ਲਾਇਬ੍ਰੇਰੀ ਕਿਸੇ ਵੀ ਸੰਸਥਾ ਦਾ ਦਿਲ ਹੁੰਦੀ ਹੈ। ਦਿਲ ਸਾਡੇ ਸਰੀਰ ਦਾ ਅਜਿਹਾ ਅੰਗ ਹੈ ਜਿਸ ਦੇ ਬਿਨਾਂ ਜੀਵਤ ਰਹਿਣਾ ਨਾਮੁਮਕਿਨ ਹੈ। ਇਸੇ ਤਰ੍ਹਾਂ ਲਾਇਬ੍ਰੇਰੀ ਤੋਂ ਬਿਨਾਂ ਅਸੀਂ ਕਿਸੇ ਸਕੂਲ, ਕਾਲਜ, ਯੂਨੀਵਰਸਿਟੀ ਜਾਂ ਸਮਾਜ ਦੀ ਤਰੱਕੀ ਅਤੇ ਵਿਕਾਸ ਬਾਰੇ ਸੋਚ ਵੀ ਨਹੀਂ ਸਕਦੇ। ਲਾਇਬ੍ਰੇਰੀਆਂ ਗਿਆਨ ਦਾ ਭੰਡਾਰ ਹੁੰਦੀਆਂ ਹਨ। ਇਹ ਗਿਆਨ ਦਾ ਭੰਡਾਰ ਪੀੜ੍ਹੀ-ਦਰ-ਪੀੜ੍ਹੀ ਵਧਦਾ ਜਾਂਦਾ ਹੈ ਅਤੇ ਮਨੁੱਖਤਾ 'ਚ ਨੇਕ, ਗਿਆਨਵਾਨ, ਸੂਝਵਾਨ, ਇਮਾਨਦਾਰ, ਮਿਹਨਤੀ ਆਦਿ ਗੁਣਾਂ ਵਾਲੇ ਹੀਰੇ ਤਰਾਸ਼ਦਾ ਜਾਂਦਾ ਹੈ। ਦੁਨੀਆ ਦੇ ਹਰ ਪ੍ਰਸਿੱਧ ਇਨਸਾਨ ਨੂੰ ਪ੍ਰਸਿੱਧ ਬਣਾਉਣ 'ਚ ਲਾਇਬ੍ਰੇਰੀਆਂ ਦਾ ਮਹੱਤਵਪੂਰਨ ਯੋਗਦਾਨ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਸਾਡੇ ਦੇਸ਼ ਖ਼ਾਸ ਤੌਰ 'ਤੇ ਪੰਜਾਬ ਵਿਚ ਇਨ੍ਹਾਂ ਵਡਮੁੱਲੇ ਖ਼ਜ਼ਾਨਿਆਂ ਦੀ ਹਾਲਤ ਬਹੁਤ ਤਰਸਯੋਗ ਹੈ। ਡਾ. ਰਾਧਾਕ੍ਰਿਸ਼ਨਨ ਅਨੁਸਾਰ ਲਾਇਬ੍ਰੇਰੀ ਕਿਸੇ ਵੀ ਸੰਸਥਾ ਦਾ ਦਿਲ ਹੁੰਦੀ ਹੈ। ਭਾਵ ਲਾਇਬ੍ਰੇਰੀ ਸੰਸਥਾ ਦੇ ਵਿਚਕਾਰ ਹੋਣੀ ਚਾਹੀਦੀ ਹੈ ਜਿੱਥੇ ਹਰ ਵਿਦਿਆਰਥੀ ਆਸਾਨੀ ਨਾਲ ਪਹੁੰਚ ਸਕੇ। ਅਜੋਕੇ ਸਮੇਂ ਜਾਪਦਾ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਲਾਇਬ੍ਰੇਰੀਆਂ ਦੀ ਜ਼ਰੂਰਤ ਹੀ ਨਹੀਂ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਇਨ੍ਹਾਂ ਦੀ ਗਿਣਤੀ ਨਾਮਾਤਰ ਹੈ। ਲਾਇਬ੍ਰੇਰੀ ਦੇ ਨਾਂ 'ਤੇ ਇਕ ਕਮਰੇ 'ਚ ਦੋ ਅਲਮਾਰੀਆਂ 'ਚ ਕਿਤਾਬਾਂ ਨੂੰ ਤਾਲਾ ਲਾ ਕੇ ਰੱਖ ਦਿੱਤਾ ਜਾਂਦਾ ਹੈ। ਉਨ੍ਹਾਂ ਕਿਤਾਬਾਂ ਨੂੰ ਵੰਡਣ ਅਤੇ ਪੜ੍ਹਨ ਵਾਲੇ ਕਿਤੇ ਨਜ਼ਰ ਨਹੀਂ ਆਉਂਦੇ। ਉਚੇਰੀ ਸਿੱਖਿਆ ਲਈ ਖੋਲ੍ਹੇ ਗਏ ਕਈ ਕਾਲਜਾਂ ਵਿਚ ਵੀ ਲਾਇਬ੍ਰੇਰੀਆਂ ਸਿਰਫ਼ ਨਾਂ ਦੀਆਂ ਹੀ ਹਨ। ਉਨ੍ਹਾਂ ਕੋਲ ਇਨ੍ਹਾਂ ਲਈ ਨਾ ਕੋਈ ਨਿਸ਼ਚਿਤ ਸਟਾਫ ਹੈ ਅਤੇ ਨਾ ਹੀ ਇਮਾਰਤ। ਬਾਲ ਪੱਧਰ 'ਤੇ ਹੀ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਸਹੂਲਤ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਲਾਇਬ੍ਰੇਰੀ ਦੇ ਸੈਕਸ਼ਨਾਂ, ਕਿਤਾਬਾਂ ਦੀਆਂ ਕਿਸਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਸਕੂਲਾਂ 'ਚ ਲਾਇਬ੍ਰੇਰੀ ਪੀਰੀਅਡ ਹੋਣਾ ਬਹੁਤ ਜ਼ਰੂਰੀ ਹੈ। ਸਰਕਾਰ ਦੀ ਤਰਸਯੋਗ ਹਾਲਤ ਇਹ ਹੈ ਕਿ ਲਾਇਬ੍ਰੇਰੀ ਐਕਟ ਪੰਜਾਬ ਵਿਚ ਪਾਸ ਹੀ ਨਹੀਂ ਕੀਤਾ ਗਿਆ। ਲਾਇਬ੍ਰੇਰੀਆਂ ਦੀ ਮਾੜੀ ਹਾਲਤ ਦਾ ਨਤੀਜਾ ਅੱਜ ਵਿਦਿਆਰਥੀ ਵਰਗ 'ਚ ਸਾਨੂੰ ਵੇਖਣ ਨੂੰ ਮਿਲਦਾ ਹੈ। ਲਾਇਬ੍ਰੇਰੀਆਂ 'ਚ ਬੈਠ ਕੇ ਪੜ੍ਹਨ ਦਾ ਮਾਹੌਲ ਸਾਡੀ ਸਿੱਖਿਆ ਪ੍ਰਣਾਲੀ, ਮਾੜੀਆਂ ਸਰਕਾਰਾਂ, ਸਾਡਾ ਸਮਾਜ ਸਿਰਜ ਨਹੀਂ ਸਕੇ ਜਿਸ ਕਾਰਨ ਵਿਦਿਆਰਥੀ ਸਾਹਿਤ ਤੋਂ ਦੂਰ ਹੋ ਗਏ ਹਨ ਜਿਸ ਦਾ ਨਤੀਜਾ ਸਮਾਜ ਭੁਗਤ ਰਿਹਾ ਹੈ। ਨੌਜਵਾਨ ਵਰਗ 'ਚ ਪੁਸਤਕਾਂ ਪ੍ਰਤੀ ਬਹੁਤੀ ਦਿਲਚਸਪੀ ਨਹੀਂ ਹੈ। ਉਹ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਖ਼ਰਾਬ ਕਰ ਰਿਹਾ ਹੈ। ਪੰਜਾਬ ਵਿਚ ਸੈੱਲਫੋਨਾਂ ਦੀ ਗਿਣਤੀ 3.84 ਕਰੋੜ ਹੋ ਗਈ ਹੈ। ਘਰ ਦੇ ਹਰੇਕ ਮੈਂਬਰ ਕੋਲ ਸਮਾਰਟਫੋਨ ਹੋਣਾ ਸਾਡਾ ਸਟੇਟਸ ਸਿੰਬਲ ਬਣ ਗਿਆ ਹੈ। ਸਮਾਜ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ-ਨਾਲ ਪੰਜ ਹੋਰ ਵਿਕਾਰ ਪੈਦਾ ਹੋ ਗਏ ਹਨ ਜਿਵੇਂ ਕਿ ਫੇਸਬੁੱਕ, ਵ੍ਹਟਸਐਪ, ਟਵਿੱਟਰ, ਇੰਸਟਾਗ੍ਰਾਮ, ਟਿਕ-ਟਾਕ। ਇਨ੍ਹਾਂ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਗਿਆ ਹੈ। ਵਿਦਿਆਰਥੀਆਂ ਨੂੰ ਇਨ੍ਹਾਂ ਪੰਜਾਂ ਤੋਂ ਨਿਰ-ਉਤਸ਼ਾਹਿਤ ਕਰ ਕੇ ਪੁਸਤਕਾਂ ਪੜ੍ਹਨ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।

-ਪੁਸ਼ਪਿੰਦਰ ਕੌਰ ਮਾਨਸ਼ਾਹੀਆ। (98883-34695)

Posted By: Susheel Khanna