ਸੁਖਵੀਰ ਸਿੰਘ ਕੰਗ

ਕਿਸੇ ਕੰਮ ਜਾਂ ਕਿੱਤੇ ਨੂੰ ਲੰਬੇ ਸਮੇਂ ਤਕ ਰੂਹ ਤੇ ਤਨਦੇਹੀ ਨਾਲ ਕਰਦੇ ਰਹਿਣ ਤੋਂ ਹਾਸਲ ਹੋਈ ਨਿਪੁੰਨਤਾ ਦੇ ਆਤਮ ਵਿਸ਼ਵਾਸ ਨਾਲ ਕਹੀ ਗੱਲ ਪਹਿਲਾਂ ਤਾਂ ਸਾਨੂੰ ਮਾਣ ਜਾਂ ਘੁਮੰਡ ਵਰਗੀ ਲਗਦੀ ਹੈ ਪਰ ਪੂਰੀ ਹੋ ਜਾਣ 'ਤੇ ਹੁਨਰ ਦਾ ਭਰੋਸਾ ਸਾਬਤ ਹੁੰਦੀ ਹੈ। ਇਹ ਘਟਨਾ ਕੋਈ ਪੈਂਤੀ ਸਾਲ ਪੁਰਾਣੀ ਹੈ। ਮੇਰੇ ਪਿਤਾ ਜੀ ਸਾਡੇ ਇਲਾਕੇ ਵਿਚ ਡੰਗਰਾਂ ਦੇ ਮਸ਼ਹੂਰ ਡਾਕਟਰ ਸਨ। ਉਨ੍ਹਾਂ ਦਾ ਇਸ ਕਿੱਤੇ ਵਿਚ ਕਾਫੀ ਤਜਰਬਾ ਹੋ ਚੁੱਕਿਆ ਸੀ। ਉਨ੍ਹਾਂ ਦੇ ਸਾਦੇ ਤੇ ਖੁੱਲ੍ਹੇ ਸੁਭਾਅ, ਆਪਣੇ ਕੰਮ ਵਿਚ ਨਿਪੁੰਨ ਹੋਣ ਤੇ ਇਲਾਜ ਉੱਪਰ ਲਾਲਚ ਦਾ ਪਰਛਾਵਾਂ ਨਾ ਹੋਣ ਕਾਰਨ ਲੋਕ ਉਨ੍ਹਾਂ ਦੀ ਕਦਰ ਕਰਦੇ ਸਨ। ਡੰਗਰ ਨੂੰ ਕਾਬੂ ਕਰਨ ਵੇਲੇ ਲੋਕਾਂ ਦੀਆਂ ਹੋ ਜਾਣ ਵਾਲੀਆਂ ਗ਼ਲਤੀਆਂ ਜਾਂ ਅਣਗਹਿਲੀਆਂ 'ਤੇ ਉਨ੍ਹਾਂ ਦੇ ਸਖ਼ਤ ਸ਼ਬਦਾਂ ਜਾਂ ਚੁੱਕੇ ਹੱਥ ਦਾ ਵੀ ਲੋਕ ਗੁੱਸਾ ਨਹੀਂ ਸਨ ਕਰਦੇ।

ਮੈਂ ਉਦੋਂ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਦਾ ਸੀ। ਸ਼ਾਮ ਵੇਲੇ ਅਸੀਂ ਪਿੰਡ ਦੇ ਕਾਫ਼ੀ ਮੁੰਡੇ ਹਰ ਰੋਜ਼ ਸਕੂਲ ਦੇ ਗਰਾਊਂਡ ਵਿਚ ਫੁੱਟਬਾਲ ਖੇਡਿਆ ਕਰਦੇ ਸੀ। ਸਕੂਲ ਸਾਡੇ ਘਰ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਖੇਡਣ ਤੋਂ ਬਾਅਦ ਬਾਲ ਸਾਡੇ ਘਰ ਹੀ ਰੱਖੀ ਜਾਂਦੀ ਸੀ। ਸਕੂਲ ਦਾ ਕੰਮ ਮੁਕਾ ਕੇ ਮੇਰੀ ਨਿਗ੍ਹਾ ਵੀ ਗਰਾਊਂਡ ਵੱਲ ਹੀ ਰਹਿੰਦੀ ਸੀ ਕਿ ਕਦੋਂ ਦੋ ਜਣੇ ਆਉਣ ਤੇ ਬਾਲ ਲਿਜਾ ਕੇ ਖੇਡਣਾ ਸ਼ੁਰੂ ਕਰੀਏ।

ਇਕ ਦਿਨ ਮੈਂ ਬਾਲ ਲੈ ਕੇ ਗੇਟ ਤੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਨਾਲ ਦੇ ਪਿੰਡ ਤੋਂ ਪਿਤਾ ਜੀ ਦਾ ਫ਼ੌਜੀ ਦੋਸਤ ਆਪਣੇ ਪਿੰਡ ਦੇ ਇਕ ਹੋਰ ਬੰਦੇ ਨਾਲ ਘਰ ਮੂਹਰੇ ਖੜ੍ਹਾ ਉਸ ਬੰਦੇ ਦੀ ਸਿਫ਼ਾਰਸ਼ ਕਰਦਿਆਂ ਪਿਤਾ ਜੀ ਨੂੰ ਕਹਿ ਰਿਹਾ ਸੀ, “'ਡਾਕਟਰ, ਇਸ ਦੀ ਮੱਝ ਸੂਣ 'ਤੇ ਐ, ਦੋ-ਤਿੰਨ ਨੇ ਜ਼ੋਰ ਲਾ ਕੇ ਦੇਖ ਲਿਆ। ਇਹ ਪੁਰਾਣੀਆਂ ਗ਼ਲਤੀਆਂ ਕਰਕੇ ਆਉਣ ਤੋਂ ਡਰਦਾ ਸੀ। ਮੈਂ ਈ ਇਹਨੂੰ ਲੈ ਕੇ ਆਇਆਂ, ਇਹਦੀ ਮੱਝ ਮਰ ਜਾਊ, ਮੇਰੇ ਨਾਲ ਚੱਲ।'' ਉਸ ਦੀ ਗੱਲ ਮੰਨ ਕੇ ਪਿਤਾ ਜੀ ਨੇ ਮੈਂਨੂੰ ਅੰਦਰੋਂ ਦਵਾਈਆਂ ਵਾਲਾ ਬੈਗ ਲਿਆਉਣ ਲਈ ਕਿਹਾ ਤਾਂ ਮੈਂ ਹੱਥ ਵਿਚ ਫੜੀ ਬਾਲ ਗਰਾਊਂਡ ਵਿਚ ਸਾਥੀਆਂ ਵੱਲ ਸੁੱਟ ਦਿੱਤੀ। ਮੇਰੇ ਤੋਂ ਫੜ ਕੇ ਬੈਗ ਮੋਟਰ ਸਾਈਕਲ ਦੀ ਸਾਈਡ ਵਾਲੀ ਟੋਕਰੀ ਵਿਚ ਰੱਖਦਿਆਂ ਪਿਤਾ ਜੀ ਨੇ ਮੈਨੂੰ ਵੀ ਨਾਲ ਚੱਲਣ ਲਈ ਕਿਹਾ ਤਾਂ ਮੈਂ ਵੀ ਪਿੱਛੇ ਬੈਠ ਗਿਆ। ਰਸਤੇ ਵਿਚ ਪਿਤਾ ਜੀ ਨੇ ਦੱਸਿਆ ਕਿ ਇਹ ਮੱਝ ਵਾਲਾ ਬੰਦਾ ਪਹਿਲਾਂ ਤਾਂ ਧਾਗੇ-ਤਵੀਤਾਂ ਵਾਲਿਆਂ ਜਾਂ ਨੀਮ ਹਕੀਮਾਂ ਦੇ ਪਿੱਛੇ ਲੱਗ ਕੇ ਬਿਮਾਰੀ ਵਧਾ ਲੈਂਦਾ ਹੈ ਅਤੇ ਪੈਸਾ ਪੱਟ ਕੇ ਫਿਰ ਮੇਰੇ ਕੋਲ ਆ ਜਾਂਦਾ ਹੈ। ਪਿਛਲੀ ਵਾਰ ਵੀ ਇਸ ਨੇ ਮੱਝ ਦੀ ਅਗਲੀ ਲੱਤ ਦਾ ਫਰ ਉੱਤਰ ਜਾਣ 'ਤੇ ਕਿਸੇ ਤੋਂ ਧਾਗਾ ਕਰਾ ਕੇ ਅੱਕ ਦੇ ਦੁੱਧ ਵਿਚ ਭਿਓਂ ਕੇ ਮੱਝ ਦੀ ਉਸ ਲੱਤ ਦੇ ਗਿੱਟੇ ਨੂੰ ਬੰਨ੍ਹ ਦਿੱਤਾ ਤੇ ਜਦੋਂ ਅੱਕ ਦੇ ਦੁੱਧ ਨੇ ਜ਼ਖ਼ਮ ਵੀ ਕਰ ਦਿੱਤਾ ਤਾਂ ਮੇਰੇ ਕੋਲ ਆ ਗਿਆ। ਉਦੋਂ ਮੈਂ ਇਸ ਨੂੰ ਝਿੜਕ ਦਿੱਤਾ ਸੀ ਕਿ ਬਿਮਾਰੀ ਵਧਾ ਕੇ ਤੇ ਛਿੱਲ ਲੁਹਾ ਕੇ ਮੇਰੇ ਕੋਲ ਨਾ ਆਇਆ ਕਰ। ਇਸ ਕਰਕੇ ਇਹ ਡਰਦਾ ਮੇਰੇ ਕੋਲ ਨਹੀਂ ਸੀ ਆ ਰਿਹਾ।

ਪਿੰਡ ਦੀ ਤੰਗ ਜਿਹੀ ਗਲੀ ਲੰਘ ਕੇ ਉਸ ਬੰਦੇ ਦੇ ਘਰ ਪਹੁੰਚ ਕੇ ਅਸੀਂ ਦੇਖਿਆ ਕਿ ਵਿਹੜੇ ਵਿਚ ਵੀਹ-ਪੱਚੀ ਬੰਦਿਆਂ ਦਾ ਇਕੱਠ ਸੀ। ਇਕ ਨਵਾਂ ਡਾਕਟਰ ਖੜ੍ਹਾ ਸੀ ਪਰ ਨੀਮ-ਹਕੀਮ ਖਿਸਕ ਗਏ ਸਨ। ਸਭ ਪਿਤਾ ਜੀ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਕਿਉਂਕਿ ਉਨ੍ਹਾਂ 'ਚੋਂ ਕਈ ਪਿਤਾ ਜੀ ਦੇ ਹੁਨਰ ਨੂੰ ਪਹਿਲਾਂ ਵੀ ਦੇਖ, ਸੁਣ ਜਾਂ ਅਜ਼ਮਾ ਚੁੱਕੇ ਸਨ। ਪਿਤਾ ਜੀ ਕੁੜਤਾ-ਪਜਾਮਾ ਹੀ ਪਹਿਨਦੇ ਸਨ। ਉਨ੍ਹਾਂ ਨੇ ਛੇਤੀ ਨਾਲ ਕੁੜਤੇ ਦੀਆਂ ਬਾਹਾਂ ਉੱਪਰ ਚੜ੍ਹਾ ਕੇ ਮੱਝ ਦੇ ਸਰੀਰ ਅੰਦਰ ਕਟੜੂ ਦੀ ਸਥਿਤੀ ਨੂੰ ਚੈੱਕ ਕੀਤਾ ਤਾਂ ਇਕਦਮ ਮੱਝ ਵਾਲੇ ਤੇ ਖੜ੍ਹੇ ਲੋਕਾਂ ਨੂੰ ਸਵਾਲ ਕੱਢ ਮਾਰਿਆ, 'ਕੈ ਮਿੰਟ ਲਾਵਾਂ ਬਈ?'” ਸਭ ਚੁੱਪ ਸਨ।

