ਸ਼ਹਿਰ ਦੇ ਵਿਚਾਲੇ ਨਾਜਾਇਜ਼ ਪਟਾਕਾ ਫੈਕਟਰੀ ਚੱਲ ਰਹੀ ਹੋਵੇ, ਇਕ ਵਾਰ ਪਹਿਲਾਂ ਉਸ ਵਿਚ ਧਮਾਕੇ ਕਾਰਨ ਇਕ ਜਾਨ ਜਾ ਚੁੱਕੀ ਹੋਵੇ, ਕਈ ਵਾਰ ਸਥਾਨਕ ਲੋਕਾਂ ਦੀ ਸ਼ਿਕਾਇਤ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ... ਅਤੇ ਇਕ ਵਾਰ ਫਿਰ ਉਸੇ ਫੈਕਟਰੀ ਵਿਚ ਜ਼ੋਰਦਾਰ ਧਮਾਕੇ ਨਾਲ 23 ਜਾਨਾਂ ਚਲੀਆਂ ਜਾਣ ਤਾਂ ਉਸ ਵਾਸਤੇ ਕੌਣ ਜ਼ਿੰਮੇਵਾਰ ਹੈ? ਇਹ ਦੱਸਣ ਦੀ ਜ਼ਰੂਰਤ ਨਹੀਂ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਚ ਇਹ ਧਮਾਕਾ ਸਥਾਨਕ ਪ੍ਰਸ਼ਾਸਨ, ਪੁਲਿਸ, ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ 'ਤੇ ਤਾਂ ਵੱਡਾ ਸਵਾਲ ਖੜ੍ਹਾ ਕਰਦਾ ਹੀ ਹੈ, ਨਾਲ ਹੀ ਉਨ੍ਹਾਂ ਨੇਤਾਵਾਂ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਦਾ ਹੈ ਜੋ ਲੋਕਾਂ ਕੋਲੋਂ ਵੋਟਾਂ ਲੈਂਦੇ ਵਕਤ ਤਾਂ ਉਨ੍ਹਾਂ ਦੀ ਹਰ ਸਮੱਸਿਆ ਨੂੰ ਦੂਰ ਕਰਨ ਦਾ ਵਾਅਦਾ ਕਰਦੇ ਹਨ ਪਰ ਮਤਲਬ ਨਿਕਲ ਜਾਣ 'ਤੇ ਅਜਿਹੇ ਜਾਨਲੇਵਾ ਮੁੱਦਿਆਂ 'ਤੇ ਅੱਖਾਂ ਬੰਦ ਕਰ ਲੈਂਦੇ ਹਨ। ਲਾਹਨਤ ਹੈ ਰਾਹਨੁਮਾਵਾਂ ਨੂੰ।

ਆਖ਼ਰ ਇਨ੍ਹਾਂ ਅਧਿਕਾਰੀਆਂ ਦੀ ਅਜਿਹੀ ਕੀ ਮਜਬੂਰੀ ਸੀ ਕਿ ਸ਼ਿਕਾਇਤਾਂ ਦੇ ਬਾਵਜੂਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀ ਇਸ ਫੈਕਟਰੀ 'ਤੇ ਕਾਰਵਾਈ ਨਹੀਂ ਕੀਤੀ ਗਈ? ਇਸ ਤਰ੍ਹਾਂ ਸਭ ਕੁਝ ਦੇਖਦੇ-ਜਾਣਦੇ ਹੋਏ ਵੀ ਚੁੱਪੀ ਵੱਟੀ ਰੱਖਣਾ ਤਾਂ ਅਪਰਾਧਕ ਲਾਪਰਵਾਹੀ ਹੈ ਅਤੇ ਇਸ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਠੋਸ ਕਾਰਵਾਈ ਹੋਣੀ ਚਾਹੀਦੀ ਹੈ। ਅਫ਼ਸੋਸ ਇਹੋ ਹੈ ਕਿ ਅਜਿਹੇ ਹਾਦਸੇ ਹੋਣ ਦੇ ਬਾਅਦ ਜਾਂਚ ਦੇ ਨਾਂ 'ਤੇ ਕੁਝ ਵਕਤ ਗੁਜ਼ਰ ਜਾਂਦਾ ਹੈ ਅਤੇ ਉਹ ਲੋਕ ਬਚ ਨਿਕਲਦੇ ਹਨ ਜਿਨ੍ਹਾਂ ਕਾਰਨ ਅਜਿਹੇ ਗ਼ੈਰ-ਕਾਨੂੰਨੀ ਵਪਾਰ ਪਣਪ ਰਹੇ ਹੁੰਦੇ ਹਨ। ਹੁਣ ਕੁਝ ਦਿਨ ਇਸ ਭਿਆਨਕ ਹਾਦਸੇ 'ਤੇ ਸਿਆਸੀ ਰੱਸਾਕਸ਼ੀ ਹੋਵੇਗੀ, ਬਿਆਨਬਾਜ਼ੀ ਸਦਕਾ ਆਪੋ-ਆਪਣੇ ਹਿੱਤ ਸਾਧੇ ਜਾਣਗੇ, ਜਾਂਚ ਰਿਪੋਰਟ ਆਵੇਗੀ, ਕੁਝ 'ਤੇ ਕਾਰਵਾਈ ਹੋਵੇਗੀ, ਲਾਪਰਵਾਹੀ ਲਈ ਜ਼ਿੰਮੇਵਾਰ ਕਈ ਬਚ ਵੀ ਜਾਣਗੇ... ਅਤੇ ਸਭ ਭੁੱਲ ਜਾਣਗੇ।

