-ਸਚਿਨ ਪਾਇਲਟ

ਕੋਵਿਡ ਇਸ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਅਸੀਂ ਕਿਸੇ ਤਰ੍ਹਾਂ ਇਸ ਮਹਾਮਾਰੀ ਦੀ ਪਹਿਲੀ ਲਹਿਰ ’ਚੋਂ ਨਿਕਲੇ ਹੀ ਸਾਂ ਕਿ ਉਸ ਦੀ ਦੂਜੀ ਲਹਿਰ ਨੇ ਦਸਤਕ ਦੇ ਕੇ ਦਹਿਸ਼ਤ ਫੈਲਾ ਦਿੱਤੀ ਹੈ। ਪਹਿਲੀ ਲਹਿਰ ਵਿਚ ਜਿੱਥੇ ਨੰਗੇ ਪੈਰ ਪਲਾਇਨ ਕਰਦੇ ਮਜ਼ਦੂਰਾਂ ਦੀਆਂ ਦਰਦਨਾਕ ਆਮ ਰਹੀਆਂ ਤਾਂ ਇਸ ਦੂਜੀ ਲਹਿਰ ਨੇ ਸਾਡੀਆਂ ਪ੍ਰਸ਼ਾਸਕੀ ਸਮਰੱਥਾਵਾਂ ਅਤੇ ਮੁੱਢਲੇ ਢਾਂਚੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਫਿਰ ਵੀ ਰਾਹਤ ਦੀ ਕੋਈ ਰਾਹ ਨਹੀਂ ਦਿਸ ਰਹੀ। ਸਦਮੇ ਸਹਾਰ ਚੁੱਕੇ ਪਰਿਵਾਰ ਅਜੇ ਵੀ ਇਸ ਇਨਫੈਕਸ਼ਨ ਕਾਰਨ ਖ਼ੌਫ਼ਜ਼ਦਾ ਹਨ।

ਬੱਚੇ, ਬੁੱਢੇ ਅਤੇ ਜਵਾਨਾਂ ਦੇ ਇਲਾਵਾ ਟੀਕਾ ਲਗਵਾ ਚੁੱਕੇ ਲੋਕ ਵੀ ਇਸ ਮਹਾਮਾਰੀ ਦੇ ਕਹਿਰ ਤੋਂ ਬਚ ਨਹੀਂ ਸਕੇ। ਸ਼ਮਸ਼ਾਨਾਂ ਤੋਂ ਲੈ ਕੇ ਕਬਰਿਸਤਾਨਾਂ ਦੀਆਂ ਤਸਵੀਰਾਂ ਇਸ ਆਫ਼ਤ ਦੀ ਭਿਆਨਕਤਾ ਨੂੰ ਬਿਆਨ ਕਰ ਰਹੀਆਂ ਹਨ। ਦਰਿਆਵਾਂ ਵਿਚ ਰੁੜ੍ਹ ਰਹੀਆਂ ਲਾਸ਼ਾਂ ਭਿਆਨਕ ਮੰਜ਼ਰ ਪੇਸ਼ ਕਰ ਰਹੀਆਂ ਹਨ। ਤਵਾਰੀਖ਼ ਨੇ ਅਜਿਹਾ ਅਕਹਿ ਅਤੇ ਅਸਹਿ ਦੁਖਾਂਤ ਨਹੀਂ ਸੀ ਵੇਖਿਆ।

