v>ਦੇਸ਼ ਦੇ ਕਈ ਸੂਬਿਆਂ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪਹਿਲਾਂ 2 ਲੱਖ ਤੋਂ ਵੱਧ ਮਾਮਲੇ ਰੋਜ਼ਾਨਾ ਆ ਰਹੇ ਸਨ ਅਤੇ ਹੁਣ ਅੰਕੜਾ 2.5 ਲੱਖ ਨੂੰ ਪਾਰ ਕਰ ਗਿਆ ਹੈ। ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹਸਪਤਾਲਾਂ ’ਚ ਮਰੀਜ਼ਾਂ ਦੇ ਮੁਕਾਬਲੇ ਬੈੱਡਾਂ ਦੀ ਘਾਟ ਹੈ। ਸ਼ਮਸ਼ਾਨਘਾਟਾਂ ’ਚ ਸਸਕਾਰ ਲਈ ਉਡੀਕ ਕਰਨੀ ਪੈ ਰਹੀ ਹੈ ਅਤੇ ਕਬਰਸਤਾਨ ਵੀ ਭਰੇ ਹੋਏ ਹਨ। ਮਾਹਿਰਾਂ ਮੁਤਾਬਕ ਅਗਲੇ 15 ਦਿਨ ਬਹੁਤ ਗੰਭੀਰ ਹਨ। ਸੂਬਾ ਸਰਕਾਰਾਂ ਨੇ ਕਰਫਿਊ, ਨਾਈਟ ਕਰਫਿਊ ਅਤੇ ਵੀਕਐਂਡ ਲਾਕਡਾਊਨ ਲਾਉਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ’ਚ 26 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਲਾਕਡਾਊਨ ਲਾ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਨਸੀ ਤੇ ਕਾਨਪੁਰ ’ਚ ਤਾਂ ਹਾਈ ਕੋਰਟ ਨੇ ਲਾਕਡਾਊਨ ਦੇ ਹੁਕਮ ਦਿੱਤੇ ਹਨ। ਪੰਜਾਬ ’ਚ ਰਾਤ ਦੇ ਕਰਫਿਊ ਦਾ ਸਮਾਂ ਵਧਾ ਕੇ ਰਾਤ 8 ਤੋਂ ਸਵੇਰੇ 5 ਵਜੇ ਤਕ ਕਰ ਦਿੱਤਾ ਗਿਆ ਹੈ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਕਰ ਦਿੱਤੇ ਗਏ ਹਨ ਅਤੇ ਰੈਸਟੋਰੈਂਟਾਂ ’ਚ ਸੋਮਵਾਰ ਤੋਂ ਸ਼ਨਿਚਰਵਾਰ ਤਕ ਸਿਰਫ਼ ਟੇਕਅਵੇ ਤੇ ਹੋਮ ਡਲਿਵਰੀ ਹੀ ਹੋ ਸਕੇਗੀ। ਇਹ ਹੁਕਮ 30 ਅਪ੍ਰੈਲ ਤਕ ਜਾਰੀ ਰਹਿਣਗੇ। ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣੀ ਪਵੇਗੀ। ਦਿੱਲੀ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਵਕਤ ਦੀ ਨਜ਼ਾਕਤ ਨੂੰ ਮੱਦੇਨਜ਼ਰ ਰੱਖਦਿਆਂ ਲਏ ਹਨ। ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਸਰਕਾਰ ਹੋਰ ਪਾਬੰਦੀਆਂ ਵੀ ਲਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਕੇਸ ਵੱਧ ਰਹੇ ਹਨ, ਹਾਲਾਤ ਸੰਭਾਲਣ ਲਈ ਪਾਬੰਦੀਆਂ ਬੇਹੱਦ ਜ਼ਰੂਰੀ ਹਨ। ਜੇਕਰ ਪਿਛਲੇ ਚਾਰ ਦਿਨਾਂ ਦੀ ਹੀ ਗੱਲ ਕਰੀਏ ਤਾਂ ਦੇਸ਼ ’ਚ ਰੋਜ਼ਾਨਾ ਦੋ ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ 14 ਅਪ੍ਰੈਲ ਨੂੰ 1.99 ਲੱਖ ਤੋਂ ਵੱਧ ਕੇਸ ਆਏ ਸਨ। ਪੰਦਰਾਂ ਅਪ੍ਰੈਲ ਨੂੰ ਪਹਿਲੀ ਵਾਰ ਦੇਸ਼ ’ਚ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਸੌਲਾਂ ਅਪ੍ਰੈਲ ਨੂੰ 18 ਹਜ਼ਾਰ ਦੇ ਵਾਧੇ ਨਾਲ 2.34 ਲੱਖ ਤੋਂ ਵੱਧ ਕੋਰੋਨਾ ਕੇਸ ਸਾਹਮਣੇ ਆਏ ਸਨ। ਹੁਣ ਕੁੱਲ ਮਾਮਲੇ 2.50 ਲੱਖ ਨੂੰ ਪਾਰ ਕਰ ਗਏ ਹਨ। ਹੋਰ ਵੀ ਖ਼ਤਰਨਾਕ ਗੱਲ ਇਹ ਹੈ ਕਿ ਕੋਰੋਨਾ ਦੀ ਲਾਗ ਹਵਾ ’ਚ ਫੈਲ ਰਹੀ ਹੈ। ਕੁਝ ਦਿਨ ਪਹਿਲਾਂ ਹੀ ਦੁਨੀਆ ਦੇ ਮੁੱਖ ਸਿਹਤ ਖੋਜ ਰਸਾਲੇ ਲੈਂਸੇਟ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਇਸ ਗੱਲ ਨੂੰ ਨੀਤੀ ਆਯੋਗ ਨੇ ਵੀ ਮੰਨ ਲਿਆ ਹੈ। ਅਜਿਹੇ ਵਿਚ ਸਭ ਦੀ ਜ਼ਿੰਮੇਵਾਰੀ ਹੈ ਕਿ ਉਹ ਮਾਸਕ ਪਾ ਕੇ ਰੱਖਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਬਿਨਾਂ ਕਾਰਨ ਘਰੋਂ ਨਾ ਨਿਕਲਣ। ਮੌਜੂਦਾ ਹਾਲਾਤ ਸਾਡੀ ਲਾਪਰਵਾਹੀ ਦਾ ਹੀ ਨਤੀਜਾ ਹਨ। ਜਦੋਂ ਕੋਰੋਨਾ ਦੇ ਕੇਸ ਘਟਣ ਲੱਗੇ ਅਤੇ ਟੀਕਾਕਰਨ ਸ਼ੁਰੂ ਹੋਇਆ ਤਾਂ ਲੋਕ ਬਿਨਾਂ ਮਾਸਕ ਘਰਾਂ ’ਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਸਨ ਅਤੇ ਅੱਜ ਉਹੀ ਪਾਜ਼ੇਟਿਵ ਆ ਰਹੇ ਹਨ। ਇਸ ਵੇਲੇ ਦੇਸ਼ ’ਚ ਜੰਗ ਵਰਗੇ ਗੰਭੀਰ ਹਾਲਾਤ ਹਨ ਅਤੇ ਫ਼ੈਸਲੇ ਵੀ ਜੰਗੀ ਪੱਧਰ ’ਤੇ ਲੈਣ ਦੀ ਲੋੜ ਹੈ। ਆਉਣ ਵਾਲੇ 15 ਦਿਨ ਪੂਰੇ ਦੇਸ਼ ਲਈ ਅਹਿਮ ਹਨ। ਇਹ ਜ਼ਰੂਰੀ ਨਹੀਂ ਕਿ ਸਰਕਾਰ ਲਾਕਡਾਊਨ ਲਾਵੇ। ਜੇ ਅਸੀਂ ਨਿਯਮਾਂ ਦੀ ਪਾਲਣਾ ਕਰੀਏ ਅਤੇ ਬਿਨਾਂ ਮਤਲਬ ਘਰੋਂ ਨਾ ਨਿਕਲੀਏ ਤਾਂ ਕੋਰੋਨਾ ਦੀ ਦੂਜੀ ਲਹਿਰ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਮਨੁੱਖਤਾ ਦੇ ਘਾਣ ਲਈ ਖ਼ੁਦ ਜ਼ਿੰਮੇਵਾਰ ਹੋਵਾਂਗੇ। ਸਰਕਾਰ/ਪ੍ਰਸ਼ਾਸਨ ਹਰ ਥਾਂ ਹਾਜ਼ਰ ਨਹੀਂ ਹੋ ਸਕਦਾ, ਇਸ ਲਈ ਲੋਕਾਂ ਨੂੰ ਖ਼ੁਦ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

Posted By: Susheel Khanna