ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਾਬੁਲ ਦੇ ਕਰਤੇ ਪਰਵਾਨ ਇਲਾਕੇ ’ਚ ਸਥਿਤ ਗੁਰਦੁਆਰਾ ਸਾਹਿਬ ’ਤੇ ਹਿੰਸਕ ਹਮਲੇ ਦੀ ਜ਼ਿੰਮੇਵਾਰੀ ‘ਇਸਲਾਮਿਕ ਸਟੇਟ’ ਨੇ ਬੜੀ ਬੇਸ਼ਰਮੀ ਨਾਲ ਲੈ ਲਈ ਹੈ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਸੈਂਕੜੇ ਹਿੰਦੂ ਤੇ ਸਿੱਖ ਨਾਗਰਿਕਾਂ ਨੂੰ ਈ-ਵੀਜ਼ਾ ਜਾਰੀ ਕੀਤੇ ਹਨ ਤੇ ਹਾਲੇ ਹੋਰ ਜਾਰੀ ਕੀਤੇ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਉਸ ਦੇਸ਼ ’ਚੋਂ ਵੱਧ ਤੋਂ ਵੱਧ ਪੀੜਤਾਂ ਨੂੰ ਛੇਤੀ ਤੋਂ ਛੇਤੀ ਕੱਢ ਕੇ ਉਨ੍ਹਾਂ ਦਾ ਮੁੜ-ਵਸੇਬਾ ਕੀਤਾ ਜਾਵੇਗਾ। ਪਿਛਲੇ ਵਰ੍ਹੇ ਜਦੋਂ ਤਾਲਿਬਾਨ ਸਰਕਾਰ ਨੇ ਅਫ਼ਗ਼ਾਨਿਸਤਾਨ ’ਚ ਰਾਜ ਪਲਟਾ ਕੀਤਾ ਸੀ, ਤਦ ਵੀ ਭਾਰਤ ਸਰਕਾਰ ਨੇ ਉੱਥੋਂ ਬਹੁਤ ਸਾਰੇ ਹਿੰਦੂਆਂ, ਸਿੱਖਾਂ ਤੇ ਹੋਰ ਲੋੜਵੰਦਾਂ ਨੂੰ ਉੱਥੋਂ ਬਚਾ ਕੇ ਬਾਹਰ ਕੱਢਿਆ ਸੀ। ਕਿਸੇ ਵਿਅਕਤੀ ਲਈ ਇਸ ਤੋਂ ਵੱਡਾ ਦੁਖਾਂਤ ਹੋਰ ਕਿਹੜਾ ਹੋ ਸਕਦਾ ਹੈ ਕਿ ਉਸ ਨੂੰ ਆਪਣੀ ਮਾਤ-ਭੂਮੀ ਨੂੰ ਹੀ ਛੱਡਣਾ ਪਵੇ। ਪਿਛਲੇ 500 ਤੋਂ ਵੀ ਵੱਧ ਸਾਲਾਂ ਤੋਂ ਅਫ਼ਗ਼ਾਨਿਸਤਾਨ ਦੀ ਭਾਰਤ ਨਾਲ ਦੁਵੱਲੀ ਵਪਾਰਕ ਤੇ ਸੱਭਿਆਚਾਰਕ ਸਾਂਝ ਰਹੀ ਹੈ। 1980ਵਿਆਂ ਦੌਰਾਨ ਉੱਥੇ ਸਿੱਖਾਂ ਦੀ ਆਬਾਦੀ 2 ਲੱਖ ਤੋਂ ਵੀ ਵੱਧ ਸੀ ਪਰ ਫਿਰ ਉਸੇ ਦਹਾਕੇ ਸੋਵੀਅਤ ਰੂਸ ਨਾਲ ਜੰਗ ਦੌਰਾਨ ਉੱਥੋਂ ਵੱਡੀ ਆਬਾਦੀ ਹਿਜਰਤ ਕਰ ਕੇ ਭਾਰਤ, ਪਾਕਿਸਤਾਨ ਤੇ ਹੋਰਨਾਂ ਦੇਸ਼ਾਂ ’ਚ ਜਾ ਵੱਸੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੇ ਬਗ਼ਦਾਦ ਤੋਂ ਪਰਤਦੇ ਸਮੇਂ 1521 ਈ. ’ਚ ਅਫ਼ਗ਼ਾਨਿਸਤਾਨ ਰੁਕੇ ਸਨ। ਇਤਿਹਾਸਕਾਰਾਂ ਅਨੁਸਾਰ ਉਨ੍ਹਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਵੀ ਉਸ ਦੇਸ਼ ਗਏ ਸਨ। ਕੋਈ ਵੇਲਾ ਹੁੰਦਾ ਸੀ ਜਦੋਂ ਅਫ਼ਗ਼ਾਨਿਸਤਾਨ ਦੇ ਵੱਡੇ ਸ਼ਹਿਰ ਜਲਾਲਾਬਾਦ ’ਚ ਵਿਸਾਖੀ ਮੌਕੇ ਬਹੁਤ ਭਾਰੀ ਮੇਲਾ ਲੱਗਦਾ ਸੀ। ਦੇਸ਼ ਤੇ ਵਿਦੇਸ਼ ਦੇ ਬਹੁਤ ਸਾਰੇ ਸ਼ਰਧਾਲੂ ਉੱਥੇ ਪੁੱਜਿਆ ਕਰਦੇ ਸਨ। ਉਹ ਸਮੁੱਚਾ ਇਲਾਕਾ ਤੰਬੂਆਂ ਨਾਲ ਭਰ ਜਾਇਆ ਕਰਦਾ ਸੀ ਤੇ ਉੱਥੇ ਹਜ਼ਾਰਾਂ ਪਸ਼ਤੂਨ ਸਿੱਖ ਪਰਿਵਾਰ ਇਕੱਠੇ ਹੁੰਦੇ ਸਨ। ਉਸ ਮੌਕੇ ਹੀ ਉੱਥੇ ਸੈਂਕੜੇ ਵਿਆਹ ਰਚਾਏ ਜਾਂਦੇ ਸਨ। ਉਸ ਜ਼ਮਾਨੇ ’ਚ ਸਮੁੱਚੇ ਅਫ਼ਗ਼ਾਨਿਸਤਾਨ ’ਚ 70 ਤੋਂ ਵੱਧ ਗੁਰੂਘਰ ਸਥਾਪਤ ਸਨ ਪਰ ਹੁਣ ਹਿੰਸਕ ਵਾਰਦਾਤਾਂ ਤੋਂ ਬਾਅਦ ਉਨ੍ਹਾਂ ’ਚੋਂ ਬਹੁਤੇ ਨਸ਼ਟ ਹੋ ਚੁੱਕੇ ਹਨ। ਮਾਰਚ 2020 ਦੌਰਾਨ ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ਉੱਤੇ ਆਤਮਘਾਤੀ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ 25 ਸਿੱਖਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਅਫ਼ਗ਼ਾਨਿਸਤਾਨ ਦੇ ਬਹੁਤ ਸਾਰੇ ਇਲਾਕਿਆਂ ’ਚ ਸਿੱਖਾਂ ਨਾਲ ਡਾਢਾ ਵਿਤਕਰਾ ਵੀ ਹੁੰਦਾ ਰਿਹਾ ਹੈ। ਉਨ੍ਹਾਂ ਨੂੰ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਤਕ ਨਹੀਂ ਕਰਨ ਦਿੱਤੇ ਜਾਂਦੇ ਸਨ। ਇਸ ਲਈ ਉਨ੍ਹਾਂ ਨੂੰ ਜਨਾਜ਼ੇ ਲੈ ਕੇ ਪਾਕਿਸਤਾਨ ਵੀ ਜਾਣਾ ਪੈਂਦਾ ਰਿਹਾ ਹੈ। ਹੁਣ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਹਿੰਸਕ ਵਾਰਦਾਤਾਂ ਤੋਂ ਬਾਅਦ ਇਹ ਗਿਣਤੀ ਹੁਣ ਘਟ ਕੇ ਸਿਰਫ਼ ਕੁਝ ਸੌ ਰਹਿ ਗਈ ਹੈ। ਹੁਣ ਇੰਨੇ ਘੱਟ ਸਿੱਖਾਂ ਨੂੰ ਵੀ ਉੱਥੇ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। 21ਵੀਂ ਸਦੀ ਦੇ ਅਤਿ-ਆਧੁਨਿਕ ਸਮਾਜ ’ਚ ਅਜਿਹਾ ਕੁਝ ਵਾਪਰਨਾ ਬੇਹੱਦ ਚਿੰਤਾਜਨਕ ਹੈ। ਭਾਰਤ ਸਰਕਾਰ ਨੂੰ ਅਫ਼ਗ਼ਾਨਿਸਤਾਨ ’ਚ ਮੌਜੂਦ ਗੁਰਧਾਮਾਂ ਦੀ ਰਾਖੀ ਤੇ ਸਾਂਭ-ਸੰਭਾਲ ਲਈ ਸਫ਼ਾਰਤਖ਼ਾਨੇ ਪੱਧਰ ਉੱਤੇ ਕੋਈ ਠੋਸ ਇੰਤਜ਼ਾਮ ਕਰਨੇ ਚਾਹੀਦੇ ਹਨ। ਜੇ ਉੱਥੇ ਇਤਿਹਾਸਕ ਗੁਰਧਾਮ ਨਾ ਹੁੰਦੇ ਤਾਂ ਸ਼ਾਇਦ ਸਿੱਖ ਉੱਥੋਂ ਕਦੋਂ ਦੇ ਜਾ ਚੁੱਕੇ ਹੁੰਦੇ। ਉਨ੍ਹਾਂ ਦੇ ਧਾਰਮਿਕ ਅਕੀਦੇ ਦੀ ਕਦਰ ਕਰਦਿਆਂ ਉਸ ਦੇਸ਼ ਦੀ ਸਰਕਾਰ ਨੂੰ ਜ਼ਰੂਰ ਹੀ ਇਨਸਾਨੀਅਤ ਦੇ ਆਧਾਰ ’ਤੇ ਉਨ੍ਹਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਨੂੰ ਅਫ਼ਗ਼ਾਨਿਸਤਾਨ ਦੇ ਸਿੱਖਾਂ ਦੇ ਅਧਿਕਾਰਾਂ ਦੀ ਬਹਾਲੀ ਲਈ ਲੋੜੀਂਦਾ ਦਖ਼ਲ ਦੇਣ ਦੀ ਜ਼ਰੂਰਤ ਹੈ।

Posted By: Jagjit Singh