਾ ਰੈਪਰ ਲੈ ਕੇ ਦਵਾਈ ਲੈਣ ਆਇਆ ਸੀ। ਉਸ ਨੇ ਵੀ ਰੁਟੀਨ ਅਨੁਸਾਰ ਇਹ ਪੁੱਛ ਕੇ ਕਿ ਕਿੰਨੇ ਸਮੇਂ ਲਈ ਚਾਹੀਦੀ ਹੈ, ਤਾਂ ਲੜਕੇ ਨੇ ਆਵਾਜ਼ ਦੇ ਕੇ ਕਿਹਾ ਕਿ ਬਾਪੂ ਜੀ ਨੂੰ ਇਕ ਮਹੀਨੇ ਦੀ ਇਹ ਦਵਾਈ ਦੇ ਦੇਵੋ।
ਅੱਜ-ਕੱਲ੍ਹ ਹਰ ਦਵਾਈ ਤੇ ਹਰ ਪੱਤੇ ’ਤੇ ਕੁਝ ਕੁ ਜਾਣਕਾਰੀਆਂ ਅੰਕਿਤ ਹੁੰਦੀਆਂ ਹਨ ਜਿਵੇਂ ਕਿ ਦਵਾਈ ਬਣਾਉਣ ਵਾਲੀ ਕੰਪਨੀ ਦਾ ਨਾਂ, ਦਵਾਈ ਦਾ ਨਾਂ, ਦਵਾਈ ਨੂੰ ਬਣਾਉਣ ਦੀ ਮਿਤੀ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਅਤੇ ਵੱਧ ਤੋਂ ਵੱਧ ਖ਼ਰੀਦ ਮੁੱਲ ਬਾਰੇ ਵੀ ਲਿਖਿਆ ਹੁੰਦਾ ਹੈ। ਕਿਉਂਕਿ ਇਹ ਰਿਟੇਲ ਕੈਮਿਸਟ ਸ਼ਾਪ ਨਾ ਹੋ ਕੇ ਹੋਲਸੇਲ ਕੈਮਿਸਟ ਬਾਜ਼ਾਰ ’ਚ ਦੁਕਾਨ ਹੈ ਜਿੱਥੋਂ ਰਿਟੇਲ ਕੈਮਿਸਟ ਸ਼ਾਪ, ਡਾਕਟਰ ਅਤੇ ਹਸਪਤਾਲ ਵਾਲੇ ਹੀ ਵਧੇਰੇ ਦਵਾਈਆਂ ਖ਼ਰੀਦਦੇ ਹਨ ਸੋ ਇੱਥੇ ਦਵਾਈ ਪ੍ਰਿੰਟ ਰੇਟ ਤੋਂ ਸਸਤੀ ਮਿਲ ਜਾਂਦੀ ਹੈ ਜੋ ਤਕਰੀਬਨ 20 ਤੋਂ 25% ਸਸਤੀ ਮਿਲਦੀ ਹੈ।
ਬਜ਼ੁਰਗ ਦੀ ਦਵਾਈ ਦੀ ਕੀਮਤ ਹਰ ਪੱਤੇ ਦੇ ਹਿਸਾਬ ਨਾਲ 50 ਰੁਪਏ ਤੋਂ ਕੁਝ ਕੁ ਵੱਧ ਬਣਦੀ ਸੀ ਪਰ ਉਸ ਨੇ 50 ਰੁਪਏ ਦੇ ਹਿਸਾਬ ਨਾਲ ਪੈਸੇ ਲੈ ਲੈਣ ਲਈ ਤਰਲਾ ਜਿਹਾ ਮਾਰਿਆ। ਰਿਸ਼ੀ ਨੇ ਦੱਸਿਆ ਕਿ ਬਜ਼ੁਰਗ ਬਹੁਤ ਚੱਲਣ-ਫਿਰਨ ਜੋਗਾ ਵੀ ਨਹੀਂ ਸੀ ਅਤੇ ਖੂੰਡੀ ਦੇ ਸਹਾਰੇ ਰਿਕਸ਼ੇ ’ਤੇ ਬੈਠ ਕੇ ਮੁਸ਼ਕਲ ਨਾਲ ਬਾਜ਼ਾਰ ਦਵਾਈ ਲੈਣ ਆਇਆ ਲੱਗਦਾ ਸੀ। ਉਸ ਨੇ ਕਿਹਾ ਕਿ ਮੈਨੂੰ ਬਜ਼ੁਰਗ ਦੀ ਹਾਲਤ ’ਤੇ ਤਰਸ ਜਿਹਾ ਆਇਆ ਅਤੇ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਈ ਗੱਲ ਨਹੀਂ ਬਾਪੂ ਜੀ, ਜਿੰਨੇ ਦੇਣੇ ਨੇ, ਦੇ ਦਿਉ।
ਸੋ, ਬਜ਼ੁਰਗ 50 ਰੁਪਏ ਦੇ ਹਿਸਾਬ ਨਾਲ ਪੈਸੇ ਦੇ ਕੇ ਖ਼ੁਸ਼ੀ ਨਾਲ ਧੰਨਵਾਦ ਕਰਦਾ ਹੋਇਆ ਚਲਾ ਗਿਆ ਅਤੇ ਫਿਰ ਇਹ ਦਵਾਈ ਲੈ ਕੇ ਜਾਣ ਦਾ ਸਿਲਸਿਲਾ ਡੇਢ ਸਾਲ ਤੀਕ ਇਵੇਂ ਹੀ ਚੱਲਦਾ ਰਿਹਾ। ਬਾਪੂ ਜੀ ਆਉਂਦੇ ਅਤੇ ਮਹੀਨੇ ਦੀ ਦਵਾਈ ਲੈ ਕੇ ਜਾਂਦੇ ਰਹੇ। ਫਿਰ ਇਕ ਦਿਨ ਅਚਾਨਕ ਹੋਇਆ ਇਹ ਕਿ ਕਾਫ਼ੀ ਤੇਜ਼ ਬਾਰਿਸ਼ ਹੋ ਰਹੀ ਸੀ। ਬਾਪੂ ਜੀ ਰਿਕਸ਼ੇ ’ਤੇ ਬੈਠ ਕੇ ਦਵਾਈ ਲੈਣ ਪਹੁੰਚ ਗਏ।
ਮੀਂਹ ਦੀ ਵਜ੍ਹਾ ਕਰਕੇ ਅਤੇ ਬਜ਼ੁਰਗ ਨਾਲ ਪਛਾਣ ਬਣੀ ਹੋਣ ਕਾਰਨ ਦੁਕਾਨਦਾਰ ਯਾਨੀ ਰਿਸ਼ੀ ਨੇ ਬਾਪੂ ਜੀ ਨੂੰ ਚਾਹ ਪੀਣ ਅਤੇ ਥੋੜ੍ਹੀ ਦੇਰ ਰੁਕ ਜਾਣ ਲਈ ਕਿਹਾ ਕਿ ਬਾਰਿਸ਼ ਰੁਕ ਲੈਣ ਦਿਉ, ਫਿਰ ਚਲੇ ਜਾਣਾ। ਬਜ਼ੁਰਗ ਨੇ ਚਾਹ ਪੀਣ ਅਤੇ ਰੁਕ ਜਾਣ ਦਾ ਸੱਦਾ ਪ੍ਰਵਾਨ ਕਰ ਲਿਆ ਅਤੇ ਰਸਮੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਰਿਸ਼ੀ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਉਂਦੇ ਹੋ? ਬਜ਼ੁਰਗ ਨੇ ਦੱਸਿਆ, ਮਜੀਠਾ ਰੋਡ ਤੋਂ। ਰਿਸ਼ੀ ਨੇ ਕਿਹਾ ਕਿ ਉੱਥੇ ਤਾਂ ਵੱਡੇ ਹਸਪਤਾਲ ਦੇ ਨੇੜੇ ਹੋਣ ਕਰਕੇ ਬਹੁਤ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਹਨ, ਉੱਥੋਂ ਕਿਉਂ ਨਹੀਂ ਲੈਂਦੇ? ਬਜ਼ੁਰਗ ਨੇ ਕਿਹਾ ਕਿ ਬੇਟਾ, ਜਿਹੜਾ ਪੱਤਾ ਤੇਰੇ ਕੋਲੋਂ ਮੈਂ 50 ਰੁਪਏ ਦਾ ਲੈਂਦਾ ਹਾਂ, ਉਹ ਮੈਨੂੰ 80 ਰੁਪਏ ਦਾ ਦਿੰਦੇ ਨੇ ਅਤੇ ਫਿਰ ਉਹ ਰਿਸ਼ੀ ਦੀ ਤਾਰੀਫ਼ ਕਰਦਾ ਹੋਇਆ ਕਹਿਣ ਲੱਗਾ, ‘‘ਪੁੱਤਰਾ, ਇਕ ਤੂੰ ਅਤੇ ਦੂਸਰਾ ਡਾਕਟਰ ਮਾਨ ਜਿਉਂਦਾ ਰਵੇ। ਜਿਸ ਦਿਨ ਦੀ ਉਹਦੀ ਦਵਾਈ ਖਾਣ ਲੱਗਾ ਹਾਂ, ਇਕ ਦਿਨ ਵੀ ਮੇਰਾ ਬਲੱਡ ਪ੍ਰੈਸ਼ਰ ਉੱਪਰ-ਥੱਲੇ ਨਹੀਂ ਹੋਇਆ।’’
ਰਿਸ਼ੀ ਕਹਿੰਦਾ ਕਿ ਮੇਰਾ ਮੱਥਾ ਠਣਕਿਆ ਅਤੇ ਮੈਂ ਪੁੱਛ ਲਿਆ ਕਿ ਬਾਪੂ ਜੀ, ਇਹ ਦਵਾਈ ਤੁਸੀਂ ਆਪਣੇ ਖਾਣ ਲਈ ਲੈ ਕੇ ਜਾਂਦੇ ਹੋ? ਦਰਅਸਲ ਇਹ ਦਵਾਈ ਬਲੱਡ ਪ੍ਰੈਸ਼ਰ ਦੀ ਹੈ ਹੀ ਨਹੀਂ ਸੀ। ਰਿਸ਼ੀ ਅਨੁਸਾਰ, ਮੈਂ ਬਜ਼ੁਰਗ ਨੂੰ ਇਸ ਬਾਰੇ ਹੋਰ ਕੁਝ ਨਾ ਕਿਹਾ ਤੇ ਗੱਲਬਾਤ ਅੱਗੇ ਤੋਰਦੇ ਹੋਏ ਬਾਪੂ ਨਾਲ ਉਸ ਦੇ ਬੱਚਿਆਂ ਦੀ ਗੱਲ ਤੋਰ ਲਈ। ਉਨ੍ਹਾਂ ਨੇ ਆਪਣੇ ਮੁੰਡੇ ਦਾ ਨਾਂ ਲਿਆ ਤਾਂ ਰਿਸ਼ੀ ਨੇ ਐਵੇਂ ਹੀ ਕਹਿ ਦਿੱਤਾ ਅੱਛਾ! ਅੱਛਾ! ਉਹ ਤਾਂ ਮੇਰਾ ਪੁਰਾਣਾ ਦੋਸਤ ਹੈ।
ਅਗਲੀ ਵਾਰ ਆਪਣੇ ਮੁੰਡੇ ਨੂੰ ਨਾਲ ਲੈ ਕੇ ਆਇਓ ਅਤੇ ਮੇਰੇ ਬਾਰੇ ਦੱਸਣਾ ਕਿ ਮੈਂ ਯਾਦ ਕੀਤਾ ਹੈ ਅਤੇ ਉਸ ਨੂੰ ਮਿਲਣਾ ਹੈ। ਇਸ ਤਰ੍ਹਾਂ ਹੀ ਹੋਇਆ ਤੇ ਕੁਝ ਦਿਨਾਂ ਬਾਅਦ ਦੋਵੇਂ ਪਿਓ-ਪੁੱਤਰ ਦੁਕਾਨ ’ਤੇ ਆਏ। ਰਿਸ਼ੀ ਨੇ ਦੱਸਿਆ ਕਿ ਮੈਂ ਬਜ਼ੁਰਗ ਸਾਹਮਣੇ ਡਰਾਮੇ ਭਰਿਆ ਵਿਖਾਵਾ ਕਰਦਾ ਹੋਇਆ ਉਸ ਦੇ ਬੇਟੇ ਨੂੰ ਉੱਠ ਕੇ ਮਿਲਿਆ ਅਤੇ ਜੱਫੀ ਵਿਚ ਲੈ ਕੇ ਬਜ਼ੁਰਗ ਤੋਂ ਥੋੜ੍ਹਾ ਦੂਰ ਲੈ ਗਿਆ ਤੇ ਉਸ ਦੀ ਖਾਧੀ ਜਾਣ ਵਾਲੀ ਦਵਾਈ ਬਾਰੇ ਪੁੱਛਗਿੱਛ ਕੀਤੀ।
ਉਸ ਦੇ ਲੜਕੇ ਨੇ ਦੱਸਿਆ ਕਿ ਇਹ ਹਰ ਰੋਜ਼ ਦਵਾਈ ਖਾਣ ਵੇਲੇ ਤੈਨੂੰ ਯਾਦ ਕਰਦੇ ਹਨ ਅਤੇ ਅਸੀਸਾਂ ਦਿੰਦੇ ਰਹਿੰਦੇ ਹਨ। ਪਰ ਜਦੋ ਮੈਂ ਉਸ ਨੂੰ ਦਵਾਈ ਦੀ ਅਸਲ ਜਾਣਕਾਰੀ ਦਿੱਤੀ ਕਿ ਇਹ ਦਵਾਈ ਜਿਹੜੀ ਤੁਹਾਡੇ ਪਿਤਾ ਜੀ ਪਿਛਲੇ ਲੰਬੇ ਸਮੇਂ ਤੋਂ ਖਾ ਰਹੇ ਹਨ, ਅਸਲ ਵਿਚ ਔਰਤਾਂ ਦੇ ਕਿਸੇ ਰੋਗ ਦੀ ਦਵਾਈ ਹੈ ਤਾਂ ਉਸ ਨੇ ਮੱਥੇ ’ਤੇ ਹੱਥ ਮਾਰਿਆ ਤੇ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਮੇਰੀ ਪਤਨੀ ਨੂੰ ਮਹਾਵਾਰੀ ਦੀ ਕੋਈ ਸਮੱਸਿਆ ਚੱਲ ਸੀ ਅਤੇ ਉਹ ਇਹ ਦਵਾਈ ਖਾ ਰਹੀ ਸੀ।
ਪਿਤਾ ਜੀ ਨੇ ਕਿਧਰੇ ਗ਼ਲਤੀ ਨਾਲ ਉਸ ਦਾ ਖ਼ਾਲੀ ਪੱਤਾ ਆਪਣੀ ਦਵਾਈ ਸਮਝ ਕੇ ਚੁੱਕ ਲਿਆ ਹੋਵੇਗਾ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਬਜ਼ੁਰਗ ਦਾ ਆਪਣੇ ਡਾਕਟਰ ’ਤੇ ਭਰੋਸਾ ਏਨਾ ਪਰਪੱਕ ਸੀ ਕਿ ਸ਼ਾਇਦ ਮਾਨਸਿਕ ਤੌਰ ’ਤੇ ਡਾਕਟਰ ’ਤੇ ਬਣੇ ਭਰੋਸੇ ਕਰਕੇ ਹੀ ਗ਼ਲਤ ਦਵਾਈ ਦਾ ਕੋਈ ਬੁਰਾ ਅਸਰ ਨਹੀਂ ਹੋਇਆ ਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਸਥਿਰ ਰਿਹਾ। ਇਸ ਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ।
ਪਰ ਹਰ ਇਕ ਨਾਲ ਅਜਿਹਾ ਨਹੀਂ ਵਾਪਰਦਾ ਅਤੇ ਗ਼ਲਤ ਦਵਾਈ ਦੇ ਭੈੜੇ ਅਸਰ ਹੋ ਸਕਦੇ ਹਨ। ਦੂਸਰਾ ਜਿਸ ਬਿਮਾਰੀ ਦੀ ਡਾਕਟਰ ਵੱਲੋਂ ਦੱਸੀ ਦਵਾਈ ਦੀ ਤੁਹਾਨੂੰ ਜ਼ਰੂਰਤ ਸੀ, ਤੁਸੀਂ ਉਹ ਵੀ ਨਹੀਂ ਲੈ ਰਹੇ ਹੁੰਦੇ ਤਾਂ ਤੁਹਾਡੀ ਬਿਮਾਰੀ ਵਧ ਸਕਦੀ ਹੈ, ਸਿਹਤ ਵਿਗੜ ਸਕਦੀ ਹੈ ਅਤੇ ਤੁਹਾਡੇ ਲਈ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਵੈਸੇ ਡਾਕਟਰਾਂ ਦਾ ਮੰਨਣਾ ਹੈ ਕਿ ਬਹੁਤੀ ਵਾਰ ਮਰੀਜ਼ ਦੀ ਮਾਨਸਿਕ ਸੰਤੁਸ਼ਟੀ ਵਾਸਤੇ ਫ਼ਰਜ਼ੀ(DUMMY) ਦਵਾਈਆਂ ਦੀ ਵਰਤੋਂ ਵੀ ਅਕਸਰ ਕੀਤੀ ਜਾਂਦੀ ਹੈ।
-ਹਰਜੀਤ ਸਿੰਘ ਗਿੱਲ
ਸੰਪਰਕ : 647 542 0007 (ਕੈਨੇਡਾ) +919888945127 (ਭਾਰਤ)।