ਸਾਲ 2006 ’ਚ ਕਾਇਮ ਹੋਈ ਜਥੇਬੰਦੀ ‘ਪਾਪੂਲਰ ਫਰੰਟ ਆਫ ਇੰਡੀਆ’ ਭਾਵ ਪੀਐੱਫਆਈ ’ਤੇ ਭਾਰਤ ਸਰਕਾਰ ਨੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਸੱਤ ਸੂਬਿਆਂ ’ਚ ਇਸ ਦੇ ਟਿਕਾਣਿਆਂ ’ਤੇ ਨਵੇਂ ਸਿਰੇ ਤੋਂ ਛਾਪੇਮਾਰੀ ਅਤੇ ਇਸ ਦੌਰਾਨ ਅਨੇਕ ਸ਼ੱਕੀ ਲੋਕਾਂ ਨੂੰ ਹਿਰਾਸਤ ’ਚ ਲੈਣ ਤੋਂ ਇਹੋ ਪਤਾ ਲੱਗਦਾ ਹੈ ਕਿ ਇਸ ਸੰਗਠਨ ਦਾ ਮੱਕੜਜਾਲ ਕਾਫ਼ੀ ਮਜ਼ਬੂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਇਕ ਦਰਜਨ ਰਾਜਾਂ ’ਚ ਇਸ ਜਥੇਬੰਦੀ ਦੇ ਟਿਕਾਣਿਆਂ ’ਤੇ ਐੱਨਆਈਏ ਅਤੇ ਈਡੀ ਦੇ ਛਾਪਿਆਂ ਦੌਰਾਨ ਸੌ ਤੋਂ ਵੱਧ ਲੋਕਾਂ ਨੂੰ ਫੜਿਆ ਗਿਆ ਸੀ। ਉਸ ਵੇਲੇ ਅਨੇਕ ਅਜਿਹੇ ਇਤਰਾਜ਼ਯੋਗ ਦਸਤਾਵੇਜ਼ ਮਿਲੇ ਸਨ, ਜੋ ਇਹੋ ਦੱਸਦੇ ਸਨ ਕਿ ਇਹ ਜਥੇਬੰਦੀ ਕਿਸੇ ਅੱਤਵਾਦੀ ਸੰਗਠਨ ਵਾਂਗ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ। ਅਜਿਹੇ ਸੰਗਠਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ–ਨਾਲ ਅਜਿਹੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਭਵਿੱਖ ’ਚ ਅਜਿਹੇ ਸਮੂਹ ਸਿਰ ਨਾ ਚੁੱਕ ਸਕਣ। ਪੀਐੱਫਆਈ ਬਾਰੇ ਪਿਛਲੇ ਲੰਮੇ ਸਮੇਂ ਤੋਂ ਨਾ ਸਿਰਫ਼ ਇਹ ਕਿਹਾ ਜਾ ਰਿਹਾ ਹੈ ਕਿ ਇਹ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ‘ਸਿਮੀ’ (ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ) ਦਾ ਇਕ ਨਵਾਂ ਰੂਪ ਹੈ ਸਗੋਂ ਇਹ ਵੀ ਕਿ ਇਹ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਅੱਤਵਾਦੀ ਹਰਕਤਾਂ ਤੋਂ ਇਲਾਵਾ ਹੋਰ ਕੁਝ ਨਹੀਂ ਆਖਿਆ ਜਾ ਸਕਦਾ। ਹੈਰਾਨੀ ਹੈ ਕਿ ਅਜਿਹੇ ਸੰਗੀਨ ਦੋਸ਼ਾਂ ਨਾਲ ਦੋ–ਚਾਰ ਹੋਣ ਤੋਂ ਬਾਅਦ ਵੀ ਉਸ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਉਹ ਵੀ ਉਦੋਂ ਜਦੋਂ ਵਾਰ–ਵਾਰ ਉਸ ਦੇ ਮੈਂਬਰਾਂ ਬਾਰੇ ਅਜਿਹੇ ਤੱਥ ਸਾਹਮਣੇ ਆਉਂਦੇ ਰਹੇ ਕਿ ਉਹ ਦੇਸ਼ ਨੂੰ ਅਸਥਿਰ ਤੇ ਅਸ਼ਾਂਤ ਕਰਨ ਦੀਆਂ ਸਾਜ਼ਿਸ਼ਾਂ ’ਚ ਸ਼ਾਮਲ ਹਨ। ਪੀਐੱਫਆਈ ਦੇ ਲੋਕ ਨਾ ਸਿਰਫ਼ ਵਿਦੇਸ਼ਾਂ ਤੋਂ ਨਾਜਾਇਜ਼ ਢੰਗ ਨਾਲ ਧਨ ਇਕੱਠਾ ਕਰ ਰਹੇ ਸਨ ਸਗੋਂ ਉਸ ਦੀ ਵਰਤੋਂ ਕੱਟੜਤਾ, ਅੱਤਵਾਦ ਤੇ ਵੱਖਵਾਦ ਨੂੰ ਹਵਾ ਦੇਣ ’ਚ ਕਰ ਰਹੇ ਸਨ। ਹੁਣ ਤਾਂ ਇਹ ਵੀ ਸਪੱਸ਼ਟ ਹੈ ਕਿ ਇਸ ਜਥੇਬੰਦੀ ਵੱਲੋਂ ਦੂਜੇ ਫਿਰਕਿਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਨਾਲ ਸਮਾਜਿਕ ਤਾਣੇ–ਬਾਣੇ ਅਤੇ ਕਾਨੂੰਨ ਤੇ ਵਿਵਸਥਾ ਸਾਹਵੇਂ ਗੰਭੀਰ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਸਨ। ਹਿੰਦੂ–ਫ਼ੋਬੀਆ ਭਾਵ ਹਿੰਦੂਆਂ ਨੂੰ ਖ਼ਤਰਾ ਦੱਸ ਕੇ ਉਨ੍ਹਾਂ ਨੂੰ ਇਕ ਹਊਏ ਦੇ ਰੂਪ ’ਚ ਪੇਸ਼ ਕਰਨਾ ਕੋਈ ਨਵੀਂ ਤੇ ਅਨੋਖੀ ਗੱਲ ਨਹੀਂ। ਪਾਪੂਲਰ ਫਰੰਟ ਆਫ ਇੰਡੀਆ ਅਜਿਹੀਆਂ ਕਾਰਵਾਈਆਂ ਕਰ ਕੇ ਪਾਕਿਸਤਾਨ ਦੀ ਬਦਨਾਮ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਵਿਸ਼ਵ ਦੇ ਹੋਰ ਕੱਟੜ ਇਸਲਾਮਿਕ ਸੰਗਠਨਾਂ ਦੇ ਹੱਥਾਂ ’ਚ ਖੇਡ ਰਿਹਾ ਸੀ। ਇਸੇ ਨੀਤੀ ਤਹਿਤ ਹਿੰਦੂ ਭਾਈਚਾਰੇ ਖ਼ਿਲਾਫ਼ ਵਿਸ਼ਵ ਪੱਧਰ ’ਤੇੇ ਜ਼ਹਿਰ ਉਗਲਿਆ ਜਾ ਰਿਹਾ ਸੀ। ਇਸ ਦੀ ਤਾਜ਼ਾ ਮਿਸਾਲ ਹੈ ਇੰਗਲੈਂਡ ਦੇ ਸ਼ਹਿਰ ਲੈਸਟਰ ’ਚ ਹੋਈ ਹਿੰਦੂ ਵਿਰੋਧੀ ਹਿੰਸਾ। ਲੈਸਟਰ ਤੋਂ ਬਾਅਦ ਬਰਮਿੰਘਮ ’ਚ ਵੀ ਹਿੰਦੂ–ਵਿਰੋਧੀ ਸਨਕ ਦੀ ਝਲਕ ਮਿਲੀ। ਧਿਆਨ ਰਹੇ ਕਿ ਕੈਨੇਡਾ ਤੇ ਅਮਰੀਕਾ ’ਚ ਵੀ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਜੋ ਇਹ ਬਿਆਨ ਕਰਦੀਆਂ ਹਨ ਕਿ ਕਈ ਆਲਮੀ ਤਾਕਤਾਂ ਹਿੰਦੂ–ਫ਼ੋਬੀਆ ਨੂੰ ਤਾਕਤ ਦੇਣ ’ਚ ਲੱਗੀਆਂ ਹੋਈਆਂ ਹਨ। ਕੁਝ ਸਮਾਂ ਪਹਿਲਾਂ ਇਸ ਦੇ ਸੰਕੇਤ ਉਦੋਂ ਮਿਲੇ ਸਨ ਜਦੋਂ ਗਿਆਨਵਾਪੀ ਮਾਮਲਾ ਹਾਲੇ ਉੱਠਿਆ ਹੀ ਸੀ। ਉਸ ਵੇਲੇ ਪਾਕਿਸਤਾਨ ਅਤੇ ਹੋਰ ਦੇਸ਼ਾਂ ’ਚ ਸਰਗਰਮ ਭਾਰਤ–ਵਿਰੋਧੀ ਤਾਕਤਾਂ ਨੇ ਹਿੰਦੂ–ਫ਼ੋਬੀਆ ਫੈਲਾਉਣ ਦਾ ਕੰਮ ਇੱਕਜੁੱਟ ਹੋ ਕੇ ਕੀਤਾ ਸੀ। ਇਸ ਜਥੇਬੰਦੀ ਵਿਰੁੱਧ ਜਿੰਨੇ ਵੀ ਤੇ ਜਿਹੋ ਜਿਹੇ ਵੀ ਸਬੂਤ ਮਿਲ ਚੁੱਕੇ ਹਨ, ਉਨ੍ਹਾਂ ਨੂੰ ਵੇਖਦਿਆਂ ਉਸ ’ਤੇ ਪਾਬੰਦੀ ਲਾਉਣ ਦੀ ਦਿਸ਼ਾ ’ਚ ਕਦਮ ਚੁੱਕੇ ਜਾਣੇ ਵਾਜਿਬ ਲੱਗਦੇ ਹਨ।

Posted By: Jagjit Singh