-ਰਣਜੀਤ ਧੀਰ

ਸੰਨ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਮਾਨਵਤਾ ਨੂੰ ਇਕ ਅਦੁੱਤੀ ਤੋਹਫ਼ਾ ਬਖ਼ਸ਼ਿਆ ''ਚੜ੍ਹਦੀ ਕਲਾ' ਦਾ ਤੋਹਫ਼ਾ! ਬੰਦਾ ਵੱਢਿਆ, ਟੁੱਕਿਆ, ਡਿੱਗਿਆ ਪਿਆ ਹੋਵੇ ਪਰ ਕੋਈ ਪੁੱਛੇ, ਭਾਈ ਕੀ ਹਾਲ ਐ, ਤਾਂ ਕਹੇ 'ਚੜ੍ਹਦੀ ਕਲਾ'! ਗੁਰਮ ਨਾਲ ਫੋਨ 'ਤੇ ਗੱਲ ਹੋ ਰਹੀ ਸੀ। ਕਹਿੰਦਾ, ''ਬਾਈ! ਚੜ੍ਹਦੀ ਕਲਾ ਵਾਲੀ ਗੱਲ ਤਾਂ ਠੀਕ ਹੈ ਪਰ ਮਨ ਜਿਵੇਂ ਖੜ੍ਹਦਾ ਨਹੀਂ।'' ਮੁਸ਼ਕਲ ਇਹ ਹੈ ਕਿ ਅਜੋਕੇ ਮਨੁੱਖ ਨੂੰ ਕਿਸੇ ਗੱਲ 'ਤੇ ਵਿਸ਼ਵਾਸ ਨਹੀਂ ਰਿਹਾ ਜਿਸ ਤੋਂ ਬਿਨਾਂ ਇਹੋ ਜਿਹੇ ਗੁਣ ਤੁਹਾਡੀ ਸ਼ਖ਼ਸੀਅਤ ਵਿਚ ਉੱਗਦੇ ਹੀ ਨਹੀਂ। ਵਿਸ਼ਵਾਸ ਬੰਦੇ ਨੂੰ ਦੁੱਖ-ਤਕਲੀਫ਼ ਝੱਲਣ ਦਾ ਬਲ ਦਿੰਦਾ ਹੈ ਪਰ ਅਜੋਕੇ ਮਨੁੱਖ ਦਾ ਮਨ ਅੰਦਰੋਂ ਸੁੱਕਿਆ ਪਿਆ ਹੈ, ਆਪਣੇ-ਆਪ ਅਤੇ ਆਪਣੇ ਚੌਗਿਰਦੇ ਤੋਂ ਟੁੱਟਿਆ ਹੋਇਆ ਹੈ।

ਓਸ਼ੋ ਕਹਿੰਦੈ, ''ਵਿਗਿਆਨ ਅਤੇ ਤਰਕ ਨੇ ਮਨੁੱਖ ਦੇ ਮਨ ਨੂੰ ਰੇਗਿਸਤਾਨ ਬਣਾ ਦਿੱਤੈ।ਪਰ ਇਹ ਮਸਲਾ ਧਾਰਮਿਕਤਾ ਦਾ ਨਹੀਂ ਸਗੋਂ ਮਨੋਵਿਗਿਆਨ, ਮਨੋਬਲ ਅਤੇ ਮਾਨਸਿਕਤਾ ਦਾ ਹੈ। ਗੁਰਮ ਕਹਿੰਦਾ, ''ਯਾਰ ਬੰਦਾ ਕੀ ਕਰੇ? ਚੌਵੀ ਘੰਟੇ ਮੌਤ ਦੀਆਂ ਖ਼ਬਰਾਂ ਐਥੇ, ਇੰਡੀਆ ਅਤੇ ਅਮਰੀਕਾ ਵਿਚ। ਕੋਈ ਅਖ਼ਬਾਰ, ਕੋਈ ਰੇਡੀਓ, ਟੀਵੀ ਚੈਨਲ ਦੇਖ ਲਓ, ਹਰ ਪਾਸੇ ਕੋਰੋਨਾ ਹੀ ਕੋਰੋਨਾ।