ਇਨ੍ਹੀਂ ਦਿਨੀਂ ਸ੍ਰੀਲੰਕਾ ਵਿਚ ਸਰਕਾਰ ਵਿਰੋਧੀ ਭਿਆਨਕ ਦੰਗੇ ਚੱਲ ਰਹੇ ਹਨ। ਲੋਕਾਂ ਨੇ ਰਾਜਪਕਸ਼ਾ ਪਰਿਵਾਰ ਅਤੇ ਸੱਤਾਧਾਰੀ ਪਾਰਟੀ (ਸ੍ਰੀਲੰਕਾ ਪੋਡੂਜਨਾ ਪੇਰੂਨਮਾ) ਦੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਸੈਂਕੜੇ ਸਰਕਾਰੀ ਅਤੇ ਨਿੱਜੀ ਮਕਾਨ ਤੇ ਵਪਾਰਕ ਅਦਾਰਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਹਾਲਾਤ ਐਨੇ ਖ਼ਰਾਬ ਹਨ ਕਿ ਅਸਤੀਫ਼ਾ ਦੇ ਚੁੱਕੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਜਾਨ ਬਚਾਉਣ ਲਈ ਪਰਿਵਾਰ ਸਮੇਤ ਤ੍ਰਿਨਕੋਮਾਲੀ ਸਮੁੰਦਰੀ ਅੱਡੇ ਵਿਚ ਸ਼ਰਨ ਲੈਣੀ ਪਈ ਹੈ ਤੇ ਅਹੁਦਾ ਛੱਡਣਾ ਪਿਆ। ਉਸ ਦੇ ਲੜਕੇ ਨਾਮਾਲ ਰਾਜਪਕਸ਼ੇ ਦੇ ਇਕ ਪੰਜ ਸਿਤਾਰਾ ਹੋਟਲ ਸਮੇਤ ਰਾਜਪਕਸ਼ਾ ਪਰਿਵਾਰ ਵੱਲੋਂ ਆਪਣੇ ਪਿੰਡ ਵਿਚ ਬਣਾਇਆ ਗਿਆ ਇਕ ਅਜਾਇਬਘਰ ਵੀ ਫੂਕ ਦਿੱਤਾ ਗਿਆ।

ਭ੍ਰਿਸ਼ਟਾਚਾਰ ਦਾ ਪ੍ਰਤੀਕ ਇਹ ਨਿੱਜੀ ਅਜਾਇਬਘਰ ਰਾਜਪਕਸ਼ਾ ਪਰਿਵਾਰ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਉਸਾਰਿਆ ਸੀ ਪਰ ਬਾਅਦ ਵਿਚ ਇਸ ਦੀ ਲਾਗਤ ਜੋ ਕਰੀਬ 9 ਕਰੋੜ ਬਣਦੀ ਸੀ, ਸਰਕਾਰ ਤੋਂ ਵਸੂਲ ਲਈ ਸੀ। ਰਾਜਪਕਸ਼ਿਆਂ ਸਮੇਤ ਅਨੇਕ ਸੱਤਾਧਾਰੀ ਨੇਤਾਵਾਂ ਦੀਆਂ ਭ੍ਰਿਸ਼ਟਾਚਾਰ ਰਾਹੀਂ ਖ਼ਰੀਦੀਆਂ ਗਈਆਂ ਬੇਸ਼ਕੀਮਤੀ ਵਿਦੇਸ਼ੀ ਗੱਡੀਆਂ ਸਮੁੰਦਰ ਅਤੇ ਝੀਲਾਂ ਵਿਚ ਸੁੱਟ ਦਿੱਤੀਆਂ ਗਈਆਂ ਹਨ। ਅੰਦਲੋਨਕਾਰੀ ਰਾਸ਼ਟਰਪਤੀ ਗੋਟਾਬਾਏ ਰਾਜਪਕਸ਼ਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਸ ਮਾਰਧਾੜ ਦੌਰਾਨ ਹੁਣ ਤਕ 150 ਤੋਂ ਵੱਧ ਨਾਗਰਿਕ ਹਲਾਕ ਅਤੇ 1000 ਤੋਂ ਵੱਧ ਜ਼ਖ਼ਮੀ ਹੋ ਚੁੱਕੇ ਹਨ। ਅੰਦੋਲਨਕਾਰੀ ਸੱਤਾਧਾਰੀ ਨੇਤਾਵਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ। ਕੁਝ ਦਿਨ ਪਹਿਲਾਂ ਜਦੋਂ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਦਲ ਦੇ ਇਕ ਐੱਮਪੀ ਅੰਮਰਾਕੀਰਤੀ ਅੱਥੂਕੁਰਾਲਾ ਨੂੰ ਘੇਰ ਲਿਆ ਤਾਂ ਉਸ ਨੇ ਗੋਲ਼ੀਆਂ ਚਲਾ ਕੇ ਦੋ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰ ਦਿੱਤੀ ਤੇ ਆਪ ਵੀ ਖ਼ੁਦਕੁਸ਼ੀ ਕਰ ਲਈ। ਗੋਟਾਬਾਏ ਫ਼ਿਲਹਾਲ ਕੁਰਸੀ ਨੂੰ ਚਿਪਕਿਆ ਹੋਇਆ ਹੈ। ਉਸ ਨੇ ਅਸਤੀਫ਼ਾ ਦੇਣ ਦੀ ਬਜਾਏ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਹੈ ਤੇ ਫ਼ੌਜ ਨੂੰ ਪ੍ਰਦਸ਼ਨਕਾਰੀਆਂ ਨੂੰ ਗੋਲ਼ੀ ਮਾਰ ਦੇਣ ਦੇ ਅਧਿਕਾਰ ਦੇ ਦਿੱਤੇ ਹਨ। ਸ੍ਰੀਲੰਕਾ ਦੀ ਆਰਥਿਕ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਤਕਰੀਬਨ ਖ਼ਾਲੀ ਹੋ ਚੁੱਕਾ ਹੈ ਅਤੇ ਦੇਸ਼ ਦੀਵਾਲੀਆ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ। ਸ੍ਰੀਲੰਕਾ ਦੀ ਬਰਬਾਦੀ ਦਾ ਇੱਕੋ-ਇੱਕ ਕਾਰਨ ਰਾਜਪਕਸ਼ਾ ਪਰਿਵਾਰ ਦੀ ਕੁਨਬਾਪਰਵਰੀ ਅਤੇ ਸਿਰੇ ਦਾ ਭ੍ਰਿਸ਼ਟਾਚਾਰ ਹੈ। ਲੰਕਾ ਸਰਕਾਰ ਦੇ ਜ਼ਿਆਦਾਤਰ ਮਹੱਤਵਪੂਰਨ ਅਹੁਦਿਆਂ ’ਤੇ ਇਸ ਪਰਿਵਾਰ ਦਾ ਹੀ ਕਬਜ਼ਾ ਹੈ। ਇਸ ਪਰਿਵਾਰ ਦਾ ਮੁਖੀਆ 76 ਸਾਲਾ ਮਹਿੰਦਾ ਰਾਜਪਕਸ਼ਾ ਹੈ।

ਇਕ ਰਸੂਖ਼ਵਾਨ ਰਾਜਨੀਤਕ ਪਰਿਵਾਰ ਵਿਚ ਪੈਦਾ ਹੋਇਆ ਮਹਿੰਦਾ ਰਾਜਪਕਸ਼ਾ ਬਹੁਤ ਤੇਜ਼ੀ ਨਾਲ ਸਫਲਤਾ ਦੀਆਂ ਪੌੜੀਆਂ ਚੜਿ੍ਹਆ ਹੈ। ਉਹ ਪੇਸ਼ੇ ਤੋਂ ਵਕੀਲ ਸੀ ਅਤੇ 1970 ਵਿਚ ਉਸ ਨੇ ਪਹਿਲੀ ਵਾਰ ਪਾਰਲੀਮੈਂਟ ਦੀ ਚੋਣ ਜਿੱਤੀ ਸੀ। ਸੰਨ 2005 ਵਿਚ ਰਾਸ਼ਟਰਪਤੀ ਚੁਣਿਆ ਗਿਆ ਤੇ ਇਸ ਅਹੁਦੇ ’ਤੇ 2015 ਤਕ ਰਿਹਾ। ਉਸ ਦੀ ਅਗਵਾਈ ਹੇਠ ਹੀ ਸ੍ਰੀਲੰਕਾ ਦੀ ਫ਼ੌਜ ਨੇ 39 ਸਾਲ ਦੀ ਜੰਗ ਤੋਂ ਬਾਅਦ 18 ਮਈ 2009 ਨੂੰ ਤਾਮਿਲ ਬਾਗੀਆਂ ਦੀ ਅੱਤਵਾਦੀ ਜਥੇਬੰਦੀ ਲਿੱਟੇ ਦਾ ਖ਼ਾਤਮਾ ਕੀਤਾ ਸੀ। ਇਸ ਜੰਗ ਵਿਚ ਜੇਤੂ ਹੋਣ ਕਾਰਨ ਉਹ ਘਰ-ਘਰ ਵਿਚ ਮਸ਼ਹੂਰ ਹੋ ਗਿਆ ਅਤੇ 2010 ਵਿਚ ਦੁਬਾਰਾ ਰਾਸ਼ਟਰਪਤੀ ਚੁਣ ਲਿਆ ਗਿਆ। ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਹ ਇੰਨਾ ਬਦਨਾਮ ਹੋ ਗਿਆ ਸੀ ਕਿ 2015 ਵਿਚ ਮੈਥਰੀਪਾਲਾ ਸਿਰੀਸੇਨਾ ਹੱਥੋਂ ਬੁਰੀ ਤਰ੍ਹਾਂ ਹਾਰ ਗਿਆ। ਸੰਨ 2019 ਵਿਚ ਉਸ ਨੇ ਖ਼ੁਦ ਰਾਸ਼ਟਰਪਤੀ ਦੀ ਚੋਣ ਲੜਨ ਦੀ ਬਜਾਏ ਆਪਣੇ ਭਰਾ ਗੋਟਾਬਾਏ ਰਾਜਪਕਸ਼ਾ ਨੂੰ ਚੋਣ ਲੜਵਾ ਕੇ ਰਾਸ਼ਟਰਪਤੀ ਬਣਾ ਦਿੱਤਾ ਤੇ ਖ਼ੁਦ ਪ੍ਰਧਾਨ ਮੰਤਰੀ ਬਣ ਗਿਆ। ਉਸ ਨੇ ਕੁਨਬਾਪਰਵਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰਾਜਪਕਸ਼ਾ ਪਰਿਵਾਰ ਦਾ ਕੋਈ ਬਦਕਿਸਮਤ ਮੈਂਬਰ ਹੀ ਹੋਵੇਗਾ ਜਿਸ ਨੂੰ ਉਸ ਨੇ ਕੋਈ ਸਰਕਾਰੀ ਅਹੁਦਾ ਨਾ ਦਿੱਤਾ ਹੋਵੇ। ਇਸ ਦਾ ਖ਼ੁਦ ਦਾ ਵੱਡਾ ਲੜਕਾ ਨਾਮਾਲ ਮੰਤਰੀ ਅਤੇ ਛੋਟਾ ਯੋਸ਼ੀਤਾ ਪ੍ਰਧਾਨ ਮੰਤਰੀ ਦਫ਼ਤਰ ਦਾ ਚੀਫ ਆਫ ਸਟਾਫ ਸੀ। ਗੋਟਾਬਾਏ (72), ਮਹਿੰਦਾ ਰਾਜਪਕਸ਼ਾ ਦਾ ਛੋਟਾ ਭਰਾ ਤੇ ਸਭ ਤੋਂ ਭਰੋਸੇਯੋਗ ਸਾਥੀ ਹੈ। ਜਦੋਂ ਮਹਿੰਦਾ ਰਾਜਪਕਸ਼ਾ ਰਾਸ਼ਟਰਪਤੀ ਸੀ ਤਾਂ ਗੋਟਾਬਾਏ ਕੋਲ ਰੱਖਿਆ ਅਤੇ ਗ੍ਰਹਿ ਮੰਤਰੀ ਵਰਗੇ ਤਾਕਤਵਰ ਮਹਿਕਮੇ ਸਨ। ਸੰਨ 2019 ਵਿਚ ਉਸ ਨੇ ਪਰਿਵਾਰ ਦੀ ਮਰਜ਼ੀ ਨਾਲ ਰਾਸ਼ਟਰਪਤੀ ਦੀ ਚੋਣ ਲੜੀ ਕਿਉਂਕਿ ਮਹਿੰਦਾ ਰਾਜਪਕਸ਼ਾ ਬਹੁਤ ਬਦਨਾਮ ਹੋ ਚੁੱਕਾ ਸੀ।

ਉਸ ਦੇ ਰਾਸ਼ਟਰਪਤੀ ਬਣਦੇ ਸਾਰ ਸ੍ਰੀਲੰਕਾ ਦੇ ਬੁਰੇ ਦਿਨ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਨੇ ਦੇਸ਼ ਦਾ ਬੇਹੱਦ ਮੁਨਾਫ਼ਾਬਖਸ਼ ਸੈਰ-ਸਪਾਟਾ ਉਦਯੋਗ ਤਬਾਹ ਕਰ ਕੇ ਰੱਖ ਦਿੱਤਾ। ਜਿੱਤਣ ਸਮੇਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਅਨੁਸਾਰ 2019 ਵਿਚ ਉਸ ਨੇ ਟੈਕਸਾਂ ਨੂੰ ਅੱਧਾ ਕਰ ਦਿੱਤਾ ਜਿਸ ਕਾਰਨ ਦੇਸ਼ ਦਾ ਖ਼ਜ਼ਾਨਾ ਖ਼ਾਲੀ ਹੋ ਗਿਆ। ਸੰਨ 2021 ਵਿਚ ਉਸ ਨੇ ਸ੍ਰੀਲੰਕਾ ਦੇ ਕਿਸਾਨਾਂ ਨੂੰ ਇਕ ਤੁਗਲਕੀ ਹੁਕਮ ਜਾਰੀ ਕਰ ਦਿੱਤਾ ਕਿ ਉਹ ਸਿਰਫ਼ ਆਰਗੈਨਿਕ ਖਾਦਾਂ ਅਤੇ ਰੂੜੀ ਦੀ ਵਰਤੋਂ ਕਰਨ ਕਿਉਂਕਿ ਉਹ ਦੇਸ਼ ਨੂੰ ਸੰਸਾਰ ਦਾ ਪਹਿਲਾ 100% ਆਰਗੈਨਿਕ ਖੇਤੀਬਾੜੀ ਦੇਸ਼ ਬਣਾਉਣਾ ਚਾਹੁੰਦਾ ਸੀ। ਜਦੋਂ ਕਿਸਾਨ ਨਾ ਮੰਨੇ ਤਾਂ ਉਸ ਨੇ ਰਸਾਇਣਕ ਖਾਦਾਂ ਅਤੇ ਕੀਟ ਨਾਸ਼ਕਾਂ ਦੀ ਇੰਪੋਰਟ ਹੀ ਬੰਦ ਕਰ ਦਿੱਤੀ। ਉਸ ਦੇ ਇਸ ਮੂਰਖਾਨਾ ਫ਼ੈਸਲੇ ਕਾਰਨ ਫ਼ਸਲਾਂ ਬਰਬਾਦ ਹੋ ਗਈਆਂ ਤੇ ਕਿਸਾਨ ਸੜਕਾਂ ’ਤੇ ਆ ਗਏ। ਇੱਥੋਂ ਤਕ ਕਿ ਸਭ ਤੋਂ ਵੱਧ ਵਿਦੇਸ਼ੀ ਮੁਦਰਾ ਕਮਾਉਣ ਵਾਲੇ ਚਾਹ ਦੇ ਬਾਗ ਵੀ ਦੀਵਾਲੀਆ ਹੋ ਗਏ। ਉਹ ਭਾਰਤ ਦਾ ਕੱਟੜ ਵਿਰੋਧੀ ਹੈ ਅਤੇ ਉਸ ਦੇ ਰਾਜਕਾਲ ਦੌਰਾਨ ਲੰਕਾ ਚੀਨ ਦੇ ਨਜ਼ਦੀਕ ਹੁੰਦਾ ਚਲਾ ਗਿਆ। ਉਸ ਨੇ ਫਜ਼ੂਲ ਦੇ ਪ੍ਰਾਜੈਕਟਾਂ ਜੋ ਬਾਅਦ ਵਿਚ ਚਿੱਟੇ ਹਾਥੀ ਸਾਬਿਤ ਹੋਏ, ਲਈ 70 ਕਰੋੜ ਡਾਲਰ (ਕਰੀਬ 5000 ਕਰੋੜ ਰੁਪਏ) ਚੀਨ ਤੋਂ ਕਰਜ਼ਾ ਲਿਆ ਜਿਸ ਵਿੱਚੋਂ ਜ਼ਿਆਦਾਤਰ ਪੈਸਾ ਰਾਜਪਕਸ਼ਾ ਪਰਿਵਾਰ ਦੀਆਂ ਜੇਬਾਂ ਵਿਚ ਚਲਾ ਗਿਆ।

ਰੱਖਿਆ ਮੰਤਰੀ ਹੁੰਦੇ ਸਮੇਂ ਗੋਟਾਬਾਏ ਆਪਣੇ ਵਿਰੋਧੀਆਂ ਨੂੰ ਅਗਵਾ ਕਰ ਕੇ ਗਾਇਬ ਕਰਨ ਲਈ ਚਿੱਟੇ ਰੰਗ ਦੀਆਂ ਕਾਲੇ ਸ਼ੀਸ਼ਿਆਂ ਵਾਲੀਆਂ ਵੈਨਾਂ ਵਰਤਦਾ ਹੁੰਦਾ ਸੀ। ਇਹ ਵੈਨਾਂ ਸ੍ਰੀਲੰਕਾ ਵਿਚ ਇੰਨੀਆਂ ਬਦਨਾਮ ਸਨ ਕਿ ਜਿਸ ਘਰ ਅੱਗੇ ਰੁਕ ਜਾਂਦੀਆਂ ਸਨ, ਉਸ ਘਰ ਦੇ ਕਿਸੇ ਨਾ ਕਿਸੇ ਮੈਂਬਰ ਦੀ ਮੌਤ ਨਿਸ਼ਚਿਤ ਸੀ। ਉਸ ਦੁਆਰਾ ਕੀਤੇ ਗਏ ਇਸ ਕਤਲੇਆਮ ਕਾਰਨ ਉਸ ਨੂੰ ਟਰਮੀਨੇਟਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੁਣ ਉਸ ਨੇ ਵਿਰੋਧੀ ਧਿਰ ਦੇ ਇਕ ਨੇਤਾ ਰਾਨਿਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ ਹੈ ਪਰ ਉਸ ਦੇ ਇਸ ਕਦਮ ਨਾਲ ਵੀ ਜਨਤਾ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਲੱਗਦਾ ਹੈ ਕਿ ਅਖ਼ੀਰ ਗੋਟਾਬਾਏ ਨੂੰ ਵੀ ਅਸਤੀਫ਼ਾ ਦੇਣਾ ਹੀ ਪਵੇਗਾ ਕਿਉਂਕਿ ਉਸ ਵੱਲੋਂ ਫ਼ੌਜ ਨੂੰ ਦੰਗਾਕਾਰੀਆਂ ਨੂੰ ਗੋਲ਼ੀ ਮਾਰਨ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਵੀ ਸੁਰੱਖਿਆ ਦਸਤੇ ਇਸ ਹੁਕਮ ’ਤੇ ਅਮਲ ਕਰਨ ’ਚ ਹਿਚਕਿਚਾ ਰਹੇ ਹਨ। ਛੇ ਵਾਰ ਦਾ ਮੈਂਬਰ ਪਾਰਲੀਮੈਂਟ ਬਾਸਿਲ ਰਾਜਪਕਸ਼ਾ ਉਰਫ ਮਿਸਟਰ 10% (ਉਮਰ 70 ਸਾਲ) ਵੀ ਮਹਿੰਦਾ ਰਾਕਪਕਸ਼ਾ ਦਾ ਭਰਾ ਹੈ। ਗੋਟਾਬਾਏ ਸਰਕਾਰ ਵਿਚ ਵਿੱਤ ਮੰਤਰੀ ਬਾਸਿਲ ਨੇ ਚੱਲ ਰਹੇ ਅੰਦੋਲਨ ਕਾਰਨ 3 ਅਪ੍ਰੈਲ 2022 ਨੂੰ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਮਹਿੰਦਾ ਰਾਜਪਕਸ਼ਾ ਦੇ ਰਾਸ਼ਟਰਪਤੀ ਕਾਲ ਸਮੇਂ ਵੀ ਉਹ 2010 ਤੋਂ ਲੈ ਕੇ 2015 ਤਕ ਵਿੱਤ ਮੰਤਰੀ ਰਹਿ ਚੁੱਕਾ ਹੈ। ਸੰਨ 2005 ਤੋਂ ਲੈ ਕੇ 2010 ਤਕ ਉਹ ਮਹਿੰਦਾ ਰਾਜਪਕਸ਼ਾ ਦਾ ਮੁੱਖ ਸਲਾਹਕਾਰ ਸੀ। ਸਰਕਾਰੀ ਠੇਕਿਆਂ ’ਚੋਂ ਭਾਰੀ ਕਮਿਸ਼ਨ ਲੈਣ ਕਾਰਨ ਉਸ ਦਾ ਨਾਂ ਮਿਸਟਰ 10% ਪੱਕ ਗਿਆ ਹੈ ਅਤੇ ਉਹ ਸ੍ਰੀਲੰਕਾ ਦੀ ਜਨਤਾ ਵਿਚ ਬੇਹੱਦ ਬਦਨਾਮ ਹੈ। ਉਸ ਵਿਰੁੱਧ ਭ੍ਰਿਸ਼ਟਾਚਾਰ ਤੇ ਸਰਕਾਰੀ ਪੈਸਾ ਗਬਨ ਕਰਨ ਦੇ ਅਨੇਕਾਂ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ ਜਿਨ੍ਹਾਂ ਨੂੰ ਉਸ ਦਾ ਤਾਕਤਵਰ ਰਾਸ਼ਟਰਪਤੀ ਭਰਾ ਵੀ ਖ਼ਤਮ ਨਹੀਂ ਕਰਵਾ ਸਕਿਆ। ਅਸਤੀਫ਼ਾ ਦੇਣ ਤੋਂ ਬਾਅਦ ਉਹ ਕਿਸੇ ਅਣਦੱਸੀ ਜਗ੍ਹਾ ’ਤੇ ਲੁਕਿਆ ਬੈਠਾ ਹੈ ਅਤੇ ਉਸ ਦਾ ਘਰ-ਘਾਟ ਅਤੇ ਮਹਿੰਗੀਆਂ ਗੱਡੀਆਂ ਅੰਦੋਲਨਕਾਰੀਆਂ ਨੇ ਫੂਕ ਦਿੱਤੀਆਂ ਹਨ। ਉਸ ਦਾ ਲੜਕਾ ਸ਼ਾਸ਼ੀਂਦਰਾ ਰਾਜਪਕਸ਼ਾ ਵੀ ਗੋਟਾਬਾਏ ਸਰਕਾਰ ਵਿਚ ਮੰਤਰੀ ਸੀ। ਚਮਾਲ ਰਾਜਪਕਸ਼ਾ ਇਸ ਪਰਿਵਾਰ ਦਾ ਸਭ ਤੋਂ ਵੱਡਾ ਭਰਾ ਹੈ। ਮਹਿੰਦਾ ਰਾਜਪਕਸ਼ਾ ਦੇ ਰਾਸ਼ਟਰਪਤੀ ਕਾਲ ਸਮੇਂ ਉਹ ਪਾਰਲੀਮੈਂਟ ਦਾ ਸਪੀਕਰ ਅਤੇ ਜਹਾਜ਼ਰਾਨੀ ਅਤੇ ਹਵਾਬਾਜ਼ੀ ਮੰਤਰੀ ਰਿਹਾ ਹੈ।

ਨਾਮਾਲ ਰਾਜਪਕਸ਼ਾ, ਮਹਿੰਦਾ ਰਾਜਪਕਸ਼ਾ ਦਾ ਸਭ ਤੋਂ ਵੱਡਾ ਲੜਕਾ ਸੀ ਜਿਸ ਨੂੰ ਭਵਿੱਖ ਦੇ ਰਾਸ਼ਟਰਪਤੀ ਵਜੋਂ ਤਿਆਰ ਕੀਤਾ ਜਾ ਰਿਹਾ ਸੀ। ਉਹ 2010 ’ਚ ਸਿਰਫ਼ 24 ਸਾਲ ਦੀ ਉਮਰ ’ਚ ਸੰਸਦ ਲਈ ਚੁਣਿਆ ਗਿਆ ਤੇ ਇਸ ਵੇਲੇ ਖੇਡ ਅਤੇ ਯੁਵਕ ਭਲਾਈ ਮੰਤਰੀ ਵਜੋਂ (12 ਅਗਸਤ 2020 ਤੋਂ 3 ਅਪ੍ਰੈਲ 2022 ਤਕ) ਕੰਮ ਰਿਹਾ ਸੀ। ਇਸ ਅੰਦੋਲਨ ਕਾਰਨ ਉਸ ਨੂੰ ਵੀ ਅਸਤੀਫ਼ਾ ਦੇਣਾ ਪਿਆ। ਇਸ ਵੇਲੇ ਉਹ ਆਪਣੇ ਪਿਤਾ ਨਾਲ ਜਲ ਸੈਨਾ ਦੀ ਛਾਉਣੀ ’ਚ ਸ਼ਰਨ ਲਈ ਬੈਠਾ ਹੈ। ਆਪਣੇ ਮੰਤਰੀ ਕਾਲ ਦੇ ਥੋੜ੍ਹੇ ਜਿਹੇ ਸਮੇਂ ’ਚ ਹੀ ਉਸ ’ਤੇ ਭ੍ਰਿਸ਼ਟਾਚਾਰ ਦੇ ਅਨੇਕ ਦੋਸ਼ ਲੱਗ ਗਏ ਸਨ ਤੇ ਉਸ ਵਿਰੁੱਧ ਸ੍ਰੀਲੰਕਾ ਦੇ ਪ੍ਰਸਿੱਧ ਰਗਬੀ ਖਿਡਾਰੀ ਵਾਸੀਮ ਤਾਜੁਦੀਨ ਦੇ ਕਤਲ ਦੀ ਜਾਂਚ ਵੀ ਚੱਲ ਰਹੀ ਹੈ।

-ਬਲਰਾਜ ਸਿੰਘ ਸਿੱਧੂ

-ਮੋਬਾਈਲ : 95011-00062

Posted By: Jagjit Singh