-ਉਜਾਗਰ ਸਿੰਘ

ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪੋ-ਆਪਣੀ ਚੌਧਰ ਬਣਾਈ ਰੱਖਣ ਲਈ ਰਾਜਾਂ ਵਿਚ ਧੜੇਬੰਦੀ ਨੂੰ ਉਤਸ਼ਾਹ ਦਿੰਦੀ ਰਹਿੰਦੀ ਹੈ। ਇਸ ਦਾ ਨੁਕਸਾਨ ਕਾਂਗਰਸ ਪਾਰਟੀ ਪਿਛਲੇ ਇਕ ਦਹਾਕੇ ਤੋਂ ਭੁਗਤ ਰਹੀ ਹੈ। ਇਸ ਸਮੇਂ ਦੇਸ਼ ਦੇ 28 ਰਾਜਾਂ ’ਚੋਂ ਸਿਰਫ 3 ’ਚ ਕਾਂਗਰਸ ਦੀ ਸਰਕਾਰ ਬਚੀ ਹੈ।

ਇਨ੍ਹਾਂ 3 ਰਾਜਾਂ ਵਿਚ ਵੀ ਸਥਾਨਕ ਨੇਤਾਵਾਂ ਵਿਚ ਖਿੱਚੋਤਾਣ ਲਗਾਤਾਰ ਜਾਰੀ ਹੈ। ਕਾਂਗਰਸ ਮਈ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੇ ਵੀ ਸਮਰੱਥ ਨਹੀਂ ਹੋ ਸਕੀ। ਇਸ ਦੇ ਬਾਵਜੂਦ ਪਾਰਟੀ ਸੰਜੀਦਗੀ ਤੋਂ ਕੰਮ ਨਹੀਂ ਲੈ ਰਹੀ ਤੇ ਨਵੇਂ-ਨਵੇਂ ਤਜਰਬੇ ਕਰੀ ਜਾ ਰਹੀ ਹੈ। ਪੰਜਾਬ ਕਾਂਗਰਸ ’ਚ ਸਿਆਸੀ ਤਾਕਤ ਦੀ ਜਿਹੜੀ ਲੜਾਈ ਕੇਂਦਰੀ ਲੀਡਰਸ਼ਿਪ ਦੀ ਸ਼ਹਿ ’ਤੇ ਸ਼ੁਰੂ ਹੋਈ ਸੀ, ਉਹ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਜਦੋਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜਜ਼ 3 ਮਹੀਨੇ ਰਹਿ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਜੇ ਕਾਂਗਰਸ ਉਨ੍ਹਾਂ ਨੂੰ ਬਦਲ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ ਤਾਂ ਇਕ ਸਾਲ ਪਹਿਲਾਂ ਸਲੀਕੇ ਨਾਲ ਇਸ ਕੰਮ ਨੂੰ ਅੰਜਾਮ ਦਿੰਦੀ ਤਾਂ ਜੋ ਨਵੇਂ ਮੁੱਖ ਮੰਤਰੀ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ ਮੌਕਾ ਮਿਲ ਸਕਦਾ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਇੰਜ ਕੱਢਣਾ ਵਾਜਿਬ ਨਹੀਂ ਸੀ ਕਿਉਂਕਿ ਇੰਜ ਤਾਂ ਕੋਈ ਦਿਹਾੜੀਦਾਰ ਨੂੰ ਵੀ ਬਾਹਰ ਦਾ ਰਸਤਾ ਨਹੀਂ ਦਿਖਾਉਂਦਾ। ਇਹ ਤਾਂ ਉਹ ਗੱਲ ਹੋਈ ਕਿ ‘ਬੂਹੇ ਆਈ ਜੰਨ, ਵਿੰਨੋ੍ਹ ਕੁੜੀ ਦੇ ਕੰਨ।’’ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਲਝੇ ਹੋਏ ਟਕਸਾਲੀ ਕਾਂਗਰਸੀ ਪਰਿਵਾਰ ’ਚੋਂ ਸਿਆਸਤਦਾਨ ਸੁਨੀਲ ਕੁਮਾਰ ਜਾਖੜ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਜੁਲਾਈ ਵਿਚ ਪ੍ਰਧਾਨ ਬਣਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਸਥਾਨਕ ਸਰਕਾਰ ਵਿਭਾਗ ਤੋਂ ਬਦਲਣ ਕਰਕੇ ਨਾਰਾਜ਼ ਹੋ ਕੇ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇ ਗਏ ਸਨ। ਜਦੋਂ ਤੋਂ ਉਹ ਮੰਤਰੀ ਦਾ ਅਹੁਦਾ ਛੱਡ ਕੇ ਗਏ ਸਨ, ਉਦੋਂ ਤੋਂ ਹੀ ਲਗਪਗ ਪਿਛਲੇ 2 ਸਾਲ ਤੋਂ ਆਪਣੀ ਹੀ ਸਰਕਾਰ ਵਿਰੁੱਧ ਬਗ਼ਾਵਤ ’ਤੇ ਉਤਰੇ ਹੋਏ ਹਨ।