ਮੈਨੂੰ ਵੀ ਬੜਾ ਅਜੀਬ ਜਿਹਾ ਲੱਗਿਆ। ਫਿਰ ਉਨ੍ਹਾਂ ਨੇ ਮੈਨੂੰ ਕਟੜੂ ਖਿੱਚਣ ਵਾਲੀ ਕੁੰਡੀ ਇਕ ਪਾਸੇ ਰੱਖ ਕੇ ਛੇਤੀ ਨਾਲ ਮੱਝ ਦੇ ਦੋ ਦੁੱਧ ਲਾਹੁਣ ਵਾਲੇ ਟੀਕੇ ਲਾਉਣ ਲਈ ਕਿਹਾ ਤਾਂ ਕਿ ਮੱਝ ਸਰੀਰ ਢਿੱਲਾ ਛੱਡ ਦੇਵੇ। ਉਦੋਂ ਇਹ ਟੀਕੇ ਗੱਤੇ ਦੇ ਡੱਬੇ ਵਿਚ ਕੱਚ ਦੀ ਇਕ ਮਿਲੀਲੀਟਰ ਦੀ ਪੈਕਿੰਗ ਵਿਚ ਆਉਂਦੇ ਸਨ। ਪਿਤਾ ਜੀ ਨੇ ਇਕ ਸਣ ਦੀ ਰੱਸੀ ਤੇ ਇਕ ਲੱਜ ਮੰਗਵਾਈ। ਉਨ੍ਹਾਂ ਨੇ ਮੱਝ ਨੂੰ ਪਾਸੇ ਭਾਰ ਕਰ ਕੇ ਉਸ ਦੀਆਂ ਅਗਲੀਆਂ ਲੱਤਾਂ ਨੂੰ ਆਪਸ ਵਿਚ ਇਕ ਥਾਂ ਤੇ ਪਿਛਲੀਆਂ ਲੱਤਾਂ ਨੂੰ ਆਪਸ ਵਿਚ ਦੂਜੀ ਥਾਂ ਬੰਨ੍ਹ ਕੇ ਦੋ-ਦੋ ਬੰਦਿਆਂ ਨੂੰ ਰੱਸਾ ਫੜ ਕੇ ਖੜ੍ਹਾ ਕਰ ਦਿੱਤਾ। ਫਿਰ ਕਟੜੂ ਦੀ ਬੂਥੀ ਦੇ ਹੇਠਲੇ ਜਬਾੜੇ ਨੂੰ ਰੱਸੀ ਪਾ ਕੇ ਮੈਨੂੰ ਫੜਾ ਕੇ ਕਹਿ ਦਿੱਤਾ ਕਿ ਜਦੋਂ ਮੈਂ ਕਹਾਂਗਾ ਤਾਂ ਇਕਦਮ ਖਿੱਚ ਲਈਂ। ਮੈਨੂੰ ਇਹ ਡਿਊਟੀ ਇਸ ਕਰਕੇ ਦਿੱਤੀ ਗਈ ਕਿ ਇਕ ਤਾਂ ਮੈਂ ਅਜਿਹੇ ਕੇਸਾਂ ਵਿਚ ਉਨ੍ਹਾਂ ਦੇ ਨਾਲ ਜਾਂਦਾ ਰਹਿੰਦਾ ਸੀ ਤੇ ਦੂਜਾ ਮੈਂ ਉਨ੍ਹਾਂ ਦੇ ਸੁਭਾਅ ਦਾ ਵਾਕਿਫ਼ ਹੋਣ ਕਰਕੇ ਵਧੇਰੇ ਚੌਕਸ ਰਹਿੰਦਾ ਸੀ ਕਿਉਂਕਿ ਮੇਰੇ ਗ਼ਲਤੀ ਕਰਨ 'ਤੇ ਸਖ਼ਤ ਸ਼ਬਦਾਂ ਦੀ ਥਾਂ ਹੱਥ ਹੌਲਾ ਹੋਣ ਦੇ ਆਸਾਰ ਵਧੇਰੇ ਹੁੰਦੇ ਸਨ।

