-ਅਮਰਜੀਤ ਕੌਰ 'ਲਾਲਪੁਰ'

ਕੋਰੋਨਾ ਉਸ ਸਮਝਦਾਰ ਰਿਸ਼ਤੇਦਾਰ ਦੀ ਤਰ੍ਹਾਂ ਹੈ, ਜਿਸ ਨੂੰ ਜੇ ਤੁਸੀਂ ਘਰ ਆਉਣ ਦਾ ਸੱਦਾ ਦਿਓਗੇ ਤਾਂ ਹੀ ਘਰ ਆਵੇਗਾ। ਕੋਰੋਨਾ ਨੂੰ ਪੈਦਾ ਕਰਨਾ ਭਾਵੇਂ ਕਿਸੇ ਵੀ ਦੇਸ਼ ਦੀ ਸਾਜਿਸ਼ ਹੀ ਕਿਉਂ ਨਾ ਹੋਵੇ ਪਰ ਇਹ ਪੈਦਾ ਹੋ ਕੇ ਇਨਸਾਨ ਦਾ ਹੀ ਦੁਸ਼ਮਣ ਬਣਿਆ। ਕੁਦਰਤ ਨੂੰ ਤਾਂ ਇਸ ਨੇ ਆਪਣਾ ਦੋਸਤ ਬਣਾ ਲਿਆ। ਉਹ ਕੁਦਰਤ ਜਿਸ ਨੂੰ ਇਨਸਾਨ ਕਾਫ਼ੀ ਸਮੇਂ ਤੋਂ ਮਖੌਲਾਂ ਕਰਦਾ ਆ ਰਿਹਾ ਸੀ, ਉਸ ਵਿਚ ਦਖ਼ਲਅੰਦਾਜ਼ੀ ਕਰ ਕੇ ਧਰਤੀ 'ਤੇ ਅਣਚਾਹੀ ਤਬਦੀਲੀ ਲਿਆ ਰਿਹਾ ਸੀ। ਫਿਰ ਦੱਸੋ ਕੋਰੋਨਾ ਬੁਰਾ ਕਿਵੇਂ ਹੋਇਆ? ਹੁਣ ਕੁਦਰਤ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਸ ਨੇ ਆਪਣੀ ਸ਼ਕਤੀ ਦੀ ਇਕ ਝਲਕ ਕੋਰੋਨਾ ਦੇ ਰੂਪ 'ਚ ਦਿਖਾਈ ਕਿ ਜੇ ਇਨਸਾਨ ਇਸ ਧਰਤੀ ਤੇ ਨਾ ਰਿਹਾ ਤਾਂ ਮੇਰੇ ਸੁਹੱਪਣ 'ਤੇ ਚਾਰ ਚੰਨ ਲੱਗ ਜਾਣਗੇ। ਕੁਦਰਤ ਮਨੁੱਖ ਨੂੰ ਇੰਝ ਕਹਿੰਦੀ ਜਾਪਦੀ ਹੈ, “ਦੇਖ! ਮੈਂ ਤੈਨੂੰ ਕੁਝ ਦਿਨ ਲਈ ਕੈਦ ਰੱਖਿਆ ਹੈ, ਹੁਣ ਤੂੰ ਮੇਰੇ ਅਚੰਭਤ ਕਰਨ ਵਾਲੇ ਨਜ਼ਾਰੇ ਦੇਖ। ਤੇਰੇ ਬਿਨਾਂ ਸਭ ਕਿੰਨਾ ਸੋਹਣਾ ਹੋ ਗਿਆ ਹੈ। ਉਹ ਸਾਰੇ ਦਰਿਆ, ਨਦੀਆਂ ਤੇ ਝੀਲਾਂ ਜਿਨ੍ਹਾਂ ਵਿਚ ਤੂੰ ਅੰਧਵਿਸ਼ਵਾਸੀ ਨੇ ਜ਼ਹਿਰ ਘੋਲ਼ ਦਿੱਤਾ ਸੀ, ਉਨ੍ਹਾਂ ਦਾ ਪਾਣੀ ਅੱਜ ਆਪਣੇ ਅਸਲੀ ਰੰਗ ਵਿਚ ਲਹਿਰਾਉਂਦਾ, ਗੀਤ ਗਾਉਂਦਾ ਵਹਿੰਦਾ ਜਾ ਰਿਹਾ ਹੈ। ਬਰਫ਼ਾਂ ਲੱਦੇ ਪਹਾੜ ਚਾਂਦੀ ਵਾਂਗ ਲਿਸ਼ਕਾਂ ਮਾਰਦੇ ਦੂਰੋਂ ਨਜ਼ਰ ਆਉਣ ਲੱਗੇ ਹਨ। ਆਸਮਾਨ ਦਾ ਪ੍ਰਦੂਸ਼ਣ ਕਿਧਰੇ ਉੱਡ-ਪੁੱਡ ਗਿਆ ਹੈ, ਦਿਨੇ ਬੱਦਲਾਂ ਦਾ ਆਸਮਾਨੀ ਰੰਗ ਤੇ ਰਾਤੀਂ ਟਿਮਟਿਮਾਉਂਦੇ ਤਾਰੇ ਦਿਸਦੇ ਹਨ। ਤੈਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਤਾਰੇ ਟਿਮਟਿਮਾਉਂਦੇ ਹਨ, ਹੁਣ ਦੇਖ ਲੈ ਇਸ ਅਸਚਰਜਤਾ ਦਾ ਨਜ਼ਾਰਾ ਤੇ ਇਸ ਨੂੰ ਮਾਣ ਲੈ। ਉਹ ਪਸ਼ੂ-ਪੰਛੀ ਜਿਹੜੇ ਤੇਰੇ ਤੋਂ ਡਰਦੇ ਸਨ, ਜਿਨਾਂ ਦੀ ਆਵਾਜ਼ ਤੇਰੀ ਤਰੱਕੀ ਦੀ ਆਵਾਜ਼ ਵਿਚ ਕਿਤੇ ਦੱਬੀ ਹੋਈ ਸੀ, ਅੱਜ ਖੁੱਲ੍ਹੇਆਮ ਸੜਕਾਂ 'ਤੇ ਘੁੰਮ ਰਹੇ ਹਨ, ਚਹਿਕ ਰਹੇ ਹਨ, ਪੈਲਾਂ ਪਾ ਰਹੇ ਹਨ ਤੇ ਆਪਣੀ ਆਜ਼ਾਦੀ ਦਾ ਅਨੰਦ ਮਾਣ ਰਹੇ ਹਨ।'' ਕਿੰਨਾ ਕੁਝ ਬਦਲ ਗਿਆ ਹੈ ਇਸ ਕੋਰੋਨਾ ਦੇ ਆਉਣ ਨਾਲ਼। ਭੱਜ-ਦੌੜ ਮੁੱਕ ਗਈ, ਇਨਸਾਨ ਨੂੰ ਆਪਣਾ ਕੰਮ ਆਪ ਕਰਨ ਲਾ ਦਿੱਤਾ, ਚੋਰੀਆਂ ਘਟ ਗਈਆਂ, ਸੜਕ ਹਾਦਸੇ ਘਟ ਗਏ, ਵਿਆਹ ਤੇ ਮਰਗ ਦੇ ਭੋਗ ਸਾਦੇ ਤੇ ਸਸਤੇ ਹੋ ਗਏ, ਨਸ਼ਿਆਂ ਨਾਲ਼ ਹੋਣ ਵਾਲੀਆਂ ਮੌਤਾਂ ਦੀਆਂ ਖ਼ਬਰਾਂ ਘਟ ਗਈਆਂ। ਸਭ ਤੋਂ ਵੱਡੀ ਗੱਲ ਇਨਸਾਨ ਨੂੰ ਇਨਸਾਨ ਦੀ ਪਛਾਣ ਕਰਵਾ ਦਿੱਤੀ। ਇਨਸਾਨ ਦੇ ਅੰਦਰ ਦੀ ਹਊਮੈ ਨੂੰ ਕੁਦਰਤ ਨੇ ਸ਼ੀਸ਼ਾ ਦਿਖਾਇਆ ਹੈ। ਉਹ ਰਹਿਣ- ਸਹਿਣ ਉੱਚਾ ਬਣਾਉਣ ਲਈ ਅਕਸਰ ਕੁਦਰਤ ਨਾਲ ਖਿਲਵਾੜ ਕਰਦਾ ਆਇਆ ਹੈ। ਹੁਣ ਕੁਦਰਤ ਇਸ ਨੂੰ ਜਿਹੜਾ ਸਬਕ ਪੜ੍ਹਾ ਰਹੀ ਹੈ, ਜੇ ਇਸ ਤੋਂ ਸਿੱਖ ਲਵੇ ਤਾਂ ਚੰਗਾ ਹੈ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਂਦਾ ਨਹੀਂ ਦਿਸ ਰਿਹਾ। ਕੁਦਰਤ ਹੀ ਸਭ ਤੋਂ ਵੱਡੀ ਹੈ ਉਹ ਤਾਂ ਇਕ ਛੋਟਾ ਜਿਹਾ ਤਿਣਕਾ ਹੈ, ਜਿਸ ਨੂੰ ਕੁਦਰਤ ਕਦੇ ਵੀ ਫੂਕ ਮਾਰ ਕੇ ਉਡਾ ਸਕਦੀ ਹੈ। ਜੇ ਮਨੁੱਖ ਆਪਣੀ ਦਖ਼ਲਅੰਦਾਜ਼ੀ ਕਰਨ ਤੋਂ ਨਾ ਹਟਿਆ ਤਾਂ ਯਾਦ ਰੱਖਿਓ ਇਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ।

89680-39646

Posted By: Jagjit Singh