-ਗੋਵਰਧਨ ਗੱਬੀ

ਸੰਨ 1982 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਅਤੇ ਪੱਛੜੇ ਇਲਾਕੇ ਵਿਚ ਪੈਂਦੇ ਇਕ ਸਰਕਾਰੀ ਸਕੂਲ ਤੋਂ ਮੈਂ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਸੀ। ਕੁੱਲ 1200 ਅੰਕਾਂ 'ਚੋਂ ਮੇਰੇ 735 ਅੰਕ ਆਏ ਸਨ। ਮੈਂ ਸਕੂਲ ਵਿਚ ਚੌਥੇ ਸਥਾਨ 'ਤੇ ਆਇਆ ਸਾਂ। ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਵਾਲੇ ਵਿਦਿਆਰਥੀਆਂ ਦੇ ਅੰਕ ਵੀ 800 ਤੋਂ ਘੱਟ ਸਨ। ਜਿਸ ਵਿਦਿਆਰਥੀ ਨੇ ਪੂਰੇ ਸੂਬੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਦੇ ਅੰਕ ਵੀ 900 ਦੇ ਲਗਪਗ ਸਨ। ਦੂਸਰੇ ਪਾਸੇ ਇਸ ਸਾਲ ਆਏ ਸੀਬੀਐੱਸਈ ਦੇ ਦਸਵੀਂ ਜਮਾਤ ਦੇ ਨਤੀਜੇ 'ਚ 13 ਵਿਦਿਆਰਥੀਆਂ ਨੇ ਕੁੱਲ 500 ਅੰਕਾਂ 'ਚੋਂ 499 ਅੰਕ ਪ੍ਰਾਪਤ ਕਰ ਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪੱਚੀ ਵਿਦਿਆਰਥੀਆਂ ਨੇ 498 ਅੰਕਾਂ ਨਾਲ ਦੂਸਰਾ ਅਤੇ 59 ਵਿਦਿਆਰਥੀਆਂ ਨੇ 497 ਅੰਕ ਲੈ ਕੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਕੁਝ ਇਸੇ ਤਰ੍ਹਾਂ ਦੇ ਨਤੀਜੇ ਹੋਰ ਕੇਂਦਰੀ ਤੇ ਸੂਬਿਆਂ ਦੇ ਬੋਰਡਾਂ ਦੇ ਵੀ ਆਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਦੇ 99.55 ਫ਼ੀਸਦੀ ਅੰਕ ਆਏ ਹਨ।

ਖੇਡ ਕੋਟੇ ਵਾਲੇ ਨਤੀਜੇ ਵਿਚ ਪਹਿਲੇ ਸਥਾਨ 'ਤੇ ਆਏ ਤਿੰਨ ਵਿਦਿਆਰਥੀਆਂ ਦੇ ਅੰਕ ਸੌ ਫ਼ੀਸਦੀ ਹਨ। ਸੁਣਨ ਵਿਚ ਇਹ ਵੀ ਆਇਆ ਹੈ ਕਿ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਕੁਝ ਵਿਦਿਆਰਥੀ ਖ਼ੁਸ਼ ਹੋਣ ਦੀ ਥਾਂ ਇਸ ਕਾਰਨ ਦੁਖੀ ਸਨ ਕਿਉਂਕਿ ਉਨ੍ਹਾਂ ਦੇ ਇਕ, ਦੋ ਜਾਂ ਤਿੰਨ ਅੰਕ ਘੱਟ ਕਿਉਂ ਆਏ? ਓਧਰ ਮੇਰੇ ਵੱਲੋਂ ਦਸਵੀਂ ਜਮਾਤ ਦੇ ਇਮਤਿਹਾਨ ਨੂੰ ਪਹਿਲੇ ਦਰਜੇ 'ਚ ਪਾਸ ਕਰਨ 'ਤੇ ਪਿੰਡ ਤੇ ਹੋਰ ਨੇੜੇ-ਦੂਰ ਦੇ ਪਿੰਡਾਂ ਦੇ ਲੋਕ ਲਗਪਗ ਮਹੀਨਾ ਕੁ ਮੇਰੇ ਮਾਪਿਆਂ ਨੂੰ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੰਦੇ ਰਹੇ ਸਨ। ਮੈਂ ਖ਼ੁਸ਼ੀ ਨਾਲ ਕਿੰਨੇ ਦਿਨ ਫੁੱਲਿਆ ਨਹੀਂ ਸੀ ਸਮਾਇਆ। ਅੱਜ-ਕੱਲ੍ਹ ਜਿਹੜੇ ਬੱਚੇ ਲਗਪਗ ਸੌ ਫ਼ੀਸਦੀ ਅੰਕ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਦਾ ਕੀ ਹਾਲ ਹੋਵੇਗਾ, ਇਹ ਤਾਂ ਉਹੀ ਦੱਸ ਸਕਦੇ ਹਨ।

ਕੁਝ ਹੋਰ ਉਦਾਸ ਕਰਨ ਵਾਲੀਆਂ ਖ਼ਬਰਾਂ ਵੀ ਪੜ੍ਹਨ-ਸੁਣਨ ਨੂੰ ਮਿਲੀਆਂ ਕਿ ਅੰਕ ਘੱਟ ਆਉਣ ਜਾਂ ਫੇਲ੍ਹ ਹੋਣ ਕਾਰਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ। ਬੱਚਿਆਂ ਦੁਆਰਾ ਆਤਮ-ਹੱਤਿਆਵਾਂ ਕਰ ਲੈਣ ਦਾ ਰੁਝਾਨ ਸਮਾਜ ਵਾਸਤੇ ਬਹੁਤ ਖ਼ਤਰਨਾਕ ਸੰਕੇਤ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੇ ਵਿਸ਼ੇ ਹੁੰਦੇ ਹਨ ਅੰਗਰੇਜ਼ੀ, ਪੰਜਾਬੀ, ਹਿੰਦੀ, ਸਾਇੰਸ, ਹਿਸਾਬ, ਸਮਾਜਿਕ ਸਿਖਿਆ, ਸਰੀਰਿਕ ਸਿੱਖਿਆ, ਖੇਤੀਬਾੜੀ, ਡਰਾਇੰਗ ਆਦਿ। ਸਵਾਲ ਇਹ ਉੱਠਦਾ ਹੈ ਕਿ ਹਿਸਾਬ ਤੇ ਸਾਇੰਸ ਦੇ ਸਿਵਾਏ ਕਿਸੇ ਵੀ ਵਿਸ਼ੇ ਦੇ ਪਰਚੇ ਵਿਚ ਕਿਸੇ ਦੇ ਸੌ ਪ੍ਰਤੀਸ਼ਤ ਅੰਕ ਕਿਵੇਂ ਆ ਸਕਦੇ ਹਨ? ਕੀ ਕਿਸੇ ਵੀ ਭਾਸ਼ਾ ਦੇ ਪਰਚੇ ਵਿਚ ਕਿਸੇ ਵੀ ਵਿਸ਼ੇ 'ਤੇ ਲਿਖਿਆ ਕੋਈ ਵੀ ਪ੍ਰਸਤਾਵ, ਕਹਾਣੀ, ਲੇਖ, ਚਿੱਠੀ ਪੱਤਰ ਕਦੇ ਵੀ ਸੌ ਪ੍ਰਤੀਸ਼ਤ ਦਰੁਸਤ ਹੋ ਸਕਦਾ ਹੈ?

ਕੀ ਕਿਸੇ ਵੀ ਵਿਦਿਆਰਥੀ ਦੁਆਰਾ 'ਦੁਸਹਿਰੇ', 'ਦੀਵਾਲੀ', 'ਬਸ ਸਟੈਂਡ ਦਾ ਅੱਖੀਂ ਦੇਖਿਆ ਹਾਲ', 'ਮੇਰਾ ਪਰਮ ਮਿੱਤਰ', 'ਮੇਰੇ ਹਰਮਨ ਪਿਆਰੇ ਨੇਤਾ', 'ਮੇਰਾ ਹਰਮਨ ਪਿਆਰਾ ਤਿਉਹਾਰ' ਜਾਂ ਹੋਰ ਵੀ ਕਿਸੇ ਵਿਸ਼ੇ 'ਤੇ ਲਿਖੇ ਲੇਖ ਨੂੰ ਸੰਪੂਰਨਤਾ ਦੇ ਪੈਮਾਨੇ 'ਤੇ ਮਾਪਦਿਆਂ ਸੌ ਪ੍ਰਤੀਸ਼ਤ ਅੰਕ ਦਿੱਤੇ ਜਾ ਸਕਦੇ ਹਨ? ਕੀ ਕੋਈ ਕਹਾਣੀ ਜਾਂ ਲੇਖ ਕਦੇ ਵੀ ਸੰਪੂਰਨ ਹੋ ਸਕਦਾ ਹੈ..? ਸਵਾਲ ਇਹ ਵੀ ਉੱਠਦਾ ਹੈ ਕਿ ਕਿਸੇ ਵੀ ਰਚਨਾਤਮਕ ਰਚਨਾ ਨੂੰ ਸੰਪੂਰਨ ਰਚਨਾ ਕਿਵੇਂ ਮੰਨਿਆ ਜਾ ਸਕਦਾ ਹੈ? ਕੀ ਡਰਾਇੰਗ ਦੇ ਪਰਚੇ 'ਚ ਕਿਸੇ ਵੀ ਪ੍ਰੀਖਿਆਰਥੀ ਦੁਆਰਾ ਬਣਾਈ ਗਈ ਕਿਸੇ ਮੂਰਤ ਜਾਂ ਤਸਵੀਰ ਨੂੰ ਸੌ ਫ਼ੀਸਦੀ ਅੰਕ ਦਿੱਤੇ ਜਾ ਸਕਦੇ ਹਨ? ਕੋਈ ਵੀ ਰਚਨਾ ਜਾਂ ਕ੍ਰਿਤੀ ਪੂਰਨ ਤਾਂ ਹੋ ਸਕਦੀ ਹੈ ਪਰ ਸੰਪੂਰਨ ਕਦੇ ਨਹੀਂ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਇਮਤਿਹਾਨਾਂ ਵਿਚ ਲਗਪਗ 100 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਨ ਵਾਲਾ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਨਿਰਵਿਘਨ ਚੱਲਦਾ ਆ ਰਿਹਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਸ 'ਤੇ ਕੋਈ ਵੀ ਸਿੱਖਿਆ ਸ਼ਾਸਤਰੀ ਜਾਂ ਮਾਹਿਰ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਰਿਹਾ ਹੈ। ਦੂਸਰੇ ਪਾਸੇ ਸਾਰੇ ਦੇਸ਼ 'ਚ ਹਰ ਸਾਲ ਸਿਵਲ ਸਰਵਿਸਿਜ਼ ਵਾਸਤੇ ਜੋ ਇਮਤਿਹਾਨ ਲਿਆ ਜਾਂਦਾ ਹੈ, ਜਦੋਂ ਉਸ ਦੇ ਨਤੀਜੇ ਆਉਂਦੇ ਹਨ ਤਾਂ ਪਹਿਲੇ ਸਥਾਨਾਂ 'ਤੇ ਆਉਣ ਵਾਲਿਆਂ ਦੇ ਅੰਕ ਆਮ ਤੌਰ 'ਤੇ ਪੰਜਾਹ ਤੋਂ ਸੱਠ ਫ਼ੀਸਦੀ ਦੇ ਵਿਚਕਾਰ ਹੀ ਹੁੰਦੇ ਹਨ। ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅੱਜ ਦੀ ਨਵੀਂ ਪੀੜ੍ਹੀ ਪੁਰਾਣੀ ਪੀੜ੍ਹੀ ਨਾਲੋਂ ਸੱਚਮੁੱਚ ਕਈ ਗੁਣਾ ਜ਼ਿਆਦਾ ਸਿਆਣੀ, ਸਮਝਦਾਰ ਤੇ ਚੁਸਤ ਹੋ ਗਈ ਹੈ ਜਾਂ ਉਹ ਤੋਤੇ ਵਾਂਗ ਰੱਟਾ ਲਗਾਉਣ ਵਿਚ ਪੁਰਾਣੀ ਪੀੜ੍ਹੀ ਤੋਂ ਅੱਗੇ ਨਿਕਲ ਗਈ ਹੈ?

ਸੱਚ ਇਹ ਵੀ ਹੈ ਕਿ ਆਧੁਨਿਕ ਇਨਫਰਮੇਸ਼ਨ ਟੈਕਨਾਲੌਜੀ ਨਵੀਂ ਪੀੜ੍ਹੀ ਨੂੰ ਜਾਣਕਾਰੀ ਤਾਂ ਬਹੁਤ ਮੁਹੱਈਆ ਕਰਵਾ ਰਹੀ ਹੈ ਪਰ ਉਸ ਦੇ ਗਿਆਨ ਅਤੇ ਸਿਆਣਪ ਵਿਚ ਕੋਈ ਵਾਧਾ ਨਹੀਂ ਕਰ ਰਹੀ। ਕਹਿੰਦੇ ਹਨ ਕਿ ਮਨੁੱਖ ਦੀ ਬੁੱਧੀ ਉਹ ਸ਼ਕਤੀ ਹੁੰਦੀ ਹੈ ਜੋ ਉਸ ਨੂੰ ਕੁਦਰਤ ਵੱਲੋਂ ਮਿਲਦੀ ਹੈ ਤੇ ਸਿਆਣਪ ਉਹ ਬੁੱਧੀਮਤਾ ਹੁੰਦੀ ਹੈ ਜੋ ਮਨੁੱਖ ਸੰਸਾਰ ਵਿਚ ਵਿਚਰਦਿਆਂ ਤਜਰਬੇ ਨਾਲ ਸਿੱਖਦਾ ਹੈ। ਮਨੁੱਖ ਨੂੰ ਆਪਣੇ ਵਲਵਲਿਆਂ 'ਤੇ ਕਾਬੂ ਪਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਸਰਬਵਿਆਪੀ ਸਿਧਾਂਤ, ਵਿਵੇਕ ਅਤੇ ਗਿਆਨ ਬੰਦੇ ਦੇ ਕਰਮਾਂ ਨੂੰ ਨਿਰਧਾਰਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਣ। ਹੁਣ ਸਵਾਲ ਇਹ ਹੈ ਕਿ ਕੀ ਕਿਸੇ ਵੀ ਵਿਦਿਆਰਥੀ ਦੀ ਸਿਆਣਪ ਉਸ ਦੇ ਇਮਤਿਹਾਨ 'ਚੋਂ ਆਏ ਅੰਕਾਂ ਤੋਂ ਨਾਪੀ ਜਾ ਸਕਦੀ ਹੈ ਤਾਂ ਇਸ ਦਾ ਜਵਾਬ ਹੈ-ਸ਼ਾਇਦ ਨਹੀਂ। ਅੰਕਜਾਲ ਬਾਰੇ ਸਿੱਖਿਆ ਮਾਹਿਰਾਂ ਤੇ ਪਤਵੰਤਿਆਂ ਨੂੰ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ। ਜੇ ਇਹ ਅੰਕਜਾਲ ਵਾਲਾ ਸਿਲਸਿਲਾ ਨਹੀਂ ਰੋਕਿਆ ਗਿਆ ਤਾਂ ਨਵੀਂ ਪੀੜ੍ਹੀ ਦੀ ਸ਼ਖ਼ਸੀਅਤ 'ਚ ਆਉਣ ਵਾਲੇ ਨਿਘਾਰ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ।

-ਸੰਪਰਕ: 94171-73700

Posted By: Sukhdev Singh