-ਨਿਧੀ ਸ਼ਰਮਾ

ਕੋਰੋਨਾ ਮਹਾਮਾਰੀ ਤੋਂ ਵਿਸ਼ਵ ਦਾ ਕੋਈ ਵੀ ਮੁਲਕ, ਕੋਈ ਵੀ ਸਮਾਜ ਅਤੇ ਉਸ ਵਿਚ ਰਹਿਣ ਵਾਲਾ ਕੋਈ ਵੀ ਵਰਗ ਅਣਛੋਹਿਆ ਨਹੀਂ ਰਿਹਾ। ਇਸ ਮਹਾਮਾਰੀ ਨੇ ਜਿੱਥੇ ਇਕ ਪਾਸੇ ਕਈ ਸਮੱਸਿਆਵਾਂ ਨੂੰ ਜਨਮ ਦਿੱਤਾ, ਓਥੇ ਹੀ ਦੂਜੇ ਪਾਸੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਜਜ਼ਬਾ ਖ਼ਾਸ ਤੌਰ ’ਤੇ ਔਰਤਾਂ ’ਚ ਸਰਬੋਤਮ ਤਰੀਕੇ ਨਾਲ ਸਾਹਮਣੇ ਆਇਆ ਹੈ। ਵਿਸ਼ਵ ਦੀ ਅੱਧੀ ਆਬਾਦੀ ਦੇ ਇਸੇ ਜੋਸ਼ ਨੂੰ ਸਲਾਮ ਕਰਨ ਲਈ ਯੂਐੱਨ ਦੁਆਰਾ ਇਸ ਸਾਲ ਕੌਮਾਂਤਰੀ ਮਹਿਲਾ ਦਿਵਸ ਵੂਮੈੱਨ ਲੀਡਰਸ਼ਿਪ-ਅਚੀਵਿੰਗ ਐਨ ਇਕੁਅਲ ਫਿਊਚਰ ਇਨ ਕੋਵਿਡ-19 ਵਰਲਡ ਥੀਮ ਦੇ ਨਾਲ ਮਨਾਇਆ ਜਾ ਰਿਹਾ ਹੈ। ਯੂਐੱਨ ਦੇ ਇਕ ਅਧਿਐਨ ਮੁਤਾਬਕ ਦੁਨੀਆ ਭਰ ’ਚ ਔਰਤਾਂ ਦੁਆਰਾ ਅਗਵਾਈ ਕੀਤੇ ਜਾ ਰਹੇ ਮੁਲਕਾਂ ’ਚ ਕੋਰੋਨਾ ਕਾਲ ਦੇ ਸਮੇਂ ਸਮਾਜਿਕ ਤੇ ਆਰਥਿਕ ਤੌਰ ’ਤੇ ਬਿਹਤਰੀਨ ਕੰਮ ਕੀਤਾ ਗਿਆ ਜਦਕਿ ਕੋਰੋਨਾ ਨਾਲ ਵਿਸ਼ਵ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਅਗਵਾਈ ਪੁਰਸ਼ਾਂ ਦੁਆਰਾ ਕੀਤੀ ਗਈ। ਇਸ ਦੀ ਸਭ ਤੋਂ ਬਿਹਤਰੀਨ ਮਿਸਾਲ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਹਨ ਜਿਨ੍ਹਾਂ ਨੇ ਸਮੇਂ ਸਿਰ ਲਾਕਡਾਊਨ ਦਾ ਐਲਾਨ ਕਰਨ ਦੇ ਨਾਲ-ਨਾਲ ਆਪਣੇ ਦੇਸ਼ ਦੇ ਨਾਗਰਿਕਾਂ ਦੀਆਂ ਸਮਾਜਿਕ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਣ ਅਤੇ ਆਰਥਿਕ ਮੁਹਾਜ਼ ’ਤੇ ਵੀ ਕਈ ਸਖ਼ਤ ਕਦਮ ਚੁੱਕੇ। ਜੇਕਰ ਇਕ ਆਮ ਮਹਿਲਾ ਦੀ ਕੋਰੋਨਾ ਕਾਲ ਵਿਚ ਸਮਾਜਿਕ ਭੂਮਿਕਾ ਦੀ ਗੱਲ ਕਰੀਏ ਤਾਂ ਭਾਰਤ ਵਿਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੀਆਂ ਮਹਿਲਾਵਾਂ ਵੀ ਯੂਐੱਨ ਦੀ ਰਿਪੋਰਟ ਮੁਤਾਬਕ 16 ਘੰਟਿਆਂ ਦੇ ਵੇਤਨ ਰਹਿਤ ਕੰਮਾਂ ਵਿਚੋਂ ਤਿੰਨ ਚੌਥਾਈ ਕੰਮ ਕਰ ਰਹੀਆਂ ਸਨ। ਇਸੇ ਦੌਰਾਨ ਉਨ੍ਹਾਂ ਨੇ ਘਰੇਲੂ ਹਿੰਸਾ, ਬੇਰੁਜ਼ਗਾਰੀ, ਮਾਨਸਿਕ ਦਬਾਅ ਤੇ ਗਰੀਬੀ ਵਰਗੇ ਮਸਲਿਆਂ ’ਚ ਵੀ ਪੂਰੀ ਤਾਕਤ ਨਾਲ ਉਨ੍ਹਾਂ ’ਤੇ ਵਾਰ ਕੀਤਾ। ਤਾਲਾਬੰਦੀ ਵੇਲੇ ਘਰ ’ਚ ਪੱਕਣ ਵਾਲੇ ਵੱਖ-ਵੱਖ ਪਕਵਾਨਾਂ ਦੀ ਪਾਰਟੀ ’ਚ ਤੁਸੀਂ ਸਭ ਜ਼ਰੂਰ ਸ਼ਾਮਲ ਹੋਏ ਹੋਵੋਗੇ। ਪਰ ਉਸ ਸਮੇਂ ਔਰਤਾਂ ਦੀ ਨਾ ਬੋਲਣ ਵਾਲੀ ਝਿਜਕ ਕਿਤੇ ਨਾ ਕਿਤੇ ਉਨ੍ਹਾਂ ਨੂੰ ਮਾਨਸਿਕ ਦਬਾਅ ਸਹਾਰਨ ਲਈ ਮਜਬੂਰ ਕਰ ਰਹੀ ਸੀ। ਪਰ ਉਹ ਦੌਰ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ। ਔਰਤਾਂ ਨੇ ਵੀ ਉਸ ਦੌਰ ’ਚ ਸਮਾਜਿਕ ਅਗਵਾਈ ਕੀਤੀ ਚਾਹੇ ਘਰ ਵਿਚ ਧਨ ਦਾ ਵਹਾਅ ਘੱਟ ਹੋਣ ’ਤੇ ਖ਼ਰਚ ਨੂੰ ਸੰਤੁਲਿਤ ਕਰਨ ਦੀ ਗੱਲ ਹੋਵੇ ਜਾਂ ਘਰ ਦੇ ਕਿਸੇ ਮੈਂਬਰ ਦੀ ਨੌਕਰੀ ਚਲੇ ਜਾਣ ’ਤੇ ਮਾਹੌਲ ਨੂੰ ਹਲਕਾ-ਫੁਲਕਾ ਕਰਨ ਦੀ। ਇਸ ਅੱਧੀ ਆਬਾਦੀ ਦੀ ਅਗਵਾਈ ਸਮਰੱਥਾ ’ਤੇ ਕੋਈ ਸ਼ੰਕਾ ਨਹੀਂ ਕਰ ਸਕਦਾ। ਯੂਐੱਨ ਦੀ ਰਿਪੋਰਟ ਮੁਤਾਬਕ ਕੋਰੋਨਾ ਕਾਲ ’ਚ ਸੰਸਾਰ, ਲਿੰਗਕ ਸਮਾਨਤਾ ਦੇ ਮਾਮਲੇ ’ਚ 25 ਸਾਲ ਪਿੱਛੇ ਚਲਾ ਗਿਆ ਹੈ। ਔਰਤ ਨੂੰ ਸਮਾਜ ਦੀ ਹਰ ਗਤੀਵਿਧੀ ਤੇ ਫ਼ੈਸਲਾ ਲੈਣ ’ਚ ਹਿੱਸੇਦਾਰ ਬਣਾਇਆ ਜਾਵੇ ਕਿਉਂਕਿ ਕੋਰੋਨਾ ਨਾਲ ਜੰਗ ਅਜੇ ਖ਼ਤਮ ਨਹੀਂ ਹੋਈ ਹੈ।

email : nrstories@gmail.com

Posted By: Jagjit Singh