21ਵੀਂ ਸਦੀ 'ਚ ਤਕਨਾਲੋਜੀ ਸਾਡੀ ਜੀਵਨਸ਼ੈਲੀ ਦਾ ਅਹਿਮ ਹਿੱਸਾ ਬਣ ਗਈ ਹੈ ਜਿਸ ਕਾਰਨ ਸਾਡੀ ਜੀਵਨ-ਜਾਚ ਵਿਚ ਭਾਰੀ ਤਬਦੀਲੀ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜੀਟਲ ਇੰਡੀਆ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦੇਸ਼ ਵਾਸੀਆਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੜ੍ਹੇ-ਲਿਖੇ ਨਾਗਰਿਕ ਤਾਂ ਤਕਨੀਕੀ ਵਸਤਾਂ ਦੀ ਵਰਤੋਂ ਸਾਵਧਾਨੀ ਨਾਲ ਕਰ ਲੈਂਦੇ ਹਨ ਪਰ ਘੱਟ ਪੜ੍ਹੇ-ਲਿਖੇ ਲੋਕ ਡਿਜੀਟਲ ਉਪਕਰਨਾਂ ਦੀ ਵਰਤੋਂ ਗ਼ਲਤ ਢੰਗ ਨਾਲ ਕਰ ਕੇ ਆਪਣਾ ਨੁਕਸਾਨ ਕਰਵਾ ਬੈਠਦੇ ਹਨ। ਇਸ ਦੀ ਮਿਸਾਲ ਹਨ ਨਿੱਤ ਦਿਨ ਹੋ ਰਹੀਆਂ 'ਆਨਲਾਈਨ ਠੱਗੀਆਂ।'।ਬੈਂਕਾਂ ਵਿਚ ਖਾਤਾਧਾਰਕਾਂ ਦੀ ਖੱਜਲ-ਖੁਆਰੀ ਹੁੰਦੀ ਹੈ। ਜੇਕਰ ਹੁਣ ਪੈਸੇ ਦਾ ਲੈਣ-ਦੇਣ ਏਟੀਐੱਮ ਜ਼ਰੀਏ ਹੋਣ ਲੱਗਾ ਹੈ ਤਾਂ ਬਹੁਤ ਸਾਰੇ ਲੋਕ ਸਾਈਬਰ ਚੋਰਾਂ ਦੇ ਚੁੰਗਲ ਵਿਚ ਫਸ ਰਹੇ ਹਨ।।ਬੈਂਕ ਮੁਲਾਜ਼ਮ ਆਪਣਾ ਕੰਮ ਹਲਕਾ ਕਰਨ, ਵਿੱਤੀ ਲਾਭ ਅਤੇ ਸ਼ਾਖਾਵਾਂ 'ਚੋਂ ਭੀੜ ਘਟਾਉਣ ਦੇ ਮੰਤਵ ਲਈ ਡੈਬਿਟ ਅਤੇ ਕ੍ਰੈਡਿਟ ਕਾਰਡ ਗਾਹਕਾਂ ਨੂੰ ਮੁਹੱਈਆ ਕਰਵਾ ਰਹੇ ਹਨ।ਪਰ ਜ਼ਿਆਦਾਤਰ ਲੋਕ ਇਨ੍ਹਾਂ ਦੀ ਸਹੀ ਵਰਤੋਂ ਕਰਨੋਂ ਅਸਮਰੱਥ ਹਨ।ਜਿਸ ਕਾਰਨ ਉਹ ਕਈ ਵਾਰ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।।ਫੋਨ ਕਾਲ ਜ਼ਰੀਏ ਹੀ ਸ਼ਾਤਰ ਚੋਰ ਕਾਰਡ ਦੇ ਅੰਕ ਪੁੱਛ ਕੇ ਖਾਤੇ 'ਚ ਜਮ੍ਹਾ ਧਨ ਨੂੰ ਕਢਵਾ ਲੈਂਦੇ ਹਨ।।