ਵੈਸੇ ਤਾਂ ਬਿਮਾਰੀ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਇਹ ਕੋਰੋਨਾ ਦੀ ਬਿਮਾਰੀ ਤਾਂ ਅਜਿਹੀ ਹੈ ਜਿਸ ਨੇ ਸਾਰਾ ਸੰਸਾਰ ਹੀ ਬਿਪਤਾ ਵਿਚ ਪਾ ਦਿੱਤਾ ਹੈ। ਹਰ ਕੋਈ ਇਹੀ ਸੋਚਦਾ ਹੈ ਕਿ ਇਹ ਇਨਸਾਨ ਦੀ ਕਿਸੇ ਵੱਡੀ ਭੁੱਲ ਜਾਂ ਉਸ ਦੇ ਹੰਕਾਰ ਦਾ ਅਦਿੱਖ ਸੰਤਾਪ ਹੈ। ਇਸ ਕੋਰੋਨਾ ਸੰਕਟ ਦੇ ਸਮੇਂ ਕੋਈ ਵੀ ਸੁਖੀ ਨਹੀਂ। ਗ਼ਰੀਬ, ਅਮੀਰ, ਬੱਚੇ, ਬਜ਼ੁਰਗ, ਮਰਦ, ਔਰਤਾਂ ਅਤੇ ਇੱਥੋਂ ਤਕ ਕਿ ਜਾਨਵਰ ਵੀ ਦੁਖੀ ਹਨ। ਹਰ ਵਰਗ ਤ੍ਰਾਹਿ-ਤ੍ਰਾਹਿ ਕਰ ਉੱਠਿਆ ਹੈ। ਕੋਰੋਨਾ ਸੰਕਟ ਵਿਚ ਸਭ ਤੋਂ ਵੱਧ ਦੁਖੀ ਛੋਟੇ ਬੱਚੇ ਹਨ ਜੋ ਆਪਣਾ ਬਚਪਨ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ। ਇਕ ਤਾਂ ਬੱਚੇ ਸੁਭਾਵਿਕ ਤੌਰ 'ਤੇ ਡਰਨ ਵਾਲੇ ਹੁੰਦੇ ਹਨ, ਦੂਜਾ ਕੋਰੋਨਾ ਵੀ ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਜ਼ਿਆਦਾ ਡਰਾਉਂਦਾ ਹੈ। ਘਰ ਤੋਂ ਬਾਹਰ ਨਿਕਲਣਾ ਤਾਂ ਸਭ ਦਾ ਹੀ ਬੰਦ ਹੈ।ਪਰ ਬੱਚਿਆਂ ਨੂੰ ਘਰ ਵਿਚ ਤਾੜ-ਤਾੜ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਖੇਡਣਾ ਮੁਸ਼ਕਲ ਹੋਇਆ ਪਿਆ ਹੈ। ਇੰਜ ਲੱਗਦਾ ਹੈ ਕਿ ਉਹ ਆਪਣੀਆਂ ਖੇਡਾਂ ਹੀ ਭੁੱਲ ਜਾਣਗੇ। ਪਿੰਡਾਂ ਦੀਆਂ ਫਿਰਨੀਆਂ ਅਤੇ ਸ਼ਹਿਰਾਂ ਦੇ ਬਾਜ਼ਾਰ ਬੱਚਿਆਂ ਤੋਂ ਬਿਨਾਂ ਸੁੰਨ-ਮਸੁੰਨੇ ਨਜ਼ਰ ਆਉਂਦੇ ਹਨ। ਬੱਚੇ ਆਪਣੇ ਸਕੂਲ ਦੇ ਸਾਥੀਆਂ ਅਤੇ ਅਧਿਆਪਕਾਂ ਦੇ ਮੂੰਹ ਦੇਖਣ ਨੂੰ ਤਰਸ ਗਏ ਹਨ। ਭਾਵੇਂ ਉਹ ਪੜ੍ਹਾਈ ਨਾਲੋਂ ਖੇਡਣ ਨੂੰ ਤਰਜੀਹ ਦਿੰਦੇ ਹਨ ਪਰ ਅੱਜਕੱਲ੍ਹ ਉਨ੍ਹਾਂ ਨੂੰ ਆਪਣੀ ਪੜ੍ਹਾਈ ਬਾਰੇ ਵੀ ਸੋਚਣਾ ਪੈ ਰਿਹਾ ਹੈ। ਇਹ ਛੁੱਟੀਆਂ ਤਾਂ ਬੱਚਿਆਂ ਲਈ ਕਿਸੇ ਸੰਤਾਪ ਤੋਂ ਘੱਟ ਨਹੀਂ ਹਨ। ਆਨਲਾਈਨ ਜਮਾਤਾਂ ਅਤੇ ਮੋਬਾਈਲਾਂ ਜਾਂ ਵ੍ਹਟਸਐਪ 'ਤੇ ਆਉਂਦੇ ਕੰਮ ਉਨ੍ਹਾਂ ਨੂੰ ਹੋਰ ਦੁਖੀ ਕਰੀ ਜਾ ਰਹੇ ਹਨ। ਭਾਵੇਂ ਸਿੱਖਿਆ ਮਹਿਕਮਾ ਅਤੇ ਸਿੱਖਿਆ ਸ਼ਾਸਤਰੀ ਇਸ ਗੱਲ ਦੀ ਇਹ ਕਹਿ ਕੇ ਹਾਮੀ ਭਰਦੇ ਹਨ ਕਿ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ ਅਤੇ ਤਕਨਾਲੋਜੀ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਪਰ ਉਹ ਬੱਚਿਆਂ ਦੀਆਂ ਰੁਚੀਆਂ ਨੂੰ ਜ਼ਰੂਰ ਸੱਟ ਮਾਰਦੇ ਹਨ। ਇਸ ਤਰ੍ਹਾਂ ਬੱਚੇ ਆਪਣਾ ਬਚਪਨ ਦੱਬਿਆ ਜਿਹਾ ਮਹਿਸੂਸ ਕਰਦੇ ਹਨ।।ਇੱਥੇ ਮੈਂ ਵੀ ਇਸ ਗੱਲ ਦੀ ਹਾਮੀ ਭਰਦਾ ਹਾਂ ਕਿ ਸਭ ਤੋਂ ਪਹਿਲਾਂ ਬੱਚਿਆਂ ਦੀ ਤੰਦਰੁਸਤੀ ਹੈ। ਉਨ੍ਹਾਂ ਨੂੰ ਕੋਰੋਨਾ ਦੇ ਸੰਕਟ 'ਚੋਂ ਉਭਾਰਨਾ ਬਹੁਤ ਜ਼ਰੂਰੀ ਹੈ। ਇਹ ਬਿਲਕੁਲ ਸਹੀ ਹੈ ਕਿ ਇਕ ਸਿਹਤ ਪੱਖੋਂ ਚੰਗਾ ਬੱਚਾ ਖ਼ੁਦ ਨੂੰ ਪੜ੍ਹਾਈ-ਲਿਖਾਈ ਵਿਚ ਸਥਾਪਤ ਕਰ ਲਵੇਗਾ। ਅੰਗਰੇਜ਼ਾਂ ਦੇ ਸਮੇਂ ਦੋ-ਦੋ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸਨ ਅਤੇ ਬੱਚੇ ਹੱਸਦੇ-ਖੇਡਦੇ ਹੀ ਪੜ੍ਹ-ਲਿਖ ਜਾਂਦੇ ਸਨ। ਜੇ ਉਨ੍ਹਾਂ ਨੂੰ ਆਨਲਾਈਨ ਪੜ੍ਹਾਉਣਾ ਜਾਂ ਕੰਮ ਦੇਣਾ ਬਹੁਤ ਹੀ ਜ਼ਰੂਰੀ ਹੈ ਤਾਂ ਇਸ ਦੀ ਸਮਾਂ ਹੱਦ ਨਿਸ਼ਚਿਤ ਹੋਣੀ ਚਾਹੀਦੀ ਹੈ ਨਾ ਕਿ ਬੱਚੇ ਸਾਰਾ ਦਿਨ ਸਿਰ 'ਤੇ ਭਾਰ ਚੁੱਕੀ ਫਿਰੀ ਜਾਣ। ਇਸ ਲਈ ਆਓ! ਸਭ ਤੋਂ ਪਹਿਲਾਂ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸ ਕਰੀਏ। ਇਹ ਵੀ ਕਾਮਨਾ ਕਰੀਏ ਕਿ ਕੋਰੋਨਾ ਦਾ ਇਹ ਦੌਰ ਜਲਦੀ ਖ਼ਤਮ ਹੋ ਜਾਵੇ ਤਾਂ ਜੋ ਸਭ ਕੁਝ ਲੀਹੇ ਪੈ ਜਾਵੇ।

-ਬਹਾਦੁਰ ਸਿੰਘ ਗੋਸਲ। (98764-52223)।

Posted By: Jagjit Singh