ਜ਼ਮੀਰ ਸ਼ਬਦ ਅੱਜ ਦੇ ਸਮੇਂ 'ਚ ਕਿਤੇ ਗੁਆਚ ਗਿਆ ਪ੍ਰਤੀਤ ਹੁੰਦਾ ਹੈ। ਗੁਜ਼ਰੇ ਜ਼ਮਾਨੇ 'ਚ ਲੋਕ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦੇ ਸਨ। ਉਹ ਕੋਈ ਗ਼ਲਤ ਕੰਮ ਕਰਨ ਤੋਂ ਪਹਿਲਾਂ ਆਪਣੀ ਅੰਦਰਲੀ ਆਵਾਜ਼ ਨੂੰ ਜ਼ਰੂਰ ਸੁਣਦੇ ਸਨ। ਉਹ ਲੋਕ ਲਾਜ ਦੀ ਪਰਵਾਹ ਕਰਦੇ ਸਨ। ਕੋਈ ਗ਼ਲਤ ਕੰਮ ਕਰਨ ਤੋਂ ਪਹਿਲਾਂ ਸੋਚਦੇ ਸਨ ਕਿ ਲੋਕ ਕੀ ਕਹਿਣਗੇ? ਪਰ ਸਮੇਂ ਦੀ ਤੋਰ ਅਤੇ ਪੈਸੇ ਦੀ ਹੋੜ ਨੇ ਜੀਵਨ ਦੇ ਅਰਥ ਹੀ ਬਦਲ ਦਿੱਤੇ ਹਨ। ਜੇਕਰ ਕਿਸੇ ਆਪਣੇ ਦੀ ਗ਼ਲਤੀ ਹੈ ਤਾਂ ਲੋਕ ਉਸ ਦੇ ਵਕੀਲ ਬਣ ਕੇ ਉਸ ਦੀ ਗ਼ਲਤੀ ਨੂੰ ਠੀਕ ਸਿੱਧ ਕਰਨ 'ਚ ਲੱਗ ਜਾਂਦੇ ਹਨ। ਸੱਚ ਦੀ ਪੁੱਛ-ਪੜਤਾਲ ਦਿਨੋ-ਦਿਨ ਘੱਟ ਰਹੀ ਹੈ। ਝੂਠ ਦਾ ਬੋਲਬਾਲਾ ਹੈ। ਸੱਚੇ ਵਿਅਕਤੀਆਂ ਦੀ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ। ਉਨ੍ਹਾਂ ਦੀ ਕਦਰ ਸਮਾਜ ਵਿਚ ਨਾਮਾਤਰ ਹੈ। ਸੱਚ ਕਹਿਣਾ ਜਿੰਨਾ ਔਖਾ ਹੈ, ਸੱਚ ਸੁਣਨਾ ਉਸ ਤੋਂ ਵੀ ਵੱਧ ਤਕਲੀਫ਼ਦੇਹ ਹੁੰਦਾ ਜਾ ਰਿਹਾ ਹੈ। ਦੂਜੇ ਦੇ ਦੁੱਖ ਨੂੰ ਹਮੇਸ਼ਾ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਹਰ ਵਿਅਕਤੀ ਨੂੰ ਆਪਣੀ ਦੁੱਖ-ਤਕਲੀਫ਼ ਹੀ ਵੱਡੀ ਲੱਗਦੀ ਹੈ। ਜ਼ਿਆਦਾਤਰ ਲੋਕ ਕਿਸੇ ਨਾਲ ਹੁੰਦੀ ਬੇਇਨਸਾਫ਼ੀ ਦੀ ਅਣਦੇਖੀ ਕਰ ਦਿੰਦੇ ਹਨ। ਜਦ ਖ਼ੁਦ 'ਤੇ ਕੋਈ ਮੁਸ਼ਕਲ ਆਉਂਦੀ ਹੈ, ਉਦੋਂ ਲੋਕ ਸੋਚਦੇ ਹਨ ਕਿ ਆਂਢੀ-ਗੁਆਂਢੀ ਸਾਡੀ ਮਦਦ ਕਰਨ। ਪਿਛਲੇ ਦਿਨੀਂ ਮੇਰੇ ਇਕ ਦੋਸਤ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਵ੍ਹਟਸਐਪ ਗਰੁੱਪ 'ਚ ਕਿਸੇ ਨੇ ਇਕ ਅਸ਼ਲੀਲ ਵੀਡੀਓ ਪਾ ਦਿੱਤੀ ਸੀ। ਸਾਰੇ ਮੈਂਬਰਾਂ ਦੇ ਮੂੰਹ ਸੀਤੇ ਗਏ। ਕਿਸੇ ਨੇ ਉਸ ਨੂੰ ਕੁਝ ਨਹੀਂ ਕਿਹਾ। ਸਮਾਜ 'ਚ ਇੱਜ਼ਤ ਦੀ ਪਰਿਭਾਸ਼ਾ ਬਦਲ ਗਈ ਹੈ। ਜੇਕਰ ਕੋਈ ਅਮੀਰ ਗ਼ਲਤ ਕਰਦਾ ਹੈ ਤਾਂ ਕੋਈ ਨਹੀਂ ਬੋਲਦਾ। ਗ਼ਰੀਬ ਗ਼ਲਤੀ ਕਰੇ ਤਾਂ ਉਹ ਦੋਸ਼ੀ ਹੈ, ਉਸ ਨੂੰ ਸਜ਼ਾ ਵੀ ਮਿਲਦੀ ਹੈ। ਸਮਾਜ 'ਚ ਅਨੈਤਿਕ ਰਿਸ਼ਤੇ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਧਣ ਦਾ ਕਾਰਨ ਵੀ ਇਹੀ ਹੈ ਕਿ ਸਮਾਜ ਗ਼ਲਤ ਨੂੰ ਗ਼ਲਤ ਕਹਿਣ ਵਾਲੇ ਦੇ ਨਾਲ ਖੜ੍ਹਦਾ ਨਹੀਂ ਸਗੋਂ ਲੋਕ ਆਪਣਾ ਨਫ਼ਾ-ਨੁਕਸਾਨ ਵੇਖ ਕੇ ਗੱਲ ਕਰਦੇ ਹਨ। ਇਹ ਰੁਝਾਨ ਸਾਡੇ ਸਭ ਲਈ ਘਾਤਕ ਸਿੱਧ ਹੋ ਰਿਹਾ ਹੈ। ਯੂਪੀ, ਬਿਹਾਰ ਅਤੇ ਦਿੱਲੀ 'ਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਿਨੌਣੀਆਂ ਘਟਨਾਵਾਂ ਸਮਾਜ ਦੀ ਨਾਂਹ-ਪੱਖੀ ਸੋਚ ਦੀ ਹੀ ਉਪਜ ਹਨ। ਅਸੀਂ ਆਪਣੇ ਗੁਰੂਆਂ-ਪੀਰਾਂ ਦੀਆਂ ਸਿੱਖਿਆਵਾਂ ਭੁੱਲ ਗਏ ਹਾਂ। ਜਦੋਂ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਤਾਂ ਉਹ ਸਾਡੀ ਜ਼ਮੀਰ ਨੂੰ ਝੰਜੋੜਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਭੁੱਲਣ ਦਾ ਅਰਥ ਹੈ ਕਿ ਸਾਡੀ ਜ਼ਮੀਰ ਮਰ ਚੁੱਕੀ ਹੈ। ਜ਼ਮੀਰ ਜਿਊਂਦੀ ਰੱਖਣ ਲਈ ਸ਼ਹੀਦ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਪੜ੍ਹੋ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ-ਦਰਦ ਬਣਾ ਕੇ ਅੰਗਰੇਜ਼ਾਂ ਨਾਲ ਲੜਾਈ ਲੜੀ ਤੇ ਹੱਸਦੇ-ਹੱਸਦੇ ਜਾਨ ਵਾਰ ਦਿੱਤੀ। ਜੇ ਉਹ ਲੋਕ ਵੀ ਜ਼ਮੀਰ ਮਾਰ ਲੈਂਦੇ ਤਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਬਣ ਸਕਦੇ ਸਨ ਪਰ ਉਨ੍ਹਾਂ ਨੇ ਜ਼ਮੀਰ ਨਹੀਂ ਮਾਰੀ ਤੇ ਲੋਕਾਂ ਲਈ ਲੜੇ।

-ਪਰਗਟ ਸਿੰਘ ਜੰਬਰ।

ਸੰਪਰਕ : 88377-26702

Posted By: Jagjit Singh