ਸਾਡੇ ਦੇਸ਼ ’ਚ ਸਾਈਬਰ ਧੋਖਾਧੜੀ ਤੋਂ ਬਚਣ ਦੇ ਤਮਾਮ ਸਰਕਾਰੀ ਪ੍ਰਬੰਧ ਸਾਈਬਰ ਸੰਨ੍ਹਮਾਰਾਂ ਦੇ ਸਾਹਮਣੇ ਪਾਣੀ ਭਰਦੇ ਨਜ਼ਰ ਆਉਂਦੇ ਹਨ। ਹਾਲਤ ਇਹ ਹੈ ਕਿ ਸੂਚਨਾ ਤਕਨੀਕ ਦੇ ਮਾਮੂਲੀ ਜਾਣਕਾਰ ਇਹ ਅਪਰਾਧੀ ਸਾਈਬਰ ਥਾਣਿਆਂ ਤੋਂ ਲੈ ਕੇ ਡਿਜੀਟਲ ਮਾਹਿਰਾਂ ਤਕ ਨੂੰ ਹਰ ਮਾਮਲੇ ਵਿਚ ਊਣੇ ਸਿੱਧ ਕਰ ਰਹੇ ਹਨ। ਇਸ ਦਾ ਸਬੂਤ ਹੁਣੇ ਜਿਹੇ ਵਾਪਰੀ ਉਹ ਘਟਨਾ ਹੈ ਜਿਸ ’ਚ ਇਕ ਦੇਸ਼ ਪੱਧਰੀ ਮੁਹਿੰਮ ਤਹਿਤ 18 ਸੂਬਿਆਂ ਵਿਚ ਸਰਗਰਮ ਸਾਈਬਰ ਠੱਗਾਂ ਦੇ ਵੱਡੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਗਿਆ। ਅਜਿਹੇ ਗਿਰੋਹਾਂ ਦੀਆਂ ਕਾਰਗੁਜ਼ਾਰੀਆਂ ’ਤੇ ਗ਼ੌਰ ਕਰਾਂਗੇ ਤਾਂ ਦੇਖਾਂਗੇ ਕਿ ਓਟੀਪੀ ਫਰਾਡ, ਕ੍ਰੈਡਿਟ ਕਾਰਡ ਫਰਾਡ, ਈ-ਕਮਰਸ ਫਰਾਡ, ਫ਼ਰਜ਼ੀ ਪਛਾਣ ਪੱਤਰ ਬਣਾਉਣ, ਫ਼ਰਜ਼ੀ ਮੋਬਾਈਲ ਨੰਬਰ ਹਾਸਲ ਕਰਨ, ਫ਼ਰਜ਼ੀ ਪਤਾ ਤਿਆਰ ਕਰਨ, ਮਨੀ ਲਾਂਡਰਿੰਗ ਤੇ ਚੋਰੀ ਦੇ ਸਾਮਾਨ ਦੀ ਇੰਟਰਨੈੱਟ ਜ਼ਰੀਏ ਖ਼ਰੀਦ-ਵੇਚ ਆਦਿ ਤੋਂ ਲੈ ਕੇ ਕੋਈ ਅਜਿਹਾ ਸਾਈਬਰ ਫ਼ਰਜ਼ੀਵਾੜਾ ਨਹੀਂ ਹੈ ਜਿਸ ’ਤੇ ਇਨ੍ਹਾਂ ਗਿਰੋਹਾਂ ਨੇ ਹੱਥ ਨਾ ਅਜਮਾਇਆ ਹੋਵੇ। ਇਸ ਧਰ-ਪਕੜ ਤੋਂ ਬਾਅਦ ਵੀ ਇਸ ਦੀ ਗਾਰੰਟੀ ਨਹੀਂ ਕਿ ਅਜਿਹੀਆਂ ਡਿਜੀਟਲ ਧਾਂਦਲੀਆਂ ਰੁਕ ਜਾਣਗੀਆਂ ਤੇ ਜਨਤਾ ਬੇਫ਼ਿਕਰ ਹੋ ਕੇ ਵਰਚੂਅਲ ਲੈਣ-ਦੇਣ, ਖ਼ਰੀਦੋ-ਫ਼ਰੋਖਤ ਆਦਿ ਕਰ ਸਕੇਗੀ। ਜੁਲਾਈ 2015 ਤੋਂ ਸ਼ੁਰੂ ਹੋਏ ਡਿਜੀਟਲ ਇੰਡੀਆ ਦਾ ਮਕਸਦ ਦੇਸ਼ ਦੇ ਪਿੰਡ-ਪਿੰਡ ਵਿਚ ਬ੍ਰਾਡਬੈਂਡ ਪਹੁੰਚਾਉਣਾ ਤੇ ਹਰ ਨਾਗਰਿਕ ਨੂੰ ਹਾਈ ਸਪੀਡ ਇੰਟਰਨੈੱਟ ਨਾਲ ਜੋੜਨਾ ਹੈ। ਕੋਰੋਨਾ ਕਾਲ ’ਚ ਤਾਂ ਇਹ ਮਹਿਸੂਸ ਹੋਇਆ ਕਿ ਹਰ ਕੰਮ ਦੇ ਵਰਚੂਅਲ ਹੋ ਜਾਣ ਦੇ ਬੇਸ਼ੁਮਾਰ ਫ਼ਾਇਦੇ ਹਨ ਪਰ ਜਿੰਨੇ ਕਸੀਦੇ ਇਸ ਵਰਚੂਅਲ ਵਿਵਸਥਾ ਦੇ ਕੱਢੇ ਗਏ ਹਨ, ਉਨ੍ਹਾਂ ਨਾਲੋਂ ਕਈ ਗੁਣਾ ਜ਼ਿਆਦਾ ਸਿਰਦਰਦ ਹੈਕਰਾਂ, ਸਾਈਬਰ ਫ਼ਰਜ਼ੀਵਾੜਾ ਕਰਨ ਵਾਲਿਆਂ ਦੀ ਫ਼ੌਜ ਨੇ ਪੈਦਾ ਕੀਤਾ ਹੈ। ਇਹ ਸਾਈਬਰ ਅਪਰਾਧੀ ਝਾਰਖੰਡ ਦੇ ਬਦਨਾਮ ਹੋ ਚੁੱਕੇ ਜਾਮਤਾੜਾ ਤੋਂ ਲੈ ਕੇ ਦਿੱਲੀ-ਐੱਨਸੀਆਰ ਤਕ ਦੇ ਹਰ ਗਲੀ-ਕੂਚੇ ਅਤੇ ਹਨੇਰੇ ਕਮਰਿਆਂ ਵਿਚ ਕੰਪਿਊਟਰਾਂ ਦੇ ਪਿੱਛੇ ਮੌਜੂਦ ਹਨ। ਡਿਜੀਟਲ ਸੰਨ੍ਹਮਾਰੀ ਦੀ ਇਕ ਕਿਸਮ ਹੈ ਫਿਸ਼ਿੰਗ ਅਰਥਾਤ ਬੈਂਕਾਂ ਦੇ ਕ੍ਰੈਡਿਟ ਕਾਰਡ ਆਦਿ ਦੀ ਜਾਣਕਾਰੀ ਚੁਰਾ ਕੇ ਰਕਮ ਉਡਾ ਲੈਣੀ। ਦੂਜੀ ਕਿਸਮ ਹੈ ਰੈਂਸਮਵੇਅਰ ਯਾਨੀ ਫਿਰੌਤੀ। ਇਸ ’ਚ ਲੋਕਾਂ, ਕੰਪਨੀਆਂ ਦੇ ਕੰਪਿਊਟਰ ਨੈੱਟਵਰਕ ’ਤੇ ਸਾਈਬਰ ਹਮਲਾ ਕਰ ਕੇ ਉਨ੍ਹਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਜਾਂਦਾ ਹੈ ਤੇ ਬਦਲੇ ’ਚ ਫਿਰੌਤੀ ਵਸੂਲੀ ਜਾਂਦੀ ਹੈ। ਬੀਤੇ ਸਾਲ ਦੀ ਤੁਲਨਾ ’ਚ ਫਿਸ਼ਿੰਗ ’ਚ 11 ਫ਼ੀਸਦੀ ਅਤੇ ਰੈਂਸਮਵੇਅਰ ’ਚ 6 ਫ਼ੀਸਦੀ ਦਾ ਵਾਧਾ ਹੋਇਆ ਹੈ। ਸਾਡੇ ਦੇਸ਼ ’ਚ ਖ਼ਾਲੀ ਬੈਠੇ ਸ਼ਾਤਿਰ ਲੋਕਾਂ ਦੀ ਇਕ ਵੱਡੀ ਫ਼ੌਜ ਇੱਧਰ ਦੇਸ਼ ਹੀ ਕੀ, ਅਮਰੀਕਾ-ਬਰਤਾਨੀਆ ਤਕ ਦੇ ਨਾਗਰਿਕਾਂ ਨੂੰ ਫ਼ਰਜ਼ੀ ਕਾਲ ਸੈਂਟਰ ਆਦਿ ਜ਼ਰੀਏ ਲੁੱਟਣ ’ਤੇ ਉਤਾਰੂ ਹੈ। ਅਜਿਹੇ ’ਚ ਜੇ ਸਾਈਬਰ ਅਪਰਾਧੀਆਂ ਨੂੰ ਨੱਪ ਕੇ ਬੇਹੱਦ ਸਖ਼ਤ ਸਜ਼ਾ ਦੇਣ ’ਚ ਤੇਜ਼ੀ ਨਾ ਲਿਆਂਦੀ ਗਈ ਤਾਂ ਇਹ ਮਰਜ ਇਕ ਲਾਇਲਾਜ ਮਹਾਮਾਰੀ ਦੀ ਤਰ੍ਹਾਂ ਫੈਲਦੀ ਜਾਵੇਗੀ।

-ਅਭਿਸ਼ੇਕ ਕੁਮਾਰ ਸਿੰਘ

Posted By: Susheel Khanna