ਇਕ ਦਿਨ ਵਿਚ ਇਕ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਮੌਤ ਇਹੀ ਬਿਆਨ ਕਰ ਰਹੀ ਹੈ ਕਿ ਇਨਫੈਕਸ਼ਨ ਦੀ ਦੂਜੀ ਲਹਿਰ ਆਪਣੇ ਸਿਖ਼ਰ ’ਤੇ ਹੈ। ਇਸ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਪਿਛਲੇ ਅੰਕੜਿਆਂ ਨੂੰ ਪਾਰ ਕਰਦਾ ਦਿਸ ਰਿਹਾ ਹੈ।

ਚਿੰਤਾ ਦੀ ਗੱਲ ਸਿਰਫ਼ ਇਹੀ ਨਹੀਂ ਕਿ ਕੋਰੋਨਾ ਤੋਂ ਪੀੜਤ ਹੋਣ ਅਤੇ ਦਮ ਤੋੜਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਬਲਕਿ ਇਹ ਵੀ ਹੈ ਕਿ ਸਿਹਤ ਢਾਂਚਾ ਫਿਰ ਤੋਂ ਢਹਿ-ਢੇਰੀ ਹੁੰਦਾ ਦਿਸ ਰਿਹਾ ਹੈ। ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਕੇਵਲ ਬੈੱਡ ਅਤੇ ਵੈਂਟੀਲੇਟਰ ਮਿਲਣ ਵਿਚ ਹੀ ਪਰੇਸ਼ਾਨੀ ਨਹੀਂ ਹੋ ਰਹੀ ਹੈ ਬਲਕਿ ਜ਼ਰੂਰੀ ਦਵਾਈਆਂ ਅਤੇ ਆਕਸੀਜਨ ਦੀ ਕਮੀ ਵੀ ਸਾਫ਼ ਦਿਖਾਈ ਦੇ ਰਹੀ ਹੈ।

ਇਹ ਉਸ ਢਿੱਲ ਦਾ ਨਤੀਜਾ ਹੈ ਜੋ ਜਨਵਰੀ-ਫਰਵਰੀ ਤੋਂ ਬਾਅਦ ਉਦੋਂ ਵਰਤੀ ਗਈ ਜਦ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਦੇ ਲਗਪਗ ਆ ਗਈ ਸੀ। ਇਸ ਕਾਰਨ ਇਹ ਮੰਨ ਲਿਆ ਗਿਆ ਕਿ ਕੋਰੋਨਾ ਤਾਂ ਹੁਣ ਜਾਣ ਹੀ ਵਾਲਾ ਹੈ।

ਇਸੇ ਸੋਚ ਨੇ ਸੰਕਟ ਖੜ੍ਹਾ ਕਰਨ ਦਾ ਕੰਮ ਕੀਤਾ ਹੈ। ਹੁਣ ਸਥਿਤੀ ਇਹ ਹੈ ਕਿ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੋ ਲੱਖ ਦੇ ਅੰਕੜੇ ਨੂੰ ਪਾਰ ਕਰਦੀ ਦਿਖਾਈ ਦੇ ਰਹੀ ਹੈ ਅਤੇ ਅਜੇ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਕਮਜ਼ੋਰ ਪੈਣ ਦੇ ਕੋਈ ਆਸਾਰ ਵੀ ਨਹੀਂ ਹਨ। ਸਪਸ਼ਟ ਹੈ ਕਿ ਆਉਣ ਵਾਲਾ ਸਮਾਂ ਹੋਰ ਜ਼ਿਆਦਾ ਕਠਿਨਾਈਆਂ ਵਾਲਾ ਹੋ ਸਕਦਾ ਹੈ।

