-ਸਤਿਨਾਮ ਔਜਲਾ


1947 ਦੀ ਵੰਡ ਤੋਂ ਬਾਅਦ ਅੱਜ ਪੰਜਾਬ ਬੇਹੱਦ ਗੁੰਝਲਦਾਰ ਹਾਲਾਤ 'ਚੋਂ ਲੰਘ ਰਿਹਾ ਹੈ। ਵਿਸ਼ਲੇਸ਼ਣ ਕਰਦਿਆਂ ਇਵੇਂ ਲੱਗਦਾ ਹੈ ਕਿ ਪੰਜਾਬ ਦਾ ਮੁਕੱਦਰ ਕਿਸੇ ਭਿਆਨਕ ਤ੍ਰਾਸਦੀ ਵੱਲ ਭਟਕ ਕੇ ਜਾ ਰਿਹਾ ਹੈ। ਅੱਜ ਬਹੁਤ ਸਾਰੇ ਸਿਆਸੀ ਪੰਡਿਤਾਂ ਦਾ ਮੱਤ ਹੈ ਕਿ 2022 ਦੀਆਂ ਚੋਣਾਂ 'ਚ ਕੋਈ ਵੀ ਪਾਰਟੀ ਨਿੱਜੀ ਰੂਪ 'ਚ ਕੋਈ ਕਰਾਮਾਤ ਨਹੀਂ ਕਰ ਸਕੇਗੀ। ਹਾਲਾਤ ਇੰਜ ਹੀ ਰਹੇ ਤਾਂ ਕਿਸੇ ਵੀ ਪਾਰਟੀ ਲਈ ਬਹੁਮਤ ਦੇ ਨੇੜੇ-ਤੇੜੇ ਢੁੱਕਣਾ ਸੌਖਾ ਹੀ ਨਹੀਂ, ਅਸੰਭਵ ਕਾਰਜ ਹੋ ਸਕਦਾ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਫੁੱਟ ਦਾ ਸ਼ਿਕਾਰ ਹਨ। ਕੋਈ ਵੀ ਪਾਰਟੀ ਹਿੱਕ ਠੋਕ ਕੇ ਨਹੀਂ ਕਹਿ ਸਕਦੀ ਕਿ ਉਹ ਇਕੱਲੀ ਹੀ ਬਹੁਮਤ ਲੈ ਲਵੇਗੀ।

ਉੱਤੋਂ-ਉੱਤੋਂ ਜੋ ਮਰਜ਼ੀ ਕਹਿਣ ਪਰ ਹੇਠਾਂ ਲੱਤਾਂ ਕੰਬਦੀਆਂ ਹਨ ਕਿਉਂਕਿ ਇਸ ਵਾਰ ਪਾਰਟੀ ਦੇ ਨਾਲ-ਨਾਲ ਚਿਹਰਿਆਂ ਦੀ ਕੀਮਤ ਵੀ ਦੇਖ-ਪਰਖ ਕੇ ਹੀ ਕੀਤੀ ਜਾਵੇਗੀ। ਡਰ ਤਾਂ ਇਸ ਵਾਰ ਇਹ ਹੈ ਕਿ ਕਿਤੇ ਵੋਟਰ ਫ਼ੈਸਲਾ ਲੈਣ ਤੋਂ ਉਦਾਸੀਨ ਨਾ ਹੋ ਜਾਵੇ ਅਤੇ ਨੋਟਾ ਦਾ ਬੋਲਬਾਲਾ ਹੋ ਜਾਵੇ! ਵੱਡਾ ਸਵਾਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਿਸ ਪਾਰਟੀ ਨੂੰ ਸਿੰਘਾਸਣ ਨਸੀਬ ਹੋਵੇਗਾ? ਸੱਤਾ 'ਚ ਬੈਠੀ ਪਾਰਟੀ ਦਾ ਫ਼ਿਲਹਾਲ ਚਿਹਰਾ ਹੈ ਕੈਪਟਨ ਅਮਰਿੰਦਰ ਸਿੰਘ। ਉਨ੍ਹਾਂ ਨੇ 2017 ਦੀਆਂ ਚੋਣਾਂ 'ਚ ਐਨੇ ਵਾਅਦੇ ਕਰ ਲਏ ਜਿਨ੍ਹਾਂ ਨੂੰ ਪੂਰਾ ਕਰਨਾ ਕਠਿਨ ਜਾਪਦਾ ਹੈ।

ਘਰ-ਘਰ ਨੌਕਰੀ ਦੇਣ ਦੇ ਵਾਅਦੇ ਤੋਂ ਇਲਾਵਾ ਬਿਜਲੀ 5 ਰੁ. ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ ਸੀ। ਦੇਖਿਆ ਜਾਵੇ ਤਾਂ ਬਿਜਲੀ ਹੋਰ ਮਹਿੰਗੀ ਕਰ ਦਿੱਤੀ ਗਈ। ਬਠਿੰਡਾ ਤਾਪ ਬਿਜਲੀ ਘਰ ਦਾ ਭੋਗ ਪੈ ਗਿਆ ਤੇ ਦੂਜੇ ਸਰਕਾਰੀ ਥਰਮਲ ਪਲਾਂਟਾਂ ਦੇ ਭਵਿੱਖ 'ਤੇ ਵੀ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਹੋਰ ਵਾਅਦੇ ਜਿਵੇਂ ਕਿ ਬੇਰੁਜ਼ਗਾਰ ਬੱਚਿਆਂ ਨੂੰ 2500 ਰੁਪਏ ਮਾਸਿਕ ਦੇਣੇ, ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇਗੀ ਅਤੇ ਪੰਜਾਬ 'ਚੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ ਆਦਿ ਵਾਅਦੇ ਪੂਰੇ ਨਹੀਂ ਕੀਤੇ ਜਾ ਸਕੇ। ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਣ ਕਾਰਨ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋ ਗਏ। ਇਹ ਵੀ ਕਿਹਾ ਗਿਆ ਸੀ ਕਿ ਰੇਤ, ਬਜਰੀ ਅਤੇ ਕੇਬਲ ਮਾਫ਼ੀਏ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ ਪਰ ਕੋਈ ਵਾਅਦਾ ਵਫ਼ਾ ਨਹੀਂ ਹੋਇਆ। ਸਭ ਅੱਧ-ਅਧੂਰੇ ਉਸੇ ਤਰ੍ਹਾਂ ਹੀ ਹਨ। ਕੈਪਟਨ ਸਾਹਿਬ ਨੇ ਪਿਛਲੀ ਸਰਕਾਰ ਵੇਲੇ ਪਾਣੀਆਂ ਦੇ ਸਮਝੌਤਿਆਂ ਨੂੰ ਰੱਦ ਕਰ ਕੇ ਬਹੁਤ ਦਲੇਰੀ ਭਰਿਆ ਫ਼ੈਸਲਾ ਕਰ ਕੇ ਪੰਜਾਬੀਆਂ ਤੋਂ ਵਾਹ-ਵਾਹ ਖੱਟੀ ਸੀ। ਪਰ ਦੂਜੀ ਪਾਰੀ ਦੌਰਾਨ ਕੈਪਟਨ ਸਰਕਾਰ ਅਜਿਹਾ ਕ੍ਰਿਸ਼ਮਾ ਨਹੀਂ ਦਿਖਾ ਸਕੀ।

