ਅੱਜਕੱਲ੍ਹ ਸਮੁੱਚਾ ਵਿਸ਼ਵ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਇਸ ਬਿਮਾਰੀ ਨੇ ਭਿਆਨਕ ਮਹਾਮਾਰੀ ਦਾ ਰੂਪ ਧਾਰਨ ਕਰ ਕੇ ਸਾਡੇ ਰੋਜ਼ਾਨਾ ਜਨ-ਜੀਵਨ ਨੂੰ ਬਹੁਤ ਵੱਡੀ ਢਾਹ ਲਾਈ ਹੈ। ਕੋਵਿਡ-19 ਨੇ ਸਾਡੇ ਸਮਾਜਿਕ, ਆਰਥਿਕ ਢਾਂਚੇ 'ਤੇ ਤਾਂ ਬੁਰਾ ਪ੍ਰਭਾਵ ਪਾਇਆ ਹੀ ਹੈ, ਸਾਡੀ ਸਿੱਖਿਆ ਪ੍ਰਣਾਲੀ 'ਤੇ ਵੀ ਬਹੁਤ ਹੀ ਮਾਰੂ ਪ੍ਰਭਾਵ ਪਾਇਆ ਹੈ। ਇਸ ਕਾਰਨ ਸਾਰੇ ਸਕੂਲਾਂ-ਕਾਲਜਾਂ ਅਤੇ ਹੋਰ ਸਬੰਧਤ ਅਦਾਰਿਆਂ ਨੂੰ ਜਿੰਦਰੇ ਲੱਗੇ ਹੋਏ ਹਨ। ਭਾਵੇਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਹਿਸਾਬ ਨਾਲ ਢੁੱਕਵੇਂ ਅਤੇ ਸੁਚੱਜੇ ਪ੍ਰਬੰਧ ਕੀਤੇ ਵੀ ਜਾ ਰਹੇ ਹਨ ਪਰ ਉਨ੍ਹਾਂ 'ਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਹਨ। ਜੇਕਰ ਅਸੀਂ ਸਿੱਖਿਆ ਦੀ ਗੱਲ ਕਰੀਏ ਤਾਂ ਸਮੇਂ ਦੀਆਂ ਸਰਕਾਰਾਂ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਇੰਟਰਨੈੱਟ ਨਾਲ ਜੋੜਿਆ ਹੈ ਪਰ ਇੰਟਰਨੈੱਟ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਨਾਲ ਸਿਲੇਬਸ ਪੂਰਾ ਨਹੀਂ ਹੋ ਰਿਹਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਕਾਫ਼ੀ ਹੱਦ ਤਕ ਨੁਕਸਾਨ ਹੀ ਹੋ ਰਿਹਾ ਹੈ। ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਅਧਿਆਪਕਾਂ ਵੱਲੋਂ ਆਨਲਾਈਨ ਸਿੱਖਿਆ ਦੇਣ ਲਈ ਜਾਰੀ ਪੱਤਰ ਦੇ ਫੁਰਮਾਨ ਦੇ ਫ਼ੈਸਲੇ ਨੂੰ ਮੰਨ ਵੀ ਲਿਆ ਗਿਆ ਕਿਉਂਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਦੂਜਾ ਹੋਰ ਕੋਈ ਚਾਰਾ ਵੀ ਨਹੀਂ ਸੀ। ਪਰ ਸਰਕਾਰਾਂ ਨੇ ਫਰਮਾਨ ਜਾਰੀ ਕਰਦੇ ਹੋਏ ਇਹ ਪੱਖ ਨਜ਼ਰਅੰਦਾਜ਼ ਕੀਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੂੰ ਸਮਾਰਟਫੋਨ ਦੀ ਬਹੁਤ ਜ਼ਰੂਰਤ ਹੋਵੇਗੀ ਜੋ ਜ਼ਿਆਦਾਤਰ ਮਾਪਿਆਂ ਲਈ ਵੱਡੀ ਸਿਰਦਰਦੀ ਵੀ ਬਣ ਜਾਵੇਗਾ ਕਿਉਂਕਿ ਬਹੁ-ਗਿਣਤੀ ਅਜਿਹੇ ਪਰਿਵਾਰਾਂ ਦੀ ਹੈ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਹੈ। ਉਹ ਸਮਾਰਟਫੋਨ ਕਿੱਥੋਂ ਖ਼ਰੀਦਣਗੇ? ਇੰਜ ਉਨ੍ਹਾਂ ਦੇ ਬੱਚੇ ਆਨਲਾਈਨ ਸਿੱਖਿਆ ਦਾ ਲਾਭ ਲੈਣ ਤੋਂ ਵਾਂਝੇ ਰਹਿਣਗੇ। ਬਹੁਤ ਥੋੜ੍ਹੇ ਮਾਪੇ ਅਜਿਹੇ ਹਨ ਜੋ ਆਪਣੀ ਔਲਾਦ ਨੂੰ ਉੱਚ ਸਿੱਖਿਆ ਦਿਵਾਉਣ ਲਈ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ। ਇਸ ਦੇ ਸਿੱਟੇ ਵਜੋਂ ਸਮਾਰਟਫੋਨ ਮਾਪਿਆਂ ਦੇ ਹੱਥਾਂ 'ਚੋਂ ਨਿਕਲ ਕੇ ਬੱਚਿਆਂ ਦੇ ਹੱਥਾਂ ਵਿਚ ਆ ਗਏ ਹਨ। ਇਹ ਪੱਖ ਵੀ ਵਿਸਾਰਨਾ ਨਹੀਂ ਚਾਹੀਦਾ ਕਿ ਜਿੱਥੇ ਲਾਕਡਾਊਨ ਕਾਰਨ ਮੱਧ ਵਰਗੀ ਪਰਿਵਾਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਉੱਥੇ ਹੀ ਹੁਣ ਉਨ੍ਹਾਂ ਨੂੰ ਸਮਾਰਟਫੋਨ ਅਤੇ ਉਸ ਦੇ ਮੋਟੇ ਰਿਚਾਰਜ ਦੇ ਵਾਧੂ ਬੋਝ ਨੇ ਨਪੀੜ ਸੁੱਟਿਆ ਹੈ। ਜਿਹੜੇ ਮਾਪੇ ਅੱਜ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਵੱਖਰਾ ਸਮਾਰਟਫੋਨ ਨਹੀਂ ਲੈ ਕੇ ਦੇ ਸਕਦੇ, ਉਹ ਵੀ ਉਨ੍ਹਾਂ ਦੀ ਪੜ੍ਹਾਈ ਖ਼ਾਤਰ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ। ਦੂਰ-ਦੁਰਾਡੇ ਦੇ ਪਿੰਡਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਫੋਨਾਂ ਵਿਚ ਨੈੱਟਵਰਕ ਨਾ ਆਉਣ ਕਾਰਨ ਵਿਦਿਆਰਥੀ ਆਨਲਾਈਨ ਸਿੱਖਿਆ ਤੋਂ ਤਾਂ ਪਿੱਛੇ ਰਹਿ ਹੀ ਰਹੇ ਹਨ ਸਗੋਂ ਰੋਜ਼ਾਨਾ ਕਰਨ ਵਾਲੇ ਕੰਮ ਦੀਆਂ ਫਾਈਲਾਂ ਵੀ ਡਾਊਨਲੋਡ ਨਹੀਂ ਹੋ ਰਹੀਆਂ। -ਹਰਵਿੰਦਰ ਸੰਧੂ। ਮੋਬਾਈਲ ਨੰ. 78885-57535

Posted By: Jagjit Singh