ਜੰਮੂ-ਕਸ਼ਮੀਰ ਦੇ ਪੁਣਛ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਨਾਇਬ ਸੂਬੇਦਾਰ ਸਮੇਤ ਪੰਜ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਜ਼ਰੂਰੀ ਹੀ ਨਹੀਂ, ਲਾਜ਼ਮੀ ਹੋ ਗਿਆ ਹੈ ਕਿ ਸੁਰੱਖਿਆ ਬਲ ਜ਼ਰੂਰੀ ਸਬਕ ਸਿੱਖਣ ਵਿਚ ਦੇਰੀ ਨਾ ਕਰਨ। ਨਾ ਸਿਰਫ਼ ਉਨ੍ਹਾਂ ਕਾਰਨਾਂ ਦੀ ਤਹਿ ਤਕ ਜਾਣਾ ਹੋਵੇਗਾ ਜਿਨ੍ਹਾਂ ਕਾਰਨ ਅੱਤਵਾਦੀ ਸੁਰੱਖਿਆ ਬਲਾਂ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੋ ਗਏ ਬਲਕਿ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਜਵਾਨਾਂ ਨੂੰ ਘੱਟ ਤੋਂ ਘੱਟ ਖ਼ਤਰਾ ਮੁੱਲ ਲੈਣਾ ਪਵੇ। ਇਸ ਤੱਥ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਕਿ ਪੁਣਛ ਵਰਗੀਆਂ ਘਟਨਾਵਾਂ ਜਿੱਥੇ ਸੁਰੱਖਿਆ ਦਸਤਿਆਂ ਦੇ ਮਨੋਬਲ ਨੂੰ ਤੋੜਨ ਦਾ ਕੰਮ ਕਰਦੀਆਂ ਹਨ, ਉੱਥੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੀ ਹਿਮਾਕਤ ਨੂੰ ਵੀ ਹੱਲਾਸ਼ੇਰੀ ਦਿੰਦੀਆਂ ਹਨ। ਬਿਨਾਂ ਸ਼ੱਕ ਅੱਤਵਾਦੀਆਂ ਦੀ ਭਾਲ ਵਿਚ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਦੌਰਾਨ ਖ਼ਤਰਾ ਤਾਂ ਰਹਿੰਦਾ ਹੀ ਹੈ ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਉਸ ਨੂੰ ਘੱਟ ਕਰਨ ਦੇ ਉਪਾਵਾਂ ਨੂੰ ਸਰਬਉੱਚ ਤਰਜੀਹ ਦਿੱਤੀ ਜਾਵੇ। ਇਸ ਦੇ ਲਈ ਜ਼ਰੂਰੀ ਹੋਵੇ ਤਾਂ ਅੱਤਵਾਦ ਵਿਰੋਧੀ ਰਣਨੀਤੀ ਬਦਲਣ ਦੇ ਨਾਲ-ਨਾਲ ਨਵੀਆਂ ਉੱਚ ਤਕਨੀਕਾਂ ਦਾ ਇਸਤੇਮਾਲ ਵਧਾਉਣ ਦਾ ਕੰਮ ਵੀ ਕੀਤਾ ਜਾਣਾ ਚਾਹੀਦਾ ਹੈ। ਅੱਜ ਦੇ ਇਸ ਵਿਗਿਆਨਕ ਯੁੱਗ ਵਿਚ ਹਰ ਤਰ੍ਹਾਂ ਦੀਆਂ ਸੁਰੱਖਿਆ ਤਕਨੀਕਾਂ ਉਪਲਬਧ ਹਨ। ਇਹ ਸਹੀ ਹੈ ਕਿ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸਾਡੇ ਜਵਾਨ ਅੱਤਵਾਦੀਆਂ ਦਾ ਚੁਣ-ਚੁਣ ਕੇ ਸਫ਼ਾਇਆ ਕਰਨ ਲਈ ਵਚਨਬੱਧ ਹਨ ਅਤੇ ਉਨ੍ਹਾਂ ਦੇ ਇਸ ਜਜ਼ਬੇ ਵਿਚ ਕਦੇ ਕਮੀ ਨਹੀਂ ਆਉਣ ਵਾਲੀ ਪਰ ਅਜਿਹੀਆਂ ਮੁਹਿੰਮਾਂ ਦੌਰਾਨ ਜੋਸ਼ ਦੇ ਨਾਲ-ਨਾਲ ਸੰਜਮ ਦਾ ਸਬੂਤ ਵੀ ਦੇਣਾ ਹੋਵੇਗਾ। ਅੱਤਵਾਦੀਆਂ ਦੀ ਤਲਾਸ਼ ਵਿਚ ਛੇੜੀਆਂ ਜਾਣ ਵਾਲੀਆਂ ਮੁਹਿੰਮਾਂ ਦੌਰਾਨ ਤਾਂ ਅਜਿਹਾ ਖ਼ਾਸ ਤੌਰ ’ਤੇ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਪੁਣਛ ਵਿਚ ਫ਼ੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਰਹੱਦ ਪਾਰ ਤੋਂ ਘੁਸਪੈਠ ਕਰ ਕੇ ਆਏ ਸਨ ਅਤੇ ਉੱਥੋਂ ਦੇ ਜੰਗਲ ਵਿਚ ਲੁਕੇ ਸਨ। ਇਸ ਦਾ ਮਤਲਬ ਹੈ ਕਿ ਉਹ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਅਤੇ ਫਿਰ ਆਲੇ-ਦੁਆਲੇ ਪਨਾਹ ਲੈਣ ਵਿਚ ਸਮਰੱਥ ਹਨ। ਸਪਸ਼ਟ ਹੈ ਕਿ ਸਰਹੱਦ ’ਤੇ ਅਤੇ ਸਰਹੱਦ ਦੇ ਅੰਦਰ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੇ ਨਾਲ ਹੀ ਇਸ ਗੱਲ ਦੀ ਜ਼ਰੂਰਤ ਵੀ ਵਧ ਗਈ ਹੈ ਕਿ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਨਿਸ਼ਾਨੇ ’ਤੇ ਲਿਆ ਜਾਵੇ। ਅਜਿਹੇ ਅਨਸਰ ਕਿਤੇ ਵੱਡਾ ਖ਼ਤਰਾ ਹਨ ਕਿਉਂਕਿ ਉਹ ਅੱਤਵਾਦੀਆਂ ਦੀ ਮਦਦ ਕਰਨ ਦੇ ਨਾਲ-ਨਾਲ ਮਾਹੌਲ ਵਿਚ ਜ਼ਹਿਰ ਘੋਲਣ ਦਾ ਕੰਮ ਵੀ ਕਰਦੇ ਹਨ। ਦਰਅਸਲ, ਅਜਿਹੇ ਅਨਸਰ ਹੀ ਅੱਤਵਾਦ ਨੂੰ ਪ੍ਰਫੁੱਲਿਤ ਕਰਨ ਵਿਚ ਮਦਦਗਾਰ ਹਨ। ਅੱਤਵਾਦੀਆਂ ਦੀ ਤਰ੍ਹਾਂ ਉਨ੍ਹਾਂ ਦੇ ਹਮਾਇਤੀਆਂ ਤਕ ਇਹ ਸੁਨੇਹਾ ਪੁੱਜਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਸੂਰਤ ਵਿਚ ਬਚ ਨਹੀਂ ਸਕਦੇ। ਕੇਂਦਰ ਸਰਕਾਰ ਨੂੰ ਅੱਤਵਾਦੀਆਂ ਦੇ ਆਕਾ ਪਾਕਿਸਤਾਨ ’ਤੇ ਵੀ ਹਰ ਮੁਹਾਜ਼ ’ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਇਹ ਵੀ ਦੇਖਣਾ ਹੋਵੇਗਾ ਕਿ ਹਾਲ ਹੀ ’ਚ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਇਆ ਤਾਲਿਬਾਨ ਕਸ਼ਮੀਰ ਵਿਚ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਨਾ ਦੇ ਸਕੇ। ਅੱਤਵਾਦ ਨੂੰ ਠੱਲ੍ਹਣ ਲਈ ਭਾਰਤ ਨੂੰ ਬਿਨਾਂ ਕਿਸੇ ਝਿਜਕ ਦੇ ਆਪਣੇ ਹਰ ਤਰ੍ਹਾਂ ਦੇ ਵਸੀਲਿਆਂ ਦੀ ਵਰਤੋਂ ਕਰਦੇ ਹੋਏ ਵਾਦੀ ਵਿਚ ਰਹਿ ਰਹੇ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਮਨਾਂ ’ਚ ਪਸਰੀ ਦਹਿਸ਼ਤ ਵੀ ਦੂਰ ਕਰਨੀ ਚਾਹੀਦੀ ਹੈ।

Posted By: Jagjit Singh