ਇਸ ਦੇ ਬਾਵਜੂਦ ਤਮਾਮ ਗੁਮਨਾਮ ਭਾਰਤੀ ਨਾਇਕ ਪੂਰੀ ਤਨਦੇਹੀ ਨਾਲ ਮੋਰਚੇ ’ਤੇ ਡਟੇ ਹੋਏ ਹਨ। ਇਨ੍ਹਾਂ ਵਿਚ ਸਿਹਤ ਕਰਮੀਆਂ ਤੋਂ ਲੈ ਕੇ ਸਾਫ਼-ਸਫ਼ਾਈ ਦਾ ਕੰਮ ਕਰ ਰਹੇ ਕਾਮੇ, ਆਕਸੀਜਨ ਟੈਂਕਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਵਾਲੇ ਅਤੇ ਸ਼ਮਸ਼ਾਨਘਾਟਾਂ ਵਿਚ ਸਰਗਰਮ ਲੋਕਾਂ ਤਕ ਪਤਾ ਨਹੀਂ ਕਿੰਨੇ ਤਬਕੇ ਸ਼ਾਮਲ ਹਨ। ਇਸ ਪੂਰੇ ਵਰਤਾਰੇ ਵਿਚ ਜਵਾਬਦੇਹੀ ਦੇ ਪੱਧਰ ’ਤੇ ਸੁਭਾਵਿਕ ਤੌਰ ’ਤੇ ਨਾਕਾਮੀ ਦਿਖਾਈ ਦਿੱਤੀ ਹੈ। ਕਿਸੇ ਲੋਕਤੰਤਰ ਵਿਚ ਜਵਾਬਦੇਹੀ ਨੂੰ ਸਿਰਫ਼ ਚੋਣਾਂ ਨਾਲ ਹੀ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਜਵਾਬਦੇਹੀ ਤਾਂ ਅਸਲ ਵਿਚ ਇਕ ਰੋਜ਼ਾਨਾ ਪ੍ਰਕਿਰਿਆ ਹੈ। ਇਹ ਤਾਂ ਸੋਮਿਆਂ ਦੀ ਅਖੰਡਤਾ ਨਾਲ ਤੈਅ ਹੁੰਦੀ ਹੈ। ਅਦਾਲਤਾਂ, ਲੋਕ ਸੇਵਕ, ਸੰਪਾਦਕ ਅਤੇ ਸੁਤੰਤਰ ਮੀਡੀਆ ਇਹ ਯਕੀਨੀ ਬਣਾਵੇ ਕਿ ਸਰਕਾਰੀ ਨੀਤੀਆਂ ਅਤੇ ਕਦਮ ਜਨਤਕ ਭਲਾਈ ਦੇ ਟੀਚੇ ਪ੍ਰਤੀ ਜਵਾਬਦੇਹ ਰਹਿਣ। ਜਨਤਕ ਜੀਵਨ ਵਿਚ ਜਵਾਬਦੇਹੀ ਇਕ ਨੈਤਿਕ ਜ਼ਿੰਮੇਵਾਰੀ ਹੈ ਜੋ ਅੰਤਰ-ਆਤਮਾ ਅਤੇ ਆਤਮ-ਵਿਸ਼ਲੇਸ਼ਣ ਤੋਂ ਪ੍ਰਭਾਵਿਤ ਹੁੰਦੀ ਹੈ।

ਬੇਸ਼ੱਕ ਆਜ਼ਾਦੀ ਤੋਂ ਬਾਅਦ ਦੇਸ਼ ਨੇ ਕਈ ਖੇਤਰਾਂ ਵਿਚ ਖ਼ੂਬ ਤਰੱਕੀ ਕੀਤੀ ਹੈ ਪਰ ਸਿਹਤ ਢਾਂਚੇ ਵਿਚ ਕਈ ਖਾਮੀਆਂ ਰਹਿ ਗਈਆਂ ਹਨ। ਟੀਕਾਕਰਨ ਮੁਹਿੰਮ ਇਸ ਦੀ ਗਵਾਹੀ ਭਰਦੀ ਹੈ। ਅਣਕਿਆਸੀ ਗਤੀ ਨਾਲ ਵੈਕਸੀਨ ਵੰਡਣ ਦੇ ਬਾਵਜੂਦ ਸਾਡਾ ਪ੍ਰਸ਼ਾਸਕੀ, ਆਰਥਿਕ ਅਤੇ ਸਰਕਾਰੀ ਢਾਂਚਾ ਟੀਕਾਕਰਨ ਮੁਹਿੰਮ ਨੂੰ ਉਮੀਦ ਮੁਤਾਬਕ ਗਤੀ ਨਹੀਂ ਦੇ ਸਕਿਆ ਹੈ। ਇੰਨਾ ਹੀ ਨਹੀਂ, ਮਹਾਮਾਰੀ ਦੌਰਾਨ ਜਦ ਵਾਇਰਸ ਦੇ ਨਵੇਂ ਰੂਪ ਸਾਡੇ ਦੇਸ਼ ਦੀਆਂ ਹੱਦਾਂ-ਸਰਹੱਦਾਂ ਵਿਚ ਵੜੇ ਤਾਂ ਉਨ੍ਹਾਂ ਦੀ ਵੀ ਅਣਦੇਖੀ ਕੀਤੀ ਗਈ।

ਪਹਿਲੀ ਲਹਿਰ ਦੇ ਸ਼ਾਂਤ ਪੈਣ ਤੋਂ ਬਾਅਦ ਸਰਕਾਰ ਨੇ ਸੋਚਿਆ ਕਿ ਉਸ ਨੇ ਇਸ ਲਹੂ ਪੀਣੇ ਦਾਨਵ ਤੋਂ ਮੁਕਤੀ ਪਾ ਲਈ ਹੈ। ਅਸੀਂ ਭੁੱਲ ਗਏ ਕਿ ਅਜਿਹੇ ਦਾਨਵ ਦਾ ਇਕ ਸਿਰ ਕੱਟ ਦਿੱਤਾ ਜਾਵੇ ਤਾਂ ਉਸ ਦਾ ਦੂਜਾ ਸਿਰ ਨਿਕਲ ਆਉਂਦਾ ਹੈ। ਜਿਸ ਦੌਰ ਵਿਚ ਸਾਨੂੰ ਮਹਾਮਾਰੀ ਨਾਲ ਨਜਿੱਠਣ ਲਈ ਵਿਆਪਕ ਪੱਧਰ ’ਤੇ ਤਿਆਰੀ ਕਰਨੀ ਚਾਹੀਦੀ ਸੀ, ਉਸ ਦੌਰਾਨ ਅਸੀਂ ਜਿੱਤ ਦੇ ਝੂਠੇ ਦੰਭ ਵਿਚ ਡੁੱਬੇ ਰਹੇ।

ਇਸ ਦੌਰਾਨ ਪੰਜ ਸੂਬਿਆਂ ਵਿਚ ਚੋਣਾਂ ਹੋਈਆਂ ਅਤੇ ਵੱਡੇ ਪੈਮਾਨੇ ’ਤੇ ਧਾਰਮਿਕ ਇਕੱਠ ਵੀ ਹੋਏ। ਚੋਣਾਂ ਦੇ ਅਖ਼ੀਰਲੇ ਗੇੜ ਵਿਚ ਸਿਆਸੀ ਪਾਰਟੀਆਂ ਨੇ ਥੋੜ੍ਹੀ-ਬਹੁਤ ਸਿਆਣਪ ਤੋਂ ਕੰਮ ਲੈਂਦਿਆਂ ‘ਵਰਚੂਅਲ’ ਰੈਲੀਆਂ ਕੀਤੀਆਂ ਜੋ ਪਹਿਲਾਂ ਵੀ ਹੋ ਸਕਦੀਆਂ ਸਨ। ਇਹ ਇਕੱਠ ਇਨਫੈਕਸ਼ਨ ਨੂੰ ਕਈ ਗੁਣਾ ਵਧਾਉਣ ਵਾਲੇ ਸਾਬਿਤ ਹੋਏ। ਇਨ੍ਹਾਂ ਨੇ ਭਾਰਤ ਨੂੰ ਕੋਰੋਨਾ ਦੇ ਨਵੇਂ ਅਤੇ ਖ਼ਤਰਨਾਕ ਵੇਰੀਐਂਟਸ ਦੀ ਪ੍ਰਯੋਗਸ਼ਾਲਾ ਵਿਚ ਬਦਲ ਦਿੱਤਾ। ਫ਼ਿਲਹਾਲ ਜਾਨ-ਮਾਲ ਦੇ ਜਾਰੀ ਭਾਰੀ ਨੁਕਸਾਨ ਦੇ ਬਾਵਜੂਦ ਆਉਣ ਵਾਲੇ ਮਹੀਨਿਆਂ ਵਿਚ ਹੋਰ ਭਿਆਨਕ ਮੰਜ਼ਰ ਨਜ਼ਰ ਆਉਣ ਵਾਲਾ ਹੈ। ਤਮਾਮ ਲੋਕ ਗਰੀਬੀ ਅਤੇ ਭੁੱਖਮਰੀ ਦੇ ਸ਼ਿਕਾਰ ਹੋਣਗੇ ਅਤੇ ਕਿਸਮ-ਕਿਸਮ ਦੀਆਂ ਹੋਰ ਬਿਮਾਰੀਆਂ ਦੀ ਲਪੇਟ ਵਿਚ ਆ ਜਾਣਗੇ। ਅਜਿਹੇ ਵਿਚ ਕੌਮੀ-ਸੂਬਾਈ ਅਤੇ ਸਥਾਨਕ ਪ੍ਰਸ਼ਾਸਨ ਦੇ ਹਰੇਕ ਪੱਧਰ ’ਤੇ ਕਿਸੇ ਸੁਚੱਜੀ ਅਤੇ ਤਾਲਮੇਲ ਵਾਲੀ ਰਣਨੀਤੀ ਦੀ ਘਾਟ ਵਿਚ ਮਹਮਾਰੀ ਦੇ ਤਕੜੇ ਝਟਕੇ ਮਹਿਸੂਸ ਕੀਤੇ ਜਾਣਗੇ, ਜਿਨ੍ਹਾਂ ਨੂੰ ਕਈ ਪੀੜ੍ਹੀਆਂ ਚੇਤੇ ਰੱਖਣਗੀਆਂ।

