-ਸੰਜੇ ਗੁਪਤ

ਬਿਹਾਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਾਰਟੀ ਦੇ ਕੁਝ ਨੇਤਾ ਫਿਰ ਤੋਂ ਇਸ ਗੱਲ ਨੂੰ ਲੈ ਕੇ ਹੈਰਾਨ-ਪਰੇਸ਼ਾਨ ਹੋ ਗਏ ਹਨ ਕਿ ਦੇਸ਼ ਦੀ ਇਸ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਦਾ ਅਕਸ ਲਗਾਤਾਰ ਡਿੱਗਦਾ ਜਾ ਰਿਹਾ ਹੈ। ਬਿਹਾਰ ਵਿਚ ਵਿਰੋਧੀ ਮਹਾਗੱਠਜੋੜ ਦਾ ਹਿੱਸਾ ਰਹੀ ਕਾਂਗਰਸ ਨੇ ਦਬਾਅ ਬਣਾ ਕੇ 70 ਸੀਟਾਂ ਤਾਂ ਲੈ ਲਈਆਂ ਸਨ ਪਰ ਉਹ ਸਿਰਫ਼ 19 ਹੀ ਜਿੱਤ ਸਕੀ। ਜੇਕਰ ਕਾਂਗਰਸ ਬਿਹਤਰ ਕਾਰਗੁਜ਼ਾਰੀ ਦਿਖਾਉਂਦੀ ਤਾਂ ਸ਼ਾਇਦ ਹਾਲਾਤ ਕੁਝ ਦੂਜੀ ਤਰ੍ਹਾਂ ਦੇ ਹੁੰਦੇ।

ਇਨ੍ਹੀਂ ਦਿਨੀਂ ਕਾਂਗਰਸ ਵਿਚ ਬਿਹਾਰ ਦੀ ਹਾਰ ਦਾ ਜ਼ਿਕਰ ਤਾਂ ਹੋ ਰਿਹਾ ਹੈ ਪਰ ਉਸ ਦੇ ਕਾਰਨਾਂ 'ਤੇ ਗ਼ੌਰ ਕਰਨ ਦੀ ਕੋਈ ਠੋਸ ਪਹਿਲ ਹੁੰਦੀ ਨਹੀਂ ਦਿਖ ਰਹੀ। ਕੁਝ ਨੇਤਾਵਾਂ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ ਪਰ ਲੱਗਦਾ ਨਹੀਂ ਕਿ ਕਾਂਗਰਸ ਦੀ ਲੀਡਰਸ਼ਿਪ ਮੂਲ ਸਮੱਸਿਆ 'ਤੇ ਵਿਚਾਰ ਕਰਨ ਨੂੰ ਤਿਆਰ ਹੋਵੇਗੀ।

ਜ਼ਿਆਦਾ ਤੋਂ ਜ਼ਿਆਦਾ ਇਹ ਹੋ ਸਕਦਾ ਹੈ ਕਿ ਕੁਝ ਖੇਤਰੀ ਨੇਤਾਵਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਵੇ। ਇਸ ਦੇ ਆਸਾਰ ਇਸ ਲਈ ਹਨ ਕਿਉਂਕਿ ਕਪਿਲ ਸਿੱਬਲ ਵੱਲੋਂ ਚੁੱਕੇ ਗਏ ਸਵਾਲਾਂ 'ਤੇ ਧਿਆਨ ਦੇਣ ਦੀ ਥਾਂ ਪਾਰਟੀ ਦੇ ਕਈ ਨੇਤਾ ਉਨ੍ਹਾਂ ਦੀ ਨਿੰਦਾ-ਨੁਕਤਾਚੀਨੀ ਕਰਨ ਵਿਚ ਰੁੱਝ ਗਏ ਹਨ। ਸਿੱਬਲ ਤੋਂ ਬਾਅਦ ਜਦ ਪੀ. ਚਿਦਾਂਬਰਮ ਨੇ ਕਾਂਗਰਸ ਦੀ ਕਮਜ਼ੋਰ ਹਾਲਤ 'ਤੇ ਸਵਾਲ ਖੜ੍ਹੇ ਕੀਤੇ ਤਾਂ ਗਾਂਧੀ ਪਰਿਵਾਰ ਦੇ ਖ਼ੁਸ਼ਾਮਦੀ ਨੇਤਾਵਾਂ ਨੇ ਉਨ੍ਹਾਂ 'ਤੇ ਵੀ ਧਾਵਾ ਬੋਲ ਦਿੱਤਾ। ਉਨ੍ਹਾਂ ਵੱਲੋਂ ਇੱਥੇ ਤਕ ਕਹਿ ਦਿੱਤਾ ਗਿਆ ਕਿ ਨਾਖ਼ੁਸ਼ ਨੇਤਾ ਕਿਤੇ ਵੀ ਜਾਣ ਲਈ ਆਜ਼ਾਦ ਹਨ। ਬਿਹਾਰ ਦੀ ਹਾਰ 'ਤੇ ਗਾਂਧੀ ਪਰਿਵਾਰ ਸ਼ਾਂਤ ਹੈ। ਪਾਰਟੀ ਨੂੰ ਪਰਦੇ ਦੇ ਪਿੱਛਿਓਂ ਚਲਾ ਰਹੇ ਰਾਹੁਲ ਗਾਂਧੀ ਜਨਤਕ ਤੌਰ 'ਤੇ ਕੁਝ ਨਹੀਂ ਬੋਲ ਰਹੇ ਹਨ। ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਚੋਣਾਂ ਦੌਰਾਨ ਜਿੱਥੇ ਤੇਜਸਵੀ ਯਾਦਵ ਨੇ 247 ਰੈਲੀਆਂ ਕੀਤੀਆਂ ਓਥੇ ਹੀ ਰਾਹੁਲ ਗਾਂਧੀ ਨੇ ਸਿਰਫ਼ ਅੱਠ ਚੋਣ ਜਲਸੇ ਕੀਤੇ।

ਸਵਾਲ ਉੱਠਦਾ ਹੈ ਕਿ ਜੇਕਰ ਕਾਂਗਰਸ ਚੋਣ ਪ੍ਰਚਾਰ ਨੂੰ ਲੈ ਕੇ ਗੰਭੀਰ ਨਹੀਂ ਸੀ ਤਾਂ ਫਿਰ ਉਸ ਨੇ 70 ਸੀਟਾਂ ਕਿਉਂ ਮੰਗੀਆਂ? ਕਾਂਗਰਸ ਬਿਹਾਰ ਦੇ ਨਤੀਜਿਆਂ ਨੂੰ ਲੈ ਕੇ ਕਿਸ ਤਰ੍ਹਾਂ ਗ਼ੈਰ-ਸੰਜੀਦਾ ਹੈ, ਇਸ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਬੀਤੇ ਦਿਨੀਂ ਸੋਨੀਆ ਗਾਂਧੀ ਦੀ ਮਦਦ ਲਈ ਬਣਾਈ ਗਈ ਸਲਾਹਕਾਰ ਕਮੇਟੀ ਦੀ ਇਕ ਬੈਠਕ ਜ਼ਰੂਰ ਹੋਈ ਪਰ ਉਸ ਵਿਚ ਬਿਹਾਰ ਜਾਂ ਫਿਰ ਹੋਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੀ ਚਰਚਾ ਨਹੀਂ ਹੋਈ। ਇਸ ਬੈਠਕ ਵਿਚ ਚਰਚਾ ਹੋਈ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿਚ ਚਲਾਏ ਜਾ ਰਹੇ ਅੰਦੋਲਨ ਦੀ ਅਗਲੇਰੀ ਰੂਪ-ਰੇਖਾ 'ਤੇ।

ਕਾਂਗਰਸ ਕਿਸ ਤਰ੍ਹਾਂ ਹਾਰ ਦੇ ਕਾਰਨਾਂ 'ਤੇ ਵਿਚਾਰ ਕਰਨ ਤੋਂ ਮੂੰਹ ਚੁਰਾ ਰਹੀ ਹੈ, ਇਸ ਦਾ ਇਕ ਹੋਰ ਸਬੂਤ ਹੈ ਬੀਤੇ ਦਿਨ ਆਰਥਿਕ, ਵਿਦੇਸ਼ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਲਈ ਤਿੰਨ ਕਮੇਟੀਆਂ ਦਾ ਗਠਨ। ਅਜਿਹੇ ਹੀ ਰੁਖ਼-ਰਵੱਈਏ ਕਾਰਨ ਕਾਂਗਰਸ ਜ਼ਮੀਨੀ ਪੱਧਰ 'ਤੇ ਕਮਜ਼ੋਰ ਹੋ ਰਹੀ ਹੈ। ਉਸ ਦੀ ਕਮਜ਼ੋਰ ਹੁੰਦੀ ਜ਼ਮੀਨ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਜਿਸ ਮੱਧ ਪ੍ਰਦੇਸ਼ ਵਿਚ ਉਹ ਚਾਰ ਮਹੀਨੇ ਪਹਿਲਾਂ ਸੱਤਾ ਵਿਚ ਸੀ, ਉੱਥੇ ਜ਼ਿਮਨੀ ਚੋਣਾਂ ਵਿਚ ਵੀ ਉਸ ਦੀ ਕਰਾਰੀ ਹਾਰ ਹੋਈ। ਮੱਧ ਪ੍ਰਦੇਸ਼ ਨੂੰ ਲੈ ਕੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਦਾ ਉੱਥੇ ਰਸੂਖ ਨਹੀਂ ਸੀ। ਉੱਥੇ ਕੁਝ ਸਾਲ ਪਹਿਲਾਂ ਹੀ ਕਾਂਗਰਸ ਨੇ ਭਾਜਪਾ ਨੂੰ ਮਾਤ ਦਿੱਤੀ ਸੀ। ਆਖ਼ਰ ਕਮਲ ਨਾਥ ਆਪਣੇ ਵਿਧਾਇਕਾਂ ਵੱਲੋਂ ਛੱਡੀਆਂ ਗਈਆਂ ਸੀਟਾਂ ਕਿਉਂ ਨਹੀਂ ਜਿਤਾ ਸਕੇ? ਕੀ ਇਸ ਕਾਰਨ ਕਿ ਕਾਂਗਰਸ ਦੇ ਜੋ ਵਿਧਾਇਕ ਜਯੋਤਿਰਾਦਿੱਤਿਆ ਸਿੰਧੀਆ ਨਾਲ ਭਾਜਪਾ ਵਿਚ ਗਏ, ਉਨ੍ਹਾਂ ਦਾ ਆਪਣਾ ਰਸੂਖ ਸੀ, ਨਾ ਕਿ ਪਾਰਟੀ ਦਾ। ਕਾਂਗਰਸ ਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਆਜ਼ਾਦੀ ਦੀ ਜੰਗ ਲੜਨ ਅਤੇ ਲਗਪਗ ਚਾਰ ਦਹਾਕਿਆਂ ਤਕ ਸ਼ਾਸਨ ਕਰਨ ਵਾਲੀ ਪਾਰਟੀ ਆਮ ਆਦਮੀ ਦੇ ਮਨੋਂ ਉਤਰਦੀ ਜਾ ਰਹੀ ਹੈ। ਕਾਂਗਰਸ ਇਕ ਰਾਸ਼ਟਰੀ ਰਾਜਨੀਤਕ ਪਾਰਟੀ ਹੈ ਪਰ ਉਹ ਕਦੇ ਨਹਿਰੂ-ਗਾਂਧੀ ਪਰਿਵਾਰ ਦੀ ਪ੍ਰਭੂਸੱਤਾ ਤੋਂ ਬਾਹਰ ਨਹੀਂ ਨਿਕਲ ਸਕੀ।

