-ਡਾ. ਸ. ਸ. ਛੀਨਾ

ਡੇਅਰੀ ਉਹ ਧੰਦਾ ਹੈ ਜਿਹੜਾ ਪੁਰਾਤਨ ਸਮਿਆਂ ਤੋਂ ਖੇਤੀ ਨਾਲ ਜੁੜਿਆ ਰਿਹਾ ਹੈ। ਦਰਅਸਲ, ਇਹ ਭਾਰਤ ਦੇ ਸੱਭਿਆਚਾਰ ਦਾ ਹਿੱਸਾ ਹੈ ਕਿਉਂ ਜੋ ਕੁੱਲ ਭਾਰਤ ਵਿਚ ਹਰ ਖੇਤਰ ਵਿਚ ਗਊਆਂ ਜਾਂ ਮੱਝਾਂ ਨੂੰ ਉਨ੍ਹਾਂ ਘਰਾਂ 'ਚ ਵੀ ਰੱਖਿਆ ਜਾਂਦਾ ਰਿਹਾ ਹੈ ਜਿਹੜੇ ਭਾਵੇਂ ਖੇਤੀ ਤਾਂ ਨਹੀਂ ਸਨ ਕਰਦੇ ਪਰ ਆਪਣੀਆਂ ਦੁੱਧ ਦੀਆਂ ਲੋੜਾਂ ਪੂਰੀਆਂ ਕਰਨ ਲਈ ਛੋਟੇ ਪੱਧਰ 'ਤੇ ਡੇਅਰੀ ਕਰਦੇ ਸਨ। ਭਾਵੇਂ ਹੁਣ ਇਹ ਰੁਚੀਆਂ ਬਦਲ ਰਹੀਆਂ ਹਨ ਅਤੇ ਖੇਤੀ ਨੂੰ ਵਪਾਰਕ ਲੀਹਾਂ 'ਤੇ ਚਲਾਉਣ ਕਾਰਨ ਖੇਤੀ ਕਰਨ ਵਾਲੇ ਵੀ ਦੁੱਧ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਡੇਅਰੀਆਂ 'ਤੇ ਨਿਰਭਰ ਕਰਦੇ ਹਨ। ਖੇਤੀ ਵਿਚ ਆਮਦਨ ਵਧਾਉਣ ਲਈ ਜਿਹੜੀਆਂ ਵੀ ਸਕੀਮਾਂ ਬਣਾਈਆਂ ਗਈਆਂ ਸਨ, ਉਨ੍ਹਾਂ ਸਾਰੀਆਂ 'ਚ ਡੇਅਰੀ ਨੂੰ ਖ਼ਾਸ ਮਹੱਤਤਾ ਦਿੱਤੀ ਜਾਂਦੀ ਰਹੀ ਹੈ। ਡੇਅਰੀ ਲਈ ਸਿਖਲਾਈ, ਕਰਜ਼ਾ ਅਤੇ ਸਬਸਿਡੀ ਦੀ ਵਿਵਸਥਾ ਕਰ ਕੇ ਬੈਂਕਾਂ ਨੂੰ ਡੇਅਰੀ ਖੇਤਰ ਲਈ ਕਰਜ਼ਾ ਅਤੇ ਸਬਸਿਡੀ ਦੀ ਵਿਵਸਥਾ ਤਹਿਤ ਕਰਜ਼ਾ ਦੇਣ ਦੀਆਂ ਖ਼ਾਸ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ। ਨਾਬਾਰਡ (ਰਾਸ਼ਟਰੀ ਪੇਂਡੂ ਵਿਕਾਸ ਦਾ ਬੈਂਕ) ਡੇਅਰੀ ਸਕੀਮਾਂ ਨੂੰ ਖ਼ਾਸ ਤਰਜੀਹ ਦਿੰਦਾ ਰਿਹਾ ਹੈ।

