ਭਾਰਤ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ ਅਤੇ ਦੁਨੀਆ ਵਿਚ ਇਹ ਅੰਕੜਾ 50 ਲੱਖ ਦੇ ਨੇੜੇ ਪੁੱਜ ਚੁੱਕਾ ਹੈ। ਭਾਵੇਂ ਭਾਰਤ ਦੀ ਜਨਸੰਖਿਆ ਦੇ ਮੁਕਾਬਲੇ ਇਹ ਅੰਕੜਾ ਕੁਝ ਵੀ ਨਹੀਂ ਹੈ ਪਰ ਇਸ ਮਹਾਮਾਰੀ ਦੀ ਗੰਭੀਰਤਾ ਤੋਂ ਕੋਈ ਵੀ ਜਾਗਰੂਕ ਇਨਸਾਨ ਅਨਜਾਣ ਨਹੀਂ ਹੈ। ਇਸ ਲਈ ਕੋਰੋਨਾ ਪੀੜਤਾਂ ਦਾ ਇਹ ਅੰਕੜਾ ਨਾ ਸਿਰਫ਼ ਸਰਕਾਰਾਂ ਬਲਕਿ ਲੋਕਾਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਅਜਿਹਾ 11ਵਾਂ ਮੁਲਕ ਬਣ ਗਿਆ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਮਰੀਜ਼ ਹਨ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 5242 ਨਵੇਂ ਕੇਸ ਆਏ ਹਨ ਜਦਕਿ 157 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਦੀ ਵਜ੍ਹਾ ਨਾਲ ਹੁਣ ਤਕ ਕੁੱਲ 3163 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 39173 ਠੀਕ ਵੀ ਹੋ ਚੁੱਕੇ ਹਨ। ਮਹਾਰਾਸ਼ਟਰ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਮਰੀਜ਼ ਹਨ ਜਿਨ੍ਹਾਂ ਦੀ ਗਿਣਤੀ 33053 ਦੱਸੀ ਜਾ ਰਹੀ ਹੈ। ਗੁਜਰਾਤ, ਤਾਮਿਲਨਾਡੂ, ਦਿੱਲੀ, ਰਾਜਸਥਾਨ ਵਿਚ ਵੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ ਹਨ। ਦੂਜੇ ਪਾਸੇ ਕੇਂਦਰ ਸਰਕਾਰ ਨੇ ਤਿੰਨ ਤਾਲਾਬੰਦੀਆਂ ਤੋਂ ਬਾਅਦ 31 ਮਈ ਤਕ ਲਾਗੂ ਚੌਥੇ ਲਾਕਡਾਊਨ ਵਿਚ ਬਹੁਤ ਸਾਰੀਆਂ ਖੁੱਲ੍ਹਾਂ ਦੇ ਦਿੱਤੀਆਂ ਹਨ। ਇਸ ਦੌਰਾਨ ਜਿਸ ਤਰੀਕੇ ਨਾਲ ਨਾ ਸਿਰਫ਼ 'ਸਰੀਰਕ ਦੂਰੀ' ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉੱਥੇ ਹੀ 'ਸਮਾਜਿਕ ਦੂਰੀ' ਨੂੰ ਵੀ ਪੂਰੀ ਤਰ੍ਹਾਂ ਛਿੱਕੇ ਟੰਗਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਪੂਰੀ ਤਰ੍ਹਾਂ ਅਣਡਿੱਠ ਕੀਤਾ ਜਾ ਰਿਹਾ ਹੈ। ਮਾਸਕ ਪਾ ਕੇ ਰੱਖਣ ਜਾਂ ਫਿਰ ਸੈਨੇਟਾਈਜ਼ਰ ਦੇ ਇਸਤੇਮਾਲ ਕਰਨ ਦੀਆਂ ਹਦਾਇਤਾਂ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸਮਾਜ ਵਿਚ ਕੋਰੋਨਾ ਨੂੰ ਲੈ ਕੇ ਫੈਲੇ ਵਹਿਮਾਂ-ਭਰਮਾਂ ਅਤੇ ਦਹਿਸ਼ਤ ਨੂੰ ਘੱਟ ਕਰਨ ਵਿਚ ਸਰਕਾਰ ਨੇ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਹੀ ਨਿਡਰਤਾ ਦਾ ਪੱਲਾ ਫੜ ਲਿਆ ਜਾਵੇ। ਦਰਅਸਲ, ਦਹਿਸ਼ਤ ਜਾਂ ਡਰ ਦੀ ਬਜਾਏ ਚੌਕਸ ਰਹਿਣ ਦੀ ਲੋੜ ਹੈ। ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦੇ ਪ੍ਰਬੰਧਾਂ 'ਤੇ ਸਮਾਜ ਦਾ ਇਕ ਵੱਡਾ ਤਬਕਾ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। 'ਘੱਟ ਟੈਸਟਿੰਗ' ਅਤੇ 'ਅੰਡਰ ਰਿਪੋਰਟਿੰਗ' ਵਰਗੇ ਇਲਜ਼ਾਮ ਲਾਏ ਜਾ ਰਹੇ ਹਨ। ਜਦੋਂ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਕੇਂਦਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਅਜਿਹੇ ਬਿਆਨ ਵੀ ਆ ਰਹੇ ਹਨ ਕਿ ਹੁਣ ਕੋਰੋਨਾ ਨੂੰ ਜੀਵਨ ਜਾਚ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਇਸ ਦੇ ਵੀ ਆਪੋ-ਆਪਣੇ ਅਰਥ ਕੱਢੇ ਜਾ ਰਹੇ ਹਨ। ਅਜਿਹਾ ਵੀ ਮੰਨਿਆ ਜਾਣ ਲੱਗ ਪਿਆ ਹੈ ਕਿ ਸਰਕਾਰਾਂ ਅਤੇ ਲੋਕਾਂ ਨੇ ਇਸ ਪ੍ਰਤੀ ਜਿੰਨੀ ਕੁ ਚੌਕਸੀ ਜਾਂ ਗੰਭੀਰਤਾ ਦਿਖਾਉਣੀ ਸੀ ਦਿਖਾ ਦਿੱਤੀ। ਇਸ ਤੋਂ ਅੱਗੇ ਹੁਣ ਕਿਸੇ ਵਿਚ ਕੋਈ ਹਿੰਮਤ ਨਹੀਂ ਹੈ। ਹੁਣ ਬਿਮਾਰੀ ਨਾਲੋਂ ਜ਼ਿਆਦਾ ਚਿੰਤਾ ਰੋਟੀ, ਰੁਜ਼ਗਾਰ ਤੇ ਆਰਥਿਕਤਾ ਦੀ ਹੋ ਗਈ ਹੈ। ਕੋਰੋਨਾ ਤਰਜੀਹ ਵਿਚ ਪਿੱਛੇ ਚਲਾ ਗਿਆ ਹੈ ਅਤੇ ਰੁਜ਼ਗਾਰ ਅਤੇ ਆਰਥਿਕਤਾ ਅੱਗੇ ਆ ਗਈ ਹੈ। ਅਜਿਹਾ ਵੀ ਨਹੀਂ ਹੈ ਕਿ ਇਹ ਕੋਰੋਨਾ ਦਾ ਖ਼ਤਰਾ ਟਲ਼ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਨਾ ਸਿਰਫ਼ ਦੁਨੀਆ ਬਾਰੇ ਬਲਕਿ ਭਾਰਤ ਬਾਰੇ ਵੀ ਵੱਖ-ਵੱਖ ਤਰ੍ਹਾਂ ਦੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਫ਼ਿਲਹਾਲ ਸਾਵਧਾਨੀਆਂ ਦਾ ਪੱਲਾ ਨਾ ਛੱਡਿਆ ਜਾਵੇ ਕਿਉਂਕਿ ਲਾਕਡਾਊਨ ਦੀਆਂ ਛੋਟਾਂ ਦੇ ਨਤੀਜੇ ਹਾਲੇ ਆਉਣੇ ਹਨ।

Posted By: Jagjit Singh