ਪੰਚਾਇਤਾਂ ਰਾਜਨੀਤਕ ਸਫ਼ਰ ਦਾ ਮੁੱਢ ਕਹੀਆਂ ਜਾ ਸਕਦੀਆਂ ਹਨ। ਅਨੇਕਾਂ ਮਿਸਾਲਾਂ ਹਨ ਕਿ ਕਈ ਦਿੱਗਜ ਨੇਤਾਵਾਂ ਨੇ ਆਪਣਾ ਸਿਆਸੀ ਸਫ਼ਰ ਪੰਚੀ-ਸਰਪੰਚੀ ਤੋਂ ਹੀ ਸ਼ੁਰੂ ਕੀਤਾ ਸੀ। ਪਿਛਲੇ ਦਿਨੀਂ ਪੰਜਾਬ 'ਚ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਹਨ। ਕਈ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਦੀਆਂ ਖ਼ਬਰਾਂ ਵੀ ਆਈਆਂ ਜੋ ਚੰਗੀ ਗੱਲ ਹੈ। ਪੰਚਾਇਤ ਚੋਣਾਂ ਵਾਲੇ ਦਿਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਕਾਰਨ ਜਾਨੀ-ਮਾਲੀ ਨੁਕਸਾਨ ਵੀ ਹੋਇਆ। ਪੰਚਾਇਤੀ ਚੋਣਾਂ ਪ੍ਰਤੀ ਲੋਕਾਂ 'ਚ ਉਤਸ਼ਾਹ ਤਾਂ ਦੇਖਣ ਨੂੰ ਮਿਲਿਆ ਪਰ ਨਾਲ ਹੀ ਕਈ ਅਜਿਹੇ ਰੁਝਾਨ ਸਾਹਮਣੇ ਆਏ ਜਿਨ੍ਹਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।।ਇਨ੍ਹਾਂ 'ਚੋਂ ਮੁੱਖ ਰੁਝਾਨ ਹੈ ਧੜੇਬਾਜ਼ੀ। ਇਹ ਗੈਂਗਸਟਰਾਂ, ਗੋਤਾਂ ਤੋਂ ਹੁੰਦੀ ਹੋਈ ਇਕ ਪਰਿਵਾਰ ਤੋਂ ਦੂਜੇ ਪਰਿਵਾਰ ਅਤੇ ਘਰ ਦੇ ਮੈਂਬਰਾਂ ਤਕ ਪੁੱਜ ਗਈ ਹੈ। ਇਕ ਹੋਰ ਫ਼ਿਕਰ ਵਾਲੀ ਗੱਲ ਇਹ ਦਿਸੀ ਕਿ ਲੋਕਾਂ ਵਿਚ ਚੌਧਰ ਦੀ ਭੁੱਖ ਸਿਰ ਚੜ੍ਹ ਕੇ ਬੋਲਦੀ ਰਹੀ। ਪਿੰਡ ਦਾ ਵਿਕਾਸ, ਸਿੱਖਿਆ, ਰੁਜ਼ਗਾਰ ਆਦਿ ਸਮੇਤ ਹੋਰ ਮਸਲੇ ਨੁੱਕਰੇ ਲੱਗੇ ਰਹੇ ਜਦਕਿ ਆਪਣੀ ਲੱਤ ਦੂਜੇ ਧੜੇ ਦੀ ਧੌਣ 'ਤੇ ਰੱਖਣ ਦਾ ਰੁਝਾਨ ਸਿਰ ਚੜ੍ਹ ਕੇ ਬੋਲਦਾ ਰਿਹਾ। ਪੰਚੀ-ਸਰਪੰਚੀ ਲਈ ਜੋ ਉਮੀਦਵਾਰ ਮੈਦਾਨ ਵਿਚ ਡਟੇ ਹੋਏ ਸਨ, ਉਨ੍ਹਾਂ ਨੇ ਜਿੱਤ ਲਈ ਹਰ-ਸਹੀ ਗ਼ਲਤ ਤਰੀਕਾ ਅਪਣਾਇਆ ਤੇ ਕਾਫੀ ਖ਼ਰਚਾ ਕੀਤਾ। ਅਜਿਹੇ ਉਮੀਦਵਾਰ ਜਿੱਤ ਕੇ ਪਿੰਡ ਦੇ ਵਿਕਾਸ ਲਈ ਮਿਲੀਆਂ ਗਰਾਂਟਾਂ ਨੂੰ ਖ਼ੁਰਦ-ਬੁਰਦ ਨਹੀਂ ਕਰਨਗੇ ਤਾਂ ਕੀ ਕਰਨਗੇ। ਗੱਡੀਅÎਾਂ-ਕਾਰਾਂ 'ਤੇ ਪੰਚ-ਸਰਪੰਚ ਲਿਖਾਉਣ ਦੀ ਖਿੱਚ ਨੇ ਵੀ ਪਿੰਡਾਂ ਵਿਚ ਧੜੇਬੰਦੀ ਨੂੰ ਸ਼ਹਿ ਦਿੱਤੀ। ਵੋਟਰਾਂ ਵੱਲੋਂ ਉਮੀਦਵਾਰਾਂ ਨੂੰ ਵੋਟ ਦੇਣ ਦੀਆਂ ਕਸੌਟੀਆਂ 'ਤੇ ਵੀ ਅਜੀਬ ਰੰਗ ਚੜ੍ਹਦਾ ਨਜ਼ਰ ਆਇਆ। ਲੋਕ ਆਪੋ-ਆਪਣੀ ਜਾਤ-ਬਰਾਦਰੀ, ਧਰਮ, ਪਾਰਟੀ ਤੇ ਗੋਤਾਂ ਆਦਿ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਵਿਕਾਸ ਕਿਸ ਸ਼ੈਅ ਦਾ ਨਾਂ ਹੈ। ਪੈਸੇ ਤੇ ਸ਼ਰਾਬ ਦੀਆਂ ਬੋਤਲਾਂ ਵੋਟਾਂ ਖਿੱਚਣ ਲਈ ਚੁੰਬਕ ਵਾਂਗ ਕੰਮ ਕਰਦੀਆਂ ਰਹੀਆਂ। ਇਨ੍ਹਾਂ ਚੋਣਾਂ ਦਾ ਇਕ ਹੋਰ ਮਾੜਾ ਪੱਖ ਇਹ ਸੀ ਕਿ ਇਸ ਵਾਰ ਕਾਫੀ ਗਿਣਤੀ ਵਿਚ ਅਪਰਾਧਕ ਪਿਛੋਕੜ ਵਾਲੇ ਉਮੀਦਵਾਰ ਜਿੱਤੇ। ਔਰਤਾਂ ਲਈ ਕਾਫ਼ੀ ਸੀਟਾਂ ਰਾਖਵੀਆਂ ਸਨ। ਚੋਣਾਂ ਲੜੀਆਂ ਜੋ ਔਰਤਾਂ ਜਿੱਤ ਕੇ ਪੰਚ-ਸਰਪੰਚ ਬਣੀਆਂ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਡੋਰ ਮਰਦ ਦੇ ਹੱਥ 'ਚ ਹੀ ਹੈ। ਭਾਵੇਂ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਅਨੇਕਾਂ ਜੱਥੇਬੰਦੀਆਂ ਜੱਦੋ-ਜਹਿਦ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਲੋਕਾਂ 'ਚ ਚੇਤਨਾ ਪੈਦਾ ਨਹੀਂ ਹੋਣ ਦਿੱਤੀ ਜਾ ਰਹੀ ਜੋ ਲੋਕਤੰਤਰ ਦੀ ਇਸ ਮੁੱਢਲੀ ਸੰਸਥਾ ਪੰਚਾਇਤਾਂ ਲਈ ਸ਼ੁਭ ਸੰਕੇਤ ਨਹੀਂ ਹੈ।

ਅਕਾਸ਼ ਦੀਪ

76964-70344

Posted By: Sarabjeet Kaur