v>ਦੇਸ਼ ’ਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਕ ਦਿਨ ’ਚ ਕੇਸਾਂ ਦਾ ਅੰਕੜਾ ਚਾਰ ਲੱਖ ਨੂੰ ਪਾਰ ਕਰ ਗਿਆ ਹੈ। ਇੱਕੋ ਇਕ ਚੰਗੀ ਖ਼ਬਰ ਮੁੰਬਈ ਤੋਂ ਹੈ ਜਿੱਥੇ ਕੋਰੋਨਾ ਤੇਜ਼ੀ ਨਾਲ ਘੱਟ ਰਿਹਾ ਹੈ। ਸੁਪਰੀਮ ਕੋਰਟ ਨੇ ਵੀ ਹਾਲ ਹੀ ’ਚ ਇਸ ਨੂੰ ਲੈ ਕੇ ਮਹਾਰਾਸ਼ਟਰ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਦਿੱਲੀ ਸਮੇਤ ਹੋਰ ਸ਼ਹਿਰਾਂ ਨੂੰ ਇਸ ’ਤੇ ਅਮਲ ਕਰਨ ਲਈ ਕਿਹਾ ਸੀ। ਮਰੀਜ਼ਾਂ ਨੂੰ ਉੱਥੇ ਹਸਪਤਾਲ ਪਹੁੰਚਾਉਣ ਦੀ ਬਜਾਏ ਉਨ੍ਹਾਂ ਦੇ ਘਰੇ ਜਾ ਕੇ ਇਲਾਜ ਕੀਤਾ ਗਿਆ। ਇਹੀ ਇਸ ਬਿਮਾਰੀ ਨੂੰ ਨੱਥ ਪਾਉਣ ਦਾ ਸਭ ਤੋਂ ਵੱਡਾ ਕਾਰਨ ਹੈ। ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਨੇ ਇਸ ਲਈ ‘ਵਾਰਡ ਵਾਰ ਰੂਮ’ ਬਣਾਇਆ ਜੋ ਸਭ ਕੁਝ ਕੰਟਰੋਲ ਕਰਦਾ ਹੈ। ਦਰਅਸਲ, ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੀ ਮੁੰਬਈ ’ਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਸੀ। ਦਸ ਫਰਵਰੀ ਤਕ ਸ਼ਹਿਰ ’ਚ ਕੁੱਲ 3 ਲੱਖ 13 ਹਜ਼ਾਰ ਕੇਸ ਸਨ ਅਤੇ 76 ਦਿਨਾਂ ’ਚ ਇਹ ਗਿਣਤੀ 6 ਲੱਖ 22 ਹਜ਼ਾਰ ਤਕ ਪਹੁੰਚ ਗਈ ਸੀ। ਉੱਥੇ ਮੌਤ ਦਰ 0.04% ਹੈ। ਇਹ ਦੁਨੀਆ ’ਚ ਸਭ ਤੋਂ ਘੱਟ ਹੈ। ਹਸਪਤਾਲਾਂ ’ਚ ਪਰੇਸ਼ਾਨੀ ਰੋਕਣ ਲਈ 9 ਹਜ਼ਾਰ ਬਿਸਤਰੇ ਤਿਆਰ ਕਰ ਕੇ 60 ਫ਼ੀਸਦੀ ਮਰੀਜ਼ਾਂ ਨੂੰ ਆਕਸੀਜਨ ਦੀ ਸਹੂਲਤ ਨਾਲ ਜੋੜਿਆ ਗਿਆ। ਮੁੰਬਈ ਦੇ 35 ਵੱਡੇ ਅਤੇ 100 ਛੋਟੇ ਹਸਪਤਾਲਾਂ ਦੇ 80 ਫ਼ੀਸਦੀ ਬਿਸਤਰੇ ਨਗਰ ਨਿਗਮ ਕੰਟਰੋਲ ਕਰਦਾ ਹੈ। ਹਸਪਤਾਲਾਂ ’ਚ ਸੇਵਾਵਾਂ ਦੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। ਵਾਰ ਰੂਮ ਤੋਂ ਹੀ ਸਾਰੇ ਬੈੱਡਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਸ ਪ੍ਰਣਾਲੀ ਨਾਲ ਪਿਛਲੇ ਸਾਲ ਜੂਨ ਤੋਂ ਹੁਣ ਤਕ 6 ਲੱਖ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮਿਲ ਚੁੱਕੀ ਹੈ। ਮੁੰਬਈ ’ਚ ਰੋਜ਼ਾਨਾ 40 ਤੋਂ 50 ਹਜ਼ਾਰ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਦਿੱਲੀ ਵਿਚ ਲਗਪਗ 15 ਦਿਨਾਂ ਤੋਂ ਆਕਸੀਜਨ ਨੂੰ ਲੈ ਕੇ ਦਿੱਲੀ ਤੇ ਕੇਂਦਰ ਸਰਕਾਰ ਵਿਚਾਲੇ ਇਕ-ਦੂਜੇ ’ਤੇ ਦੋਸ਼ ਮੜ੍ਹਨ ਦਾ ਸਿਲਸਿਲਾ ਜਾਰੀ ਹੈ। ਸੁਪਰੀਮ ਕੋਰਟ ਦੇ ਦਖ਼ਲ ਦੇ ਬਾਵਜੂਦ ਅਜੇ ਤਕ ਦਿੱਲੀ ਨੂੰ ਲੋੜੀਂਦੀ ਆਕਸੀਜਨ ਸਪਲਾਈ ਨਹੀਂ ਮਿਲ ਰਹੀ। ਆਖ਼ਰ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਉਹ ਦਿੱਲੀ ਨੂੰ ਪੂਰੀ ਆਕਸੀਜਨ ਸਪਲਾਈ ਦੇਵੇ। ਦੇਖਿਆ ਜਾਵੇ ਤਾਂ ਮੁੰਬਈ ਵਿਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਇਕ ਸਿਸਟਮ ਤਹਿਤ ਕੰਮ ਹੋਇਆ ਹੈ। ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਆਕਸੀਜਨ ਸਪਲਾਈ ਦਾ ਪ੍ਰਬੰਧ ਕੇਂਦਰੀਕ੍ਰਿਤ ਕੀਤਾ ਗਿਆ। ਮਰੀਜ਼ਾਂ ਨੂੰ ਪਹਿਲਾਂ ਸਿਲੰਡਰ ’ਚੋਂ ਆਕਸੀਜਨ ਦਿੱਤੀ ਜਾਂਦੀ ਸੀ। ਇਸ ’ਚ ਕਾਫ਼ੀ ਸਮਾਂ ਤੇ ਆਕਸੀਜਨ ਦੀ ਬਰਬਾਦੀ ਹੁੰਦੀ ਸੀ। ਸਾਰੇ ਹਸਪਤਾਲਾਂ ਵਿਚ 13 ਤੋਂ 26 ਹਜ਼ਾਰ ਲੀਟਰ ਸਮਰੱਥਾ ਵਾਲੇ ਆਕਸੀਜਨ ਪਲਾਂਟ ਲਗਾਏ ਗਏ। ਜੇ ਆਕਸੀਜਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੀ ਸਮੇਂ ਸਿਰ ਹਸਪਤਾਲਾਂ ਵਿਚ ਛੋਟੇ ਆਕਸੀਜਨ ਪਲਾਂਟ ਲਗਾਏ ਹੁੰਦੇ ਤਾਂ ਇੰਨੀਆਂ ਜਾਨਾਂ ਨਾ ਜਾਂਦੀਆਂ। ਨਗਰ ਨਿਗਮ ਨੇ ਸਿਹਤ ਮਹਿਕਮੇ ਨਾਲ ਮਿਲ ਕੇ ਦਿਨ-ਰਾਤ ਕੰਮ ਕਰ ਕੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਵੀ ਕਰਵਾਇਆ। ਇਹੀ ਵਜ੍ਹਾ ਹੈ ਕਿ ਟੀਕਾਕਰਨ ’ਚ ਵੀ ਮੁੰਬਈ ਸਭ ਤੋਂ ਅੱਗੇ ਹੈ। ਨਾਲ ਹੀ ਮਾਸਕ ਨਾ ਲਗਾਉਣ ਵਾਲੇ 27 ਲੱਖ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਲੋਕਾਂ ਨੂੰ ਮਾਸਕ ਵੀ ਦਿੱਤੇ ਗਏ ਹਨ। ਇਨ੍ਹਾਂ ਕਦਮਾਂ ਸਦਕਾ ਮਰੀਜ਼ਾਂ ਦੀ ਗਿਣਤੀ ਨੂੰ ਨੱਥ ਪਈ ਹੈ। ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਦਾ ਕੋਰੋਨਾ ਨਾਲ ਲੜਨ ਦਾ ਤਰੀਕਾ ਕਾਫ਼ੀ ਪ੍ਰਭਾਵੀ ਹੈ। ਉਸ ਤਰੀਕੇ ਸਦਕਾ ਹੋਰ ਸ਼ਹਿਰ ਤੇ ਸੂਬੇ ਵੀ ਕੋਰੋਨਾ ਕਾਰਨ ਹੋ ਰਹੇ ਨੁਕਸਾਨ ਨੂੰ ਘਟਾ ਸਕਦੇ ਹਨ।

Posted By: Susheel Khanna