ਓਧਰ ਭਾਰਤੀ ਜਨਤਾ ਪਾਰਟੀ ਨੇ ਵਿਵਾਦਮਈ ਖੇਤੀ ਬਿੱਲ ਪਾਸ ਕਰਵਾ ਕੇ ਕਾਨੂੰਨ ਬਣਾ ਦਿੱਤੇ ਹਨ ਜਿਨ੍ਹਾਂ ਕਾਰਨ ਕਿਸਾਨਾਂ ਦੇ ਹੱਕਾਂ ਨੂੰ ਢਾਹ ਲੱਗ ਰਹੀ ਹੈ। ਕੈਪਟਨ ਸਾਹਿਬ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਸਾਹਮਣੇ ਆਏ ਹਨ। ਜੇਕਰ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਖਹਿਬਾਜ਼ੀ ਦੂਰ ਹੋ ਜਾਂਦੀ ਹੈ ਤਾਂ ਕਾਂਗਰਸ ਲਈ ਹਾਲਾਤ ਸਾਜ਼ਗਾਰ ਹੋ ਸਕਦੇ ਹਨ। ਦੂਜਾ ਚਿਹਰਾ ਅਕਾਲੀ ਦਲ ਦਾ ਹੋਵੇਗਾ ਸਖਬੀਰ ਸਿੰਘ ਬਾਦਲ। ਪਾਰਟੀ ਭਾਵੇਂ ਚੋਣਾਂ ਪਰਕਾਸ਼ ਸਿੰਘ ਬਾਦਲ ਨੂੰ ਮੋਹਰੇ ਰੱਖ ਕੇ ਲੜੇ ਪਰ ਲੋਕ ਮਨਾਂ 'ਚ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਹੀ ਸਮਝਿਆ ਜਾਵੇਗਾ। ਆਮ ਮਨਾਂ 'ਚ ਸੁਖਬੀਰ ਬਾਦਲ ਬਾਰੇ ਧਾਰਨਾ ਆਪਹੁਦਰੇਪਣ ਦੀ ਬਣੀ ਹੋਈ ਹੈ ਅਤੇ ਪਰਕਾਸ਼ ਸਿੰਘ ਬਾਦਲ ਬਾਰੇ ਪੁੱਤਰ ਮੋਹ ਦੀ। ਬਰਗਾੜੀ ਅਤੇ ਬਹਿਬਲਾਂ ਕਾਂਡ ਕਰਕੇ ਸਿੱਖਾਂ ਦਾ ਬਾਦਲ ਪਰਿਵਾਰ ਪ੍ਰਤੀ ਮੋਹ ਟੁੱਟ ਗਿਆ ਹੈ।

ਲੋਕ ਇਨ੍ਹਾਂ ਤੋਂ ਇਨਸਾਫ਼ ਨਾ ਦਿਵਾਉਣ ਕਰਕੇ ਦੂਰ ਚਲੇ ਗਏ ਹਨ। ਅਕਾਲੀ ਦਲ ਦੀ 10 ਸਾਲਾ ਸਰਕਾਰ ਦੌਰਾਨ ਵੀ ਨਸ਼ੇ ਵਿਕਦੇ ਰਹੇ ਅਤੇ ਪਾਰਟੀ ਇਸ ਇਲਜ਼ਾਮ ਨੂੰ ਧੋ ਨਾ ਸਕੀ ਅਤੇ ਸਿਮਟ ਕੇ ਤੀਜੇ ਨੰਬਰ ਦੀ ਪਾਰਟੀ ਬਣ ਗਈ। ਇੱਥੋਂ ਤਕ ਕਿ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਨਾ ਵੀ ਨਸੀਬ ਨਾ ਹੋਇਆ। ਖੇਤੀ ਬਿੱਲ ਕੇਂਦਰ ਵਿਚ ਪੇਸ਼ ਹੋਣ ਅਤੇ ਅਕਾਲੀ ਦਲ ਵੱਲੋਂ ਹੱਕ 'ਚ ਵੋਟ ਦੇਣ ਅਤੇ ਬਾਹਰ ਆ ਕੇ ਵਿਰੋਧ ਕਰਨ 'ਤੇ ਲੋਕ ਤਨਜ਼ ਕੱਸ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਜਿੰਨਾ ਮਰਜ਼ੀ ਬਾਹਰ ਵਿਰੋਧ ਕਰੇ, ਲੋਕ ਮਨਾਂ 'ਚ ਥਾਂ ਪਾਉਣਾ ਮੁਸ਼ਕਲ ਹੋਵੇਗਾ।

ਕਿਸਾਨੀ ਹੀ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਹੈ। ਇਸ ਆਧਾਰ ਦਾ ਖੁੱਸਣਾ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹੈ। ਗੁਰੂ ਸਾਹਿਬ ਦੇ 328 ਸਰੂਪਾਂ ਬਾਰੇ ਜੋ ਸ਼ੰਕੇ ਉਤਪਨ ਹਨ, ਉਨ੍ਹਾਂ ਦਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ 'ਤੇ ਪ੍ਰਭਾਵ ਜ਼ਰੂਰ ਪਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ 'ਚ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਹਨ।

