ਕਾਮਰੇਡ ਸੋਹਨ ਸਿੰਘ ਜੋਸ਼ ਇਕ ਬਹੁ-ਪੱਖੀ ਸ਼ਖ਼ਸੀਅਤ ਸਨ ਜਿਨ੍ਹਾਂ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਵਿਚ, ਸਗੋਂ ਦੇਸ਼ ਆਜ਼ਾਦ ਹੋਣ ਉਪਰੰਤ ਵੀ ਲੋਕਾਂ ਨੂੰ ਸਹੀ ਮਾਅਨਿਆਂ ’ਚ ਆਜ਼ਾਦੀ ਦਿਵਾਉਣ ਲਈ ਭਰਪੂਰ ਜਦੋਜਹਿਦ ਕੀਤੀ। ਇਸ ਕਾਰਜ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਕਈ ਸਾਲ ਜੇਲ੍ਹ ਵਿਚ ਗੁਜ਼ਾਰਨੇ ਪਏ।

ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਚੇਤਪੁਰਾ ਵਿਚ 12 ਨਵੰਬਰ 1898 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ. ਲਾਲ ਸਿੰਘ ਅਤੇ ਮਾਤਾ ਦਾ ਨਾਮ ਦਿਆਲ ਕੌਰ ਸੀ। ਕਾਮਰੇਡ ਜੋਸ਼ ਨੇ ਉੱਚ ਸਿੱਖਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਕੇ ਮੁੰਬਈ ਵਿਖੇ ਸੈਂਸਰ ਬੋਰਡ ਵਿਚ ਨੌਕਰੀ ਕਰ ਲਈ। ਥੋੜ੍ਹੇ ਸਮੇਂ ਬਾਅਦ ਹੀ ਆਪ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਮਜੀਠਾ ਵਿਖੇ ਅਧਿਆਪਕ ਵਜੋਂ ਨੌਕਰੀ ਕਰ ਲਈ। ਇਸ ਨੌਕਰੀ ਦੌਰਾਨ ਹੀ ਆਪ ਨੂੰ ਗ਼ੁਲਾਮੀ ਦਾ ਅਹਿਸਾਸ ਹੋਇਆ ਤੇ ਉਹ ਨੌਕਰੀ ਨੂੰ ਨਕਾਰ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦੀ ਦੀ ਲਹਿਰ ਵਿਚ ਉਹ ਇਕ ਅਕਾਲੀ ਆਗੂ ਦੇ ਰੂਪ ਵਿਚ ਸ਼ਾਮਲ ਹੋਏ। ਉਸ ਵੇਲੇ ਗੁਰਦੁਆਰਿਆਂ ’ਤੇ ਮਹੰਤਾਂ ਦਾ ਕਬਜ਼ਾ ਸੀ। ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਵਿੱਢਿਆ ਹੋਇਆ ਸੀ। ਗੁਰਦੁਆਰਿਆਂ ਦੀ ਆਜ਼ਾਦੀ ਲਈ ਜਾਂਦੇ ਜੱਥੇ ਵੇਖ ਕੇ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ ਸੀ। ਹੋਰ ਅਕਾਲੀ ਆਗੂਆਂ ਨਾਲ ਕਾਮਰੇਡ ਜੋਸ਼ ਨੂੰ ਲਾਹੌਰ ਜੇਲ੍ਹ ਵਿਚ ਭੇਜ ਦਿੱਤਾ ਗਿਆ।

ਗੁਰਦੁਆਰਿਆਂ ਦੀ ਇਤਿਹਾਸਕ ਜਿੱਤ ਦੇ ਸਬੰਧ ਵਿਚ ਕਾਮਰੇਡ ਜੋਸ਼ ਨੇ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਨਾਮੀ ਬਹੁਮੁੱਲੀ ਤੇ ਵੱਡ-ਆਕਾਰੀ ਪੁਸਤਕ ਤਿਆਰ ਕੀਤੀ। ਗੁਰਦੁਆਰਿਆਂ ਦੀ ਆਜ਼ਾਦੀ ਤੋਂ ਬਾਅਦ ਆਪ ਦੇਸ਼ ਦੀ ਆਜ਼ਾਦੀ ਲਹਿਰ ਵਿਚ ਕੁੱਦ ਪਏ। ਉਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਆਜ਼ਾਦੀ ਦੇ ਸੰਗਰਾਮ ਵਿਚ ਭੂਮਿਕਾ ਨਿਭਾ ਰਹੀ ਸੀ। ਕਾਮਰੇਡ ਜੋਸ਼ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਣੇ। ਇਸ ਸਮੇਂ ਦੌਰਾਨ ਉਨ੍ਹਾਂ ਦਾ ਝੁਕਾਅ ਮਾਰਕਸਵਾਦੀ ਵਿਚਾਰਧਾਰਾ ਵੱਲ ਹੋ ਗਿਆ। ਇਸ ਵਿਚਾਰਧਾਰਾ ਦਾ ਉਨ੍ਹਾਂ ਨੇ ਡੂੰਘਾ ਅਧਿਐਨ ਕੀਤਾ। ਰੂਸ ਦੇ ਇਨਕਲਾਬ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ 1925 ਵਿਚ ਉਨ੍ਹਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕੀਤਾ। ਇਸ ਪਾਰਟੀ ਵਿਚ ਕੰਮ ਕਰਦਿਆਂ ਉਨ੍ਹਾਂ ਉੱਤੇ ਹੋਰ ਕਮਿਊਨਿਸਟਾਂ ਸਮੇਤ ਮੇਰਠ ਸਾਜ਼ਿਸ਼ ਕੇਸ ਦਰਜ ਹੋ ਗਿਆ। ਇੱਥੇ ਉਹ ਪੰਜ ਸਾਲ ਨਜ਼ਰਬੰਦ ਰਹੇ। ਇਸ ਸਬੰਧੀ ਉਨ੍ਹਾਂ ਨੇ ‘ਦਿ ਗਰੇਟ ਅਟੈਕ’ ਪੁਸਤਕ ਲਿਖੀ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਕਾਮਰੇਡ ਜੋਸ਼ ਸੰਘਰਸ਼ੀਲ ਰਹੇ। ਪਾਰਟੀ ਵਿਚ ਨਿਰੰਤਰ ਕੰਮ ਕਰਦਿਆਂ ਉਹ 1937 ਵਿਚ ਰਾਜਾਸਾਂਸੀ ਦੇ ਹਰਿੰਦਰ ਸਿੰਘ ਸੰਧਾਵਾਲੀਆ ਨੂੰ ਹਰਾ ਕੇ ਪੰਜਾਬ ਅਸੈਂਬਲੀ ਦੇ ਮੈਂਬਰ ਬਣੇ। ਆਪ ਕਮਿਊਨਿਸਟ ਪਾਰਟੀ ਪੰਜਾਬ ਦੇ ਜਨਰਲ ਸਕੱਤਰ, ਕੇਂਦਰੀ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਤੇ ਬਾਅਦ ਵਿਚ ਕੇਂਦਰੀ ਕਮੇਟੀ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ਕਾਮਰੇਡ ਜੋਸ਼ ਪੱਤਰਕਾਰ ਵੀ ਸਨ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਉਨ੍ਹਾਂ ‘ਅਕਾਲੀ’, ‘ਪ੍ਰਭਾਤ’, ‘ਜੰਗ-ਏ-ਆਜ਼ਾਦੀ’, ‘ਨਇਆਂ ਜ਼ਮਾਨਾ (ਉਰਦੂ)’ ਵਿਚ ਬਤੌਰ ਸੰਪਾਦਕ ਕੰਮ ਕੀਤਾ। ਉਹ ‘ਨਵਾਂ ਜ਼ਮਾਨਾ’ (ਪੰਜਾਬੀ) ਦੇ ਵੀ ਕਾਫ਼ੀ ਚਿਰ ਸੰਪਾਦਕ ਰਹੇ। ਕਾਮਰੇਡ ਜੋਸ਼ ਇਤਿਹਾਸਕਾਰ ਤੇ ਸਾਹਿਤਕਾਰ ਵੀ ਸਨ। ਉਨ੍ਹਾਂ ਨੇ ‘ਅਕਾਲੀ ਮੋਰਚਿਆਂ ਦਾ ਇਤਿਹਾਸ’, ‘ਗਦਰ ਪਾਰਟੀ ਦਾ ਇਤਿਹਾਸ’, ‘ਕਾਮਾਗਾਟਾਮਾਰੂ ਦਾ ਦੁਖਾਂਤ’, ‘ਮੇਰਠ ਸਾਜ਼ਿਸ਼ ਕੇਸ’, ‘ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ’, ‘ਭਾਈ ਸੰਤੋਖ ਸਿੰਘ ਦੀ ਜੀਵਨੀ’, ‘ਮੇਰੀ ਰੂਸ ਯਾਤਰਾ’, ‘ਪੰਜਾਬੀ ਬੋਲੀ ਤੇ ਭਾਸ਼ਾ ਵਿਗਿਆਨ’, ‘ਬੰਗਾਲੀ ਸਾਹਿਤ ਦੀ ਵੰਨਗੀ’ ਅਤੇ ‘ਰੁੱਤ ਨਵਿਆਂ ਦੀ ਆਈ’ ਬੜੀਆਂ ਮੁੱਲਵਾਨ ਪੁਸਤਕਾਂ ਦੀ ਰਚਨਾ ਕੀਤੀ। ਇਨ੍ਹਾਂ ਲਿਖਤਾਂ ਕਾਰਨ ਕਾਮਰੇਡ ਜੋਸ਼ ਨੂੰ ਰੂਸ ਸਰਕਾਰ ਵੱਲੋਂ ‘ਸੋਵੀਅਤ ਲੈਂਡ ਨਹਿਰੂ’ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਪੰਜਾਬੀ ਪੱਤਰਕਾਰ’ ਐਵਾਰਡ ਦਿੱਤਾ ਗਿਆ।

