-ਬਲਬੀਰ ਪੁੰਜ

ਹਿੰਦੂ-ਸਿੱਖਾਂ ਨੇ ਜੋ ਅਫ਼ਗਾਨਿਸਤਾਨ ਵਿਚ ਸਹਾਰਿਆ, ਠੀਕ ਉਸੇ ਤਰ੍ਹਾਂ ਦਾ ਅਨੁਭਵ ਉਨ੍ਹਾਂ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਵੀ ਜਰਨਾ ਪਿਆ ਸੀ।

--------

ਅਫ਼ਗਾਨਿਸਤਾਨ ਦਾ ਹਿੰਦੂ-ਸਿੱਖ ਮੁਕਤ ਹੋਣਾ ਹੁਣ ਅੰਤਿਮ ਗੇੜ ਵਿਚ ਹੈ। ਬੀਤੇ ਸ਼ਨਿੱਚਰਵਾਰ ਨੂੰ ਰਾਜਧਾਨੀ ਕਾਬੁਲ ਵਿਚ ਇਕ ਗੁਰਦੁਆਰੇ ’ਤੇ ਹਮਲਾ ਇਸੇ ਮਕਸਦ ਨਾਲ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ 111 ਹਿੰਦੂਆਂ-ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਜਾਰੀ ਕੀਤੇ। ਉਨ੍ਹਾਂ ਦੇ ਭਾਰਤ ਪਰਤਣ ’ਤੇ ਅਫ਼ਗਾਨਿਸਤਾਨ ਵਿਚ ਹਿੰਦੂ-ਸਿੱਖ-ਬੋਧੀ ਦਾ ਨਾਮ ਲੈਣ ਵਾਲਾ ਸ਼ਾਇਦ ਹੀ ਕੋਈ ਬਚੇ। ਕਿਸੇ ਸਮੇਂ ਵਿਸ਼ਵ ਦਾ ਇਹ ਭੂ-ਭਾਗ ਹਿੰਦੂ-ਬੋਧੀ ਪਰੰਪਰਾ ਦਾ ਇਕ ਮੁੱਖ ਕੇਂਦਰ ਸੀ। ਇਹ ਤਬਾਹਕੁੰਨ ਤਬਦੀਲੀ ਲਗਪਗ ਇਕ ਹਜ਼ਾਰ ਸਾਲ ਵਿਚ ਆਪਣੀ ਮੰਜ਼ਿਲ ’ਤੇ ਪੁੱਜੀ ਹੈ। ਕੀ ਇਸ ਸੰਸਕ੍ਰਿਤਕ ਤਬਾਹੀ ’ਤੇ ਖੁੱਲ੍ਹ ਕੇ ਚਰਚਾ ਨਹੀਂ ਹੋਣੀ ਚਾਹੀਦੀ? ਜਿਸ ਦਰਸ਼ਨ ਕਾਰਨ ਅਫ਼ਗਾਨਿਸਤਾਨ ਵਿਚ ਇਹ ਸਭ ਹੋਇਆ, ਕੀ ਉਸ ਦੇ ਖ਼ੂਨੀ ਬੀਜ ਭਾਰਤੀ ਉਪ ਮਹਾਦੀਪ ਵਿਚ ਮੌਜੂਦ ਨਹੀਂ? ਕੀ ਅਫ਼ਗਾਨਿਸਤਾਨ ਦੇ ਵਰਤਮਾਨ ਵਿਚ ਪਾਕਿਸਤਾਨ, ਬੰਗਲਾਦੇਸ਼ ਅਤੇ ਖੰਡਿਤ ਭਾਰਤ ਵਿਚ ਗ਼ੈਰ-ਇਸਲਾਮੀ ਪੈਰੋਕਾਰਾਂ ਦੇ ਭਵਿੱਖ ਨੂੰ ਦੇਖਣਾ ਗ਼ਲਤ ਹੋਵੇਗਾ?