ਪਾਰਟੀ ਲੀਡਰਸ਼ਿਪ ਨੇ ਅਨੁਸ਼ਾਸਨ ਬਣਾਈ ਰੱਖਣਾ ਹੁੰਦਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇੱਥੇ ਲੀਡਰ ਹੀ ਅਨੁਸ਼ਾਸਨ ਭੰਗ ਕਰਨ ਨੂੰ ਉਤਸ਼ਾਹ ਦਿੰਦੇ ਰਹੇ ਤੇ ਹੁਣ ਇਸ ਦਾ ਨਤੀਜਾ ਭੁਗਤ ਰਹੇ ਹਨ। ਇਸ ਬਗ਼ਾਵਤ ਨੇ ਪਾਰਟੀ ਵਿਚ ਅਨੁਸ਼ਾਸਨ ਭੰਗ ਕੀਤਾ ਅਤੇ ਕਾਂਗਰਸ ਦੀਆਂ ਜੜ੍ਹਾਂ ਵਿਚ ਤੇਲ ਦੇ ਗਈ। ਜਦੋਂ ਨਵਾਂ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਨਵਜੋਤ ਸਿੰਘ ਸਿੱਧੂ ਨੇ ਭਸੂੜੀ ਪਾ ਦਿੱਤੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਜੇ ਕਾਂਗਰਸ ਹਾਈਕਮਾਨ ਚਾਹੁੰਦੀ ਤਾਂ ਸਿੱਧੂ ਨੂੰ ਮੁੱਖ ਮੰਤਰੀ ਬਣਾ ਸਕਦੀ ਸੀ ਪਰ ਉਨ੍ਹਾਂ ਅਜਿਹਾ ਨਹੀ ਕੀਤਾਂ। ਇੱਥੋਂ ਹੀ ਸਿੱਧੂ ਨੂੰ ਸਬਕ ਸਿੱਖਣਾ ਚਾਹੀਦਾ ਸੀ ਕਿ ਹਾਈਕਮਾਨ ਉਸ ਦੇ ਹੱਥਾਂ ਦੀ ਕਠਪੁਤਲੀ ਨਹੀਂ ਹੈ। ਸੁਖਜਿੰਦਰ ਸਿੰਘ ਰੰਧਾਵਾ ਜੋ ਟਕਸਾਲੀ ਕਾਂਗਰਸੀ ਪਰਿਵਾਰ ’ਚੋਂ ਹਨ, ਉਨ੍ਹਾਂ ਦਾ ਵਿਰੋਧ ਵੀ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ।

ਹਾਲਾਂਕਿ ਸਿੱਧੂ ਨਾਲ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਜੋੜਨ ਦਾ ਸਾਰਾ ਜੋੜ-ਤੋੜ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਸੀ। ਰੰਧਾਵਾ ਦੀ ਸਿਆਣਪ ਵੇਖੀ ਕਿ ਉਹ ਚੁੱਪ ਕਰ ਕੇ ਉਪ ਮੁੱਖ ਮੰਤਰੀ ਬਣ ਗਏ। ਅਖ਼ੀਰ ਚਰਨਜੀਤ ਸਿੰਘ ਚੰਨੀ ਦੀ ਉਮੀਦਵਾਰੀ ’ਤੇ ਸਿੱਧੂ ਨੇ ਸਹਿਮਤੀ ਦੇ ਦਿੱਤੀ। ਚੰਨੀ ਵੱਲੋਂ ਬਤੌਰ ਮੁੱਖ ਮੰਤਰੀ ਹਲਫ਼ ਲੈਣ ਵੇਲੇ ਸਿੱਧੂ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਦਿਸੇ। ਅੰਮ੍ਰਿਤਸਰ ਦੀ ਪਲੇਠੀ ਫੇਰੀ ਵੇਲੇ ਵੀ ਉਹ ਚੰਨੀ ਦੀ ਤਾਰੀਫ਼ ਕਰਦੇ ਵੇਖੇ ਗਏ। ਮੰਤਰੀ ਮੰਡਲ ਦੇ ਗਠਨ ’ਤੇ ਕੁਝ ਮੁੱਦਿਆਂ ਨੂੰ ਲੈ ਕੇ ਸਿੱਧੂ ਦੇ ਮੁੱਖ ਮੰਤਰੀ ਚੰਨੀ ਨਾਲ ਮਤਭੇਦ ਪੈਦਾ ਹੋ ਗਏ। ਉਨ੍ਹਾਂ ਨੇ ਆਪ ਬਣਾਏ ਮੁੱਖ ਮੰਤਰੀ ਦਾ ਵਿਰੋਧ ਸ਼ੁਰੂ ਕਰ ਦਿੱਤਾ। ਅਖ਼ੀਰ 28 ਸਤੰਬਰ ਨੂੰ ਦੋ ਮਹੀਨੇ ਬਾਅਦ ਹੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਟਵੀਟਾਂ ਵਿਚ ਕਹਿੰਦੇ ਰਹਿੰਦੇ ਹਨ ਕਿ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਦੇ ਹਰ ਹੁਕਮ ਨੂੰ ਮੰਨਣਗੇ ਪਰ ਅਮਲੀ ਤੌਰ ’ਤੇ ਉਨ੍ਹਾਂ ਦੇ ਉਲਟ ਚੱਲ ਰਹੇ ਹਨ। ਜਦੋਂ ਦਿੱਲੀ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਮਗਰੋਂ ਰਾਹੁਲ ਗਾਂਧੀ ਨਾਲ ਮੀਟਿੰਗ ਹੋ ਗਈ ਤਾਂ ਕਹਿਣ ਲੱਗੇ ਕਿ ਮੈਂ ਹਾਈਕਮਾਨ ਦਾ ਹਰ ਫ਼ੈਸਲਾ ਮੰਨਾਂਗਾ ਪਰ ਪੰਜਾਬ ਆ ਕੇ ਅਗਲੇ ਦਿਨ ਫਿਰ ਸੋਨੀਆ ਗਾਂਧੀ ਨੂੰ 4 ਪੰਨਿਆਂ ਦੀ ਚਿੱਠੀ ਲਿਖ ਕੇ ਰੋਸ ਪ੍ਰਗਟਾ ਦਿੱਤਾ ਜਿਸ ਵਿਚ ਲਿਖਿਆ ਗਿਆ ਕਿ ਮੰਤਰੀ ਮੰਡਲ ’ਚ ਅਨੁਸੂਚਿਤ ਜਾਤੀਆਂ ਦੇ ਇਕ ਵਰਗ ਨੂੰ ਸ਼ਾਮਲ ਨਾ ਕਰਨ ਤੇ 13 ਨੁਕਤੇ ਲਾਗੂ ਨਾ ਹੋਣ ਦੀ ਸੂਰਤ ’ਚ ਕਾਂਗਰਸ 2022 ਤਾਂ ਛੱਡੋ, ਹਮੇਸ਼ਾ ਲਈ ਸੱਤਾ ਵਿਚ ਨਹੀਂ ਆ ਸਕੇਗੀ।