ਕੌਮਾਂਤਰੀ ਪੱਧਰ 'ਤੇ ਭਾਰਤ ਦੀ ਡੇਅਰੀ ਦਾ ਖ਼ਾਸ ਮਹੱਤਵ ਹੈ। ਸਾਰੀ ਦੁਨੀਆ ਵਿਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲਾ ਦੇਸ਼ ਹੋਣ ਕਰ ਕੇ 2005-06 'ਚ ਇੱਥੇ 9.7 ਕਰੋੜ ਟਨ ਦੁੱਧ ਪੈਦਾ ਹੁੰਦਾ ਸੀ ਜਿਹੜਾ ਹੁਣ ਵੱਧ ਕੇ 14 ਕਰੋੜ ਟਨ ਤੋਂ ਉੱਪਰ ਪਹੁੰਚ ਗਿਆ ਹੈ। ਆਪਰੇਸ਼ਨ ਫਲੱਡ ਅਧੀਨ ਲਗਾਤਾਰ ਦੁੱਧ ਦਾ ਉਤਪਾਦਨ, ਕਿਸਾਨ ਦੀ ਆਮਦਨ ਅਤੇ ਰੁਜ਼ਗਾਰ ਨੂੰ ਵਧਾਉਣ ਲਈ ਸਮੇਂ-ਸਮੇਂ ਹੱਲਾਸ਼ੇਰੀ ਦਿੱਤੀ ਗਈ। ਦੁਨੀਆ ਦੇ ਕੁੱਲ ਦੁੱਧ ਦੇਣ ਵਾਲੇ ਪਸ਼ੂਆਂ 'ਚ ਸਭ ਤੋਂ ਵੱਧ ਭਾਰਤ 'ਚ ਹਨ ਜੋ ਕੁੱਲ ਪਸ਼ੂਆਂ ਦਾ 16 ਫ਼ੀਸਦੀ ਹਨ ਪਰ ਮੱਝਾਂ ਦੀ ਗਿਣਤੀ ਭਾਰਤ ਵਿਚ ਕੁੱਲ ਦੁਨੀਆ ਦੇ 57 ਫ਼ੀਸਦੀ ਤਕ ਹੈ। ਕੁੱਲ ਦੁਨੀਆ ਦੇ ਦੁੱਧ ਉਤਪਾਦਨ ਵਿਚ ਭਾਰਤ ਦਾ ਹਿੱਸਾ 15 ਫ਼ੀਸਦੀ ਹੈ ਭਾਵੇਂ ਕਿ ਸਮੁੱਚੇ ਭਾਰਤ 'ਚ ਛੋਟੇ, ਸੀਮਾਂਤ ਅਤੇ ਵੱਡੇ ਕਿਸਾਨਾਂ ਤੋਂ ਇਲਾਵਾ ਭੂਮੀ ਘਰਾਂ 'ਚ ਵੀ 60 ਤੋਂ 70 ਫ਼ੀਸਦੀ ਘਰਾਂ 'ਚ ਆਮਦਨ ਦਾ ਇਹ ਇਕ ਪੇਸ਼ਾ ਹੈ ਪਰ ਦੁਨੀਆ ਦੀ ਕੁੱਲ ਬਰਾਮਦ ਵਿਚ ਭਾਰਤ ਦਾ ਹਿੱਸਾ ਸਿਰਫ਼ 1.6 ਫ਼ੀਸਦੀ ਹੈ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਜਿੱਥੇ ਕੁੱਲ ਦੁਨੀਆ ਦਾ 15 ਫ਼ੀਸਦੀ ਦੁੱਧ ਭਾਰਤ 'ਚ ਹੁੰਦਾ ਹੈ, ਉੱਥੇ ਹੀ ਭਾਰਤ ਦੀ ਜਨਸੰਖਿਆ ਵੀ ਕੁੱਲ ਆਬਾਦੀ ਦਾ 17.6 ਫ਼ੀਸਦੀ ਹੈ। ਇੰਨਾ ਦੁੱਧ ਪੈਦਾ ਹੋਣ ਦੇ ਬਾਵਜੂਦ ਵਸੋਂ ਦੀਆਂ ਵੱਡੀਆਂ ਲੋੜਾਂ ਕਾਰਨ ਭਾਰਤ ਇਸ ਦੀ ਬਰਾਮਦ ਦੇ ਮਿਲੇ ਅਸੀਮਤ ਮੌਕਿਆਂ ਦਾ ਲਾਭ ਨਹੀਂ ਉਠਾ ਸਕਿਆ। ਦੇਸ਼ ਦਾ ਕੋਈ ਵੀ ਡੇਅਰੀ ਫਾਰਮ ਭਾਵੇਂ ਉਹ ਕਿੰਨੇ ਵੀ ਆਕਾਰ 'ਚ ਹੋਵੇ, ਡੇਅਰੀ ਵਸਤਾਂ ਦੀ ਬਰਾਮਦ ਨਹੀਂ ਕਰ ਸਕਦਾ ਕਿਉਂ ਜੋ ਇਸ ਲਈ ਵੱਡਾ ਤਕਨੀਕੀ ਢਾਂਚਾ ਅਤੇ ਵੱਡੀ ਮਾਤਰਾ ਇਸ ਸਭ ਤੋਂ ਵੱਡੀ ਰੁਕਾਵਟ ਹੈ ਜਿਹੜੀ ਕਿਸੇ ਵੀ ਕਿਸਾਨ ਜਾਂ ਡੇਅਰੀ ਫਾਰਮਰ ਦੇ ਵਸ ਦੀ ਗੱਲ ਨਹੀਂ। ਡੇਅਰੀ ਵਸਤਾਂ ਦੀ ਬਰਾਮਦ ਬਹੁਦੇਸ਼ੀ ਕੰਪਨੀਆਂ ਜਾਂ ਸਹਿਕਾਰੀ ਫੈਡਰੇਸ਼ਨਾਂ ਹੀ ਕਰ ਸਕਦੀਆਂ ਹਨ। ਸੰਨ 2013-14 'ਚ ਭਾਰਤ 'ਚੋਂ ਸਭ ਤੋਂ ਵੱਧ 72.8 ਕਰੋੜ ਡਾਲਰਾਂ ਦੀਆਂ ਡੇਅਰੀ ਵਸਤਾਂ ਬਰਾਮਦ ਕੀਤੀਆਂ ਗਈਆਂ ਸਨ ਜਿਹੜੀਆਂ 2009-10 'ਚ ਸਿਰਫ਼ 1.70 ਕਰੋੜ ਡਾਲਰ ਸਨ। ਸੰਨ 2018-19 'ਚ 40.4 ਕਰੋੜ ਡਾਲਰਾਂ ਦੀਆਂ ਡੇਅਰੀ ਵਸਤਾਂ ਦੀ ਬਰਾਮਦ ਕੀਤੀ ਗਈ ਜਿਹੜੀ 2014 ਤੋਂ ਕਿਤੇ ਘੱਟ ਹੈ। ਬਰਾਮਦਸ਼ੁਦਾ ਵਸਤਾਂ 38 ਫ਼ੀਸਦੀ ਤਾਂ ਪਨੀਰ ਅਤੇ ਦਹੀਂ ਦੀਆਂ ਹਨ। ਜਦੋਂਕਿ ਦੁੱਧ, ਕਰੀਮ, ਮੱਖਣ ਆਦਿ 21 ਫ਼ੀਸਦੀ ਅਤੇ ਬਾਕੀ ਦੁੱਧ ਤੋਂ ਬਣੀਆਂ ਹੋਰ ਵਸਤਾਂ ਹਨ ਜਿਨ੍ਹਾਂ ਸਾਰੀਆਂ ਨੂੰ ਇਕ ਢੁੱਕਵੇਂ ਤਕਨੀਤੀ ਢਾਂਚੇ 'ਚ ਸੰਭਾਲਣ ਅਤੇ ਫਿਰ ਕਈ ਦਿਨਾਂ ਤਕ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਠੀਕ ਸੰਭਾਲ ਦੇ ਅੰਦਰ ਪਹੁੰਚਣਾ ਹੁੰਦਾ ਹੈ। ਇਹ ਕਿਸਾਨਾਂ ਦੇ ਵਸ ਦੀ ਗੱਲ ਨਹੀਂ ਸਗੋਂ ਇਸ 'ਚ ਪੇਸ਼ਾਵਾਰ ਕੰਪਨੀਆਂ ਦੀ ਭੂਮਿਕਾ ਹੈ ਪਰ ਜਦੋਂ ਵੀ ਬਰਾਮਦ 'ਚ ਵਾਧਾ ਹੋਵੇਗਾ ਇਸ ਦੇ ਆਮਦਨ ਅਤੇ ਰੁਜ਼ਗਾਰ ਵਧਣ ਦੇ ਰੂਪ ਵਿਚ ਲਾਭ ਸਾਰੇ ਹੀ ਦੇਸ਼ ਦੇ ਕਿਸਾਨਾਂ ਤਕ ਪਹੁੰਚਦੇ ਹਨ।

