ਇਕ ਤੋਂ ਬਾਅਦ ਇਕ ਸੂਬੇ ਕੋਰੋਨਾ ਇਨਫੈਕਸ਼ਨ ਨੂੰ ਨੱਥ ਪਾਉਣ ਲਈ ਜਿਸ ਤਰ੍ਹਾਂ ਰਾਤ ਦੇ ਕਰਫਿਊ ਦਾ ਸਹਾਰਾ ਲੈ ਰਹੇ ਹਨ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਨ ਦੀ ਜ਼ਰੂਰਤ ਹੈ?

ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਗੁਜਰਾਤ ਆਦਿ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਵੀ ਰਾਤ ਵੇਲੇ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਹੈਰਾਨੀ ਨਹੀਂ ਕਿ ਜਲਦ ਹੀ ਕੁਝ ਹੋਰ ਸੂਬੇ ਵੀ ਇਸੇ ਰਾਹ ’ਤੇ ਚੱਲਦੇ ਨਜ਼ਰ ਆਉਣ। ਕੁਝ ਸੂਬੇ ਵੀਕਐਂਡ ਲਾਕਡਾਊਨ ਲਗਾਉਣ ਵਰਗੇ ਕਦਮ ਵੀ ਚੁੱਕ ਰਹੇ ਹਨ।

ਇਸ ਵਿਚ ਸ਼ੱਕ ਹੈ ਕਿ ਅਜਿਹੇ ਕਦਮਾਂ ਨਾਲ ਹਾਲਾਤ ਸੁਧਾਰਨ ਵਿਚ ਮਦਦ ਮਿਲੇਗੀ। ਉਲਟੇ ਅਜਿਹੇ ਕਦਮ ਸਮੱਸਿਆਵਾਂ ਵਧਾਉਣ ਦਾ ਕੰਮ ਕਰ ਸਕਦੇ ਹਨ। ਮਹਾਰਾਸ਼ਟਰ ’ਚ ਕਾਮੇ ਇਕ ਵਾਰ ਫਿਰ ਇਸ ਸ਼ੰਕਾ ਨਾਲ ਘਿਰ ਗਏ ਹਨ ਕਿ ਕਿਤੇ ਉਨ੍ਹਾਂ ਨੂੰ ਦੋਬਾਰਾ ਆਪਣੇ ਘਰਾਂ ਨੂੰ ਤਾਂ ਨਹੀਂ ਪਰਤਣਾ ਪਵੇਗਾ? ਇਸ ਤਰ੍ਹਾਂ ਦੇ ਖ਼ਦਸ਼ਿਆਂ ਨੂੰ ਤਰਜੀਹੀ ਤੌਰ ’ਤੇ ਦੂਰ ਕੀਤਾ ਜਾਣਾ ਚਾਹੀਦਾ ਹੈ ਤੇ ਰਾਤ ਦੇ ਕਰਫਿਊ ਤੇ ਵੀਕਐਂਡ ਲਾਕਡਾਊਨ ਵਰਗੇ ਕਦਮਾਂ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਚਾਹੀਦਾ ਹੈ। ਕੀ ਅਜਿਹਾ ਕੁਝ ਹੈ ਕਿ ਰਾਤ ’ਚ ਕੋਰੋਨਾ ਇਨਫੈਕਸ਼ਨ ਵੱਧ ਤੇਜ਼ੀ ਨਾਲ ਫੈਲਦੀ ਹੈ?

ਜੇ ਨਹੀਂ ਤਾਂ ਫਿਰ ਰਾਤ ਦਾ ਕਰਫਿਊ ਕਿਉਂ? ਰਾਤ ਵੇਲੇ ਜ਼ਿਆਦਾਤਰ ਲੋਕ ਤਾਂ ਆਪਣੇ ਘਰਾਂ ’ਚ ਹੁੰਦੇ ਹਨ। ਥੋੜ੍ਹੇ-ਬਹੁਤ ਲੋਕ ਜਾਂ ਤਾਂ ਆਪਣੇ ਕੰਮ-ਧੰਦੇ ਦੇ ਸਿਲਸਿਲੇ ਵਿਚ ਬਾਹਰ ਹੁੰਦੇ ਹਨ ਜਾਂ ਫਿਰ ਆਪਣੀ ਮੰਜ਼ਿਲ ਵੱਲ ਜਾ ਰਹੇ ਹੁੰਦੇ ਹਨ। ਇਹ ਮੰਨ ਲੈਣਾ ਸਮੱਸਿਆ ਦਾ ਸਰਲੀਕਰਨ ਕਰਨਾ ਹੀ ਹੈ ਕਿ ਲੋਕ ਰਾਤ ਨੂੰ ਨਿਕਲ ਕੇ ਹੋਟਲ, ਰੇਸਤਰਾਂ, ਬਾਰ ਆਦਿ ਵਿਚ ਪਾਰਟੀ ਕਰਦੇ ਹਨ। ਜੇ ਚੰਦ ਲੋਕ ਅਜਿਹਾ ਕਰਦੇ ਵੀ ਹੋਣ ਤਾਂ ਵੀ ਲੋੜ ਇਸ ਦੀ ਹੈ ਕਿ ਅਜਿਹੇ ਸਥਾਨਾਂ ’ਤੇ ਚੌਕਸੀ ਤੇ ਸਖ਼ਤੀ ਵਧਾਈ ਜਾਵੇ, ਨਾ ਕਿ ਪੂਰੇ ਸ਼ਹਿਰ-ਸੂਬੇ ’ਚ ਰਾਤ ਦਾ ਕਰਫਿਊ ਲਾ ਦਿੱਤਾ ਜਾਵੇ।

ਇਹ ਸਮਝ ਜਾਣਾ ਚਾਹੀਦਾ ਹੈ ਕਿ ਕੋਰੋਨਾ ਇਨਫੈਕਸ਼ਨ ਇਸ ਲਈ ਬੇਲਗਾਮ ਹੈ ਕਿਉਂਕਿ ਭੀੜ-ਭੜੱਕੇ ਵਾਲੇ ਸਥਾਨਾਂ ਖ਼ਾਸ ਤੌਰ ’ਤੇ ਰੇਲ-ਬੱਸ ਸਟੇਸ਼ਨਾਂ, ਸਬਜ਼ੀ ਮੰਡੀਆਂ, ਰੋਜ਼ਾਨਾ-ਹਫ਼ਤਾਵਾਰੀ ਬਾਜ਼ਾਰਾਂ ਆਦਿ ਵਿਚ ਲੋਕ ਨਾ ਤਾਂ ਸਰੀਰਕ ਦੂਰੀ ਬਣਾਈ ਰੱਖਣ ਪ੍ਰਤੀ ਸੁਚੇਤ ਹਨ ਤੇ ਨਾ ਹੀ ਮਾਸਕ ਦੀ ਢੁੱਕਵੀਂ ਵਰਤੋਂ ਕਰਨ ਨੂੰ ਲੈ ਕੇ। ਲੱਗਦਾ ਹੈ ਕਿ ਸਮੇਂ ਦੇ ਨਾਲ ਲੋਕਾਂ ਨੇ ‘ਦੋ ਗਜ਼ ਦੀ ਦੂਰੀ ਤੇ ਮਾਸਕ ਹੈ ਜ਼ਰੂਰੀ’ ਦੇ ਮੰਤਰ ਨੂੰ ਭੁਲਾ ਦਿੱਤਾ ਹੈ। ਇਹ ਮੰਤਰ ਫਿਰ ਤੋਂ ਚੇਤੇ ਕਰਵਾਇਆ ਜਾਣਾ ਚਾਹੀਦਾ ਹੈ।

ਰਾਤ ਦੇ ਕਰਫਿਊ ਨਾਲ 24 ਘੰਟੇ ਟੀਕਾਕਰਨ ਦੇ ਟੀਚੇ ’ਚ ਅੜਿੱਕਾ ਪੈ ਸਕਦਾ ਹੈ। ਇਸ ਦੇ ਇਲਾਵਾ ਲੋਕਾਂ ਨੂੰ ਕਰਫਿਊ ਪਾਸ ਲਈ ਵੀ ਇੱਧਰ-ਉੱਧਰ ਭਟਕਣਾ ਪੈ ਸਕਦਾ ਹੈ। ਇਹ ਯਕੀਨੀ ਬਣਾਇਆ ਜਾਣਾ ਬਿਹਤਰ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਹੋਵੇ ਅਤੇ ਵੱਧ ਤੋਂ ਵੱਧ ਲੋਕ ਟੀਕਾ ਲਗਵਾਉਣ। ਇਸੇ ਦੇ ਨਾਲ ਸਿਹਤ ਤੰਤਰ ਨੂੰ ਹੋਰ ਸਮਰੱਥ ਬਣਾਉਣ ’ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

Posted By: Jagjit Singh