ਨਵਜੋਤ ਸਿੱਧੂ ਦਿੱਲੀ ਤੋਂ ਵਾਪਸ ਆ ਕੇ ਸੋਨੀਆ ਗਾਂਧੀ ਤੋਂ ਸਮਾਂ ਮੰਗ ਰਹੇ ਹਨ। ਉਨ੍ਹਾਂ ਦੇ ਮੁੱਦੇ ਗੰਭੀਰ ਅਤੇ ਜਾਇਜ਼ ਹਨ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਨਵਾਂ ਮੁੱਖ ਮੰਤਰੀ ਬਣਾ ਰਹੇ ਸੀ, ਕੀ ਉਦੋਂ ਨਹੀਂ ਸੀ ਪਤਾ ਕਿ ਇੰਨੇ ਥੋੜ੍ਹੇ ਸਮੇਂ ਵਿਚ ਇਹ ਮੁੱਦੇ ਕਿਵੇਂ ਸਿਰੇ ਚੜ੍ਹ ਸਕਣਗੇ? ਸਿੱਧੂ ਨੇ 18 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ। ਢਾਈ ਮਹੀਨੇ ਦਾ ਸਮਾਂ ਗੁਜ਼ਰ ਚੁੱਕਾ ਹੈ, ਇਸ ਦੌਰਾਨ ਉਨ੍ਹਾਂ ਕੋਈ ਪਬਲਿਕ ਜਲਸਾ ਨਹੀਂ ਕੀਤਾ ਭਾਵੇਂ ਉਨ੍ਹਾਂ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਸੀ ਕਿ ਉਹ ਪੰਦਰਾਂ ਅਗਸਤ ਤੋਂ ਬਾਅਦ ਕਾਂਗਰਸ ਭਵਨ ਵਿਚ ਆਪਣਾ ਬੋਰੀ-ਬਿਸਤਰਾ ਵਿਛਾ ਲੈਣਗੇ। ਲੋਕਾਂ ਨਾਲ ਸਿੱਧਾ ਰੂਬਰੂ ਹੋਣ ਦੀ ਬਜਾਏ ਉਹ ਸਿਰਫ਼ ਵਿਧਾਨਕਾਰਾਂ ਦੇ ਘਰਾਂ ਵਿਚ ਜਾ ਕੇ ਵਰਕਰਾਂ ਨੂੰ ਮਿਲੇ ਹਨ। ਕਾਂਗਰਸ ਫਿਰ ਜਿੱਤ ਕਿਵੇਂ ਸਕੇਗੀ, ਜਦੋਂ ਲੋਕਾਂ ਨਾਲ ਕੋਈ ਤਾਲਮੇਲ ਹੀ ਨਹੀਂ ਹੋਵੇਗਾ? ਟਵੀਟਾਂ ਨਾਲ ਕਾਂਗਰਸ ਸਰਕਾਰ ਨਹੀਂ ਬਣਾ ਸਕਦੀ। ਹੁਣ ਉਨ੍ਹਾਂ ਨੂੰ ਕਾਂਗਰਸ ਦੀ ਹਾਰ ਕੰਧ ’ਤੇ ਲਿਖੀ ਵਿਖਾਈ ਦੇ ਰਹੀ ਹੈ। ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਦਾ ਕੱਦ ਵਧਿਆ ਹੈ ਕਿਉਂਕਿ ਉਨ੍ਹਾਂ ਇਕ ਸਾਧਾਰਨ ਸਿਆਸਤਦਾਨ ਦੀ ਤਰ੍ਹਾਂ ਲੋਕਾਂ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਕਈ ਫ਼ੈਸਲੇ ਵੀ ਬਹੁਤ ਜਲਦੀ ਕੀਤੇ ਹਨ।