ਸਾਡੀਆਂ ਸਰਕਾਰਾਂ ਦੇ ਤਿੰਨੇ ਪੱਧਰਾਂ ਦੀਆਂ ਆਪਣੀਆਂ ਖ਼ੂਬੀਆਂ, ਸੋਮੇ ਅਤੇ ਪਹੁੰਚ ਦੀ ਤਾਕਤ ਹੈ। ਉਨ੍ਹਾਂ ਵਿਚਾਲੇ ਤਾਲਮੇਲ ਦੀ ਘਾਟ ਸਦਕਾ ਹੀ ਮੌਜੂਦਾ ਸੰਕਟ ਇੰਨਾ ਵਿਕਰਾਲ ਹੋਇਆ ਹੈ। ਵੱਖ-ਵੱਖ ਪੱਧਰਾਂ ’ਤੇ ਸਰਕਾਰਾਂ ਵਿਚਾਲੇ ਪਰਸਪਰ ਵਿਸ਼ਵਾਸ ਨਾਗਰਿਕਾਂ ਦਾ ਆਪਣੀਆਂ ਸਰਕਾਰਾਂ ਵਿਚ ਭਰੋਸਾ ਬਹਾਲ ਕਰਨ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ।

ਸਪਸ਼ਟ, ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਸੰਵਾਦ ਇਸ ਵਕਤ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਨਾਲ ਭਰੋਸਾ ਬਹਾਲ ਹੋਣ ਦੇ ਨਾਲ-ਨਾਲ ਅਫ਼ਵਾਹਾਂ ਅਤੇ ਕੂੜ-ਪ੍ਰਚਾਰ ’ਤੇ ਵੀ ਵਾਰ ਹੋਵੇਗਾ। ਇਹ ਵੇਲਾ ਸੱਚ ਨੂੰ ਸਵੀਕਾਰਨ ਅਤੇ ਹਮਦਰਦੀ ਦਿਖਾਉਣ ਦਾ ਹੈ। ਅਜਿਹੇ ਵਿਚ ਸਰਕਾਰ ਨੂੰ ਨੁਕਤਾਚੀਨੀਆਂ ਦੇ ਸੁਰਾਂ ’ਤੇ ਵਾਰ ਕਰਨ ਦੀ ਥਾਂ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਓਥੇ ਹੀ ਇੰਟਰਨੈੱਟ ਮੀਡੀਆ ਮੰਚ ਵੀ ਪਰੇਸ਼ਾਨੀਆਂ ਵਧਾਉਣ ਦੀ ਥਾਂ ਉਪਯੋਗੀ ਜਾਣਕਾਰੀਆਂ ਅੱਗੇ ਵਧਾਉਣ। ਕਰੋੜਾਂ ਭਾਰਤੀਆਂ ਦੇ ਕਸ਼ਟ ਦੂਰ ਕਰਨ ਲਈ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਹੋਵੇਗਾ। ਇਹ ਸਮਾਂ ਵਿਗਿਆਨੀ ਰਾਸ਼ਟਰਵਾਦ ਦਾ ਨਹੀਂ ਹੈ। ਵਿਸ਼ਵ ਪੱਧਰੀ ਚੁਣੌਤੀ ਇਹੀ ਮੰਗ ਕਰਦੀ ਹੈ ਕਿ ਅਸੀਂ ਸੋਮਿਆਂ ਨੂੰ ਸਾਂਝੇ ਕਰੀਏ।