ਹੈ। ਯਾਰ ਮੈਨੂੰ ਐਨਾ ਡਰ ਕਦੇ ਨਹੀਂ ਲੱਗਿਆ। ਤੈਨੂੰ ਡਰ ਨਹੀਂ ਲੱਗਦੈ?'' ਮੈਂ ਕਿਹਾ, ''ਡਰ ਤਾਂ ਹਰ ਬੰਦੇ ਨੂੰ ਲੱਗਦੈ ਤੇ ਮੈਨੂੰ ਵੀ ਪਰ ਡਰ ਤੋਂ ਭੱਜਣਾ ਹੱਲ ਨਹੀਂ। ਡਰ ਨੂੰ ਫਰੋਲਣਾ ਪੈਂਦਾ।ਹੈ। ਯਾਦ ਹੈ ਜਦ ਬਾਬੇ ਨਾਨਕ ਨੇ ਕਿਹਾ ਸੀ ਕਿ ਮਰਦਾਨਿਆ ਜਿਹੜੀ ਚੀਜ਼ ਤੋਂ ਡਰ ਲੱਗਦੈ ਉਹਨੂੰ ਸੁੱਟ ਦੇ ਅਤੇ ਸੌਂਅ ਜਾ, ਆਪੇ ਨੀਂਦ ਆ ਜੂ। ਕੋਰੋਨੇ ਦੀ ਮਹਾਮਾਰੀ ਵਿਚ ਕੋਈ ਅਲੋਕਾਰ ਰਹੱਸ ਨਹੀਂ ਜੀਹਦੀ ਸਮਝ ਨਾ ਆਉਂਦੀ ਹੋਵੇ। ਇਹ ਸਾਰਾ ਮਾਜਰਾ ਪਦਾਰਥੀ-ਭੌਤਿਕੀ ਹੈ, ਕਿਸੇ ਗ਼ੈਬੀ ਸ਼ਕਤੀ ਦਾ ਸਰਾਪ ਨਹੀਂ। ਕੁਦਰਤ ਤੇ ਮਾਨਵਤਾ ਵਿਚਾਲੇ ਸੰਤੁਲਨ ਦਾ ਵਿਗਾੜ ਹੈ। ਮਨੁੱਖੀ ਇਤਿਹਾਸ ਵਿਚ ਇਹ ਸੰਤੁਲਨ ਵਿਗੜਦਾ-ਬਣਦਾ ਰਿਹਾ ਹੈ ਪਰ ਜਦ ਤਕ ਦੁਬਾਰਾ ਸੰਤੁਲਨ ਬਣਦੈ, ਉਦੋਂ ਤੀਕ ਹਜ਼ਾਰਾਂ-ਲੱਖਾਂ ਬੰਦੇ ਮਾਰੇ ਜਾਂਦੇ ਹਨ। ਪੁਰਾਤਨ ਯੂਨਾਨ 'ਚ ਈਸਾ ਤੋਂ 430 ਸਾਲ ਪਹਿਲਾਂ ਦੀ ਮਹਾਮਾਰੀ ਤੋਂ ਲੈ ਕੇ, ਯੂਰਪ ਵਿਚ 14ਵੀਂ ਸਦੀ ਦੀ ਪਲੇਗ, 1817 ਵਿਚ ਰੂਸ ਤੋਂ ਭਾਰਤ ਪਹੁੰਚਿਆ ਹੈਜ਼ਾ, 1918 ਵਾਲਾ 'ਸਪੈਨਿਸ਼ ਫਲੂ' ਸਭ ਇਸ ਵਿਗਾੜ ਦੀਆਂ ਮਿਸਾਲਾਂ ਹਨ।

ਸਪੇਨ ਵਾਲੇ 'ਫਲੂ' ਕਾਰਨ ਦੁਨੀਆ ਭਰ ਵਿਚ ਪੰਜ ਕਰੋੜ ਵਿਅਕਤੀ ਮਾਰੇ ਗਏ ਸਨ। ਪੰਦਰਵੀਂ ਸਦੀ 'ਚ ਸਪੇਨੀ ਸਾਮਰਾਜੀ ਫ਼ੌਜੀ ਚੇਚਕ ਅਤੇ ਮਲੇਰੀਆ ਨਾਲ ਵੱਡੀ ਗਿਣਤੀ ਵਿਚ ਮੌਤ ਦੇ ਮੂੰਹ ਵਿਚ ਜਾ ਪਏ ਸਨ। ਦੱਖਣੀ ਅਮਰੀਕਾ ਦੇ 'ਇੰਕਾ' ਅਤੇ 'ਮਾਇਅਨ' ਸਾਮਰਾਜਾਂ ਦੇ 90 ਪ੍ਰਤੀਸ਼ਤ ਸ਼ਹਿਰੀ ਮਾਰੇ ਗਏ ਸਨ ਅਤੇ ਇਹ ਸੱਭਿਆਤਾਵਾਂ ਹੀ ਖ਼ਤਮ ਹੋ ਗਈਆਂ ਸਨ। ਪਿਛਲੀਆਂ ਮਹਾਮਾਰੀਆਂ ਵਾਂਗ ਕੋਰੋਨਾ ਵੀ ਆਪਣਾ ਮੁੱਲ ਵਸੂਲ ਕੇ ਜਾਵੇਗਾ। ਅਸੀਂ ਹਨੇਰੇ ਤੋਂ ਡਰਦੇ ਹਾਂ। ਥਾਣੇਦਾਰ ਤੋਂ ਲੈ ਕੇ ਹਰ ਉਸ ਹਾਕਮ ਤੋਂ ਡਰਦੇ ਹਾਂ ਜੀਹਦੇ ਮੂਹਰੇ ਕੋਈ ਵਾਹ ਨਾ ਜਾਂਦੀ ਹੋਵੇ।

ਭਿਆਨਕ ਅੱਗਾਂ, ਹੜ੍ਹਾਂ ਅਤੇ ਕੁਦਰਤ ਦੇ ਹੋਰ ਕਹਿਰਾਂ ਤੋਂ ਡਰਦੇ ਹਾਂ ਜਿਨ੍ਹਾਂ ਦੇ ਮੂਹਰੇ ਅਸੀਂ ਲਾਚਾਰ ਹੋਏ ਰੱਬ ਤੋਂ ਖ਼ੈਰਾਂ ਮੰਗਣ ਲੱਗਦੇ ਹਾਂ। ਤਾਂਹੀਉਂ ਤਾਂ ਕਾਰਲ ਮਾਰਕਸ ਨੇ ਕਿਹਾ ਸੀ ਕਿ ਪਰਮੇਸ਼ਵਰ ਲਾਚਾਰ, ਬੇਵੱਸ ਅਤੇ ਡਿੱਗੇ ਬੰਦੇ ਦਾ ਹਉਕਾ ਬਣ ਕੇ ਬਹੁੜਦੈ।ਪਰ ਪੁਰਾਤਨ ਰੋਮਨ ਦਾਨਿਸ਼ਵਰ ਸੈਨਿਕਾਂ ਦਾ ਮਤ ਹੈ ਕਿ ਬੰਦਾ ਦੁੱਖ-ਤਕਲੀਫ਼ਾਂ ਝੱਲਣ ਦੇ ਕਾਬਲ ਤਾਂ ਹੀ ਬਣਦੈ ਜੇਕਰ ਉਹ ਕੁਦਰਤ ਦਾ ਨੇਮ ਸਮਝੇ ਕਿ ਦੁੱਖ ਮਨੁੱਖੀ ਜੀਵਨ ਦਾ ਹਿੱਸਾ ਹਨ। ਕੁਦਰਤ ਦੇ ਨੇਮ ਦਾ ਇਹ ਅਹਿਸਾਸ ਆਪਣੇ ਨਾਲ ਸੰਵਾਦ ਰਚਾਉਣ 'ਚੋਂ ਹੀ ਪੈਦਾ ਹੁੰਦਾ ਹੈ ਜਿਸ ਸਦਕਾ ਮਨ ਸਹਿਜ ਹੁੰਦੈ। ਇਸ ਲਈ ਆਪਣੇ ਅੰਦਰ ਵੜ ਕੇ ਆਪੇ ਹੀ ਡਰ ਦੀ ਗੰਢ ਖੋਲ੍ਹੋ। ਗੁਰਮ ਤਾਂ ਆਪਣੇ ਪਰਿਵਾਰ ਨਾਲ ਰਹਿੰਦੈ ਪਰ ਈਲਿੰਗ ਵਿਚ ਤਕਰੀਬਨ ਪੰਜ ਹਜ਼ਾਰ ਬਿਰਧ ਸ਼ਹਿਰੀ ਇਹੋ ਜਿਹੇ ਹਨ ਜਿਹੜੇ ਬਿਮਾਰ ਹਨ ਅਤੇ ਘਰੇ ਇਕੱਲੇ ਰਹਿੰਦੇ ਹਨ। ਵਰ੍ਹੇ-ਛਿਮਾਹੀ ਕ੍ਰਿਸਮਸ ਵੇਲੇ ਉਨ੍ਹਾਂ ਦੇ ਬੱਚਿਆਂ ਦਾ ਕਾਰਡ ਜਾਂ ਫੋਨ ਆ ਜਾਂਦਾ ਹੈ। ਬਾਕੀ ਸਭ ਦੁੱਖ-ਸੁੱਖ ਉਹ ਇਕੱਲੇ ਹੀ ਭੋਗਦੇ ਹਨ। ਉਨ੍ਹਾਂ ਵਾਸਤੇ ਇੱਥੇ 'ਬੀ ਫਰੈਂਡ' ਵਰਗੀਆਂ ਸਮਾਜ ਸੇਵੀ ਸੰਸਥਾਵਾਂ ਹਨ ਜਿਹੜੀਆਂ ਉਨਾਂ ਨੂੰ ਫੋਨ ਕਰਦੀਆਂ ਹਨ। ਉਨ੍ਹਾਂ ਨੂੰ ਘਰੇ ਜਾ ਕੇ ਧਰਵਾਸਾ ਦਿੰਦੀਆਂ ਹਨ। ਰੋਟੀ-ਪਾਣੀ, ਦਵਾਈਆਂ ਸਭ ਉਨ੍ਹਾਂ ਦੇ ਘਰੀਂ ਪਹੁੰਚਾਉਂਦੀਆਂ ਹਨ।

ਸਾਰੇ ਮੁਲਕ ਵਿਚ ਲੱਖਾਂ ਵਲੰਟੀਅਰ ਇਸ ਪਈ ਭੀੜ ਮੌਕੇ ਲੋਕ ਭਲਾਈ ਦਾ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਸਾਊਥਾਲ ਲਾਗਲੇ ਹੇਜ਼ ਸ਼ਹਿਰ ਦਾ ਇਕ ਭਾਰਤੀ ਕੌਂਸਲਰ ਜਗਜੀਤ ਸਿੰਘ ਵੀ ਸ਼ਾਮਲ ਹੈ। ਉਹ ਦੁਨੀਆ ਦੇ ਕਈ ਦੇਸ਼ਾਂ ਵਿਚ ਜਾ ਕੇ 'ਮੈਰਾਥਨ' ਵਿਚ ਨਾਮਣਾ ਖੱਟ ਚੁੱਕਾ।ਹੈ। ਨੌਕਰੀ ਮਗਰੋਂ ਸ਼ਾਮ ਨੂੰ ਅਤੇ 'ਵੀਕਐਂਡ' ਉੱਤੇ ਲੋਕਾਂ ਦੇ ਘਰੀਂ 'ਫੂਡ ਪਾਰਸਲ' ਅਤੇ ਦਵਾਈਆਂ ਪਹੁੰਚਾਉਂਦੈ। ਜਗਜੀਤ ਵਰਗੇ ਇਹ ਵਲੰਟੀਅਰ ਮੈਨੂੰ ਭਾਈ ਘਨੱ੍ਹਈਆ ਦੇ ਪੈਰੋਕਾਰ ਹੀ ਲੱਗਦੇ ਹਨ। ਮੈਂ ਗੁਰਮ ਨੂੰ ਕਿਹਾ ਕਿ ਤੂੰ ਹਾਲੇ ਪੰਜਾਹਾਂ ਤੋਂ ਘੱਟ ਏਂ। ਵਲੰਟੀਅਰ ਬਣ ਜਾ। ਲੋੜਵੰਦਾਂ ਦੀ ਸੇਵਾ ਕਰੇਂਗਾ ਤਾਂ ਆਪਣਾ ਡਰ ਭੁੱਲ ਜੂ। ਨਾਲ ਦੀ ਨਾਲ ਹੋਰ ਕੰਮਾਂ ਵਿਚ ਰੁੱਝ ਜਾ। ਸੋਸ਼ਲ ਮੀਡੀਆ ਅਤੇ ਖ਼ਬਰਾਂ ਤੋਂ ਬਿਨਾਂ ਟੈਲੀਵਿਜ਼ਨ ਵੇਖਣਾ ਬੇਸ਼ੱਕ ਬੰਦ ਹੀ ਕਰ ਦਿਉ। ਘਰ ਦੇ ਕੰਮਾਂ ਵਾਲੇ ਪਤਨੀ ਦੇ ਅਗਲੇ-ਪਿਛਲੇ ਉਲਾਂਭੇ ਲਾਹ ਦੇ। ਬਗ਼ੀਚੇ ਵਿਚ ਸਮੇਤ ਪਰਿਵਾਰ ਕਸਰਤ ਕਰੋ। ਬੱਚਿਆਂ ਨਾਲ ਖੇਡਾਂ ਖੇਡੋ। ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਵਿਚ ਮਦਦ ਕਰੋ। ਆਪ ਅਖ਼ਬਾਰ, ਕਿਤਾਬਾਂ ਪੜ੍ਹਿਆ ਕਰ। ਮੇਰੇ ਕੋਲ਼ੋਂ ਪੰਜਾਬੀ ਦੀਆਂ ਕਿਤਾਬਾਂ ਲੈ ਜਾ। ਕਹਾਵਤ ਹੈ ਕਿ ਹਰ ਸੰਕਟ ਇਕ ਨਵਾਂ ਮੌਕਾ ਵੀ ਹੁੰਦਾ ਹੈ। ਕੋਈ ਨਵੀਂ ਭਾਸ਼ਾ ਸਿੱਖਣੀ ਸ਼ੁਰੂ ਕਰ ਲੈ। ਗੀਤ-ਸੰਗੀਤ ਸੁਣੋ ''ਚੰਨ ਵੇ ਕਿ ਸ਼ੌਂਕਣ ਮੇਲੇ ਦੀ'' ਅਤੇ “ਬਾਜਰੇ ਦਾ ਸਿੱਟਾ'' ਵਰਗੇ ਗਾਣੇ ਉੱਚੀ ਲਾ ਕੇ ਬੱਚਿਆਂ ਅਤੇ ਪਤਨੀ ਨਾਲ ਨੱਚੋ।

ਜਿਹੜੀ ਗੱਲ ਕਿਸੇ ਦਾ ਨੁਕਸਾਨ ਨਹੀਂ ਕਰਦੀ ਅਤੇ ਤੁਹਾਨੂੰ ਖ਼ੁਸ਼ੀ ਦਿੰਦੀ ਹੈ ਤਾਂ ਉਸ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਪਰਿਵਾਰ ਵਿਚ ਰੌਣਕ ਲਾਈ ਰੱਖੋ। ਚੜ੍ਹਦੀ ਕਲਾ ਵਾਸਤੇ ਸਿਹਤਮੰਦ ਸਰੀਰ ਦੀ ਲੋੜ ਹੈ। ਮੈਂ ਬਗ਼ੀਚੇ ਦਾ ਘਾਹ ਆਪ ਵੱਢਦਾ ਹਾਂ। ਫੁੱਲ ਲਾਉਂਦਾ ਹਾਂ। ਆਪਣਾ ਪ੍ਰਿੰਸ ਚਾਰਲਸ ਕਹਿੰਦੈ, ''ਬਗ਼ੀਚੇ ਵਿਚ ਜਾ ਕੇ ਰੁੱਖਾਂ, ਫੁੱਲਾਂ-ਬੂਟਿਆਂ ਨਾਲ ਗੱਲਾਂ ਕਰੋ। ਪੰਛੀਆਂ ਦਾ ਚਹਿਕਣਾ ਕੰਨ ਲਾ ਕੇ ਸੁਣੋ। ਕੁਦਰਤ ਨਾਲ ਜੁੜ ਕੇ ਮਨ ਸਹਿਜ 'ਚ ਆਉਂਦੈ। ਗੁਰਮ ਤੋਂ ਪਤਾ ਲੱਗਾ ਕਿ ਉਹ 'ਯੂ-ਟਿਊਬ' ਚੈਨਲ ਰਾਹੀਂ ਪੰਜਾਬੀ ਫਿਲਮਾਂ ਵੇਖਦਾ ਹੈ। ਸਾਨੂੰ ਪੰਜਾਬੀ ਫਿਲਮ ਵੇਖਿਆਂ ਮੁੱਦਤਾਂ ਹੋ ਗਈਆਂ ਸਨ। ਇਹ ਚੈਨਲ ਸਾਡੇ ਵਾਸਤੇ ਤਾਂ ਅਲਾਦੀਨ ਦਾ ਚਿਰਾਗ ਹੀ ਬਣ ਗਿਆ ਹੈ। ਐਨੀਆਂ ਪੰਜਾਬੀ ਫਿਲਮਾਂ! ਸਾਡੀ ਸ਼ਾਮ ਦੀ ਮੁਸ਼ਕਲ ਹੱਲ ਹੋ ਗਈ ਹੈ। ਅਸੀਂ ਪਤਾ ਨਹੀਂ ਕਿੰਨੀਆਂ ਫਿਲਮਾਂ ਵੇਖ ਚੁੱਕੇ ਹਾਂ। ਬਹੁਤੀਆਂ ਤਾਂ ਬਸ ਹਾਸੇ-ਖੇੜੇ ਦੀਆਂ ਫੁਹਾਰਾਂ ਹਨ। ਕੋਈ ਗੰਭੀਰ ਗੱਲ ਨਹੀਂ ਸਗੋਂ ਵਧੀਆ ਠੇਠ ਪੇਂਡੂ ਪੰਜਾਬੀ ਸੁਣ ਕੇ ਆਨੰਦ ਆ ਜਾਂਦੈ। ਹਰ ਫ਼ਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਕਰੀਨ ਉੱਤੇ ਲਿਖਿਆ ਆਉਂਦੈ ਕਿ ਸ਼ਰਾਬ ਅਤੇ ਤੰਬਾਕੂ ਪੀਣਾ ਸਿਹਤ ਵਾਸਤੇ ਖ਼ਤਰਨਾਕ ਹੈ ਪਰ ਫਿਰ ਵੀ ਕਾਲਜਾਂ ਵਿਚ ਪੜ੍ਹਦੇ ਮੁੰਡੇ ਹੋਸਟਲਾਂ ਅਤੇ ਪਿੰਡਾਂ ਦੇ ਖੂਹਾਂ 'ਤੇ ਬੈਠੇ ਬੋਤਲਾਂ ਮੂੰਹ 'ਚ ਪਾਈ ਦਾਰੂ ਪੀਂਦੇ ਹਨ।

ਇਹ ਵੇਖ ਕੇ ਖ਼ੁਸ਼ੀ ਹੋਈ ਕਿ ਜੱਟਾਂ-ਜ਼ਿਮੀਦਾਰਾਂ ਦੇ ਘਰਾਂ 'ਚ ਹੁਣ ਟਰੈਕਟਰ, ਕਾਰਾਂ ਅਤੇ ਮੋਟਰ-ਸਾਈਕਲ ਖੜ੍ਹੇ ਹਨ। ਸਾਡੇ ਵੇਲੇ ਪਿੰਡਾਂ ਦੇ ਮੁੰਡੇ ਕਾਲਜਾਂ ਵਿਚ ਡਾਕਟਰ, ਇੰਜੀਨੀਅਰ ਬਣਨ ਖ਼ਾਤਰ ਪੜ੍ਹਨ ਜਾਂਦੇ ਸਨ। ਹੁਣ ਹਰੇਕ ਮੁੰਡਾ ਕੈਨੇਡਾ ਜਾਣ ਵਾਸਤੇ ਸਿਰਫ਼ 