ਇਹ ਕਿਸੇ ਤੋਂ ਲੁਕਿਆ ਨਹੀਂ ਕਿ ਕਿਸ ਤਰ੍ਹਾਂ ਜਵਾਹਰਲਾਲ ਨਹਿਰੂ ਨੇ ਪਹਿਲਾਂ ਇੰਦਰਾ ਗਾਂਧੀ ਨੂੰ ਅੱਗੇ ਵਧਾਇਆ। ਫਿਰ ਇੰਦਰਾ ਨੇ ਸੰਜੇ ਗਾਂਧੀ ਤੇ ਰਾਜੀਵ ਗਾਂਧੀ ਨੂੰ। ਇਹੀ ਕੰਮ ਸੋਨੀਆ ਗਾਂਧੀ ਨੇ ਪਹਿਲਾਂ ਰਾਹੁਲ ਅਤੇ ਫਿਰ ਪ੍ਰਿਅੰਕਾ ਨੂੰ ਅੱਗੇ ਵਧਾ ਕੇ ਕੀਤਾ। ਉਹ ਆਪਣੇ ਵਿਦੇਸ਼ੀ ਮੂਲ ਦੇ ਕਾਰਨ ਪ੍ਰਧਾਨ ਮੰਤਰੀ ਨਹੀਂ ਬਣ ਸਕੀ ਤਾਂ ਉਸ ਨੇ ਮਨਮੋਹਨ ਸਿੰਘ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਤਾਂ ਕਿ ਉਹ ਰਾਹੁਲ ਗਾਂਧੀ ਲਈ ਚੁਣੌਤੀ ਨਾ ਬਣ ਸਕਣ।

ਹੁਣ ਤਾਂ ਭਾਰਤੀਆਂ ਦੀ ਇਸ ਧਾਰਨਾ 'ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ। ਸੋਨੀਆ ਗਾਂਧੀ ਅਜੇ ਵੀ ਰਾਹੁਲ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖਣਾ ਚਾਹੁੰਦੀ ਹੈ। ਉਸ ਦਾ ਇਹ ਪੁੱਤਰ ਮੋਹ ਹੀ ਕਾਂਗਰਸ ਦੀ ਬੇੜੀ ਡੁਬੋ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਅਧੂਰੇ ਮਨ ਨਾਲ ਸਿਆਸਤ ਕਰ ਰਹੇ ਹਨ। ਭਾਵੇਂ ਹੀ ਰਾਹੁਲ ਦੇ ਕਰੀਬੀ ਇਹ ਦਾਅਵਾ ਕਰਨ ਕਿ ਉਹ ਹਰ ਵਿਸ਼ੇ ਦੇ ਜਾਣਕਾਰ ਹਨ ਅਤੇ ਰਾਜਨੀਤੀ ਨੂੰ ਬਹੁਤ ਬਾਰੀਕੀ ਨਾਲ ਸਮਝਦੇ ਹਨ ਪਰ ਜਨਤਾ ਵਿਚ ਉਨ੍ਹਾਂ ਨੂੰ ਲੈ ਕੇ ਉਲਟ ਧਾਰਨਾ ਹੈ। ਸੰਸਦ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਪਹਿਲੇ ਪੰਜ ਸਾਲਾਂ ਤਕ ਉਨ੍ਹਾਂ ਨੇ ਇਕ ਵੀ ਸਵਾਲ ਨਹੀਂ ਪੁੱਛਿਆ।

ਇਸ ਤੋਂ ਅਗਲੇ ਪੰਜ ਸਾਲਾਂ ਵਿਚ ਉਨ੍ਹਾਂ ਨੇ ਕਈ ਵਾਰ ਡਾ. ਮਨਮੋਹਨ ਸਿੰਘ 'ਤੇ ਸਿੱਧਾ ਨਿਸ਼ਾਨਾ ਲਗਾਇਆ। ਬੀਤੇ ਛੇ ਵਰ੍ਹਿਆਂ ਤੋਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਉਹ ਚੋਣ ਜਲਸਿਆਂ ਤੋਂ ਲੈ ਕੇ ਸੋਸ਼ਲ ਮੀਡੀਆ ਵਿਚ ਉਨ੍ਹਾਂ ਵਿਰੁੱਧ ਜੋ ਮਨ ਵਿਚ ਆਉਂਦਾ ਹੈ, ਉਹੀ ਬੋਲਦੇ ਰਹਿੰਦੇ ਹਨ। ਕਈ ਵਾਰ ਉਹ ਜ਼ਰੂਰਤ ਤੋਂ ਵੱਧ ਬੋਲ ਜਾਂਦੇ ਹਨ।

ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ ਰਾਹੁਲ ਗਾਂਧੀ ਦਾ ਰਵੱਈਆ ਕਿਸੇ ਘਾਗ ਸਿਆਸਤਦਾਨ ਦੀ ਤਰ੍ਹਾਂ ਨਾ ਹੋ ਕੇ ਇਕ ਅਜਿਹੇ ਰਾਜਕੁਮਾਰ ਵਰਗਾ ਹੈ ਜਿਸ ਦਾ ਸਾਮਰਾਜ ਖੋਹ ਲਿਆ ਗਿਆ ਹੋਵੇ। ਸ਼ਾਇਦ ਇਸੇ ਕਾਰਨ ਰਾਹੁਲ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਰਾਸ਼ਟਰੀ ਹਿੱਤ ਨਾਲ ਜੁੜੇ ਅਤਿਅੰਤ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਨੂੰ ਲੈ ਕੇ ਵੀ ਘੇਰਦੇ ਰਹਿੰਦੇ ਹਨ ਅਤੇ ਰਾਫੇਲ ਸੌਦੇ ਨੂੰ ਲੈ ਕੇ ਵੀ। ਧਾਰਾ 370 ਦੀ ਸਮਾਪਤੀ ਅਤੇ ਫਿਰ ਗੁਪਕਾਰ ਗੱਠਜੋੜ ਵਿਚ ਕਾਂਗਰਸ ਦੀ ਕਥਿਤ ਭਾਗੀਦਾਰੀ ਦੇ ਮਾਮਲੇ ਵਿਚ ਵੀ ਉਨ੍ਹਾਂ ਦਾ ਰਵੱਈਆ ਗੋਲ-ਮੋਲ ਹੀ ਹੈ। ਕੌਮੀ ਅਹਿਮੀਅਤ ਦੇ ਮਸਲਿਆਂ 'ਤੇ ਢਿੱਲਾ-ਮੱਠਾ ਰਵੱਈਆ ਕਾਂਗਰਸ ਦੇ ਬਚੇ-ਖੁਚੇ ਰਾਸ਼ਟਰੀ ਅਕਸ ਨੂੰ ਮਿੱਟੀ ਵਿਚ ਮਿਲਾ ਰਿਹਾ ਹੈ। ਇਸੇ ਕਾਰਨ ਕਾਂਗਰਸ ਤੇਜ਼ੀ ਨਾਲ ਸਿਮਟਦੀ ਜਾ ਰਹੀ ਹੈ। ਹੁਣ ਤਾਂ ਉਹ ਆਪਣੇ ਦਮ 'ਤੇ ਸਿਆਸਤ ਕਰਨ ਦੇ ਬਜਾਏ ਖੇਤਰੀ ਪਾਰਟੀਆਂ 'ਤੇ ਨਿਰਭਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨਾਲ ਗੱਠਜੋੜ ਵਿਚ ਉਸ ਦੀ ਭੂਮਿਕਾ ਸਹਾਇਕ ਪਾਰਟੀ ਵਾਲੀ ਹੀ ਹੁੰਦੀ ਹੈ। ਬੇਮੇਲ-ਕਮਜ਼ੋਰ ਅਤੇ ਮਜਬੂਰੀ ਵਾਲੇ ਗੱਠਜੋੜ ਕਰਨ ਵਿਚ ਪਾਰਟੀ ਨੇ ਜਿਸ ਤਰ੍ਹਾਂ ਵਿਚਾਰਧਾਰਾ ਨੂੰ ਵੀ ਹਾਸ਼ੀਏ 'ਤੇ ਰੱਖ ਦਿੱਤਾ ਹੈ, ਉਸ ਨਾਲ ਉਹ ਹੋਰ ਵੱਧ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸੇ ਕਾਰਨ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖ਼ਰ ਰਾਸ਼ਟਰੀ ਰਾਜਨੀਤੀ 'ਤੇ ਪਕੜ ਰੱਖਣ ਅਤੇ ਦੇਸ਼ ਦੀਆਂ ਸਮੁੱਚੀਆਂ ਸਮੱਸਿਆਵਾਂ 'ਤੇ ਗੱਲਬਾਤ ਕਰਨ ਵਾਲੀ ਇਹ ਰਾਸ਼ਟਰੀ ਪਾਰਟੀ ਆਪਣਾ ਵਜੂਦ ਕਿਉਂ ਗੁਆਉਂਦੀ ਜਾ ਰਹੀ ਹੈ? ਕਾਂਗਰਸ ਦੇ ਕਮਜ਼ੋਰ ਹੋਣ ਦਾ ਨਤੀਜਾ ਇਹ ਹੈ ਕਿ ਜੋ ਇਲਾਕਾਈ ਪਾਰਟੀਆਂ ਆਪਣੀਆਂ ਇਲਾਕਾਈ ਇੱਛਾਵਾਂ ਨਾਲ ਉੱਭਰ ਰਹੀਆਂ ਹਨ, ਉਹ ਕਾਂਗਰਸ ਦੀ ਜ਼ਮੀਨ 'ਤੇ ਕਾਬਜ਼ ਹੋ ਰਹੀਆਂ ਹਨ।