ਮੈਂ ਚੌਕਸ ਹੋ ਕੇ ਰੱਸੀ ਫੜ ਕੇ ਬੈਠ ਗਿਆ। ਪਿਤਾ ਜੀ ਨੇ ਮੱਝ ਦੇ ਸਰੀਰ ਅੰਦਰ ਕਟੜੂ ਦੀ ਸਥਿਤੀ ਨੂੰ ਸੰਭਵ ਹੱਦ ਤਕ ਸਹੀ ਕੀਤਾ। ਇਹ ਕਾਫ਼ੀ ਜ਼ੋਰ ਦਾ ਕੰਮ ਸੀ। ਇਹ ਸਭ ਕੁਝ ਉਹ ਤੇਜ਼ੀ ਨਾਲ ਕਰ ਰਹੇ ਸਨ। ਉਨ੍ਹਾਂ ਨੇ ਮੱਝ ਦੀਆਂ ਲੱਤਾਂ ਵਾਲੇ ਰੱਸੇ ਫੜੀ ਖੜ੍ਹੇ ਬੰਦਿਆਂ ਨੂੰ ਚੌਕਸ ਰਹਿਣ ਲਈ ਕਿਹਾ ਕਿ ਮੇਰੇ ਕਹਿਣ 'ਤੇ ਇਕ ਦਮ ਮੱਝ ਨੂੰ ਦੂਜੇ ਪਾਸੇ ਪਲਟੀ ਮਾਰ ਦਿਉ। ਉਨ੍ਹਾਂ ਨੇ ਕਟੜੂ ਨੂੰ ਨਾਲ ਘੁੰਮ ਜਾਣ ਤੋਂ ਰੋਕਣ ਲਈ ਹੱਥ ਦੀ ਰੁਕਾਵਟ ਦੀ ਤਾਕਤ ਬਣਾ ਕੇ ਮੱਝ ਨੂੰ ਪਲਟ ਦੇਣ ਦਾ ਇਸ਼ਾਰਾ ਕੀਤਾ ਤੇ ਪਲਟੀ ਵੱਜਦਿਆਂ ਹੀ ਮੈਨੂੰ ਜ਼ੋਰ ਨਾਲ ਰੱਸੀ ਖਿੱਚਣ ਲਈ ਕਿਹਾ। ਇਕਦਮ ਰੱਸੀ ਖਿੱਚਣ ਨਾਲ ਮੈਂ ਡਿੱਗ ਤਾਂ ਪਿਆ ਪਰ ਕਟੜੂ ਬਾਹਰ ਆ ਗਿਆ। ਪਿਤਾ ਜੀ ਦੇ ਕਹਿਣ 'ਤੇ ਮੈਂ ਉਸ ਦੀ ਬੂਥੀ ਤੇ ਨਾਸਾਂ ਨੂੰ ਪੂੰਝ ਕੇ ਉਸ ਦੇ ਸਿਰ ਪਿੱਛੇ ਦੋ-ਤਿੰਨ ਹਲਕੀਆਂ ਮੁੱਕੀਆਂ ਮਾਰੀਆਂ ਤਾਂ ਉਸ ਨੇ ਅੱਖਾਂ ਖੋਲ੍ਹ ਲਈਆਂ। ਫਿਰ ਦੋਹਾਂ ਦੇ ਇਲਾਜ ਦੀਆਂ ਜ਼ਰੂਰੀ ਕਿਰਿਆਵਾਂ ਪੂਰੀਆਂ ਕੀਤੀਆਂ ਤੇ ਕਟੜੂ ਦੀਆਂ ਹਰਕਤਾਂ ਠੀਕ ਹੋ ਜਾਣ 'ਤੇ ਉਸ ਨੂੰ ਮੱਝ ਦੇ ਮੂਹਰੇ ਚੱਟਣ ਵਾਸਤੇ ਰੱਖ ਦਿੱਤਾ। ਇਸ ਵਰਤਾਰੇ ਨੂੰ ਵੀਹ ਕੁ ਮਿੰਟ ਲੱਗੇ ਹੋਣਗੇ ਤੇ ਪਿੰਡਾਂ ਦੀ ਫਿਤਰਤ ਅਨੁਸਾਰ ਹੁਣ ਤਕ ਇਕੱਠ ਹੋਰ ਵੱਧ ਚੁੱਕਿਆ ਸੀ।

