ਇਹ ਤੱਥ ਨਸ਼ਰ ਹੋਣ ’ਤੇ ਹੈਰਾਨੀ ਨਹੀਂ ਕਿ ਮੁੰਬਈ-ਅਹਿਮਦਾਬਾਦ ਰਾਜਮਾਰਗ ਦੇ ਸੌ ਕਿਲੋਮੀਟਰ ਦੇ ਦਾਇਰੇ ’ਚ ਇਸੇ ਸਾਲ ਹਾਦਸਿਆਂ ’ਚ 60 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਕਈ ਹੋਰ ਰਾਜਮਾਰਗਾਂ ਅਤੇ ਐਕਸਪ੍ਰੈੱਸ ਵੇਅਜ਼ ’ਤੇ ਇਹੋ ਸਥਿਤੀ ਹੈ। ਮੁੰਬਈ-ਅਹਿਮਦਾਬਾਦ ਰਾਜਮਾਰਗ ’ਤੇ ਹੋਣ ਵਾਲੇ ਹਾਦਸਿਆਂ ਸਬੰਧੀ ਜੋ ਤੱਥ ਸਾਹਮਣੇ ਆਏ ਹਨ, ਉਹ ਇਸੇ ਲਈ ਆਏ ਹਨ ਕਿਉਂਕਿ ਕੁਝ ਦਿਨ ਪਹਿਲਾਂ ਇਸੇ ਰਾਜਮਾਰਗ ’ਤੇ ਮੰਨੇ-ਪ੍ਰਮੰਨੇ ਕਾਰੋਬਾਰੀ ਸਾਇਰਸ ਮਿਸਤਰੀ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਇਨ੍ਹਾਂ ਦੋਵਾਂ ਦੀ ਮੌਤ ਤੋਂ ਬਾਅਦ ਇਸ ਜ਼ਰੂਰਤ ’ਤੇ ਤਾਂ ਜ਼ੋਰ ਦਿੱਤਾ ਗਿਆ ਕਿ ਕਾਰਾਂ ਦੀ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਉਣਾ ਲਾਜ਼ਮੀ ਕੀਤਾ ਜਾਵੇਗਾ ਅਤੇ ਜੋ ਇਸ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ’ਤੇ ਜੁਰਮਾਨਾ ਲਾਇਆ ਜਾਵੇਗਾ। ਇਹ ਵੀ ਸੱਚਾਈ ਹੈ ਕਿ ਰਾਜਮਾਰਗਾਂ ’ਚ ਨਿਰਮਾਣ ਸਬੰਧੀ ਖ਼ਾਮੀਆਂ ਨੂੰ ਦੂਰ ਕਰਨ ਦੀ ਜ਼ਰੂਰਤ ’ਤੇ ਲੋੜ ਮੁਤਾਬਕ ਧਿਆਨ ਨਹੀਂ ਦਿੱਤਾ ਗਿਆ। ਹੁਣ ਤਾਂ ਇਹ ਕੰਮ ਤਰਜੀਹ ਦੇ ਆਧਾਰ ’ਤੇ ਕੀਤਾ ਹੀ ਜਾਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਵੱਡੀ ਗਿਣਤੀ ’ਚ ਸੜਕੀ ਹਾਦਸੇ ਰਾਜਮਾਰਗਾਂ ਦੇ ਡਿਜ਼ਾਈਨ ’ਚ ਖ਼ਾਮੀ ਕਾਰਨ ਹੋ ਰਹੇ ਹਨ। ਇਸ ਕਾਰਨ ਹੀ ਜ਼ਿਆਦਾਤਰ ਰਾਜਮਾਰਗਾਂ ’ਤੇ ਬਹੁਤ ਜ਼ਿਆਦਾ ਹਾਦਸੇ ਵਾਪਰ ਰਹੇ ਹਨ। ਸਮੇਂ ਦੀ ਲੋੜ ਹੈ ਕਿ ਵੱਖ-ਵੱਖ ਰਾਜਮਾਰਗਾਂ ’ਤੇ ਅਜਿਹੇ ਹਾਦਸਿਆਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਦੀ ਪਛਾਣ ਕਰ ਕੇ ਇਨ੍ਹਾਂ ’ਚ ਜ਼ਰੂਰੀ ਤਬਦੀਲੀਆਂ ਕੀਤੀਆਂ ਜਾਣ ਕਿਉਂਕਿ ਸੜਕ ਹਾਦਸਿਆਂ ਤੇ ਇਨ੍ਹਾਂ ’ਚ ਨੁਕਸਾਨ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਤਾਜ਼ਾ ਅੰਕੜੇ ਇਹੋ ਕਹਿ ਰਹੇ ਹਨ ਕਿ ਭਾਰਤ ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਸਾਡੇ ਦੇਸ਼ ’ਚ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਲੋਕ ਸੜਕੀ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਇਹ ਗਿਣਤੀ ਇਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਨੀ ਚਾਹੀਦੀ ਹੈ ਕਿਉਂਕਿ ਭਾਰਤ ’ਚ ਹੋਰ ਤਮਾਮ ਦੇਸ਼ਾਂ ਦੇ ਮੁਕਾਬਲੇ ਕਿਤੇ ਘੱਟ ਵਾਹਨ ਹਨ। ਚੰਗਾ ਇਹ ਹੋਵੇਗਾ ਕਿ ਇਸ ਸੱਚ ਨੂੰ ਸਵੀਕਾਰ ਕੀਤਾ ਜਾਵੇ ਕਿ ਸਾਡੇ ਰਾਜਮਾਰਗਾਂ ਅਤੇ ਐਕਸਪ੍ਰੈੱਸ ਵੇਅ ਦੀ ਗੁਣਵੱਤਾ, ਡਿਜ਼ਾਈਨ ਤੇ ਉਨ੍ਹਾਂ ਦਾ ਰੱਖ-ਰਖਾਅ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਹੋਣਾ ਚਾਹੀਦਾ ਹੈ। ਰਹਿੰਦੀ-ਖੂੰਹਦੀ ਕਸਰ ਗ਼ੈਰ ਸਿੱਖਿਅਤ ਵਾਹਨ ਚਾਲਕਾਂ ਦੇ ਨਾਲ-ਨਾਲ ਆਵਾਜਾਈ ਦੇ ਨਿਯਮਾਂ ਦੀ ਅਣਦੇਖੀ, ਢੁੱਕਵੀਆਂ ਥਾਵਾਂ ’ਤੇ ਮਾਰਗ ਸੰਕੇਤਾਂ ਦੀ ਕਮੀ ਅਤੇ ਕਬਜ਼ੇ ਨੇ ਪੂਰੀ ਕਰ ਦਿੱਤੀ ਹੈ। ਇਕ ਅਜਿਹੇ ਸਮੇਂ ਜਦੋਂ ਦੇਸ਼ ’ਚ ਤੇਜ਼ ਰਫ਼ਤਾਰ ਅਤੇ ਉੱਚ ਸਮਰੱਥਾ ਵਾਲੇ ਵਾਹਨਾਂ ਦੀ ਗਿਣਤੀ ਵਧਦੀ ਚਲੀ ਜਾ ਰਹੀ ਹੈ ਤਾਂ ਰਾਜਮਾਰਗਾਂ ਦੀ ਗੁਣਵੱਤਾ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਡਿਜ਼ਾਈਨ ਨੂੰ ਬਿਹਤਰ ਬਣਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਹ ਸਮਝਣਾ ਮੁਸ਼ਕਲ ਹੈ ਕਿ ਨਵੇਂ ਰਾਜਮਾਰਗਾਂ ਦੇ ਡਿਜ਼ਾਈਨ ’ਚ ਵੀ ਉਹੋ ਜਿਹੀਆਂ ਖ਼ਾਮੀਆਂ ਦੇਖਣ ਨੂੰ ਕਿਉਂ ਮਿਲ ਰਹੀਆਂ ਹਨ, ਜੋ ਦਹਾਕਿਆਂ ਪੁਰਾਣੇ ਰਾਜਮਾਰਗਾਂ ’ਤੇ ਦੇਖਣ ਨੂੰ ਮਿਲਦੀਆਂ ਹਨ? ਇਹ ਠੀਕ ਨਹੀਂ ਕਿ ਰਾਜਮਾਰਗਾਂ ਅਤੇ ਐਕਸਪ੍ਰੈੱਸ ਵੇਅ ਦੇ ਨਿਰਮਾਣ ’ਚ ਤੇਜ਼ੀ ਦੇ ਨਾਲ ਹੀ ਸੜਕੀ ਹਾਦਸਿਆਂ ਦੀ ਗਿਣਤੀ ਵੀ ਵਧਦੀ ਜਾਵੇ। ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਜਿੰਨਾ ਜ਼ਰੂਰੀ ਇਹ ਹੈ ਕਿ ਰਾਜਮਾਰਗਾਂ, ਐਕਸਪ੍ਰੈੱਸ ਵੇਅ ਆਦਿ ਦਾ ਨਿਰਮਾਣ ਉਨ੍ਹਾਂ ਹੀ ਮਿਆਰਾਂ ਦੇ ਹਿਸਾਬ ਨਾਲ ਹੋਵੇ, ਜਿਹੋ ਜਿਹੇ ਮਿਆਰ ਵਿਕਸਤ ਦੇਸ਼ਾਂ ’ਚ ਅਪਣਾਏ ਗਏ ਹਨ, ਓਨਾ ਹੀ ਇਹ ਵੀ ਕਿ ਵਾਹਨ ਚਾਲਕ ਲੋੜੀਂਦੀ ਚੌਕਸੀ ਦਾ ਸਬੂਤ ਦੇਣ।

Posted By: Jagjit Singh