ਕਾਂਗਰਸ ਨੇ ਖੇਤਰੀ ਪਾਰਟੀਆਂ ਦੇ ਹੱਥੋਂ ਗੁਆਈ ਆਪਣੀ ਸਿਆਸੀ ਜ਼ਮੀਨ ਵਾਪਸ ਲੈਣ ਦਾ ਜੋ ਸੰਕਲਪ ਲਿਆ ਹੈ, ਉਸ ਨੂੰ ਹਾਸਲ ਕਰਨਾ ਆਸਾਨ ਕੰਮ ਨਹੀਂ ਕਿਉਂਕਿ ਅਜੇ ਕੱਲ੍ਹ ਤਕ ਉਹ ਅਜਿਹੀਆਂ ਪਾਰਟੀਆਂ ਨੂੰ ਆਪਣੇ ਲਈ ਇਕ ਵੱਡਾ ਸਹਾਰਾ ਮੰਨ ਰਹੀ ਸੀ। ਇਹ ਇਕ ਤੱਥ ਹੈ ਕਿ ਰਾਹੁਲ ਗਾਂਧੀ ਨੇ ਚੰਦ ਦਿਨ ਪਹਿਲਾਂ ਹੀ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਉਨ੍ਹਾਂ ਨੇ ਬਸਪਾ ਮੁਖੀ ਮਾਇਆਵਤੀ ਨੂੰ ਮਿਲ ਕੇ ਚੋਣ ਲੜਨ ਦਾ ਪ੍ਰਸਤਾਵ ਰੱਖਿਆ ਸੀ। ਕੀ ਇਹ ਅਜੀਬੋ-ਗ਼ਰੀਬ ਨਹੀਂ ਕਿ ਜੋ ਕਾਂਗਰਸ ਤਾਮਿਲਨਾਡੂ, ਝਾਰਖੰਡ ਅਤੇ ਮਹਾਰਾਸ਼ਟਰ ਵਿਚ ਖੇਤਰੀ ਪਾਰਟੀਆਂ ਦੀ ਪਿੱਛਲੱਗੂ ਬਣ ਕੇ ਸੱਤਾ ਦਾ ਸੁੱਖ ਭੋਗ ਰਹੀ ਹੈ, ਉਹ ਹੁਣ ਉਨ੍ਹਾਂ ਨਾਲ ਹੀ ਮੁਕਾਬਲਾ ਕਰਨ ਦੀ ਗੱਲ ਕਹਿ ਰਹੀ ਹੈ? ਕੀ ਇਹ ਮੰਨਿਆ ਜਾਵੇ ਕਿ ਕਾਂਗਰਸ ਤਾਮਿਲਨਾਡੂ, ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਗੱਠਜੋੜ ਸਰਕਾਰਾਂ ਤੋਂ ਬਾਹਰ ਆ ਜਾਵੇਗੀ? ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਫਿਰ ਇਸ ਨਤੀਜੇ ’ਤੇ ਪੁੱਜਣ ਦੇ ਇਲਾਵਾ ਹੋਰ ਕੋਈ ਉਪਾਅ ਨਹੀਂ ਕਿ ਉਸ ਦੀ ਕਥਨੀ-ਕਰਨੀ ਵਿਚ ਮੇਲ ਨਹੀਂ ਅਤੇ ਉਦੈਪੁਰ ਦੇ ਚਿੰਤਨ ਸ਼ਿਵਿਰ ਵਿਚ ਕੋਈ ਹਕੀਕੀ ਮੰਥਨ ਨਹੀਂ ਹੋਇਆ। ਜੇਕਰ ਕਾਂਗਰਸ ਖੇਤਰੀ ਪਾਰਟੀਆਂ ਵਿਰੁੱਧ ਮੁਹਾਜ਼ ਖੋਲ੍ਹਣ ਲਈ ਸੱਚਮੁੱਚ ਤਿਆਰ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਆਪਣੀ ਦਹਾਕਿਆਂ ਪੁਰਾਣੀ ਨੀਤੀ ਦਾ ਤਿਆਗ ਕਰ ਕੇ ‘ਇਕੱਲੀ ਚਲੋ’ ਦੇ ਰਾਹ ’ਤੇ ਚੱਲੇਗੀ। ਉਸ ਨੇ ਅਜਿਹਾ ਹੀ ਇਰਾਦਾ 1998 