ਇਸ ਲਈ ਧਾਰਮਿਕ ਅਸਥਾਨਾਂ 'ਤੇ ਹੋਈਆਂ ਬੇਹੁਰਮਤੀ ਦੀਆਂ ਘਟਨਾਵਾਂ ਦਾ ਅਸਰ ਰਾਜਨੀਤਕ ਗਲਿਆਰਿਆਂ 'ਚ ਜ਼ਰੂਰ ਦੇਖਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ 'ਨਹੁੰ-ਮਾਸ' ਦਾ ਰਿਸ਼ਤਾ ਟੁੱਟਣ ਤੋਂ ਬਾਅਦ ਕੇਂਦਰ ਸਰਕਾਰ ਨੇ ਜਸਟਿਸ (ਸੇਵਾ ਮੁਕਤ) ਐੱਸਐੱਸ ਸਾਰੋਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਦਾ ਚੇਅਰਮੈਨ ਲਗਾ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਰਾਹ ਪੱਧਰਾ ਕਰ ਦਿੱਤਾ ਹੈ। ਦੋਨਾਂ ਪਾਰਟੀਆਂ ਦਾ ਗੱਠਜੋੜ ਹੋਣ ਕਰਕੇ ਇਨ੍ਹਾਂ ਚੋਣਾਂ ਨੂੰ ਪਹਿਲਾਂ ਟਾਲਿਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿਚ ਜਿੱਤ-ਹਾਰ ਹੀ ਤੈਅ ਕਰੇਗੀ ਕਿ ਵਿਧਾਨ ਸਭਾ ਚੋਣਾਂ 'ਚ ਊਠ ਕਿਸ ਕਰਵਟ ਬੈਠਦਾ ਹੈ। ਸਾਰੀਆਂ ਘਟਨਾਵਾਂ ਅਤੇ ਹਾਲਤਾਂ ਦਾ ਜੋੜ-ਘਟਾਉ ਕਰ ਕੇ ਵੇਖੀਏ ਤਾਂ ਹੁਣ ਲੱਗਦਾ ਹੈ ਕਿ ਅਕਾਲੀ ਦਲ ਲਈ ਪੁਰਾਣੀ ਸਥਿਤੀ ਨੂੰ ਬਹਾਲ ਕਰਨਾ ਮੁਸ਼ਕਲ ਕਾਰਜ ਹੈ। ਸ਼ੁਰੂ ਤੋਂ ਹੀ 'ਪੰਥ ਅਤੇ ਗ੍ਰੰਥ' ਅਕਾਲੀ ਦਲ ਦੀ ਤਾਕਤ ਸਮਝਿਆ ਜਾਂਦਾ ਸੀ ਪਰ ਅਜੋਕੇ ਹਾਲਾਤ 'ਚ ਇਹ ਦੋਨਾਂ ਮੁੱਦਿਆਂ 'ਤੇ ਬੁਰੀ ਤਰ੍ਹਾਂ ਘਿਰਿਆ ਹੋਇਆ ਜਾਪਦਾ ਹੈ। ਆਮ ਆਦਮੀ ਪਾਰਟੀ ਜੋ ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾ ਰਹੀ ਹੈ, ਉਹ ਵੀ ਅੰਦਰੂਨੀ ਸੰਕਟ 'ਚ ਘਿਰੀ ਹੋਈ ਹੈ। ਮੈਨੂੰ ਕਹਿਣ 'ਚ ਕੋਈ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਪੰਜਾਬ 'ਚ ਕੇਜਰੀਵਾਲ ਦੀ ਇਕ ਲਹਿਰ ਸੀ ਉਹ ਕੁਝ ਸਵਾਲਾਂ 'ਤੇ ਪੱਛੜ ਗਈ।