ਉਹ 16 ਘੰਟੇ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਰਾਤ-ਬਰਾਤੇ ਵੀ ਮਿਲ ਰਹੇ ਹਨ। ਪਾਰਟੀ ਵਰਕਰ ਸਰਗਰਮ ਹੋਏ ਪਰ ਉਨ੍ਹਾਂ ਨੂੰ ਲਾਮਬੰਦ ਕਰਨ ਦੀ ਲੋੜ ਹੈ। ਜੇਕਰ ਇਸੇ ਤਰ੍ਹਾਂ ਲੜਦੇ ਰਹੇ ਤਾਂ ਵਰਕਰਾਂ ਵਿਚ ਨਿਰਾਸ਼ਾ ਆਵੇਗੀ। ਹੁਣ ਨਵਜੋਤ ਸਿੰਘ ਸਿੱਧੂ ਹੀ ਕਾਂਗਰਸ ਹਾਈਕਮਾਨ ਨੂੰ ਟਿੱਚ ਜਾਣਦੇ ਹਨ। ਹੋ ਸਕਦਾ ਹੈ ਕਿ ਹਾਈਕਮਾਨ ਵੀ ਹੁਣ ਪਛਤਾ ਰਹੀ ਹੋਵੇਗੀ। ਉਨ੍ਹਾਂ ਦੀ ਹਾਲਤ ਵੀ ‘ਸੱਪ ਦੇ ਮੂੰਹ ਵਿਚ ਕੋਹੜ ਕਿਰਲੀ’ ਵਾਲੀ ਹੋਵੇਗੀ ਕਿਉਂਕਿ ਸਿੱਧੂ ਨੂੰ ਹਟਾਉਂਦੇ ਹਨ ਤਾਂ ਕੈਪਟਨ ਅਮਰਿੰਦਰ ਕਹਿਣਗੇ ਕਿ ਮੈਂ ਠੀਕ ਕਹਿੰਦਾ ਸਾਂ ਕਿ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਕੋਲ ਸਿਆਸੀ ਤਜਰਬੇ ਦੀ ਘਾਟ ਹੈ। ਜੇ ਨਹੀਂ ਹਟਾਉਂਦੇ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਪੰਗਾ ਪਿਆ ਰਹਿਣਾ ਹੈ। ਸਿੱਧੂ ਨੂੰ ਵਹਿਮ ਹੋ ਗਿਆ ਕਿ ਉਨ੍ਹਾਂ ਤੋਂ ਬਿਨਾਂ ਕਾਂਗਰਸ ਪਾਰਟੀ ਸਫਲ ਨਹੀਂ ਹੋ ਸਕਦੀ। ਜਦੋਂ ਸਿੱਧੂ ਕਾਂਗਰਸ ਵਿਚ ਨਹੀਂ ਸਨ, ਉਦੋਂ ਕੀ ਪਾਰਟੀ ਸਫਲ ਨਹੀਂ ਸੀ? ਕੋਈ ਵੀ ਪਾਰਟੀ ਅਨੁਸ਼ਾਸਨ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ। ਪਾਰਟੀ ਅੰਦਰ ਲੋਕਤੰਤਰ ਬਹੁਤ ਜ਼ਰੂਰੀ ਹੈ ਪਰ ਬਾਹਰੋਂ ਨਹੀਂ, ਅੰਦਰੋਂ ਵੀ।