ਦੇ ਆਪਣੇ ਪਚਮੜੀ ਚਿੰਤਨ ਸ਼ਿਵਿਰ ਵਿਚ ਜ਼ਾਹਿਰ ਕੀਤਾ ਸੀ ਪਰ ਕੁਝ ਸਮੇਂ ਬਾਅਦ ਅਰਥਾਤ 2003 ਵਿਚ ਸ਼ਿਮਲਾ ਵਿਚ ਜੋ ਚਿੰਤਨ ਕੀਤਾ ਗਿਆ, ਉਸ ਦਾ ਸਿੱਟਾ ਇਹ ਸੀ ਕਿ ਗੱਠਜੋੜ ਵਾਲੀ ਸਿਆਸਤ ਵਕਤ ਦਾ ਤਕਾਜ਼ਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਕਾਂਗਰਸ ਇਕ ਤੋਂ ਬਾਅਦ ਇਕ ਸੂਬਿਆਂ ਵਿਚ ਖੇਤਰੀ ਪਾਰਟੀਆਂ ਲਈ ਆਪਣੀ ਜ਼ਮੀਨ ਛੱਡਦੀ ਗਈ। ਇਸ ਕ੍ਰਮ ਵਿਚ ਉਸ ਨੇ ਕਈ ਵਾਰ ਅਜਿਹੀਆਂ ਖੇਤਰੀ ਪਾਰਟੀਆਂ ਨਾਲ ਵੀ ਹੱਥ ਮਿਲਾਇਆ ਜਿਨ੍ਹਾਂ ਦੀ ਵਿਚਾਰਧਾਰਾ ਕਾਂਗਰਸ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਸੀ। ਅੱਜ ਵੀ ਕਾਂਗਰਸ ਮਹਾਰਾਸ਼ਟਰ ਵਿਚ ਸ਼ਿਵਸੈਨਾ ਨੂੰ ਸੱਤਾ ਵਿਚ ਬਣਾਈ ਰੱਖਣ ਵਿਚ ਸਹਾਇਕ ਬਣੀ ਹੋਈ ਹੈ ਜਿਸ ਦੀ ਵਿਚਾਰਧਾਰਾ ਦਾ ਉਹ ਹਰ ਪੱਧਰ ’ਤੇ ਵਿਰੋਧ ਕਰਦੀ ਸੀ। ਕੀ ਕਾਂਗਰਸ ਆਪਣੇ ਕਾਰਕੁਨਾਂ ਤੇ ਹਮਾਇਤੀਆਂ ਨੂੰ ਇਸ ਸਵਾਲ ਦਾ ਕੋਈ ਤਸੱਲੀਬਖ਼ਸ਼ ਜਵਾਬ ਦੇ ਸਕਦੀ ਹੈ ਕਿ ਉਹ ਕਿਸ ਰੀਤੀ-ਨੀਤੀ ਤਹਿਤ ਸ਼ਿਵਸੈਨਾ ਦੀ ਪਾਲਕੀ ਢੋਅ ਰਹੀ ਹੈ? ਕਾਂਗਰਸ ਨੂੰ ਇਹ ਅਹਿਸਾਸ ਹੋਣਾ ਹੀ ਚਾਹੀਦਾ ਹੈ ਕਿ ਜ਼ਿਆਦਾਤਰ ਸੂਬਿਆਂ ਵਿਚ ਉਸ ਨੇ ਖੇਤਰੀ ਪਾਰਟੀਆਂ ਅੱਗੇ ਜਿਸ ਤਰ੍ਹਾਂ ਆਤਮ-ਸਮਰਪਣ ਕੀਤਾ, ਉਸ ਨਾਲ ਉਸ ਦੀ ਰਾਜਨੀਤਕ ਜ਼ਮੀਨ ਬੁਰੀ ਤਰ੍ਹਾਂ ਖਿਸਕ ਚੁੱਕੀ ਹੈ। ਜੇ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਉਹ ਉਨ੍ਹਾਂ ਤੌਰ-ਤਰੀਕਿਆਂ ਜ਼ਰੀਏ ਆਪਣੀ ਗੁਆਚੀ ਹੋਈ ਜ਼ਮੀਨ ਵਾਪਸ ਲੈ ਲਵੇਗੀ ਜੋ ਖੇਤਰੀ ਦਲਾਂ ਨੇ ਅਪਣਾ ਰੱਖੇ ਹਨ ਤਾਂ ਇਹ ਉਸ ਦੀ ਭੁੱਲ ਹੀ ਹੈ।

Posted By: Jagjit Singh