ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸਥਾਪਤ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜਨ ਦੀ ਗ਼ਲਤੀ ਆਖ਼ਰ ਕੇਂਦਰ ਸਰਕਾਰ ਨੇ ਕਬੂਲ ਲਈ ਹੈ। ਉਹ ਮੰਦਰ ਲਈ ਜਗ੍ਹਾ ਦੇਣ ਲਈ ਤਿਆਰ ਹੈ। ਸਰਕਾਰ ਇਸ ਗੱਲ 'ਤੇ ਵੀ ਸਹਿਮਤ ਹੈ ਕਿ ਮੰਦਰ ਉਸ ਜਗ੍ਹਾ 'ਤੇ ਹੀ ਬਣਾਇਆ ਜਾਵੇਗਾ ਜਿੱਥੇ ਪਹਿਲਾਂ ਸੀ। ਇਹ ਉਨ੍ਹਾਂ ਲੱਖਾਂ ਲੋਕਾਂ ਦੀ ਆਸਥਾ ਦੀ ਜਿੱਤ ਹੈ ਜਿਨ੍ਹਾਂ ਨੇ ਮੰਦਰ ਲਈ ਸੰਘਰਸ਼ ਕੀਤਾ।

ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ 9 ਅਗਸਤ ਨੂੰ ਮੰਦਰ ਢਾਹ ਦਿੱਤਾ ਸੀ ਜਿਸ ਦਾ ਦੇਸ਼ ਦੇ ਕਈ ਹਿੱਸਿਆਂ ਵਿਚ ਤਿੱਖਾ ਵਿਰੋਧ ਹੋਇਆ ਸੀ। ਲੋਕਾਂ ਦੇ ਵਿਰੋਧ ਮਗਰੋਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਮਸਲੇ ਦਾ ਹੱਲ ਲੱਭਣ ਲਈ ਕਿਹਾ ਸੀ।

ਸਰਕਾਰ ਨੇ ਸੁਪਰੀਮ ਕੋਰਟ ਨੂੰ ਹੁਣ ਦੱਸਿਆ ਹੈ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸ਼ਰਧਾਲੂਆਂ ਦੀ ਆਸਥਾ ਦੇ ਮੱਦੇਨਜ਼ਰ ਸਰਕਾਰ ਮੰਦਰ ਦੀ ਉਸਾਰੀ ਲਈ ਉਸੇ ਜਗ੍ਹਾ 200 ਵਰਗ ਮੀਟਰ ਜ਼ਮੀਨ ਦੇਵੇਗੀ। ਡੀਡੀਏ ਨੇ ਜਦੋਂ ਗੁਰੂ ਰਵਿਦਾਸ ਮੰਦਰ ਢਾਹਿਆ ਸੀ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤਕ ਮਾਹੌਲ ਕਾਫ਼ੀ ਗਰਮਾ ਗਿਆ ਸੀ। ਮੰਦਰ ਲਈ ਰਾਮਲੀਲ੍ਹਾ ਮੈਦਾਨ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਜ਼ਾਰਾਂ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ ਸੀ। ਮੰਦਰ 'ਤੇ ਕਾਰਵਾਈ ਦੇ ਵਿਰੋਧ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਵੀ ਮੁਜ਼ਾਹਰੇ ਹੋਏ ਸਨ।

ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿਚ ਬੰਦ ਰੱਖਿਆ ਗਿਆ ਸੀ। ਲੁਧਿਆਣਾ, ਬਰਨਾਲਾ, ਫਿਰੋਜ਼ਪੁਰ, ਮੋਗਾ ਅਤੇ ਅੰਮ੍ਰਿਤਸਰ ਸਮੇਤ ਹਰਿਆਣਾ ਦੇ ਕੁਝ ਕਸਬਿਆਂ ਵਿਚ ਰਵਿਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਸਨ। ਇੱਥੇ ਇਹ ਗੱਲ ਦੇਖਣ ਵਾਲੀ ਹੈ ਕਿ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ 'ਤੇ ਮੰਦਰ ਤੋੜਿਆ ਗਿਆ ਤੇ ਹੁਣ ਸੁਪਰੀਮ ਕੋਰਟ ਦੇ ਹੀ ਆਦੇਸ਼ 'ਤੇ ਨਵ-ਨਿਰਮਾਣ ਹੋਵੇਗਾ। ਦਰਅਸਲ, ਇਹ ਮਾਮਲਾ ਨੌਕਰਸ਼ਾਹੀ ਤੇ ਸਿਆਸੀ ਆਗੂਆਂ ਦੀ ਨਾਸਮਝੀ ਹੀ ਉਘਾੜਦਾ ਹੈ।

ਸੁਪਰੀਮ ਕੋਰਟ ਤਕ ਗੱਲ ਪਹੁੰਚਣ ਤਕ ਮਾਮਲੇ ਨੂੰ ਹਲਕੇ ਤਰੀਕੇ ਨਾਲ ਲਿਆ ਗਿਆ। ਕਿਸੇ ਸਿਆਸੀ ਆਗੂ ਨੇ ਪਹਿਲ ਨਹੀਂ ਕੀਤੀ। ਪਹਿਲਾਂ ਹੀ ਸਾਰੀਆਂ ਧਿਰਾਂ ਨੂੰ ਨਾਲ ਲੈਣਾ ਚਾਹੀਦਾ ਸੀ। ਜੇ ਸੁਪਰੀਮ ਕੋਰਟ ਦਾ ਮੰਦਰ ਤੋੜਨ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਕੇਂਦਰ ਸਰਕਾਰ ਕੋਰਟ ਚਲੀ ਜਾਂਦੀ ਤਾਂ ਮੰਦਰ ਢਾਹੁਣ ਦੀ ਨੌਬਤ ਹੀ ਨਹੀਂ ਸੀ ਆਉਣੀ। ਆਖ਼ਰ ਮੰਦਰ ਤੋੜ ਕੇ ਕਿਸ ਨੂੰ ਕੀ ਹਾਸਲ ਹੋਇਆ? ਸਰਕਾਰ ਵੱਲੋਂ ਪਹਿਲਾਂ ਪੱਖ ਰੱਖਣ ਵਾਲਿਆਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਸੀ ਕਿ ਮੰਦਰ ਕਿੰਨਾ ਪ੍ਰਾਚੀਨ ਹੈ ਅਤੇ ਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸ 'ਚ ਕੀ ਸਥਾਨ ਹੈ।

ਗੁਰੂ ਰਵਿਦਾਸ ਜੀ ਭਗਤੀ ਅੰਦੋਲਨ ਦੇ ਉਹ ਕ੍ਰਾਂਤੀਕਾਰੀ ਸੰਤ ਸਨ ਜਿਨ੍ਹਾਂ ਦੀ ਬਾਣੀ ਅੱਜ ਵੀ ਸਾਨੂੰ ਭਗਤੀ ਦਾ ਮਾਰਗ ਦਿਖਾ ਰਹੀ ਹੈ। ਦੂਜੇ ਪਾਸੇ ਮੰਦਰ ਦੀ ਗੱਲ ਕਰੀਏ ਤਾਂ ਮੰਦਰ ਤੋਂ ਲਗਪਗ 100 ਮੀਟਰ ਪੂਰਬ ਵੱਲ ਜਿਹੜੀ ਸੜਕ ਹੈ, ਉਸ ਦਾ ਨਾਂ 'ਗੁਰੂ ਰਵਿਦਾਸ ਮਾਰਗ' ਹੈ ਅਤੇ ਸੱਜੇ ਪਾਸੇ ਬਣੇ ਬੱਸ ਅੱਡੇ ਦਾ ਨਾਂ ਵੀ ਮੰਦਰ ਦੇ ਨਾਂ 'ਤੇ ਹੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਮੰਦਰ ਕਿੰਨਾ ਪੁਰਾਣਾ ਹੈ। ਜਦੋਂ ਅਜਿਹੇ ਧਾਰਮਿਕ ਅਸਥਾਨ ਨੂੰ ਤੋੜਿਆ ਜਾਵੇਗਾ ਤਾਂ ਲੋਕਾਂ ਨੇ ਤਾਂ ਫਿਰ ਭੜਕਣਾ ਹੀ ਸੀ। ਲੱਖਾਂ ਲੋਕਾਂ ਦੀ ਆਸਥਾ ਨੂੰ ਸੱਟ ਮਾਰਨ ਮਗਰੋਂ ਕੇਂਦਰ ਸਰਕਾਰ ਨੇ ਜੋ ਹੁਣ ਕੀਤਾ ਹੈ ਉਹ ਪਹਿਲਾਂ ਵੀ ਕੀਤਾ ਜਾ ਸਕਦਾ ਸੀ।

ਇਹ ਗੱਲ ਪਹਿਲਾਂ ਸਮਝ ਆ ਜਾਂਦੀ ਤਾਂ ਨਾ ਮੰਦਰ ਤੋੜਿਆ ਜਾਂਦਾ, ਨਾ ਧਰਨੇ ਲੱਗਦੇ ਅਤੇ ਨਾ ਹੀ ਆਮ ਲੋਕ ਪਰੇਸ਼ਾਨ ਹੁੰਦੇ। ਧਰਮ ਨਾਲ ਜੁੜੇ ਅਜਿਹੇ ਨਾਜ਼ੁਕ ਮੁੱਦਿਆਂ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਆਸਥਾ ਨੂੰ ਸੱਟ ਨਾ ਵੱਜੇ।

Posted By: Jagjit Singh