'ਆਈਲੈਟਸ' ਦੀ ਪੜ੍ਹਾਈ ਕਰਨੀ ਚਾਹੁੰਦੈ। ਬਹੁਤੀਆਂ ਫਿਲਮਾਂ ਦੀਆਂ ਕਹਾਣੀਆਂ ਵੀ ਕੈਨੇਡਾ ਜਾਣ ਬਾਰੇ ਹਨ। ਹਰ ਪਾਸੇ ਕੈਨੇਡਾ ਹੀ ਕੈਨੇਡਾ ਹੁੰਦੀ ਹੈ। ਫਿਲਮਾਂ ਵੇਖ ਕੇ ਸਾਨੂੰ ਲੱਗਿਆ ਕਿ ਇੰਗਲੈਂਡ ਨੂੰ ਹੁਣ ਕੋਈ ਨਹੀਂ ਪੁੱਛਦਾ। ਇਨ੍ਹਾਂ ਫਿਲਮਾਂ ਵਿਚ ਇਕ ਗੱਲ ਰੜਕਦੀ ਵੀ ਹੈ। ਹਰ ਗੱਲ ਵਿਚ ਜਾਤ ਵਾਲੀ ਹੈਂਕੜ ਹੁੰਦੀ ਹੈ ਇੱਥੋਂ ਤਕ ਕਿ ਕਈ ਫਿਲਮਾਂ ਦੇ ਤਾਂ ਸਿਰਲੇਖ ਵੀ ਕਿਸੇ ਖ਼ਾਸ ਜਾਤ 'ਤੇ ਆਧਾਰਤ ਹੁੰਦੇ ਹਨ ਜਿਵੇਂ ਕਿ 'ਜੱਟ ਜੂਲੀਅਟ', 'ਜੱਟ ਦੀ ਮੁੱਛ', 'ਜੱਟ ਦਾ ਬਦਲਾ', 'ਯਾਰੀ ਜੱਟ ਦੀ' ਆਦਿ।

ਇਸ ਤੋਂ ਬਿਨਾਂ ਥਾਂ-ਥਾਂ ਸ਼ਰਾਬ ਪੀ ਕੇ ਖਰੂਦ ਪਾਉਣਾ, ਗੋਲ਼ੀਆਂ ਚਲਾਉਣੀਆਂ ਇਹ ਤਾਂ ਇਉਂ ਲੱਗਦੈ ਜਿਵੇਂ ਜੱਟਾਂ ਨੂੰ ਬਦਨਾਮ ਕਰਨਾ ਹੋਵੇ ਕਿਉਂਕਿ ਅਸੀਂ ਜੱਟਾਂ ਦੇ ਮੁੰਡਿਆਂ ਨਾਲ ਪੜ੍ਹੇ ਹਾਂ। ਸਾਡੇ ਵੇਲੇ ਜੱਟਾਂ ਦੇ ਮੁੰਡੇ ਖਾਂਦੇ-ਪੀਂਦੇ ਸਨ, ਖੁੱਲ੍ਹਦਿਲੇ ਸਨ ਤੇ ਵਧੀਆ ਦੋਸਤ ਸਨ। ਕੋਈ ਇਨ੍ਹਾਂ ਵਾਂਗ ਇੰਜ ਖਰੂਦ ਨਹੀਂ ਸੀ ਪਾਉਂਦਾ। ਖ਼ੈਰ, ਮਸਲਾ ਇਹ ਹੈ ਕਿ ਕੁਦਰਤ ਦੇ ਇਸ ਕਹਿਰ ਤੋਂ ਕਿਵੇਂ ਬਚੀਏ? ਮੈਨੂੰ ਲੱਗਦਾ ਹੈ ਕਿ ਪਰਿਵਾਰਾਂ ਵਿਚ ਹਿੰਮਤ ਅਤੇ ਸਹਿਜ ਬਣਾਈ ਰੱਖ ਕੇ ਹੀ ਅਸੀਂ ਇਹ ਭਵ-ਸਾਗਰ ਪਾਰ ਕਰ ਸਕਾਂਗੇ। ਰੱਬ ਭਲੀ ਕਰੇ।

-ਸੰਪਰਕ : +447894228032

Posted By: Jagjit Singh