ਨਾਲ ਹੀ ਰਾਸ਼ਟਰੀ ਸੋਮਿਆਂ ਦਾ ਇਸਤੇਮਾਲ ਮਹਾਮਾਰੀ ਸਬੰਧੀ ਸਪਲਾਈ ਅਤੇ ਸਾਜ਼ੋ-ਸਾਮਾਨ ਲਈ ਕੀਤਾ ਜਾਵੇ। ਜਨਤਕ ਖੇਤਰ ਦੇ ਅਦਾਰਿਆਂ ਨੇ ਦੇਰ ਨਾਲ ਹੀ ਸਹੀ ਪਰ ਆਕਸੀਜਨ ਦੀ ਸਪਲਾਈ ਵਧਾਈ ਹੈ ਪਰ ਅਜੇ ਵੀ ਕਾਫ਼ੀ ਕੁਝ ਕੀਤਾ ਜਾਣਾ ਬਾਕੀ ਹੈ। ਕੌਮਾਂਤਰੀ ਪੱਧਰ ’ਤੇ ਸਾਨੂੰ ਮਹਾਮਾਰੀ ਨਾਲ ਜੁੜੀਆਂ ਦਵਾਈਆਂ ਦੇ ਪੇਟੈਂਟ ਰੱਦ ਕਰਨ ਨੂੰ ਲੈ ਕੇ ਦਬਾਅ ਬਣਾਈ ਰੱਖਣਾ ਹੋਵੇਗਾ।

ਕੌਮਾਂਤਰੀ ਭਾਈਚਾਰਾ ਇਸ ਮੁਸ਼ਕਲ ਦੀ ਘੜੀ ਵਿਚ ਸਾਡੇ ਵੱਲ ਮਦਦ ਦੇ ਹੱਥ ਵਧਾ ਰਿਹਾ ਹੈ ਜਿਸ ਦਾ ਸਾਨੂੰ ਪੂਰੀ ਮਾਣ-ਮਰਿਆਦਾ ਨਾਲ ਸਵਾਗਤ ਕਰਨਾ ਚਾਹੀਦਾ ਹੈ। ਅਸਲ ਵਿਚ ਇਹ ਸਮਾਂ ਮਾਨਵਤਾਵਾਦ ਦਾ ਹੈ। ਇਸ ਸਮੇਂ ਕਿਸੇ ਹੋਰ ਵਾਦ ਦੇ ਚੱਕਰ ਵਿਚ ਨਹੀਂ ਪੈਣਾ ਚਾਹੀਦਾ। ਸੱਚ ਅਤੇ ਕਰੁਣਾ ਦੇ ਭਾਵ ਹੀ ਸਥਾਪਤ ਹੋਣੇ ਚਾਹੀਦੇ ਹਨ। ਸਾਰੇ ਕੰਮ ਨਿਰਸਵਾਰਥ ਭਾਵ ਅਤੇ ਬਿਨਾਂ ਕਿਸੇ ਪੱਖਪਾਤ ਦੇ ਹੀ ਕੀਤੇ ਜਾਣੇ ਚਾਹੀਦੇ ਹਨ। ਸਾਡੀ ਸਿਖਲਾਈ, ਸਾਡਾ ਤਜਰਬਾ ਅਤੇ ਸਾਡਾ ਕੌਸ਼ਲ ਰਾਸ਼ਟਰ ਦੇ ਕੰਮ ਆਉਣਾ ਚਾਹੀਦਾ ਹੈ। ਉਸ ਨੂੰ ਕਿਸੇ ਸਰਕਾਰੀ ਵਿਭਾਗ, ਸੰਗਠਨ ਜਾਂ ਵਿਚਾਰਕ ਝਮੇਲੇ ਵਿਚ ਨਾ ਉਲਝਣ ਦਿੱਤਾ ਜਾਵੇ। ਸਾਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੀ ਕਥਨੀ-ਕਰਨੀ ਵਿਚ ਗਰਿਮਾ, ਕਰੁਣਾ ਅਤੇ ਹਮਦਰਦੀ ਵਰਗੇ ਭਾਵ ਪ੍ਰਤੱਖ ਦਿਸਣ। ਮਹਾਮਾਰੀ ’ਤੇ ਜਿੱਤ ਅਤੇ ਰਾਸ਼ਟਰ ਦੀ ਛਲਣੀ ਹੋਈ ਆਤਮਾ ਨੂੰ ਆਸਾਨੀ ਨਾਲ ਢਾਰਸ ਨਹੀਂ ਬੰਨ੍ਹ ਸਕੇਗਾ।

ਇਸ ਦੇ ਲਈ ਤਿੰਨ ਪੱਧਰੀ ਰਣਨੀਤੀ ਬਣਾਉਣੀ ਹੋਵੇਗੀ। ਇਕ ਤਾਂ ਵਿਆਪਕ ਪੱਧਰ ’ਤੇ ਟੀਕਾਕਰਨ ਕਰਨਾ ਹੋਵੇਗਾ। ਦੂਜਾ, ਹੈਲਥਕੇਅਰ ਨਾਲ ਸਬੰਧਤ ਮੁੱਢਲੇ ਢਾਂਚੇ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਤੀਜਾ, ਸਿਹਤ ਨਾਲ ਜੁੜੇ ਵਿਤਰਣ ਤੰਤਰ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਹਰੇਕ ਵਿਅਕਤੀ ਤਕ ਸਿਹਤ ਸਹੂਲਤਾਂ ਪਹੁੰਚਾਉਣ ਦੇ ਰਾਹ ਵਿਚ ਆਉਣ ਵਾਲੇ ਸਾਰੇ ਅੜਿੱਕਿਆਂ ਨੂੰ ਦੂਰ ਕਰਨਾ ਹੋਵੇਗਾ। ਟੀਕਾਕਰਨ ਵਿਚ ਡਾਕਘਰਾਂ ਅਤੇ ਸਮੁਦਾਇਕ ਸੇਵਾ ਕੇਂਦਰਾਂ ਦੇ ਨੈੱਟਵਰਕ ਦਾ ਲਾਭ ਲਿਆ ਜਾਣਾ ਚਾਹੀਦਾ ਹੈ।

ਜ਼ਰੂਰਤਮੰਦਾਂ ਨੂੰ ਨਕਦ ਵਿੱਤੀ ਸਹਾਇਤਾ ਮੁਹੱਈਆ ਕਰਵਾਓ। ਉਨ੍ਹਾਂ ਇਲਾਜ ਪ੍ਰਣਾਲੀਆਂ ਨੂੰ ਅਪਣਾਇਆ ਜਾਵੇ ਜਿਨ੍ਹਾਂ ਨਾਲ ਇਸ ਮਹਾਮਾਰੀ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ ਹੋਵੇ। ਇਸ ਦੌਰ ਵਿਚ ਸਾਡੀ ਕੌਮੀ ਲੀਡਰਸ਼ਿਪ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ। ਮੱਤਭੇਦਾਂ ਨੂੰ ਇਕ ਪਾਸੇ ਰੱਖ ਕੇ ਇਕਜੁੱਟ ਹੋ ਕੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਹ ਸਮਾਂ ਸਿਵਿਆਂ ’ਤੇ ਰੋਟੀਆਂ ਸੇਕਣ ਦਾ ਨਹੀਂ ਹੈ।

ਮਨੁੱਖਤਾ ਨੂੰ ਦਰਪੇਸ਼ ਭਾਰੀ ਆਫ਼ਤ ਨਾਲ ਸਾਂਝੇ ਹੰਭਲੇ ਨਾਲ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਰਾਜਨੀਤਕ ਅਤੇ ਵਿਚਾਰਕ ਸਬੰਧਾਂ ਤੋਂ ਉੱਪਰ ਉੱਠ ਕੇ ਇਸ ਸੰਕਟ ਦੇ ਹੱਲ ਦਾ ਤਹੱਈਆ ਕਰਨਾ ਚਾਹੀਦਾ ਹੈ। ਕੋਈ ਵਿਅਕਤੀ ਜਾਂ ਸੰਗਠਨ ਇਹ ਮੁਸ਼ਕਲ ਕੰਮ ਇਕੱਲਿਆਂ ਹੀ ਕਰਨ ਦੇ ਸਮਰੱਥ ਨਹੀਂ ਹੈ। ਇਹ ਗੱਲ ਸਭਨਾਂ ਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਸਾਡੇ ਮੁਲਕ ਦੇ ਲੋਕਾਂ ਦਾ ਵਰਤਮਾਨ ਤੇ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ।

-(ਲੇਖਕ ਕਾਂਗਰਸ ਦਾ ਸੀਨੀਅਰ ਨੇਤਾ ਹੈ) -response0jagran.com

Posted By: Sunil Thapa