ਤਾਲਿਬਾਨ ਦੀ ਹਕੂਮਤ ਵਾਲੇ ਅਫ਼ਗਾਨਿਸਤਾਨ ਵਿਚ ਕਰਤੇ ਪਰਵਾਨ ਗੁਰਦੁਆਰਾ ਹੀ ਬਾਕੀ ਬਚਿਆ ਹੈ। ਇਸ ਗੁਰਦੁਆਰੇ ’ਤੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਖੁਰਾਸਾਨ ਨੇ ਲਈ ਹੈ। ਬਕੌਲ ਮੀਡੀਆ ਉਸ ਨੇ ਭਾਜਪਾ ਤੋਂ ਬਾਹਰ ਕੀਤੇ ਗਏ ਨੇਤਾਵਾਂ ਦੀ ਪੈਗੰਬਰ ਸਾਹਿਬ ’ਤੇ ਟਿੱਪਣੀ ਦੇ ਵਿਰੋਧ ਵਿਚ ਹਮਲੇ ਨੂੰ ਅੰਜਾਮ ਦਿੱਤਾ। ਕੀ ਵਾਕਈ ਅਜਿਹਾ ਹੈ? ਸੰਨ 2020 ਵਿਚ ਇਸੇ ਜੇਹਾਦੀ ਸੰਗਠਨ ਨੇ ਕਾਬੁਲ ਦੇ ਇਕ ਹੋਰ ਗੁਰਦੁਆਰੇ ’ਤੇ ਹਮਲਾ ਕਰ ਕੇ 25 ਬੇਗੁਨਾਹ ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਸਨ, ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਲਗਪਗ ਅੱਠ ਮਹੀਨੇ ਪਹਿਲਾਂ ਤਾਲਿਬਾਨ ਦੇ ਇਕ ਧੜੇ ਨੇ ਗ਼ੈਰ-ਮੁਸਲਿਮਾਂ ਖ਼ਾਸ ਤੌਰ ’ਤੇ ਹਿੰਦੂ-ਸਿੱਖਾਂ ਨੂੰ ‘ਇਸਲਾਮ ਅਪਨਾਉਣ’ ਜਾਂ ‘ਅਫ਼ਗਾਨਿਸਤਾਨ ਛੱਡਣ’ ਵਿਚੋਂ ਕੋਈ ਇਕ ਬਦਲ ਚੁਣਨ ਨੂੰ ਕਿਹਾ ਸੀ। ਇਹੀ ਨਹੀਂ, ਚਾਹੇ ਹਾਮਿਦ ਕਰਜ਼ਈ ਦਾ ਸ਼ਾਸਨ ਹੋਵੇ ਜਾਂ ਫਿਰ ਅਸ਼ਰਫ ਗਨੀ ਦੀ ਸਰਕਾਰ, ਉਸ ਦੌਰਾਨ ਵੀ ਹਿੰਦੂਆਂ-ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਹੋਏ। ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ ਅਫ਼ਗਾਨਿਸਤਾਨ ਵਿਚ ਹਿੰਦੂਆਂ-ਸਿੱਖਾਂ ਦੀ ਗਿਣਤੀ ਲਗਪਗ ਸੱਤ ਲੱਖ ਸੀ। ਖਾਨਾਜੰਗੀ, ਮਜ਼ਹਬੀ ਸ਼ਾਸਨ ਅਤੇ ਜੇਹਾਦ ਤੋਂ ਬਾਅਦ ਅੱਜ ਉਨ੍ਹਾਂ ਦੀ ਗਿਣਤੀ ਉਂਗਲੀਆਂ ’ਤੇ ਗਿਣਨ ਲਾਇਕ ਹੀ ਬਚੀ ਹੈ। ਜੇਕਰ ਹਾਲੀਆ ਹਮਲਾ ਪੈਗੰਬਰ ਸਾਹਿਬ ਦੇ ਅਪਮਾਨ ਦਾ ਬਦਲਾ ਲੈਣ ਲਈ ਕੀਤਾ ਗਿਆ ਤਾਂ ਅਤੀਤ ਵਿਚ ਅੱਤਵਾਦੀ ਹਿੰਦੂਆਂ-ਸਿੱਖਾਂ ਨੂੰ ਕਿਸ ਅਪਰਾਧ ਦੀ ਸਜ਼ਾ ਦਿੰਦੇ ਰਹੇ?