ਇਕ ਤਾਂ 2017 'ਚ ਪਾਰਟੀ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਨਹੀ ਦੱਸ ਸਕੀ। ਦੂਸਰਾ, ਕੇਜਰੀਵਾਲ ਪੰਜਾਬ ਦੇ ਪਾਣੀਆਂ ਤੇ ਸਪਸ਼ਟ ਨਹੀਂ ਸਨ ਕਿ ਇਨ੍ਹਾਂ 'ਤੇ ਕਿਸ ਦਾ ਹੱਕ ਹੈ? ਤੀਜਾ, ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਏ ਨੂੰ ਨਸ਼ੇ ਦਾ ਤਸਕਰ ਕਹਿ ਕੇ ਦੋਸ਼ ਲਾਏ ਸਨ ਕਿ ਉਹ ਪੰਜਾਬ ਦੀ ਜਵਾਨੀ ਬਰਬਾਦ ਕਰ ਰਿਹਾ ਹੈ। ਕੇਜਰੀਵਾਲ ਆਪਣੇ ਬਿਆਨ ਤੋਂ ਪਲਟ ਗਿਆ ਅਤੇ ਮਾਫ਼ੀ ਮੰਗ ਲਈ ਜੋ ਪੰਜਾਬੀਆਂ ਨੂੰ ਰਾਸ ਨਾ ਆਈ। ਇਸ ਤੋਂ ਇਲਾਵਾ ਕੇਜਰੀਵਾਲ ਨੇ ਬਿਨਾਂ ਕੋਈ ਸਪਸ਼ਟੀਕਰਨ ਲਏ, ਬਿਨਾਂ ਦੋਸ਼ ਲਾਏ ਕਈ ਕਦਾਵਾਰ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇੰਜ ਲਹਿਰ ਹੋਰ ਨਿਵਾਣ ਵੱਲ ਵਹਿ ਗਈ ਜਿਸ ਕਾਰਨ ਆਮ ਆਦਮੀ ਪਾਰਟੀ 20 ਸੀਟਾਂ 'ਤੇ ਸਿਮਟ ਗਈ। ਬਾਅਦ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੁਖਪਾਲ ਖਹਿਰਾ ਨੂੰ ਵੀ ਇਕ ਟਵੀਟ ਕਰ ਕੇ ਅਹੁਦੇ ਤੋਂ ਹਟਾ ਦਿੱਤਾ। ਉਹ ਵੀ ਕੁਝ ਮੈਂਬਰ ਲੈ ਕੇ ਅਲੱਗ ਰਾਗ ਅਲਾਪ ਰਹੇ ਹਨ।

ਜੇਕਰ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਉਤਾਰਿਆ ਜਾਂਦਾ ਹੈ ਤਾਂ ਉਹ ਹੁਣ ਮਜੀਠੀਏ ਵਿਰੁੱਧ ਪਹਿਲਾਂ ਵਾਂਗ ਸ਼ਾਇਦ ਕਿੱਕਲੀ ਨਹੀਂ ਪਾ ਸਕਣਗੇ। ਕੀ ਉਹ ਛੋਟੇਪੁਰ, ਧਰਮਵੀਰ ਗਾਂਧੀ, ਘੁੱਗੀ ਅਤੇ ਸੁਖਪਾਲ ਖਹਿਰਾ ਨੂੰ ਨਾਲ ਲੈ ਕੇ ਤੁਰ ਸਕਣਗੇ? ਇਹ ਵੀ ਵੱਡਾ ਸਵਾਲ ਹੈ। ਉਂਜ ਭਗਵੰਤ ਮਾਨ ਸੰਸਦ 'ਚ ਚੰਗੇ ਬੁਲਾਰੇ ਹਨ, ਮਿਹਨਤੀ ਵੀ ਹਨ। ਕੇਜਰੀਵਾਲ ਇਸ ਵਾਰ ਇਸ ਭੁਲੇਖੇ ਵਿਚ ਨਾ ਰਹਿਣ ਕਿ ਭਗਵੰਤ ਦੇ ਕਹਿਣ 'ਤੇ ਜਾਂ ਉਨ੍ਹਾਂ ਦੇ ਕਹਿਣ 'ਤੇ ਪੰਜਾਬੀ ਵਿਦੇਸ਼ਾਂ 'ਚੋ ਪੈਸਿਆਂ ਦਾ ਮੀਂਹ ਵਰ੍ਹਾ ਦੇਣਗੇ।

ਹਾਂ ਛਿੱਟਾਂ ਭਾਵੇਂ ਪੈ ਜਾਣ ਪਰ ਡਾਲਰਾਂ ਤੇ ਪੌਂਡਾਂ ਦਾ ਮੀਂਹ ਨਹੀਂ ਪਵੇਗਾ। ਹਰਪਾਲ ਚੀਮਾ ਨੂੰ ਲੋਕ ਮਨਾਂ 'ਚ ਥਾਂ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਹਾਂ, ਅਮਨ ਅਰੋੜਾ ਦੀ ਬੋਲੀ 'ਚ ਬੜੀ ਸੁਚੱਜਤਾ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਅਤੇ ਗੁਰਪ੍ਰੀਤ ਘੁੱਗੀ ਨੂੰ ਪਾਰਟੀ 'ਚੋਂ ਕੱਢ ਕੇ ਕਿੰਨੀ ਕੁ ਸਫਲਤਾ ਹਾਸਲ ਕਰ ਸਕੇਗੀ, ਇਹ ਬੜਾ ਵੱਡਾ ਸਵਾਲ ਹੈ। ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਦੀ ਆਪਣੀ ਵੁੱਕਤ ਵੀ ਹੈ। ਅਜੇ ਇੰਨਾ ਮੰਨਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵੱਡੀ ਸਫਲਤਾ ਵੱਲ ਨਹੀਂ ਜਾ ਰਹੀ ਜੋ ਉਸ ਨੂੰ ਸੱਤਾ ਦੇ ਨਜ਼ਦੀਕ ਇਕੱਲਿਆਂ ਹੀ ਲੈ ਕੇ ਜਾ ਸਕੇ। ਇਕ ਹੋਰ ਸੰਭਾਵਨਾ ਵੀ ਬਣਦੀ ਜਾ ਰਹੀ ਹੈ। ਜੇਕਰ ਨਵਜੋਤ ਸਿੱਧੂ, ਸੁਖਪਾਲ ਖਹਿਰਾ, ਧਰਮਵੀਰ ਗਾਂਧੀ, ਬੈਂਸ ਭਰਾ ਕਿਸੇ ਮੰਚ ਲਈ ਸਹਿਮਤ ਹੋ ਗਏ ਅਤੇ ਅਕਾਲੀ ਦਲ 'ਚੋਂ ਅਲੱਗ ਹੋਏ ਢੀਂਡਸਾ ਸਾਹਿਬ ਦੇ ਧੜੇ ਨਾਲ ਮਿਲ ਕੇ ਚੋਣ 'ਚ ਆ ਗਏ ਤਾਂ ਪੰਜਾਬ ਦੀ ਸਿਆਸਤ ਚ ਇਕ ਹੋਰ ਨਵਾਂ ਮੋੜ ਆ ਜਾਵੇਗਾ। ਇਸ ਗਰੁੱਪ ਨੂੰ ਸਰਦਾਰਾ ਸਿੰਘ ਜੌਹਲ ਵਰਗੀਆਂ ਸ਼ਖਸੀਅਤਾਂ ਨੂੰ ਵੀ ਨਾਲ ਲੈਣਾ ਹੋਵੇਗਾ। ਜੇ ਹਾਲਾਤ ਸਾਜ਼ਗਾਰ ਨਾ ਰਹੇ ਤਾਂ ਕੋਈ ਵੀ ਪਾਰਟੀ ਆਪਣੇ ਤੌਰ 'ਤੇ ਸੱਤਾ ਹਾਸਲ ਨਹੀਂ ਕਰ ਸਕੇਗੀ। ਪੰਜਾਬ ਦੀ ਕਿਸ਼ਤੀ ਭੰਵਰ 'ਚ ਫਸ ਕੇ ਕਿਸੇ ਕੰਢੇ ਦਾ ਆਸਰਾ ਨਹੀਂ ਲੈ ਸਕੇਗੀ। ਉਪਰੋਕਤ ਸਾਰੇ ਸਿਆਸਤਦਾਨ ਇਸ ਭਿਆਨਕ ਤ੍ਰਾਸਦੀ ਲਈ ਜ਼ਿੰਮੇਵਾਰ ਹੋਣਗੇ।

-ਸੰਪਰਕ : 604-710-2332

Posted By: Sunil Thapa