ਸਾਰੇ ਦੇਸ਼ 'ਚ ਡੇਅਰੀ ਸਹਿਕਾਰਤਾ ਦੇ ਗੁਜਰਾਤ ਅਤੇ ਪੰਜਾਬ ਦੇ ਮਾਡਲ ਨੇ ਵੱਡੀ ਭੂਮਿਕਾ ਨਿਭਾਈ ਹੈ। ਡੇਅਰੀ ਸਹਿਕਾਰਤਾ 'ਚ ਪਿੰਡ ਵਿਚ ਦੁੱਧ ਵੇਚਣ ਵਾਲਾ, ਰਾਸ਼ਟਰੀ ਪੱਧਰ 'ਤੇ ਕੀਤੀ ਜਾਂਦੀ ਬਰਾਮਦ 'ਚ ਹਿੱਸੇਦਾਰ ਬਣਿਆ ਰਹਿੰਦਾ ਹੈ। ਉਹ ਪਿੰਡ 'ਚ ਦੁੱਧ ਵੇਚ ਕੇ ਭਾਵੇਂ ਉਸ ਦੀ ਕੀਮਤ ਵੀ ਲੈ ਲੈਂਦਾ ਹੈ ਪਰ ਸਹਿਕਾਰੀ ਸਭਾ ਦੇ ਮੈਂਬਰ ਹੋਣ ਕਰ ਕੇ ਜਿਹੜੇ ਜ਼ਿਲ੍ਹਾ ਪੱਧਰ 'ਤੇ ਜਾਂ ਰਾਸ਼ਟਰੀ ਪੱਧਰ 'ਤੇ ਡੇਅਰੀ ਵਸਤਾਂ ਦੀ ਬਰਾਮਦ 'ਚੋਂ ਲਾਭ ਕਮਾਏ ਜਾਂਦੇ ਹਨ, ਉਹ ਉਸ ਨੂੰ ਬੋਨਸ ਦੇ ਰੂਪ 'ਚ ਮਿਲਦੇ ਹਨ ਪਰ ਇੱਥੇ ਇਹ ਗੱਲ ਵਰਣਨਯੋਗ ਹੈ ਕਿ ਜੇ ਡੇਅਰੀ ਸਹਿਕਾਰਤਾ ਨਾ ਹੁੰਦੀ ਤਾਂ ਨਿੱਜੀ ਕੰਪਨੀਆਂ ਵੱਲੋਂ ਇਨ੍ਹਾਂ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਣਾ ਸੀ ਅਤੇ ਲਾਗਤ ਤੋਂ ਘੱਟ ਕੀਮਤ ਦਿੱਤੀ ਜਾਣੀ ਸੀ ਜਦੋਂਕਿ ਹੁਣ ਇਸ ਦੇ ਉਲਟ ਹੈ।

ਇਹ ਵੀ ਦਿਲਚਸਪ ਤੱਥ ਹੈ ਕਿ ਦੁਨੀਆ ਭਰ ਵਿਚ ਸਭ ਤੋਂ ਵੱਧ ਡੇਅਰੀ ਵਸਤਾਂ ਦੀ ਬਰਾਮਦ ਕਰਨ ਵਾਲਾ ਦੇਸ਼ ਜਰਮਨੀ ਹੈ ਜਿਹੜਾ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਕੁੱਲ ਬਰਾਮਦ 'ਚ 15 ਫ਼ੀਸਦੀ ਹਿੱਸਾ ਪਾਉਂਦਾ ਹੈ। ਇਹ ਵੀ ਦਿਲਚਸਪ ਹੈ ਕਿ ਸਾਰੀ ਦੁਨੀਆ 'ਚ ਜਿਹੜੇ ਦੇਸ਼ ਡੇਅਰੀ ਵਸਤਾਂ ਦੀ ਬਰਾਮਦ ਕਰਦੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਉਦਯੋਗਿਕ ਦੇਸ਼ ਹਨ ਜਿਵੇਂ ਜਰਮਨੀ ਤੋਂ ਬਾਅਦ ਨਿਊਜ਼ੀਲੈਂਡ, ਨੀਦਰਲੈਂਡ, ਫਰਾਂਸ, ਅਮਰੀਕਾ, ਬੈਲੀਜਅਮ ਆਦਿ ਅਤੇ ਦੁਨੀਆ ਭਰ 'ਚ ਜਿਹੜੇ ਦੁੱਧ ਦੀ ਦਰਾਮਦ ਕਰਨ ਵਾਲੇ ਦੇਸ਼ ਹਨ, ਉਨ੍ਹਾਂ ਦਾ ਮੁੱਖ ਪੇਸ਼ਾ ਖੇਤੀ ਹੈ। ਜਿਵੇਂ ਬੰਗਲਾਦੇਸ਼, ਪਾਕਿਸਤਾਨ, ਮਿਸਰ, ਸੰਯੁਕਤ ਅਰਬ ਅਮੀਰਾਤ, ਯਮਨ, ਸੀਰੀਆ, ਮਲੇਸ਼ੀਆ ਆਦਿ। ਭਾਰਤ ਸਭ ਤੋਂ ਜ਼ਿਆਦਾ ਡੇਅਰੀ ਵਸਤਾਂ ਬੰਗਲਾਦੇਸ਼ ਵੱਲ ਭੇਜਦਾ ਹੈ ਜਦੋਂਕਿ ਇਨ੍ਹਾਂ ਵਸਤਾਂ ਦੇ ਭਾਰਤ ਤੋਂ ਹੋਰ ਦਰਾਮਦਕਾਰ ਦੇਸ਼ ਹਨ ਜਿਵੇਂ ਕਿ ਮਿਸਰ, ਅਲਜੀਰੀਆ, ਸਾਊਦੀ ਅਰਬ, ਮਾਲਦੀਵ ਆਦਿ। ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਮਹਾਦੀਪ ਦੇ ਦੇਸ਼ਾਂ ਵੱਲੋਂ ਭਾਰਤ ਤੋਂ ਡੇਅਰੀ ਵਸਤਾਂ ਦੀ ਦਰਾਮਦ ਨਹੀਂ ਕੀਤੀ ਜਾਂਦੀ ਕਿਉਂਕਿ ਕੌਮਾਂਤਰੀ ਮਿਆਰਾਂ ਅਨੁਸਾਰ ਭਾਰਤ ਦੀਆਂ ਡੇਅਰੀ ਵਸਤਾਂ ਗੁਣਾਂ ਅਤੇ ਸਫ਼ਾਈ ਪੱਖੋਂ ਉਨ੍ਹਾਂ ਦੀ ਰੁਕਾਵਟ ਬਣਦੀਆਂ ਹਨ। ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਵਿਚ ਦੁੱਧ ਦੀ ਵੱਡੀ ਮੰਗ ਹੈ। ਸਾਰੀ ਦੁਨੀਆ 'ਚ ਸਾਲਾਨਾ ਤਕਰੀਬਨ 8 ਕਰੋੜ ਵਸੋਂ ਦੇ ਵਧਣ ਨਾਲ ਅਤੇ ਦੁੱਧ ਜ਼ਰੂਰੀ ਵਸਤੂ ਹੋਣ ਕਰ ਕੇ ਇਸ ਦੀ ਬਹੁਤ ਮੰਗ ਵੱਧ ਗਈ ਹੈ। ਡੇਅਰੀ ਵਸਤਾਂ ਦੀ ਵੱਡੀ ਮੰਗ ਦੇ ਲਾਭ ਭਾਰਤ ਵੱਲੋਂ ਇਸ ਕਾਰਨ ਨਹੀਂ ਕਮਾਏ ਜਾ ਰਹੇ ਕਿਉਂ ਜੋ ਭਾਰਤ ਦੀਆਂ ਆਪਣੀਆਂ ਲੋੜਾਂ ਦੀ ਜਿੰਨੀ ਪੂਰਤੀ ਹੋ ਰਹੀ ਹੈ, ਉਹ ਘੱਟ ਹੈ। ਇਸ ਦੀ ਵੱਡੀ ਵਜ੍ਹਾ ਦੁੱਧ ਦੇਣ ਵਾਲੇ ਪਸ਼ੂਆਂ ਦੀ ਘੱਟ ਉਪਜ ਹੈ। ਜਦੋਂਕਿ ਆਮਦਨ ਅਤੇ ਰੁਜ਼ਗਾਰ ਵਧਾਉਣ ਦੇ ਜਿੰਨੇ ਮੌਕੇ ਡੇਅਰੀ ਵਿਚ ਹਨ ਅਤੇ ਉਨ੍ਹਾਂ ਦਾ ਆਸਾਨੀ ਨਾਲ ਲਾਭ ਉਠਾਇਆ ਜਾ ਸਕਦਾ ਹੈ, ਉਹ ਹੋਰ ਕਿਸੇ ਖੇਤੀ ਆਧਾਰਿਤ ਪੇਸ਼ੇ ਵਿਚ ਨਹੀਂ ਹਨ। ਭਾਵੇਂ ਭਾਰਤ ਬੰਗਲਾਦੇਸ਼ ਨੂੰ ਜਿਹੜੀਆਂ ਡੇਅਰੀ ਵਸਤਾਂ ਭੇਜਦਾ ਹੈ, ਉਹ ਉਸ ਵੱਲੋਂ ਇਨ੍ਹਾਂ ਵਸਤਾਂ ਦੀ ਕੁੱਲ ਬਰਾਮਦ ਦਾ 38 ਫ਼ੀਸਦੀ ਹੈ ਪਰ ਬੰਗਲਾਦੇਸ਼ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਵੀ ਦੁੱਧ ਅਤੇ ਡੇਅਰੀ ਵਸਤਾਂ ਮੰਗਵਾਉਣ ਲਈ ਮਜਬੂਰ ਹੈ ਜਿਸ ਦਾ ਲਾਭ ਭਾਰਤ ਨੂੰ ਮਿਲ ਸਕਦਾ ਹੈ।

ਡੇਅਰੀ ਵਿਚ ਪੰਜਾਬ ਦੀ ਸਥਿਤੀ ਸਾਰੇ ਭਾਰਤ ਤੋਂ ਹੀ ਚੰਗੀ ਹੈ। ਜਿਸ ਤਰ੍ਹਾਂ ਪੰਜਾਬ ਦੀ ਖੇਤੀ, ਪ੍ਰਾਂਤ ਦੇ ਕੁੱਲ ਘਰੇਲੂ ਉਤਪਾਦਨ ਵਿਚ ਸਾਰੇ ਦੇਸ਼ 'ਚ ਵੱਧ 28 ਫ਼ੀਸਦੀ ਦਾ ਯੋਗਦਾਨ ਪਾਉਂਦੀ ਹੈ, ਉੱਥੇ ਹੀ ਪੰਜਾਬ ਦੀ ਡੇਅਰੀ ਦਾ ਸਾਰੇ ਦੇਸ਼ 'ਚ ਸਭ ਤੋਂ ਜ਼ਿਆਦਾ ਯੋਗਦਾਨ ਹੈ ਜੋ ਪ੍ਰਾਂਤ ਦੇ ਜੀਡੀਪੀ 'ਚ 9 ਫ਼ੀਸਦੀ ਦਾ ਯੋਗਦਾਨ ਪਾ ਰਹੀ ਹੈ ਅਤੇ ਇਸ ਲਈ ਪੰਜਾਬ 'ਚ ਡੇਅਰੀ ਸਹਿਕਾਰਤਾ ਦੀ ਵੱਡੀ ਭੂਮਿਕਾ ਹੈ ਜਿਸ ਨੇ ਡੇਅਰੀ ਉਦਯੋਗ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਉਤਸ਼ਾਹਿਤ ਕੀਤਾ। ਫਿਰ ਡੇਅਰੀ 'ਚ ਲਗਾਤਾਰ ਵਾਧਾ ਜਾਰੀ ਹੈ। ਸੰਨ 2009-10'ਚ ਪੰਜਾਬ ਵਿਚ ਰੋਜ਼ਾਨਾ 9.3 ਲੱਖ ਟਨ ਦੁੱਧ ਪੈਦਾ ਹੁੰਦਾ ਸੀ। ਉਹ 2013-14 ਵਿਚ ਵੱਧ ਕੇ 10.01 ਲੱਖ ਟਨ ਅਤੇ 2018-19 'ਚ 12 ਲੱਖ ਟਨ ਦੇ ਬਰਾਬਰ ਪੁੱਜ ਗਿਆ। ਦੂਜੇ ਪਾਸੇ 2009-10 ਵਿਚ ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਰੋਜ਼ਾਨਾ ਉਪਲਬਧਤਾ 915 ਗ੍ਰਾਮ ਸੀ ਉਹ 2013-14 'ਚ 971 ਗ੍ਰਾਮ ਅਤੇ 2018-19 'ਚ 985 ਗ੍ਰਾਮ 'ਤੇ ਪੁੱਜ ਗਈ ਹੈ ਜਦੋਂਕਿ ਭਾਰਤ ਦੇ ਪੱਧਰ 'ਤੇ ਇਹ 2009-10 ਵਿਚ ਸਿਰਫ਼ 273 ਗ੍ਰਾਮ ਸੀ ਅਤੇ 2018-19 'ਚ 300 ਗ੍ਰਾਮ ਹੈ।

ਪੰਜਾਬ ਦੇ ਡੇਅਰੀ ਉਦਯੋਗ ਸਾਹਮਣੇ ਦੋ ਚੁਣੌਤੀਆਂ ਹਨ। ਇੱਕ ਹੈ, ਮਿਲਾਵਟ ਵਾਲੇ ਦੁੱਧ ਦੀ ਅਤੇ ਦੂਸਰੀ ਨਕਲੀ ਦੁੱਧ ਦੀ। ਇਹ ਅਸਲੀ ਅਤੇ ਮਿਹਨਤੀ ਡੇਅਰੀ ਉਤਪਾਦਕਾਂ ਨੂੰ ਨਿਰਉਤਸ਼ਾਹਿਤ ਕਰਦੀਆਂ ਹਨ। ਜਿੱਥੇ ਬਰਾਮਦ ਨਾਲ ਦੇਸ਼ ਨੂੰ ਵਿਦੇਸ਼ੀ ਕਰੰਸੀ ਦੀ ਕਮਾਈ ਵਧੇਗੀ, ਉੱਥੇ ਹੀ ਉਸ ਦੇ ਲਾਭ ਹੇਠਾਂ ਤਕ ਸਮੁੱਚੇ ਦੇਸ਼ 'ਚ ਸਾਰੇ ਕਿਸਾਨਾਂ, ਕਿਰਤੀਆਂ ਅਤੇ ਪੇਂਡੂ ਖੇਤਰ ਤਕ ਪਹੁੰਚਣਗੇ। ਡੇਅਰੀ 'ਚ ਮਿਲਣ ਵਾਲੇ ਵੱਡੇ ਮੌਕਿਆਂ ਦੇ ਲਾਭ ਲੈਣ ਲਈ ਡੇਅਰੀ 'ਤੇ ਆਧਾਰਿਤ ਉਦਯੋਗਿਕ ਇਕਾਈਆਂ, ਉਨ੍ਹਾਂ ਦੀ ਸੰਭਾਲ ਲਈ ਲੋੜੀਂਦਾ ਢਾਂਚਾ ਅਤੇ ਦੁੱਧ ਖ਼ਰੀਦਣ ਵਾਲੇ ਸਹਿਕਾਰੀ ਪਲਾਂਟਾਂ ਜਾਂ ਕੰਪਨੀਆਂ ਵੱਲੋਂ ਜਿੱਥੇ ਦਿਨ ਦੇ ਸਮੇਂ ਦੁੱਧ ਖ਼ਰੀਦਿਆ ਜਾਂਦਾ ਹੈ, ਉੱਥੇ ਹੀ ਸ਼ਾਮ ਦੇ ਸਮੇਂ ਵੀ ਉਹੋ ਵਿਵਸਥਾ ਕਰਨੀ, ਟੈਸਟਿੰਗ ਲੈਬਜ਼ ਦੀ ਵਿਵਸਥਾ 'ਚ ਵਿਸਥਾਰ, ਪ੍ਰਸਾਰ ਸੇਵਾ, ਨਵੀਆਂ ਵੱਧ ਉਪਜਾਂ ਦੇਣ ਵਾਲੇ ਪਸ਼ੂ ਅਤੇ ਸਿਖਲਾਈ ਨਾਲ ਦੁਨੀਆ ਭਰ ਵਿਚ ਇਨ੍ਹਾਂ ਵਸਤਾਂ ਦੀ ਮੰਗ ਦੇ ਲਾਭ ਆਸਾਨੀ ਨਾਲ ਲਏ ਜਾ ਸਕਦੇ ਹਨ।

Posted By: Sukhdev Singh