ਪੀੜਤ ਵਿਅਕਤੀ ਫਿਰ ਬੈਂਕਾਂ ਅਤੇ ਥਾਣਿਆਂ ਦੇ ਚੱਕਰ ਕੱਢਦੇ ਰਹਿੰਦੇ ਹਨ।ਪਰ ਕਿਤੇ ਵੀ ਸੁਣਵਾਈ ਨਹੀਂ ਹੁੰਦੀ। ਪੁਲਿਸ ਇਹ ਆਖ ਕੇ ਪੱਲਾ ਝਾੜ ਲੈਂਦੀ ਹੈ ਕਿ”ਇਹ ਅਨਸਰ ਹੋਰਨਾਂ ਸੂਬਿਆਂ ਦੇ ਹਨ। ਉਹ ਮੋਬਾਈਲ ਸਿਮ ਬਦਲ ਲੈਂਦੇ ਹਨ। ਪੁਲਿਸ ਚਾਹੇ ਤਾਂ ਇਨ੍ਹਾਂ ਨੂੰ ਦੇਸ਼ ਦੇ ਕਿਸੇ ਵੀ ਕੋਨੇ 'ਚੋਂ ਕਾਬੂ ਕਰ ਕੇ ਪੀੜਤਾਂ ਨੂੰ ਇਨਸਾਫ਼ ਦਿਵਾ ਸਕਦੀ ਹੈ।।ਮਹਾਰਾਣੀ ਪਰਨੀਤ ਕੌਰ ਦੇ ਬੈਂਕ ਖਾਤੇ 'ਚੋਂ ਅਜਿਹੀ ਹੀ ਚੋਰੀ ਕਰਨ ਵਾਲਾ ਗਿਰੋਹ ਪੁਲਿਸ ਨੇ ਕੁਝ ਘੰਟਿਆਂ ਵਿਚ ਫੜ ਲਿਆ ਸੀ।।ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਸਾਈਬਰ ਚੋਰ ਲੋਕਾਂ ਦੇ ਬੈਂਕ ਖਾਤਿਆਂ ਸਬੰਧੀ ਜਾਣਕਾਰ ਕਿਵੇਂ ਹੁੰਦੇ ਹਨ? ਆਖ਼ਰ ਬੈਂਕਾਂ ਦੇ ਸਾਫਟਵੇਅਰ ਸਿਸਟਮ ਨੂੰ ਉਹ ਕਿਸ ਤਰ੍ਹਾਂ ਹੈਕ ਕਰ ਲੈਂਦੇ ਹਨ। ਬੈਂਕ ਕਾਰਜ-ਪ੍ਰਣਾਲੀ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਖ਼ਾਸ ਲੋੜ ਹੈ। ਕੇਂਦਰ ਸਰਕਾਰ ਨੂੰ ਨਾਗਰਿਕਾਂ ਦੀ ਹੋ ਰਹੀ ਅੰਨ੍ਹੇਵਾਹ ਲੁੱਟ ਪ੍ਰਤੀ ਸੰਜੀਦਗੀ ਵਰਤਣੀ ਚਾਹੀਦੀ ਹੈ। ਡੈਬਿਟ/ਕ੍ਰੈਡਿਟ ਕਾਰਡ ਕੇਵਲ ਪੜ੍ਹੇ-ਲਿਖੇ ਖਾਤਾਧਾਰਕਾਂ ਨੂੰ ਹੀ ਜਾਰੀ ਕਰਨੇ ਚਾਹੀਦੇ ਹਨ। ਖਾਤਾਧਾਰਕਾਂ ਨੂੰ ਅਜਿਹੀਆਂ ਠੱਗੀਆਂ ਬਾਰੇ ਵੱਡੇ ਪੱਧਰ 'ਤੇ ਜਾਗਰੂਕ ਕਰਨਾ ਵੀ ਜ਼ਰੂਰੀ ਹੈ।ਤਾਂ ਜੋ ਡਿਜੀਟਲ ਇੰਡੀਆ ਬਣਾਉਣ ਦੀ ਮੁਹਿੰਮ ਵਿਚ ਆਮ ਨਾਗਰਿਕ ਵਿੱਤੀ ਨੁਕਸਾਨ ਤੋਂ ਬਚ ਸਕਣ।।

-ਗੁਰਪ੍ਰੀਤ ਸਿੰਘ ਔਲਖ, ਪਿੰਡ ਦਿਆਲਗੜ੍ਹ (ਬਟਾਲਾ)। ਸੰਪਰਕ :95015-07071

Posted By: Rajnish Kaur