ਹਰ ਅਜਿਹੇ ਹਾਦਸੇ ਦਾ ਇਹੋ ਦੁਖਾਂਤ ਹੁੰਦਾ ਹੈ। ਅਜਿਹੀ ਵਿਵਸਥਾ ਦਾ ਹੀ ਨਤੀਜਾ ਹੈ ਕਿ ਇਸ ਤਰ੍ਹਾਂ ਜਾਨਲੇਵਾ ਅਤੇ ਅਪਰਾਧਕ ਕੰਮ ਕਰਨ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ ਸਤਾਉਂਦਾ। ਜੇ ਅਜਿਹਾ ਨਾ ਹੁੰਦਾ ਤਾਂ ਕੀ ਮਜਾਲ ਕਿ ਇਕ ਵਾਰ ਹਾਦਸਾ ਹੋ ਜਾਣ ਤੋਂ ਬਾਅਦ ਇਹ ਫੈਕਟਰੀ ਫਿਰ ਚੱਲਦੀ ਰਹਿੰਦੀ। ਅਜਿਹੇ ਨਾਜਾਇਜ਼ ਤਰੀਕਿਆਂ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਸਭ ਆਤਮਘਾਤੀ ਵੀ ਸਿੱਧ ਹੋ ਸਕਦਾ ਹੈ। ਬਟਾਲਾ ਵਿਚ ਇਹੋ ਹੋਇਆ ਹੈ। ਉਮੀਦ ਹੈ ਕਿ ਸਰਕਾਰ ਸਖ਼ਤ ਰਵੱਈਆ ਅਖਤਿਆਰ ਕਰੇਗੀ, ਪ੍ਰਸ਼ਾਸਨ ਦੀਆਂ ਅੱਖਾਂ ਹੁਣ ਖੁੱਲ੍ਹਣਗੀਆਂ ਅਤੇ ਜੋ ਲੋਕ ਅਜਿਹੇ ਕੰਮ ਕਰ ਰਹੇ ਹਨ, ਉਹ ਵੀ ਸੁਚੇਤ ਹੋਣਗੇ।

ਉਂਜ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਉਣ ਲਈ ਸੰਗਤ ਭਾਰੀ ਗਿਣਤੀ 'ਚ ਲੋਹੇ ਦੇ ਸ਼ਹਿਰ, ਬਟਾਲਾ ਵਿਖੇ ਪੁੱਜੀ ਸੀ, ਉਸ ਵਕਤ ਧਮਾਕਾ ਫੈਕਟਰੀ 'ਚ ਭਿਆਨਕ ਅੱਗ ਲੱਗਣ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣਾ ਬੇਹੱਦ ਦੁਖਦਾਈ ਘਟਨਾ ਹੈ। ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਵਿਆਹ ਪੁਰਬ ਦੀਆਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਬਟਾਲਾ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ।

ਪੁਲਿਸ ਮੁਖੀ ਉਪਿੰਦਰਜੀਤ ਸਿੰਘ ਘੁੰਮਣ ਨੇ ਤਾਂ ਇਹ ਦਾਅਵਾ ਕੀਤਾ ਸੀ ਕਿ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਡਰੋਨ ਵਰਤੇ ਜਾਣਗੇ। ਅਫ਼ਸੋਸ! ਪ੍ਰਸ਼ਾਸਨ ਦੀ ਕਿਸੇ ਵੀ ਡਰੋਨ ਨੂੰ ਬਟਾਲੇ 'ਚ ਚੱਲ ਰਹੀ ਪਟਾਕਾ ਫੈਕਟਰੀ ਦਾ ਪਤਾ ਨਹੀਂ ਲੱਗਾ। ਨਾ ਹੀ ਇਹ 1800 ਪੁਲਿਸ ਮੁਲਾਜ਼ਮਾਂ 'ਚੋਂ ਕਿਸੇ ਨੂੰ ਨਜ਼ਰ ਆਈ।

Posted By: Jagjit Singh