ਸਮਝਣਾ ਔਖਾ ਹੈ ਕਿ ਕਾਂਗਰਸ ਇਲਾਕਾਈ ਪਾਰਟੀਆਂ ਲਈ ਆਪਣੀ ਜ਼ਮੀਨ ਕਿਉਂ ਛੱਡ ਰਹੀ ਹੈ? ਇਹ ਠੀਕ ਹੈ ਕਿ ਭਾਰਤ ਇਕ ਸੰਘੀ ਢਾਂਚੇ ਵਾਲਾ ਮੁਲਕ ਹੈ ਪਰ ਫ਼ਿਲਹਾਲ ਜ਼ਿਆਦਾਤਰ ਇਲਾਕਾਈ ਪਾਰਟੀਆਂ ਆਪਣੀਆਂ ਸਥਾਨਕ ਇੱਛਾਵਾਂ ਨੂੰ ਇੰਨਾ ਵੱਧ ਅੱਗੇ ਰੱਖ ਰਹੀਆਂ ਹਨ ਕਿ ਉਹ ਰਾਸ਼ਟਰੀ ਮੁੱਦਿਆਂ 'ਤੇ ਢੁੱਕਵਾਂ ਵਿਚਾਰ ਹੀ ਨਹੀਂ ਕਰ ਪਾਉਂਦੀਆਂ। ਅਜਿਹਾ ਵਰਤਾਰਾ ਕੌਮੀ ਮੁੱਦਿਆਂ ਦੀ ਅਣਦੇਖੀ ਲਈ ਜ਼ਿੰਮੇਵਾਰ ਬਣਦਾ ਹੈ। ਜਦੋਂ ਰਾਸ਼ਟਰੀ ਮੁੱਦਿਆਂ ਦੀ ਥਾਂ ਇਲਾਕਾਈ ਮੁੱਦੇ ਅੱਗੇ ਰੱਖੇ ਜਾਣਗੇ ਤਾਂ ਦੇਸ਼ ਦੀ ਤਰੱਕੀ ਵਿਚ ਅੜਿੱਕਾ ਬਣੀਆਂ ਮੁਸ਼ਕਲਾਂ ਹੋਰ ਵਿਕਰਾਲ ਰੂਪ ਧਾਰਨ ਕਰਦੀਆਂ ਜਾਣਗੀਆਂ। ਇਸ ਸਭ ਤੋਂ ਸਪਸ਼ਟ ਹੈ ਕਿ ਕਾਂਗਰਸ ਦੀ ਕੀਮਤ 'ਤੇ ਇਲਾਕਾਈ ਪਾਰਟੀਆਂ ਦਾ ਮਜ਼ਬੂਤ ਹੋਣਾ ਭਾਰਤੀ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ।

-(ਲੇਖਕ 'ਦੈਨਿਕ ਜਾਗਰਣ' ਅਖ਼ਬਾਰ ਦੇ ਮੁੱਖ ਸੰਪਾਦਕ ਹਨ)

-response@jagran.com

Posted By: Jagjit Singh