ਮੱਝ ਨੂੰ ਪਲਟੀ ਦੇਣ ਵੇਲੇ ਜਿਨ੍ਹਾਂ ਲੋਕਾਂ ਦੇ ਮੂੰਹ ਅੱਡੇ ਹੋਏ ਸਨ, ਉਨ੍ਹਾਂ ਦੇ ਚਿਹਰੇ 'ਤੇ ਹੁਣ ਤਸੱਲੀ ਦੇ ਭਾਵ ਸਨ। ਇਹ ਤਾਂ ਰੱਬ ਹੀ ਜਾਣਦਾ ਸੀ ਕਿ ਇਹ ਕੁਦਰਤ ਦਾ ਕ੍ਰਿਸ਼ਮਾ ਸੀ, ਮੱਝ ਵਾਲੇ ਦੀ ਕਿਸਮਤ ਸੀ ਜਾਂ ਕੁੰਡੀ ਨਾ ਵਰਤਣ ਦਾ ਪਿਤਾ ਜੀ ਦਾ ਹੁਨਰ 'ਤੇ ਭਰੋਸਾ ਸੀ ਕਿ ਕਟੜੂ ਮਟਿਆਂਡੀ ਦੇ ਫਟ ਜਾਣ ਤੋਂ ਇੰਨੇ ਚਿਰ ਬਾਅਦ ਵੀ ਬਚ ਗਿਆ ਸੀ। ਕੁਝ ਵੀ ਸੀ, ਦੋ ਜੀਵਾਂ ਦੀ ਜਾਨ ਬਚ ਜਾਣ ਦਾ ਸਕੂਨ ਸਭ ਨੂੰ ਸੀ। ਪਿਤਾ ਜੀ ਤਾਂ ਅਜਿਹੇ ਮੌਕਿਆਂ ਦਾ ਸਾਹਮਣਾ ਅਕਸਰ ਹੀ ਕਰਦੇ ਰਹਿੰਦੇ ਸਨ ਪਰ ਇਸ ਸਫ਼ਲ ਕਾਰਜ ਦਾ ਹਿੱਸਾ ਹੋਣ ਦਾ ਅਹਿਸਾਸ ਤੇ ਪਿਤਾ ਜੀ ਨੂੰ ਮਿਲੇ ਸਤਿਕਾਰ ਨੂੰ ਮੈਂ ਉਨ੍ਹਾਂ ਦੇ ਦੁਨੀਆ ਤੋਂ ਤੁਰ ਜਾਣ ਤੋਂ ਵੀਹ ਸਾਲ ਬਾਅਦ ਵੀ ਭੁਲਾ ਨਹੀਂ ਸਕਿਆ। ਮੈਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੇ 'ਕੈ ਮਿੰਟ ਲਾਵਾਂ ਬਈ' ਵਾਲੇ ਸਵਾਲ ਪਿੱਛੇ ਉਨ੍ਹਾਂ ਦਾ ਮਾਣ ਨਹੀਂ ਸਗੋਂ ਆਪਣੇ ਹੁਨਰ ਦਾ ਭਰੋਸਾ ਬੋਲ ਰਿਹਾ ਸੀ।

ਮੋ: 85678-72291

Posted By: Jagjit Singh