style="text-align: justify;"> ਦਿੱਲੀ-ਐੱਨਸੀਆਰ 'ਚ ਕੋਰੋਨਾ ਦੀ ਗੰਭੀਰ ਸਥਿਤੀ ਤੇ ਪੰਜਾਬ 'ਚ ਦੂਜੀ ਲਹਿਰ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਸੂਬੇ 'ਚ ਮੁੜ ਪਾਬੰਦੀਆਂ ਦਾ ਐਲਾਨ ਹੋ ਗਿਆ ਹੈ। ਪਹਿਲੀ ਦਸੰਬਰ ਤੋਂ ਸੂਬੇ 'ਚ ਮੁੜ ਰਾਤ ਦਾ ਕਰਫਿਊ ਲਾਗੂ ਹੋ ਜਾਵੇਗਾ। ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇ। ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਸਿੱਟੇ ਵਜੋਂ ਜੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਗਿਆ ਹੈ। ਸਾਡੀ ਬੇਪਰਵਾਹੀ ਸਾਨੂੰ ਇਸ ਮੁਕਾਮ 'ਤੇ ਲੈ ਆਈ ਹੈ ਕਿ ਸਰਕਾਰ ਨੂੰ ਮੁੜ ਕਰਫਿਊ ਲਗਾਉਣਾ ਪੈ ਰਿਹਾ ਹੈ। ਲੋਕਾਂ ਵੱਲੋਂ ਸਮੇਂ-ਸਮੇਂ ਕੀਤੇ ਜਾਂਦੇ ਲਾਪਰਵਾਹੀ ਵਾਲੇ ਵਤੀਰੇ ਸਦਕਾ ਉਨ੍ਹਾਂ ਦਾ ਹੀ ਨੁਕਸਾਨ ਹੋਇਆ ਹੈ। ਕੋਰੋਨਾ ਕਾਲ ਦੌਰਾਨ ਵੀ ਜ਼ਿਆਦਾਤਰ ਲੋਕ ਲਾਪਰਵਾਹੀ ਵਰਤ ਰਹੇ ਹਨ। ਕੋਰੋਨਾ ਖ਼ਿਲਾਫ਼ ਜੰਗ 'ਚ ਅਸੀਂ ਮੋਮਬੱਤੀਆਂ ਵੀ ਬਾਲੀਆਂ। ਪ੍ਰਧਾਨ ਮੰਤਰੀ ਦੇ ਸੱਦੇ 'ਤੇ ਮੋਹਰੀ ਰਹੇ ਪਰ ਉਸੇ ਦੌਰਾਨ ਵੱਡੀ ਗਿਣਤੀ 'ਚ ਪਟਾਕੇ ਵੀ ਚਲਾਏ ਸਨ। ਦੀਵਾਲੀ 'ਤੇ ਵੀ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਗ਼ੈਰ ਮਿਆਰੀ ਪਟਾਕੇ ਵੇਚੇ ਗਏ ਅਤੇ ਉਨ੍ਹਾਂ ਨੂੰ ਲੋਕਾਂ ਨੇ ਰੱਜ ਕੇ ਚਲਾਇਆ ਵੀ। ਡਬਲਯੂਐੱਚਓ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਪ੍ਰਦੂਸ਼ਣ ਤੇ ਸਰਦੀ ਕਾਰਨ ਕੋਰੋਨਾ ਤੇਜ਼ੀ ਨਾਲ ਫੈਲ ਸਕਦਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਦੇਸ਼ 'ਚ ਸਭ ਤੋਂ ਪਹਿਲਾਂ ਕਰਫਿਊ ਦਾ ਐਲਾਨ ਕੀਤਾ ਸੀ। ਇਹ ਚਿੰਤਾ ਵਾਲੀ ਗੱਲ ਹੈ ਕਿ ਕੋਰੋਨਾ ਦੀ ਲਾਗ ਇਕ ਵਾਰ ਫਿਰ ਰਫ਼ਤਾਰ ਫੜ ਰਹੀ ਹੈ। ਕੋਰੋਨਾ ਦੇ ਪਸਾਰੇ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ 25 ਜੂਨ ਨੂੰ ਜਿੱਥੇ 15,998 ਨਵੇਂ ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ 25 ਨਵੰਬਰ ਨੂੰ ਇਹ ਅੰਕੜਾ ਵੱਧ ਕੇ 44000 ਤਕ ਪਹੁੰਚ ਚੁੱਕਾ ਹੈ। ਦੇਸ਼ ਵਿਚ ਇਸ ਵੇਲੇ ਕੋਰੋਨਾ ਦੇ ਕੁੱਲ 92,22,216 ਮਰੀਜ਼ ਹਨ ਜਦਕਿ ਇਸ ਕਾਰਨ 1,34,699 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 22 ਮਾਰਚ ਨੂੰ ਜਨਤਕ ਕਰਫ਼ਿਊ ਦਾ ਐਲਾਨ ਅਤੇ 24 ਮਾਰਚ ਨੂੰ ਰਾਤ 8 ਵਜੇ ਸਾਰੇ ਦੇਸ਼ ਵਿਚ ਲਾਕਡਾਊਨ ਕੀਤਾ ਗਿਆ ਸੀ। ਉਹ ਮਾੜਾ ਸਮਾਂ ਪੂਰੇ ਦੇਸ਼ ਨੇ ਹੰਢਾਇਆ ਹੈ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਕਈ ਲੋਕ ਘਰ ਵੀ ਨਾ ਪਹੁੰਚ ਸਕੇ ਅਤੇ ਰਸਤੇ 'ਚ ਹੀ ਦਮ ਤੋੜ ਗਏ। ਕਾਰੋਬਾਰ ਬੰਦ ਰਹੇ ਅਤੇ ਬਿਮਾਰੀ ਦੀ ਵੱਖਰੀ ਦਹਿਸ਼ਤ ਦੇਖਣ ਨੂੰ ਮਿਲੀ। ਜਦੋਂ ਲਾਕਡਾਊਨ 'ਚ ਢਿੱਲ ਮਿਲੀ ਤਾਂ ਬਾਜ਼ਾਰਾਂ 'ਚ ਪਹਿਲਾਂ ਵਾਲੀ ਚਹਿਲ-ਪਹਿਲ ਨਜ਼ਰ ਆਈ। ਢਿੱਲ ਦੇਣ ਦਾ ਮਕਸਦ ਨਾ ਸਿਰਫ਼ ਲੋਕਾਂ ਨੂੰ ਰਾਹਤ ਦੇਣਾ ਸੀ ਸਗੋਂ ਅਰਥ-ਵਿਵਸਥਾ ਦੇ ਪਹੀਏ ਨੂੰ ਘੁਮਾਉਣਾ ਵੀ ਸੀ ਪਰ ਅੱਜ ਬਹੁਤ ਸਾਰੇ ਸ਼ਹਿਰਾਂ 'ਚ ਹਾਲਤ ਇਹ ਹੈ ਕਿ ਲੋਕਾਂ ਨੇ ਮਾਸਕ ਪਾਉਣੇ ਵੀ ਛੱਡ ਦਿੱਤੇ ਹਨ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਲੰਮੀ ਹੈ। ਚੰਗੀ ਗੱਲ ਇਹ ਹੈ ਕਿ ਰੂਸ ਤੇ ਅਮਰੀਕਾ ਨੇ ਵੈਕਸੀਨ ਬਣਾ ਲਈ ਹੈ ਅਤੇ ਭਾਰਤ 'ਚ ਵੀ ਇਸ ਦਾ ਪ੍ਰੀਖਣ ਅਖ਼ੀਰਲੇ ਦੌਰ 'ਚ ਚੱਲ ਰਿਹਾ ਹੈ ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫ਼ਿਲਹਾਲ ਸਾਨੂੰ ਚਾਹੀਦਾ ਹੈ ਕਿ ਅਸੀਂ ਕੋਈ ਕੁਤਾਹੀ ਨਾ ਵਰਤੀਏ। ਸੂਬਾ ਸਰਕਾਰ ਦੀਆਂ ਨਵੀਆਂ ਹਦਾਇਤਾਂ 'ਚ ਵਿਆਹ ਸਮਾਗਮਾਂ ਅਤੇ ਸਸਕਾਰ ਮੌਕੇ ਇਕੱਠਾਂ ਨੂੰ ਛੱਡ ਕੇ ਸਮਾਜਿਕ, ਧਾਰਮਿਕ ਤੇ ਸਿਆਸੀ ਇਕੱਠਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੀੜ ਜੁਟਾਉਣ ਤੋਂ ਗੁਰੇਜ਼ ਕਰਨ। ਸਾਰੇ ਦੇਸ਼ ਵਾਸੀਆਂ ਨੂੰ ਇਸ ਵੇਲੇ ਇਕਜੁੱਟ ਹੋ ਕੇ ਇਸ ਔਖੀ ਘੜੀ ਦਾ ਟਾਕਰਾ ਕਰਨਾ ਚਾਹੀਦਾ ਹੈ ਤਾਂ ਜੋ ਵੈਕਸੀਨ ਦੇ ਆਉਣ ਤਕ ਕੌਰੌਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Posted By: Sunil Thapa