ਕੋਰੋਨਾ ਵਾਇਰਸ ਨੇ ਦੁਨੀਆ ਦੇ ਨਾਲ-ਨਾਲ ਦੇਸ਼ ਦੇ ਸਾਹਮਣੇ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਵਾਇਰਸ ਤੋਂ ਪੀੜਤ ਲੋਕਾਂ ਦੀ ਵੱਧ ਰਹੀ ਗਿਣਤੀ ਦੇ ਖ਼ਤਰੇ ਦਾ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਹਫ਼ਤੇ 'ਚ ਦੂਜੀ ਵਾਰ ਦੇਸ਼ ਦੇ ਨਾਂ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਕਰਫਿਊ ਨੂੰ ਲੈ ਕੇ ਲੋਕਾਂ ਨੇ ਪੂਰਾ ਯੋਗਦਾਨ ਦਿੱਤਾ। ਸਾਰਿਆਂ ਨੇ ਮਿਲ ਕੇ ਇਸ ਨੂੰ ਸਫਲ ਬਣਾਇਆ ਸੀ। ਲੋਕਾਂ ਨੇ ਦੱਸ ਦਿੱਤਾ ਕਿ ਜਦੋਂ ਮਾਨਵਤਾ 'ਤੇ ਕੋਈ ਮੁਸ਼ਕਲ ਬਣਦੀ ਹੈ ਤਾਂ ਅਸੀਂ ਮਿਲ ਕੇ ਕਿਸ ਤਰ੍ਹਾਂ ਲੜਦੇ ਹਾਂ। ਉਨ੍ਹਾਂ ਕੋਰੋਨਾ ਕਾਰਨ ਹੋਰ ਕਈ ਦੇਸ਼ਾਂ ਦੀ ਹਾਲਤ ਦਾ ਵੀ ਜ਼ਿਕਰ ਕੀਤਾ। ਕੋਰੋਨਾ ਨਾਲ ਮੁਕਾਬਲੇ ਲਈ ਉਨ੍ਹਾਂ ਲੋਕਾਂ ਨੂੰ ਇਕ-ਦੂਜੇ ਤੋਂ ਦੂਰ ਰਹਿਣ ਲਈ ਕਿਹਾ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ। ਪੂਰੇ ਦੇਸ਼ ਨੂੰ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਵਾਇਰਸ ਅੱਗ ਦੀ ਤੇਜ਼ੀ ਨਾਲ ਫੈਲਦਾ ਹੈ। ਕੋਰੋਨਾ ਵਾਇਰਸ ਨੂੰ ਇਕ ਲੱਖ ਲੋਕਾਂ ਤਕ ਪਹੁੰਚਣ ਲਈ 67 ਦਿਨ ਲੱਗੇ ਸਨ ਅਤੇ ਦੋ ਲੱਖ ਹੋਣ ਨੂੰ ਸਿਰਫ਼ 11 ਦਿਨ ਲੱਗੇ। ਤਿੰਨ ਲੱਖ ਲੋਕਾਂ ਤਕ ਇਹ ਬਿਮਾਰੀ 4 ਦਿਨ 'ਚ ਫੈਲ ਗਈ। ਚੀਨ ਅਤੇ ਅਮਰੀਕਾ ਵਰਗੇ ਦੇਸ਼ ਵੀ ਕੋਰੋਨਾ ਅੱਗੇ ਪੂਰਾ ਜ਼ੋਰ ਲਗਾ ਰਹੇ ਹਨ। ਸਵਾਲ ਇਹ ਹੈ ਕਿ ਇਸ ਹਾਲ 'ਚ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਦੇਸ਼ਾਂ ਵੱਲ ਦੇਖਣਾ ਪਵੇਗਾ ਜਿਨ੍ਹਾਂ ਨੇ ਇਸ ਬਿਮਾਰੀ ਨੂੰ ਤੇਜ਼ੀ ਨਾਲ ਫੈਲਣ ਨਹੀਂ ਦਿੱਤਾ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜਿਹੜੇ ਦੇਸ਼ਾਂ ਦੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਉੱਥੇ ਕੋਰੋਨਾ ਦਾ ਅਸਰ ਬਹੁਤ ਘੱਟ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਾਹਮਣੇ ਇੱਕੋ-ਇਕ ਰਸਤਾ ਹੈ ਕਿ ਅਸੀਂ ਘਰਾਂ 'ਚ ਹੀ ਰਹਿਣਾ ਹੈ। ਸਾਡੇ ਘਰਾਂ ਦੇ ਬਾਹਰ ਇਕ ਲਛਮਣ ਰੇਖਾ ਹੈ ਜਿਸ ਨੂੰ ਪਾਰ ਨਹੀਂ ਕਰਨਾ ਹੈ। ਪ੍ਰਧਾਨ ਮੰਤਰੀ ਨੇ ਘਰਾਂ 'ਚ ਰਹਿ ਕੇ ਉਨ੍ਹਾਂ ਲੋਕਾਂ ਲਈ ਅਰਦਾਸ ਕਰਨ ਵਾਸਤੇ ਕਿਹਾ ਜਿਹੜੇ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜਾਨ ਜੋਖ਼ਮ ਵਿਚ ਪਾ ਕੇ ਜੂਝ ਰਹੇ ਹਨ। ਹੁਣ ਘੱਟੋ-ਘੱਟ ਉਨ੍ਹਾਂ ਸਾਰੇ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਜਿਹੜੇ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਚੁਣੌਤੀ ਨੂੰ ਹਲਕੇ 'ਚ ਲੈ ਰਹੇ ਹਨ ਅਤੇ ਮਨ੍ਹਾ ਕਰਨ ਦੇ ਬਾਵਜੂਦ ਬੇਵਜ੍ਹਾ ਘਰੋਂ ਨਿਕਲ ਰਹੇ ਹਨ। ਇਹ ਚੁਣੌਤੀ ਬਹੁਤ ਵੱਡੀ ਹੈ। ਜਦੋਂ ਤਕ ਕੋਰੋਨਾ ਦੀ ਲਾਗ ਨੂੰ ਰੋਕਣ 'ਚ ਸਫਲਤਾ ਨਹੀਂ ਮਿਲਦੀ ਉਦੋਂ ਤਕ ਕੇਂਦਰ ਤੇ ਸੂਬਾ ਸਰਕਾਰਾਂ ਦੀ ਚੁਣੌਤੀ ਮੁਸ਼ਕਲ ਹੁੰਦੀ ਜਾਵੇਗੀ ਕਿਉਂਕਿ ਇਕ ਪਾਸੇ ਬਿਨਾਂ ਕਾਰਨ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਿਕਲਣ ਤੋਂ ਰੋਕਣਾ ਹੈ ਅਤੇ ਦੂਜੇ ਪਾਸੇ ਸ਼ੱਕੀ ਮਰੀਜ਼ਾਂ ਅਤੇ ਉਨ੍ਹਾਂ ਨਾਲ ਮਿਲਣ ਵਾਲੇ ਲੋਕਾਂ ਦੀ ਵੀ ਤਲਾਸ਼ ਕਰਨੀ ਹੈ। ਕਿਸੇ ਨੂੰ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸ਼ਾਸਨ ਤੇ ਪ੍ਰਸ਼ਾਸਨ ਦੀ ਮੁਸ਼ਕਲ ਵੱਧ ਜਾਵੇ। ਪੰਜਾਬ ਦੇ ਕਈ ਹਿੱਸਿਆਂ 'ਚੋਂ ਬਿਨਾਂ ਕਾਰਨ ਘਰੋਂ ਨਿਕਲਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ 'ਤੇ ਸਖ਼ਤੀ ਨਾਲ ਰੋਕ ਲਾਉਣ ਦੀ ਲੋੜ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਸਰਕਾਰ ਨੇ ਕੋਰੋਨਾ ਖ਼ਿਲਾਫ਼ ਲੜਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਧਿਆਨ ਰੱਖਣਾ ਹੈ ਜਿਹੜੇ 21 ਦਿਨ ਦੇ ਲਾਕਡਾਊਨ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਸਕਦੇ ਹਨ। ਸਰਕਾਰ ਦੀ ਜ਼ਿੰਮੇਵਾਰੀ ਕਾਫ਼ੀ ਵੱਧ ਗਈ ਹੈ। ਆਪਣੀਆਂ ਲੋੜਾਂ ਲਈ ਲੋਕ ਹੁਣ ਸਰਕਾਰ ਜਾਂ ਸਵੈ-ਸੇਵੀ ਸੰਸਥਾਵਾਂ ਦੇ ਹੀ ਭਰੋਸੇ ਹਨ। ਇਹ ਵੀ ਜ਼ਰੂਰੀ ਹੈ ਕਿ ਸਰਕਾਰ ਦਿਹਾੜੀਦਾਰ ਮਜ਼ਦੂਰਾਂ ਤੇ ਗ਼ਰੀਬ ਤਬਕੇ ਦੀ ਮਦਦ ਲਈ ਅੱਗੇ ਆਵੇ।

Posted By: Jagjit Singh