v> ਕੋਰੋਨਾ ਵਾਇਰਸ ਦੇ ਵੱਡੇ ਖ਼ਤਰੇ ਨੂੰ ਵੇਖਦਿਆਂ ਸਮੁੱਚੇ ਪੰਜਾਬ 'ਚ ਕਰਫਿਊ ਲਾਉਣਾ ਪੈ ਗਿਆ ਹੈ। ਮਹਾਮਾਰੀ ਸਾਡੇ ਸਿਰ 'ਤੇ ਮੰਡਰਾ ਰਹੀ ਹੈ ਤੇ ਲੋਕ ਸੜਕਾਂ 'ਤੇ ਆਉਣ ਤੋਂ ਬਾਜ਼ ਨਹੀਂ ਆ ਰਹੇ ਜਿਸ ਕਾਰਨ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਡਰ ਹੈ। ਦੁਨੀਆ 'ਚ ਚੀਨ ਤੋਂ ਬਾਅਦ ਇਟਲੀ 'ਚ ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ ਕਿਉਂਕਿ ਉੱਥੋਂ ਦੇ ਲੋਕਾਂ ਨੇ ਵੀ ਸਰਕਾਰ ਦੀ ਗੱਲ ਨਹੀਂ ਸੁਣੀ ਸੀ। ਸਰਕਾਰ ਵੱਲੋਂ ਲਾਕਡਾਊਨ ਕਰਨ ਦੇ ਬਾਵਜੂਦ ਲੋਕ ਘਰਾਂ 'ਚ ਨਹੀਂ ਰੁਕੇ ਅਤੇ ਬਿਮਾਰੀ ਇੰਨੀ ਤੇਜ਼ੀ ਨਾਲ ਫੈਲੀ ਕਿ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਹਾਲੇ ਵੀ ਕੁਝ ਲੋਕ ਇਸ ਜਾਨਲੇਵਾ ਬਿਮਾਰੀ ਨੂੰ ਹਲਕੇ 'ਚ ਲੈ ਰਹੇ ਹਨ। ਬੀਤੇ ਕੱਲ੍ਹ ਵੀ ਜਨਤਾ ਕਰਫਿਊ ਦੌਰਾਨ ਬੇਸ਼ੱਕ ਦਿਨ ਵੇਲੇ ਲੋਕ ਘਰਾਂ 'ਚ ਰਹੇ ਪਰ ਸ਼ਾਮ ਪੰਜ ਵੱਜਦਿਆਂ ਹੀ ਥਾਲੀਆਂ ਤੇ ਤਾੜੀਆਂ ਵਜਾਉਂਦੇ ਹਜ਼ਾਰਾਂ ਲੋਕ ਸੜਕਾਂ 'ਤੇ ਨਿਕਲ ਆਏ। ਇਹ ਬਹੁਤ ਵੱਡੀ ਮੂਰਖਤਾ ਸੀ। ਅਜਿਹੇ ਹੀ ਕੁਝ ਲੋਕਾਂ 'ਤੇ ਪਟਿਆਲਾ 'ਚ ਪਰਚਾ ਦਰਜ ਕੀਤਾ ਗਿਆ ਹੈ। ਇੱਥੇ ਲੋਕ ਤਾੜੀਆਂ ਤੇ ਥਾਲੀਆਂ ਵਜਾਉਣ ਲਈ ਗਲੀ 'ਚ ਇਕੱਤਰ ਹੋ ਗਏ ਅਤੇ ਕਿਸੇ ਰੈਲੀ ਵਾਂਗ ਸੜਕਾਂ 'ਤੇ ਨਿਕਲ ਆਏ ਸਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਅਤੇ ਇਕ-ਦੂਜੇ ਤੋਂ 2-3 ਫੁੱਟ ਦੀ ਦੂਰੀ ਬਣਾ ਕੇ ਚੱਲਣ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਕਰਫਿਊ ਸਾਡੀ ਭਲਾਈ ਲਈ ਹੀ ਲਗਾਇਆ ਗਿਆ ਹੈ। ਜੇ ਇਸ ਬਿਮਾਰੀ ਨੂੰ ਹਰਾਉਣਾ ਹੈ ਤਾਂ ਸਾਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਪਵੇਗਾ। ਮੌਜੂਦਾ ਹਾਲਾਤ 'ਚ ਸੂਬੇ ਦੇ ਕਈ ਹਿੱਸਿਆਂ 'ਚ ਕੁਝ ਦੁਕਾਨਦਾਰ ਕਾਲਾਬਾਜ਼ਾਰੀ ਕਰ ਰਹੇ ਹਨ ਅਤੇ ਕੁਝ ਲੋਕ ਬਿਨਾਂ ਵਜ੍ਹਾ ਬਹੁਤ ਜ਼ਿਆਦਾ ਸਾਮਾਨ ਖ਼ਰੀਦ ਰਹੇ ਹਨ। ਇਸ ਬਾਰੇ ਕਿਸੇ ਤਰ੍ਹਾਂ ਦਾ ਡਰ ਫੈਲਾਉਣ ਦੀ ਲੋੜ ਨਹੀਂ ਹੈ। ਸਰਕਾਰ ਨੇ ਕਿਹਾ ਹੈ ਕਿ ਕਰਫਿਊ ਦੌਰਾਨ ਹਰੇਕ ਜ਼ਿਲ੍ਹੇ ਦੇ ਕੁਝ ਖੇਤਰਾਂ 'ਚ ਐਮਰਜੈਂਸੀ ਸੇਵਾਵਾਂ ਲਈ ਪੈਟਰੋਲ ਪੰਪ, ਦਵਾਈ ਦੀਆਂ ਦੁਕਾਨਾਂ, ਗੈਸ ਏਜੰਸੀਆਂ ਤੇ ਕਰਿਆਨਾ ਸਟੋਰ ਖੁੱਲ੍ਹੇ ਰਹਿਣਗੇ। ਹਸਪਤਾਲ ਵੀ ਪਹਿਲਾਂ ਵਾਂਗ ਖੁੱਲ੍ਹੇ ਰਹਿਣਗੇ। ਦੂਜੇ ਪਾਸੇ ਮੋਹਾਲੀ 'ਚ 80 ਸਾਲਾ ਇਕ ਔਰਤ ਤੇ ਨਵਾਂਸ਼ਹਿਰ 'ਚ ਕੋਰੋਨਾ ਕਾਰਨ ਮਾਰੇ ਗਏ ਬਜ਼ੁਰਗ ਪਾਠੀ ਦੇ ਪੋਤੇ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਪੰਜਾਬ 'ਚ ਇਸ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ। ਮੋਹਾਲੀ ਤੋਂ ਬਾਅਦ ਜਿਸ ਜ਼ਿਲ੍ਹੇ 'ਚ ਸਭ ਤੋਂ ਵੱਧ ਕੋਰੋਨਾ ਦਾ ਅਸਰ ਹੋਇਆ ਹੈ ਉਹ ਨਵਾਂਸ਼ਹਿਰ ਹੈ। ਦਰਅਸਲ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਬਜ਼ੁਰਗ ਦੀ ਬੀਤੇ ਦਿਨੀਂ ਕੋਰੋਨਾ ਕਾਰਨ ਮੌਤ ਹੋਈ ਹੈ ਉਹ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ। ਸਰਕਾਰ ਨੂੰ ਖ਼ਦਸ਼ਾ ਹੈ ਕਿ ਹੋਲੇ ਮਹੱਲੇ 'ਚ ਸ਼ਾਮਲ ਹੋਏ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ 'ਚ ਕੋਰੋਨਾ ਫੈਲ ਸਕਦਾ ਹੈ। ਨਵਾਂਸ਼ਹਿਰ ਦੇ ਜਿਹੜੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀਆਂ ਸਨ ਉਨ੍ਹਾਂ ਨੂੰ ਵੀ ਘਰਾਂ ਅੰਦਰ ਰਹਿਣ ਲਈ ਕਿਹਾ ਗਿਆ ਹੈ। ਇਸ ਔਖੀ ਘੜੀ 'ਚ ਡਾਕਟਰ, ਸਰਕਾਰ, ਅਫ਼ਸਰ ਤੇ ਮੁਲਾਜ਼ਮ ਡਟੇ ਹੋਏ ਹਨ। ਪੰਜਾਬ ਦੇ ਆਈਪੀਐੱਸ ਅਧਿਕਾਰੀਆਂ ਨੇ ਤਾਂ ਇਕ-ਇਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ 'ਚ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਂ ਡਰਨ ਦਾ ਨਹੀਂ ਬਲਕਿ ਜਾਗਰੂਕ ਹੋਣ ਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ 'ਚ ਰਹਿਣ ਅਤੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ। ਕੋਰੋਨਾ ਨਾਲ ਜੰਗ 'ਚ ਕਰਫਿਊ ਬਹੁਤ ਅਹਿਮ ਭੂਮਿਕਾ ਅਦਾ ਕਰੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦਾ ਜ਼ਰੂਰ ਖ਼ਿਆਲ ਰੱਖੇ।

Posted By: Rajnish Kaur