ਸੰਨ 2007 ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਟੋ-ਕਲੇਸ਼ ਦਾ ਨਤੀਜਾ ਚੋਣ ਹਾਰਨਾ ਸੀ। ਕੀ ਹੁਣ ਦਾ ਕਾਟੋ-ਕਲੇਸ਼ ਪਾਰਟੀ ਨੂੰ ਜਿਤਾਉਣ ਵਿਚ ਸਫਲ ਹੋ ਸਕਦਾ ਹੈ? ਕਾਂਗਰਸ ਪਾਰਟੀ ਕਿਹੜੀ ਗ਼ਲਤਫਹਿਮੀ ਦਾ ਸ਼ਿਕਾਰ ਹੋ ਗਈ, ਇਹ ਸਮਝ ਤੋਂ ਬਾਹਰ ਹੈ। ਇਸ ਬਾਰੇ ਕਾਂਗਰਸ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਸੀ। ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਅਤੇ ਪ੍ਰਧਾਨ ਬਣਾਉਣਾ ਉਸ ਦੀ ਹਾਈਕਮਾਨ ਦਾ ਅਧਿਕਾਰ ਹੈ ਪਰ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦਾ ਇਕਸੁਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।

ਜੇ ਦੋਵੇਂ ਇਕ-ਦੂਜੇ ਦੀਆਂ ਲੱਤਾਂ ਖਿੱਚੀ ਜਾਣਗੇ ਤੇ ਫਿਰ ਵੀ ਜੇ ਸਰਕਾਰ ਬਣਾਉਣ ਦੇ ਸਪਨੇ ਕਾਂਗਰਸ ਹਾਈਕਮਾਨ ਦੇਖ ਰਹੀ ਹੈ ਤਾਂ ਫਿਰ ਇਹ ਮੁੰਗੇਰੀ ਲਾਲ ਦੇ ਸਪਨੇ ਹੀ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਸੀ ਤਾਂ ਫਿਰ ਸਿੱਧੂ ਨੂੰ ਮੁੱਖ ਮੰਤਰੀ ਹੀ ਬਣਾ ਦਿੰਦੇ ਤਾਂ ਇਹ ਕਲੇਸ਼ ਨਾ ਪੈਂਦਾ। ਪਾਰਟੀ ਨੇਤਾਵਾਂ ਨੇ ਆਪਣੀਆਂ ਜਿਹੜੀਆਂ ਤਲਵਾਰਾਂ ਵਿਰੋਧੀ ਪਾਰਟੀ ਦੇ ਨੇਤਾਵਾਂ ਵਿਰੁੱਧ ਚੁੱਕਣੀਆਂ ਸਨ, ਕਾਂਗਰਸੀ ਉਹੀ ਆਪਣੇ ਸਾਥੀਆਂ ਉੱਪਰ ਹੀ ਚੁੱਕੀ ਫਿਰਦੇ ਹਨ।

ਇੰਜ ਲੱਗਦਾ ਹੈ ਕਿ ਕਾਂਗਰਸ ਹਾਈਕਮਾਨ ਨੇ ਜਿਹੜੀਆਂ ਗੰਢਾਂ ਹੱਥਾਂ ਨਾਲ ਦਿੱਤੀਆਂ ਸਨ, ਹੁਣ ਦੰਦਾਂ ਨਾਲ ਵੀ ਨਹੀਂ ਖੁੱਲ੍ਹਣੀਆਂ? ਐੱਨਆਰਆਈ ਸੈੱਲ ਦੇ ਉਪ ਪ੍ਰਧਾਨ ਵਿਜੈ ਕਾਲੀਆ ਜੋ ਅਮਰੀਕਾ ਰਹਿੰਦੇ ਹਨ, ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਟਕਸਾਲੀ ਕਾਂਗਰਸੀਆਂ ਨੂੰ ਤਾਂ ਨਾਰਾਜ਼ ਕੀਤਾ ਹੀ ਹੈ, ਨਾਲ ਹੀ ਆਪਣੇ ਪੈਰੀਂ ਆਪ ਕੁਹਾੜਾ ਮਾਰ ਕੇ ਬਗ਼ਾਵਤ ਦੇ ਬੀਜ ਆਪ ਬੀਜੇ ਹਨ।

-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)

-ਮੋਬਾਈਲ : 94178 13072

Posted By: Jagjit Singh