ਭ੍ਰਿਸ਼ਟਾਚਾਰ ਇਕ ਬਿਮਾਰੀ ਦੀ ਤਰ੍ਹਾਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਖ਼ੂਨ ਵਿਚ ਰਚ ਚੁੱਕਾ ਹੈ। ਅੱਜਕੱਲ੍ਹ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਜਿਸ ਦੀ ਉੱਚੀ ਸ਼ਿਫਾਰਸ਼ ਹੈ ਜਾਂ ਚੰਗੇ ਪੈਸੇ ਵਾਲਾ ਹੈ ਤਾਂ ਉਸ ਦੇ ਸਾਰੇ ਕੰਮ ਵੇਲੇ ਸਿਰ ਹੋ ਜਾਂਦੇ ਹਨ। ਜਿਹੜੇ ਲੋਕ ਸਿਫਾਰਸ਼ ਜਾਂ ਪੈਸੇ ਪੱਖੋਂ ਕਮਜ਼ੋਰ ਹਨ, ਉਹ ਸਰਕਾਰੀ ਦਫ਼ਤਰਾਂ ਵਿਚ ਰੁਲ ਰਹੇ ਹੁੰਦੇ ਹਨ। ਪੰਜਾਬ ਦੇ ਲੋਕ ਸਰਕਾਰੀ ਦਫ਼ਤਰਾਂ/ਪੁਲਿਸ ਵਿਭਾਗ ਵਿਚਲੇ ਭ੍ਰਿਸ਼ਟਾਚਾਰ ਮਾਫ਼ੀਏ ਤੋਂ ਬਹੁਤ ਤੰਗ ਆ ਚੁੱਕੇ ਹਨ। ਕਿਸੇ ਵੀ ਵਿਅਕਤੀ ਨੇ ਸਰਕਾਰੀ ਦਫ਼ਤਰ 'ਚੋਂ ਕੰਮ ਕਰਵਾਉਣਾ ਹੋਵੇ ਤਾਂ ਉਸ ਨੂੰ ਰਿਸ਼ਵਤ ਦੇਣੀ ਹੀ ਪੈਂਦੀ ਹੈ। ਜੇ ਉਹ ਰਿਸ਼ਵਤ ਨਹੀਂ ਦਿੰਦਾ ਤਾਂ ਉਸ ਨੂੰ ਦਫ਼ਤਰੀ ਬਾਬੂਆਂ ਵੱਲੋਂ ਰੱਜ ਕੇ ਖੱਜਲ-ਖੁਆਰ ਕੀਤਾ ਜਾਂਦਾ ਹੈ। ਉਸ ਤੋਂ ਸਿੱਧੇ-ਅਸਿੱਧੇ ਤੌਰ 'ਤੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਜੇ ਉਹ ਵੱਢੀ ਨਹੀਂ ਦਿੰਦਾ ਤਾਂ ਉਸ ਨੂੰ ਜ਼ਲੀਲ ਕਰਨ ਦੇ ਮਕਸਦ ਨਾਲ ਦਫ਼ਤਰਾਂ ਦੇ ਅਨੇਕਾਂ ਚੱਕਰ ਮਰਵਾਏ ਜਾਂਦੇ ਹਨ। ਜ਼ਿਆਦਾਤਰ ਲੋਕ ਦਫ਼ਤਰਾਂ ਦੇ ਚੱਕਰ ਮਾਰਨ ਦੇ ਡਰੋਂ ਵੱਢੀ ਪਹਿਲਾਂ ਹੀ ਦੇ ਦਿੰਦੇ ਹਨ। ਕੁਝ ਅਹਿਮ ਮਹਿਕਮੇ ਹਨ, ਜੋ ਭ੍ਰਿਸ਼ਟਾਚਾਰ ਲਈ ਖ਼ੂਬ ਬਦਨਾਮ ਹਨ। ਰਿਸ਼ਵਤਖੋਰ ਸਰਕਾਰੀ ਮੁਲਾਜ਼ਮਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰ ਨੇ ਸਾਨੂੰ ਜਨਤਾ ਦੀ ਸੇਵਾ ਕਰਨ ਲਈ ਭਰਤੀ ਕੀਤਾ ਹੋਇਆ ਹੈ। ਸਰਕਾਰ ਕੋਲੋਂ ਮੋਟੀਆਂ ਤਨਖਾਹਾਂ ਲੈ ਕੇ ਭ੍ਰਿਸ਼ਟ ਲੋਕਾਂ ਨੂੰ ਸਬਰ ਨਹੀਂ ਆਉਂਦਾ ਤਾਂ ਰਿਸ਼ਵਤ ਨਾਲ ਕਿੱਥੋਂ ਆਵੇਗਾ? ਜਿਵੇਂ ਦੇਸ਼ ਵਿਚ ਮਹਿੰਗਾਈ ਵਧਦੀ ਜਾ ਰਹੀ ਹੈ , ਉਸੇ ਤਰ੍ਹਾਂ ਰਿਸ਼ਵਤ ਲੈਣ ਦੀ ਲਾਲਸਾ ਵੀ ਵਧਦੀ ਜਾ ਰਹੀ ਹੈ। ਇਸ ਸਭ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਆਮ ਜਨਤਾ ਨੂੰ। ਲੋਕ ਫਸੇ ਹੋਏ ਵੱਢੀ ਤਾਂ ਦੇ ਦਿੰਦੇ ਹਨ ਪਰ ਦੁਖੀ ਮਨੋਂ ਦਿੱਤਾ ਵੱਢੀ ਦਾ ਪੈਸਾ ਬਰਕਤਾਂ ਪਾਉਣ ਵਾਲਾ ਨਹੀਂ ਹੁੰਦਾ। ਹੱਕ-ਹਲਾਲ ਦੇ ਧਨ ਦੀ ਹੀ ਬਰਕਤ ਹੁੰਦੀ ਹੈ। ਇਨਸਾਨ ਐਵੇਂ ਹੀ ਮਾੜੇ ਕਰਮਾਂ ਨਾਲ ਮਾਇਆ ਇਕੱਠੀ ਕਰੀ ਜਾ ਰਿਹਾ ਹੈ। ਵੱਢੀਖੋਰਾਂ ਦਾ ਕੁਦਰਤ ਤਾਂ ਇਨਸਾਫ਼ ਕਰ ਦਿੰਦੀ ਹੈ ਪਰ ਸਰਕਾਰਾਂ ਭ੍ਰਿਸ਼ਟਾਚਾਰ ਰੋਕਣ ਵਿਚ ਕਾਮਯਾਬ ਨਹੀਂ ਹੋ ਰਹੀਆਂ। ਉਨ੍ਹਾਂ ਦੇ ਨੱਕ ਹੇਠਾਂ ਭ੍ਰਿਸ਼ਟਾਚਾਰ ਵਧਦਾ ਹੀ ਜਾ ਰਿਹਾ ਹੈ। ਵੱਢੀ ਦੀ ਰਕਮ ਦੀ ਥੱਲੇ ਤੋਂ ਲੈ ਕੇ ਉੱਤੇ ਤਕ ਹਿੱਸੇਦਾਰੀ ਹੁੰਦੀ ਹੈ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ। ਰਿਸ਼ਵਤਖੋਰਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰੀ ਦਫ਼ਤਰਾਂ 'ਚ ਲੋਕਾਂ ਦੇ ਕੰਮ ਸਮੇਂ ਸਿਰ ਹੋ ਸਕਣ। ਪੁਲਿਸ ਪ੍ਰਸ਼ਾਸਨ ਦਾ ਅਕਸ ਸੁਧਾਰਨ ਦੀ ਬੇਹੱਦ ਲੋੜ ਹੈ , ਜੋ ਬਹੁਤ ਬੁਰੀ ਤਰ੍ਹਾਂ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧਸ ਚੁੱਕਾ ਹੈ। ਉਸ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਕਿ ਸਭਨਾਂ ਨੂੰ ਇਨਸਾਫ਼ ਮਿਲੇ ਤੇ ਕਿਸੇ ਨਾਲ ਵੀ ਧੱਕਾ ਨਾ ਹੋਵੇ ਪਰ ਇਹ ਸਭ ਕੁਝ ਸਰਕਾਰਾਂ ਤੇ ਪ੍ਰਸ਼ਾਸਨ ਦੀ ਇੱਛਾ ਸ਼ਕਤੀ ਕਾਰਨ ਹੀ ਸੰਭਵ ਹੋ ਸਕਦਾ ਹੈ।

-ਅੰਗਰੇਜ਼ ਸਿੰਘ ਹੁੰਦਲ। ਸੰਪਰਕ : 98767-85672

Posted By: Sukhdev Singh