ਹਰ ਸਾਲ ਜਦੋਂ ਵੀ ਜਨਵਰੀ-ਫਰਵਰੀ ਦਾ ਮਹੀਨਾ ਆਉਂਦਾ ਹੈ ਤਾਂ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਪਹਿਲਾਂ ਤਾਂ ਲੋਕ ਆਮ ਪੱਕੇ ਜਿਹੇ ਧਾਗਿਆਂ ਨੂੰ ਹੀ ਪਤੰਗ ਨੂੰ ਅਸਮਾਨ ਵਿਚ ਚਾੜ੍ਹਨ ਲਈ ਵਰਤਦੇ ਸਨ। ਫਿਰ ਪੱਕੀਆਂ ਡੋਰਾਂ ਨੂੰ ਸੁਰੇਸ਼ ਆਦਿ ਨਾਲ ਚਿਪਕਾ ਕੇ ਪਤੰਗਬਾਜ਼ੀ ਸ਼ੁਰੂ ਹੋਈ। ਇਸ ਤਰ੍ਹਾਂ ਕਰਨ ਨਾਲ ਡੋਰ ਪੱਕ ਜਾਂਦੀ ਸੀ ਅਤੇ ਦੂਜੇ ਦੀ ਪਤੰਗ ਜਲਦੀ ਕੱਟੀ ਜਾਂਦੀ ਸੀ। ਹੋਰ ਮੁਲਕਾਂ ਨਾਲ ਵਪਾਰਕ ਰਿਸ਼ਤਿਆਂ ਨੂੰ ਲਗਪਗ ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਗਿਆ ਦਿੱਤੀ ਜਾਂਦੀ ਹੈ ਤਾਂ ਕਿ ਜ਼ਰੂਰੀ ਚੀਜ਼ਾਂ ਇਕ ਤੋਂ ਦੂਜੇ ਦੇਸ਼ ਵਿਚ ਆ ਅਤੇ ਜਾ ਸਕਣ। ਭਾਰਤ ’ਚ ਪਿਛਲੇ ਲੰਬੇ ਸਮੇਂ ਤੋਂ ਚੀਨ ’ਚੋਂ ਪਤੰਗਬਾਜ਼ੀ ਲਈ ਡੋਰ ਆ ਰਹੀ ਹੈ। ਪਹਿਲਾਂ-ਪਹਿਲ ਇਹ ਆਮ ਡੋਰ ਵਾਂਗ ਹੁੰਦੀ ਸੀ ਪਰ ਫਿਰ ਸਾਡੀ ਡੋਰ ਨਾਲੋਂ ਕਾਫ਼ੀ ਪੱਕੀ ਆਉਣ ਲੱਗ ਪਈ ਸੀ। ਇਸ ਕਾਰਨ ਸਾਡੇ ਦੇਸ਼ ਦੇ ਪਤੰਗਬਾਜ਼ ਚਾਈਨਾ ਡੋਰ ਨੂੰ ਵੱਧ ਪੱਕੀ ਸਮਝ ਕੇ ਉਸ ਨੂੰ ਤਰਜੀਹ ਦੇਣ ਲੱਗੇ। ਇਸ ਤਰ੍ਹਾਂ ਸਾਡੇ ਦੇਸ਼ ’ਚ ਚਾਈਨਾ ਡੋਰ ਦੀ ਮੰਗ ਵਧ ਗਈ। ਜਿਉਂ-ਜਿਉਂ ਸਾਡੇ ਦੇਸ਼ ਦੇ ਲੋਕ ਚਾਈਨਾ ਦੀ ਮਹਿੰਗੀ ਡੋਰ ਖ਼ਰੀਦ ਕੇ ਪਤੰਗ ਉਡਾਉਂਦੇ ਰਹੇ ਤਿਉਂ-ਤਿਉਂ ਚੀਨ ਦੇ ਖ਼ਜ਼ਾਨੇ ਭਰਦੇ ਰਹੇ ਪਰ ਚੀਨ ਦੀ ਡੋਰ ਕਿਸ ਤਰ੍ਹਾਂ ਸਾਡੇ ਦੇਸ਼ ਦੇ ਲੋਕਾਂ ’ਤੇ ਮੌਤ ਬਣ ਕੇ ਡਿੱਗਦੀ ਰਹੀ, ਇਸ ਬਾਰੇ ਕਿਸੇ ਨੇ ਨਹੀਂ ਸੋਚਿਆ। ਸਾਡੇ ਦੇਸ਼ ਦੇ ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਚਾਈਨਾ ਡੋਰ ਵਿਚ ਫਸ ਕੇ ਅਨੇਕਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪਿਆ। ਹੈਰਾਨੀ ਇਹ ਵੀ ਹੈ ਕਿ ਜਦੋਂ ਪਤਾ ਲੱਗ ਚੁੱਕਾ ਸੀ ਕਿ ਚਾਈਨਾ ਡੋਰ ਬਹੁਤ ਖ਼ਤਰਨਾਕ ਹੈ ਤਾਂ ਕੇਂਦਰ ਸਰਕਾਰ ਨੇ ਉਸ ਉੱਤੇ ਪਾਬੰਦੀ ਕਿਉਂ ਨਹੀਂ ਲਾਈ। ਚਾਈਨਾ ਡੋਰ ਨਾਲ ਰਾਹਗੀਰ ਤੇ ਪਰਿੰਦੇ ਜ਼ਖ਼ਮੀ ਹੋ ਰਹੇ ਹਨ ਤੇ ਕਈ ਵਾਰ ਇਹ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਭਾਵੇਂ ਇਸ ਡੋਰ ਕਾਰਨ ਮਨੁੱਖ ਤੇ ਪੰਛੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਪਰ ਸਾਡੀਆਂ ਸਰਕਾਰਾਂ ਅਜੇ ਵੀ ਪਤਾ ਨਹੀਂ ਕਿਹੜੇ ਲਾਲਚ ਕਾਰਨ ਚੁੱਪ ਹਨ। ਇਸ ਡੋਰ ਉੱਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ। ਇਹ ਕਿਉਂਕਿ ਜਾਨੀ ਨੁਕਸਾਨ ਦਾ ਕਾਰਨ ਬਣਨ ਲੱਗ ਪਈ ਹੈ ਤਾਂ ਅਜਿਹੇ ਵਿਚ ਇਸ ਦੀ ਦਰਾਮਦ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਪਰ ਸਰਕਾਰਾਂ ਦੇ ਤਾਂ ਕੰਮ ਹੀ ਅਵੱਲੇ ਹੁੰਦੇ ਹਨ। ਉਨ੍ਹਾਂ ਲਈ ਤਾਂ ਲੋਕਾਂ ਦੀ ਜਾਨ ਨਾਲੋਂ ਮੁਨਾਫ਼ਾ ਜ਼ਿਆਦਾ ਅਹਿਮੀਅਤ ਰੱਖਦਾ ਹੈ। ਇਸੇ ਲਈ ਸਰਕਾਰਾਂ ਦੀ ਸਰਪ੍ਰਸਤੀ ਹੇਠ ਅਤੇ ਅਫ਼ਸਰਸ਼ਾਹੀ ਦੀ ਸ਼ਹਿ ਕਾਰਨ ਚਾਈਨਾ ਡੋਰ ਕਾਗਜ਼ਾਂ ਵਿਚ ਮਨਾਹੀ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਹੈ। ਦੂਜੇ ਪਾਸੇ ਲੋਕ ਵੀ ਆਪਣੇ ਫ਼ਰਜ਼ ਨਹੀਂ ਸਮਝ ਰਹੇ। ਜੇਕਰ ਇਸ ਜਾਨ ਦਾ ਖੌਅ ਬਣ ਰਹੀ ਡੋਰ ਪ੍ਰਤੀ ਸਰਕਾਰਾਂ ਅਤੇ ਪ੍ਰਸ਼ਾਸਨ ਅਵੇਸਲੇ ਹਨ ਤਾਂ ਜਨਤਾ ਨੂੰ ਜ਼ਰੂਰ ਚੌਕਸ ਹੋਣਾ ਪਵੇਗਾ ਅਤੇ ਪਤੰਗਬਾਜ਼ੀ ਲਈ ਚਾਈਨਾ ਡੋਰ ਦਾ ਇਸਤੇਮਾਲ ਆਪਣੀ ਮਰਜ਼ੀ ਨਾਲ ਹੀ ਬੰਦ ਕਰ ਦੇਣਾ ਚਾਹੀਦਾ ਹੈ। ਤ੍ਰਾਸਦੀ ਇਹ ਹੈ ਕਿ ਅਜਿਹਾ ਬਿਲਕੁਲ ਨਹੀਂ ਹੋ ਰਿਹਾ।

-ਬਲਬੀਰ ਸਿੰਘ ਬੱਬੀ।

ਮੋਬਾਈਲ : 70091-07300

Posted By: Jagjit Singh