ਹਿੰਦੂਆਂ-ਸਿੱਖਾਂ ਨੇ ਜੋ ਕੁਝ ਅਫ਼ਗਾਨਿਸਤਾਨ ਵਿਚ ਸਹਾਰਿਆ, ਠੀਕ ਉਸੇ ਤਰ੍ਹਾਂ ਦਾ ਅਨੁਭਵ ਉਨ੍ਹਾਂ ਨੇ ਗ਼ੈਰ-ਮੁਸਲਿਮਾਂ ਦੇ ਨਾਲ ਇਸਲਾਮੀ ਮੁਲਕਾਂ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਵੀ ਝੱਲਿਆ ਹੈ। ਇਨ੍ਹਾਂ ਸਾਰੇ ਦੇਸ਼ਾਂ ਵਿਚ ਗ਼ੈਰ-ਮੁਸਲਿਮਾਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ। ਇਸ ਦਾ ਕਾਰਨ ਉਸ ਕਾਲਕ੍ਰਮ ਵਿਚ ਲੁਕਿਆ ਹੈ ਜਿਸ ਵਿਚ ਉਨ੍ਹਾਂ ਨੂੰ ਇਸਲਾਮ ਅਪਨਾਉਣ ਲਈ ਮਜਬੂਰ ਹੋਣਾ ਪਿਆ ਜਾਂ ਫਿਰ ਮਜ਼ਹਬੀ ਤੌਰ ’ਤੇ ਤੰਗ-ਪਰੇਸ਼ਾਨ ਹੋਣ ਤੋਂ ਬਚਣ ਲਈ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਹਿਜਰਤ ਕਰਨੀ ਪਈ। ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਸ਼ਮੀਰ ਵਿਚ ਅੱਜ ਵੀ ਹਿੰਦੂਆਂ ਨੂੰ ਇਸੇ ਨੀਅਤੀ ਤੋਂ ਗੁਜ਼ਰਨਾ ਪੈ ਰਿਹਾ ਹੈ। ਇਹ ਠੀਕ ਹੈ ਕਿ ਬਾਕੀ ਭਾਰਤ ਵਿਚ ਇਸਲਾਮ ਦੇ ਨਾਂ ’ਤੇ ਇਨ੍ਹਾਂ ਮੱਧਕਾਲੀ ਸਰਗਰਮੀਆਂ ਦਾ ਖੁੱਲ੍ਹੇਆਮ ਸੰਚਾਲਨ ਸੰਭਵ ਨਹੀਂ ਪਰ ਕਈ ਤਰੀਕਿਆਂ ਨਾਲ ਅਜਿਹੀਆਂ ਹਿਮਾਕਤਾਂ ਅੱਜ ਵੀ ਜਾਰੀ ਹਨ। ਬੀਤੇ ਸਾਲ ਹੀ ਉੱਤਰ ਪ੍ਰਦੇਸ਼ ਪੁਲਿਸ ਨੇ ਇਕ ਵੱਡੇ ਇਸਲਾਮੀ ਧਰਮ-ਪਰਿਵਰਤਨ ਗਿਰੋਹ ਦਾ ਭਾਂਡਾ ਭੰਨਿਆ ਸੀ।

ਚਾਹੀਦਾ ਤਾਂ ਇਹ ਹੈ ਕਿ ‘ਵਿਭਿੰਨਤਾ ਵਿਚ ਏਕਤਾ’ ਦਾ ਪ੍ਰਦਰਸ਼ਨ ਕਰਦਿਆਂ ਇਕ ਗੁਲਦਸਤੇ ਵਾਂਗ ਸਮਾਜ ਦੀ ਸਿਰਜਣਾ ’ਤੇ ਜ਼ੋਰ ਦਿੱਤਾ ਜਾਵੇ। ਸਰਬ-ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪੁੱਜੇ। ਸਾਰੇ ਧਰਮਾਂ ਨੂੰ ਬਰਾਬਰ ਆਦਰ-ਮਾਣ ਮਿਲੇ। ਹੁਣ ਤਕ ਭਾਰਤ ਦਾ ਇਹੀ ਸੱਭਿਆਚਾਰ ਰਿਹਾ ਹੈ-ਜੀਓ ਤੇ ਜਿਊਣ ਦਿਓ। ਇਹੀ ਸਾਡੇ ਦੇਸ਼ ਦੀ ਅੰਦਰੂਨੀ ਖ਼ੂਬਸੂਰਤੀ ਦਾ ਧੁਰਾ ਹੈ। ਇਹੀ ਸੰਦੇਸ਼ ਵੱਧ ਤੋਂ ਵੱਧ ਪ੍ਰਚਲਿਤ ਤੇ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਅਜਿਹੇ ਕੰਮਾਂ ਨੂੰ ਹਿੰਦੂ ਵਿਰੋਧੀ ਵਿਚਾਰਧਾਰਾਵਾਂ ਤੋਂ ਪ੍ਰਤੱਖ-ਅਪ੍ਰਤੱਖ ਤੌਰ ’ਤੇ ਹਮਦਰਦੀ ਮਿਲਦੀ ਰਹਿੰਦੀ ਹੈ। ਕਾਬੁਲ ਵਿਚ ਗੁਰਦੁਆਰੇ ’ਤੇ ਹਮਲੇ ਨੂੰ ਲੈ ਕੇ ਖ਼ਬਰਾਂ ਦੇ ਮਾਧਿਅਮਾਂ ਨੇ ਇਹ ਤਾਂ ਦੱਸਿਆ ਕਿ ਅਫ਼ਗਾਨਿਸਤਾਨ ਵਿਚ ਹਿੰਦੂਆਂ ਤੇ ਸਿੱਖਾਂ ਦੀ ਗਿਣਤੀ ਨਿਰੰਤਰ ਘਟ ਰਹੀ ਹੈ ਪਰ ਇਸ ਦੇ ਲਈ ਜ਼ਿੰਮੇਵਾਰ ਵਿਚਾਰਧਾਰਕ ਚਰਚਾ ਕਰਨ ਦੀ ਹਿੰਮਤ ਨਹੀਂ ਦਿਖਾਈ ਗਈ। ਅੱਜ ਜਿਹੋ ਜਿਹਾ ਅਫ਼ਗਾਨਿਸਤਾਨ ਦਿਸਦਾ ਹੈ, ਉਹ ਸਦੀਆਂ ਪਹਿਲਾਂ ਅਜਿਹਾ ਨਹੀਂ ਸੀ। ਇੱਥੋਂ ਤਕ ਕਿ ਉਦੋਂ ਅਫ਼ਗਾਨਿਸਤਾਨ ਨਾਮ ਦਾ ਕੋਈ ਦੇਸ਼ ਵੀ ਨਹੀਂ ਸੀ। ਪੁਰਾਤੱਤਵ ਖਣਨ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਵਰਤਮਾਨ ਅਫ਼ਗਾਨਿਸਤਾਨ ਭਾਰਤੀ ਸੰਸਕ੍ਰਿਤਕ ਵਿਰਾਸਤ ਦਾ ਅੰਗ ਰਿਹਾ ਹੈ। ਬਾਰ੍ਹਵੀਂ ਸਦੀ ਤਕ ਵਰਤਮਾਨ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਕਸ਼ਮੀਰ ਮੁੱਖ ਤੌਰ ’ਤੇ ਹਿੰਦੂ-ਬੋਧੀ ਅਤੇ ਸ਼ੈਵ ਮੱਤ ਦੇ ਮੁੱਖ ਕੇਂਦਰ ਸਨ। ਵੈਦਿਕ ਕਾਲ ਵਿਚ ਅਫ਼ਗਾਨਿਸਤਾਨ ਭਾਰਤ ਦੇ ਪੌਰਾਣਿਕ 16 ਮਹਾਜਨਪਦਾਂ ਵਿਚੋਂ ਇਕ ਗਾਂਧਾਰ ਸੀ ਜਿਸ ਦਾ ਵਰਣਨ ਮਹਾਭਾਰਤ, ਰਿੱਗਵੇਦ ਆਦਿ ਗ੍ਰੰਥਾਂ ਵਿਚ ਮਿਲਦਾ ਹੈ। ਇਹ ਮੌਰੀਆਕਾਲ ਅਤੇ ਕੁਸ਼ਾਣ ਸਾਮਰਾਜ ਦਾ ਵੀ ਹਿੱਸਾ ਰਿਹਾ ਜਿੱਥੇ ਬੋਧੀ ਮੱਤ ਵਧਿਆ-ਫੁੱਲਿਆ। ਚੌਥੀ ਸਦੀ ਵਿਚ ਕੁਸ਼ਾਣ ਸ਼ਾਸਨ ਤੋਂ ਬਾਅਦ ਛੇਵੀਂ ਸਦੀ ਦੇ ਆਰੰਭ ਵਿਚ ਹਿੰਦੂ-ਬੋਧੀ ਬਹੁਲਤਾ ਵਾਲੇ ਕਾਬੁਲਸ਼ਾਹੀ ਵੰਸ਼ ਦਾ ਸ਼ਾਸਨ ਆਇਆ ਜੋ ਨੌਵੀਂ ਸਦੀ ਦੇ ਆਰੰਭ ਤਕ ਰਿਹਾ। ਇਸ ਤੋਂ ਬਾਅਦ ਹਿੰਦੂਸ਼ਾਹੀ ਵੰਸ਼ ਦੀ ਸਥਾਪਨਾ ਰਾਜਾ ਲਗਤੂਰਮਾਨ ਦੇ ਮੰਤਰੀ ਕੱਲਰ ਨੇ ਕੀਤੀ ਜਿਸ ਦੇ ਸ਼ਾਸਕਾਂ ਦਾ ਕਾਲਾਂਤਰ ਵਿਚ ਮਹਿਮੂਦ ਗਜ਼ਨਵੀ ਨਾਲ ਸਾਹਮਣਾ ਹੋਇਆ। ਮਹਿਜ਼ 17 ਸਾਲ ਦੀ ਉਮਰ ਵਿਚ ਖਲੀਫ਼ਾ ਬਣੇ ਗਜ਼ਨਵੀ ਨੇ ਹਰ ਸਾਲ ਭਾਰਤ ਵਿਰੁੱਧ ਜੇਹਾਦ ਛੇੜਨ ਦਾ ਤਹੱਈਆ ਕੀਤਾ ਸੀ। ਬੱਤੀ ਸਾਲ ਦੇ ਸ਼ਾਸਨ ਵਿਚ ਉਸ ਨੇ ਇਕ ਦਰਜ ਤੋਂ ਵੱਧ ਵਾਰ ਭਾਰਤ ’ਤੇ ਹਮਲੇ ਕੀਤੇ। ਉਸ ਨੇ ‘ਕਾਫਿਰ-ਕੁਫਰ’ ਦੀ ਧਾਰਨਾ ਤੋਂ ਪ੍ਰੇਰਨਾ ਲੈ ਕੇ ਤਲਵਾਰ ਦੇ ਬਲਬੂਤੇ ਹਿੰਦੂਆਂ-ਬੋਧੀਆਂ ਨੂੰ ਇਸਲਾਮ ਅਪਨਾਉਣ ਲਈ ਮਜਬੂਰ ਕੀਤਾ। ਜਦ ਹਿੰਦੂਸ਼ਾਹੀ ਸ਼ਾਸਕ ਗਜ਼ਨਵੀ ਦੇ ਹੱਥੋਂ ਹਾਰ ਗਏ ਉਦੋਂ ਖੇਤਰ ਦਾ ਮਜ਼ਹਬੀ ਸਰੂਪ ਅਤੇ ਚਰਿੱਤਰ ਬਦਲਣਾ ਆਰੰਭ ਹੋਇਆ। ਮਾਰਚ 2001 ਵਿਚ ਤਾਲਿਬਾਨ ਨੇ ਗਜ਼ਨਵੀ ਵਾਲੀ ਮਾਨਸਿਕਤਾ ’ਤੇ ਚੱਲਦੇ ਹੋਏ ਬਾਮਿਆਨ ਵਿਚ ਭਗਵਾਨ ਬੁੱਧ ਦੇ ਵੱਡ-ਆਕਾਰੀ ਬੁੱਤਾਂ ਨੂੰ ਤੋੜ ਦਿੱਤਾ। ਕਾਬੁਲ ਵਿਚ ਗੁਰਦੁਆਰੇ ’ਤੇ ਅੱਤਵਾਦੀ ਹਮਲੇ ਦੇ ਸਿਲਸਿਲੇ ਵਿਚ ਇਹ ਸਾਹਮਣੇ ਆਇਆ ਕਿ ਤਾਲਿਬਾਨ ਨੇ ਜਵਾਬੀ ਕਾਰਵਾਈ ਵਿਚ ਆਈਐੱਸ ਖੁਰਾਸਾਨ ਦੇ ਜੇਹਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ, ਓਥੇ ਹੀ ਤਾਲਿਬਾਨੀ ਗ੍ਰਹਿ-ਮੰਤਰੀ ਅਤੇ ਐਲਾਨੇ ਹੋਏ ਅੱਤਵਾਦੀ ਸਿਰਾਜੂਦੀਨ ਹੱਕਾਨੀ ਨੇ ਸਿੱਖਾਂ ਨਾਲ ਮੁਲਾਕਾਤ ਕੀਤੀ। ਅਜੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਅਤੇ ਆਈਐੱਸ ਖੁਰਾਸਾਨ ਵਿਚਾਲੇ ਪ੍ਰਭੂਸੱਤਾ ਲਈ ਜੰਗ ਚੱਲ ਰਹੀ ਹੈ। ਇਹ ਦੋਵੇਂ ਜੋੜੇ ਭਰਾਵਾਂ ਵਾਂਗ ਹਨ ਜਿਨ੍ਹਾਂ ਦਾ ਜਨਮ ਇਕ ਹੀ ਜ਼ਹਿਰ ਵਾਲੀ ਗਰਭ ਨਲੀ ਤੋਂ ਹੋਇਆ ਹੈ। ਉਹ ਪਰਸਪਰ ਸਹਿਯੋਗ ਵੀ ਕਰਦੇ ਹਨ ਅਤੇ ਇਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੀ ਦੇਖਦੇ ਹਨ। ਦੋਵੇਂ ਗਜ਼ਨਵੀ ਵਾਲੀ ਮਾਨਸਿਕਤਾ ਨੂੰ ਅਪਣਾਈ ਬੈਠੇ ਹਨ। ਦੋਵਾਂ ਵਿਚ ਬਸ ਇਕ ਰਣਨੀਤਕ ਅੰਤਰ ਹੈ। ਆਈਐੱਸ ਲਈ ਮੁਸਲਮਾਨਾਂ ਵਿਚ ਰਾਸ਼ਟਰੀਅਤਾ, ਨਸਲੀ ਅਤੇ ਭੂਗੋਲਿਕ ਪਛਾਣ ਦਾ ਕੋਈ ਅਰਥ ਨਹੀਂ ਜਦਕਿ ਤਾਲਿਬਾਨ ਅਫ਼ਗਾਨ ਪਛਾਣ ਨਾਲ ਜੁੜਿਆ ਹੈ। ਤਾਲਿਬਾਨ ਜਿੱਥੇ ਅਫ਼ਗਾਨਿਸਤਾਨ ਤਕ ਸੀਮਤ ਰਹਿਣਾ ਚਾਹੁੰਦਾ ਹੈ, ਓਥੇ ਹੀ ਆਈਐੱਸ ਆਪਣੀ ਹੋਂਦ ਵਿਸ਼ਵ ਪੱਧਰ ’ਤੇ ਬਣਾਉਣ ਲਈ ਯਤਨਸ਼ੀਲ ਹੈ। ਇਸ ਸਮੇਂ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਜੋ ਦਿਸ ਰਿਹਾ ਹੈ, ਕੀ ਉਹ ਭਵਿੱਖ ਵਿਚ ਭਾਰਤ ਵਿਚ ਵੀ ਦਿਸ ਸਕਦਾ ਹੈ? ਇਸ ਭਿਆਨਕ ਖ਼ਦਸ਼ੇ ਦਾ ਕਾਰਨ ਉਹ ਵਰਗ ਹੈ ਜੋ ਅੱਜ ਵੀ ਗਜ਼ਨਵੀ, ਗੌਰੀ, ਬਾਬਰ, ਔਰੰਗਜ਼ੇਬ, ਅਬਦਾਲੀ ਅਤੇ ਟੀਪੂ ਸੁਲਤਾਨ ਵਰਗੇ ਹਮਲਾਵਰਾਂ ਨੂੰ ਆਪਣਾ ਨਾਇਕ ਮੰਨਦਾ ਹੈ ਜਦਕਿ ਉਨ੍ਹਾਂ ਦੀਆਂ ਸਰਗਰਮੀਆਂ ਨੇ ਹੀ ਭਾਰਤੀ ਉਪ-ਮਹਾਦੀਪ ਦੇ ਇਕ ਤਿਹਾਈ ਤੋਂ ਵੱਧ ਖੇਤਰ ਨੂੰ ਹਿੰਦੂ, ਬੋਧੀ, ਸਿੱਖਾਂ ਅਤੇ ਜੈਨਾਂ ਤੋਂ ਮੁਕਤ ਕੀਤਾ।

-(ਲੇਖਕ ਰਾਜ ਸਭਾ ਦਾ ਸਾਬਕਾ ਮੈਂਬਰ ਤੇ ਸੀਨੀਅਰ ਕਾਲਮ-ਨਵੀਸ ਹੈ)।

Posted By: Shubham Kumar