ਇਨ੍ਹਾਂ ਐਵਾਰਡਾਂ ਤੋਂ ਪ੍ਰਾਪਤ ਹੋਈ ਰਾਸ਼ੀ ਉਨ੍ਹਾਂ ਨੇ ਆਪਣੇ ਨਿੱਜ ਲਈ ਨਹੀਂ ਸੀ ਵਰਤੀ ਬਲਕਿ ਇਸ ਨਾਲ ਉਨ੍ਹਾਂ ਨੇ ਪਿੰਡ ’ਚ ‘ਪੁਸਤਕ ਦੁਆਰਾ’ ਨਾਂ ਦੀ ਲਾਇਬ੍ਰੇਰੀ ਬਣਵਾ ਦਿੱਤੀ। ਕਾਮਰੇਡ ਜੋਸ਼ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੀ ਖ਼ੁਸ਼ਹਾਲੀ ਵਾਲਾ ਰਾਜ ਸਥਾਪਿਤ ਕਰਨ ਲਈ ਲਗਾ ਦਿੱਤੀ। ਉਹ ਆਖ਼ਰੀ ਸਮੇਂ ਦੌਰਾਨ ਲਿਖਦੇ ਹਨ ਕਿ ‘ਸਾਡੇ ਵੱਲੋਂ ਇਸ ਸੁਨਹਿਰੀ ਕਾਰਜ ਲਈ ਜੋ ਹੋ ਸਕਿਆ ਅਸੀਂ ਕੀਤਾ ਤੇ ਹੁਣ ਨੌਜਵਾਨ ਪੀੜ੍ਹੀ ਦੀ ਵਾਰੀ ਹੈ।’ ਕਾਮਰੇਡ ਜੋਸ਼ ਦਾ ਦੇਹਾਂਤ 29 ਜੁਲਾਈ 1982 ਨੂੰ ਅੰਮਿ੍ਰਤਸਰ ਦੇ ਗੁਰੁੂ ਨਾਨਕ ਹਸਪਤਾਲ ’ਚ ਹੋ ਗਿਆ ਸੀ।

-ਕੁਲਦੀਪ ਸਿੰਘ ਚੇਤਨਪੁਰੀ, ਪਿੰਡ ਤੇ ਡਾਕ: ਚੇਤਨਪੁਰਾ (ਅੰਮ੍ਰਿਤਸਰ)।

Posted By: Sunil Thapa