ਫ਼ਿਲਹਾਲ ਇਸ ਦੀ ਤਹਿ ਤਕ ਜਾਣ ਦਾ ਵੇਲਾ ਨਹੀਂ ਕਿ ਕਿੱਥੇ ਕੀ ਗ਼ਲਤੀ ਹੋਈ ਪਰ ਨੇਤਾਵਾਂ ਅਤੇ ਨੌਕਰਸ਼ਾਹਾਂ ਨਾ ਸਹੀ, ਸਿਹਤ ਖੇਤਰ ਦੇ ਮਾਹਿਰਾਂ ਨੂੰ ਤਾਂ ਸਮਾਂ ਰਹਿੰਦੇ ਹੀ ਇਸ ਦੇ ਲਈ ਆਗਾਹ ਕਰਨਾ ਹੀ ਚਾਹੀਦਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ ਤੇ ਉਹ ਪਹਿਲਾਂ ਤੋਂ ਜ਼ਿਆਦਾ ਘਾਤਕ ਹੋ ਸਕਦੀ ਹੈ। ਜਦ ਉਹ ਇਹ ਦੇਖ ਰਹੇ ਸਨ ਕਿ ਦੁਨੀਆ ਦੇ ਕਈ ਦੇਸ਼ ਇਨਫੈਕਸ਼ਨ ਦੀ ਦੂਜੀ-ਤੀਜੀ ਲਹਿਰ ਨਾਲ ਦੋ-ਚਾਰ ਹੋ ਰਹੇ ਹਨ ਤਾਂ ਫਿਰ ਉਨ੍ਹਾਂ ਨੂੰ ਸਰਕਾਰ ਦੇ ਨਾਲ-ਨਾਲ ਸਿਹਤ ਤੰਤਰ ਦੇ ਲੋਕਾਂ ਨੂੰ ਕੋਰੋਨਾ ਦੀ ਇਕ ਹੋਰ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਉਸ ਦੇ ਮੁਤਾਬਕ ਵਿਵਸਥਾ ਕਰਨ ਲਈ ਕਹਿਣਾ ਚਾਹੀਦਾ ਸੀ। ਜੇ ਦੂਜੀ ਲਹਿਰ ਦਾ ਸਾਹਮਣਾ ਕਰਨ ਲਈ ਸਮਾਂ ਰਹਿੰਦੇ ਹੀ ਢੁੱਕਵੇਂ ਕਦਮ ਚੁੱਕੇ ਗਏ ਹੁੰਦੇ ਤਾਂ ਜੋ ਗੰਭੀਰ ਸਥਿਤੀ ਬਣ ਗਈ ਹੈ, ਉਸ ਤੋਂ ਬਚਿਆ ਜਾ ਸਕਦਾ ਸੀ।

ਘੱਟੋ-ਘੱਟ ਹੁਣ ਤਾਂ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰ ਦੇ ਸਿਹਤ ਤੰਤਰ ਨੂੰ ਨਵੇਂ ਸਿਰੇ ਤੋਂ ਕਮਰ ਕੱਸਣੀ ਹੀ ਚਾਹੀਦੀ ਹੈ। ਕਿਉਂਕਿ ਇਸ ਤੋਂ ਬਿਨਾਂ ਹੋਰ ਕੋਈ ਉਪਾਅ ਨਹੀਂ, ਇਸ ਲਈ ਤਮਾਮ ਉਲਟ ਹਾਲਾਤ ਤੋਂ ਬਾਅਦ ਵੀ ਹਸਪਤਾਲਾਂ ਦੀ ਸਮਰੱਥਾ ਵਧਾਉਣ, ਖ਼ਾਲੀ ਇਮਾਰਤਾਂ ’ਚ ਅਸਥਾਈ ਹਸਪਤਾਲ ਬਣਾਉਣ ਅਤੇ ਦਵਾਈਆਂ ਤੇ ਸਾਜ਼ੋ-ਸਾਮਾਨ ਦੀ ਉਪਲਬਧਤਾ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਜੰਗੀ ਪੱਧਰ ’ਤੇ ਕੀਤੀ ਜਾਣੀ ਚਾਹੀਦੀ ਹੈ। ਬੇਸ਼ੱਕ ਚੁਣੌਤੀ ਔਖੀ ਹੈ ਪਰ ਉਸ ਨੂੰ ਹਰਾਉਣ ਦੇ ਸੰਕਲਪ ਨਾਲ ਲੈਸ ਹੋਣਾ ਪਵੇਗਾ। ਇਸ ’ਚ ਹਰੇਕ ਦੇ ਸਹਿਯੋਗ ਦੀ ਲੋੜ ਹੈ।

Posted By: Jagjit Singh