ਬਚਾਅ ਦੇ ਹਰ ਸੰਭਵ ਉਪਾਅ ਹੀ ਕੁਦਰਤੀ ਆਫਤਾਂ ਨਾਲ ਨਜਿੱਠਣ ਦਾ ਬਿਹਤਰ ਜ਼ਰੀਆ ਹਨ। ਇਹ ਇਕ ਵਾਰ ਫਿਰ ਸਿੱਧ ਹੋ ਰਿਹਾ ਹੈ ਓਡੀਸ਼ਾ ਵਿਚ ਜੋ ਖ਼ਤਰਨਾਕ ਤੀਬਰਤਾ ਵਾਲੇ ਤੂਫਾਨ 'ਫੇਨੀ' ਤੋਂ ਦੋ-ਚਾਰ ਹੈ। ਹਾਲਾਂਕਿ ਇਸ ਪ੍ਰਚੰਡ ਤੂਫਾਨ ਦਾ ਅਸਰ ਓਡੀਸ਼ਾ ਦੇ ਨਾਲ-ਨਾਲ ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਪੱਛਮੀ ਬੰਗਾਲ ਸਮੇਤ ਉੱਤਰ-ਪੂਰਬ ਦੇ ਕੁਝ ਇਲਾਕਿਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ ਪਰ ਇਹ ਸਪੱਸ਼ਟ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਓਡੀਸ਼ਾ ਹੀ ਹੈ। ਇਹ ਤੂਫਾਨ ਕਿੰਨਾ ਪ੍ਰਚੰਡ ਸੀ, ਇਸ ਦਾ ਅਨੁਮਾਨ ਇਕ ਤਾਂ ਇਸ ਤੋਂ ਲੱਗਦਾ ਹੈ ਕਿ ਓਡੀਸ਼ਾ ਵਿਚ ਇਸ ਦੀ ਤੀਬਰਤਾ ਲਗਪਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਮੰਨੀ ਗਈ ਅਤੇ ਦੂਜਾ ਇਸ ਨਾਲ ਦੇਸ਼ ਦੇ ਹੋਰ ਅਨੇਕਾਂ ਇਲਾਕਿਆਂ ਵਿਚ ਵੀ ਮੌਸਮ ਨੇ ਕਰਵਟ ਬਦਲੀ ਹੈ। ਇਹ ਤਸੱਲੀਬਖ਼ਸ਼ ਹੈ ਕਿ ਓਡੀਸ਼ਾ ਵਿਚ ਪੁਰੀ ਸ਼ਹਿਰ ਦੇ ਤਟ ਨਾਲ ਟਕਰਾਉਣ ਵਾਲੇ ਇਸ ਤੂਫਾਨ ਦੇ ਪ੍ਰਚੰਡ ਵੇਗ ਨਾਲ ਨਜਿੱਠਣ ਲਈ ਉਹ ਸਾਰੇ ਉਪਾਅ ਕੀਤੇ ਗਏ ਹਨ ਜੋ ਜ਼ਰੂਰੀ ਸਨ। ਦਸ ਲੱਖ ਤੋਂ ਵੱਧ ਲੋਕਾਂ ਨੂੰ ਸਿਰਫ਼ ਉਨ੍ਹਾਂ ਦੇ ਘਰਾਂ 'ਚੋਂ ਕੱਢਿਆ ਹੀ ਨਹੀਂ ਗਿਆ ਸਗੋਂ ਉਨ੍ਹਾਂ ਲਈ ਰਾਹਤ ਅਤੇ ਬਚਾਅ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਜਿਸ ਕਾਰਨ ਕਿਤੇ ਘੱਟ ਜਾਨੀ ਨੁਕਸਾਨ ਹੋਇਆ ਹੈ। ਇਹ ਇਸ ਲਈ ਜ਼ਿਕਰਯੋਗ ਹੈ ਕਿ ਦੋ ਦਹਾਕੇ ਪਹਿਲਾਂ 1999 ਵਿਚ ਓਡੀਸ਼ਾ ਜਦ ਫੇਨੀ ਤੋਂ ਕਿਤੇ ਘੱਟ ਤੀਬਰਤਾ ਵਾਲੇ ਤੂਫਾਨ ਤੋਂ ਦੋ-ਚਾਰ ਹੋਇਆ ਸੀ, ਉਦੋਂ ਲਗਪਗ ਦਸ ਹਜ਼ਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਚੰਗਾ ਹੋਇਆ ਕਿ ਉਸ ਤੂਫਾਨ ਕਾਰਨ ਹੋਈ ਤਬਾਹੀ ਅਤੇ ਫਿਰ 2004 ਵਿਚ ਸੁਨਾਮੀ ਦੇ ਕਹਿਰ ਤੋਂ ਸਬਕ ਲੈ ਕੇ ਸੰਸਥਾਗਤ ਪੱਧਰ 'ਤੇ ਜ਼ਰੂਰੀ ਉਪਾਅ ਕੀਤੇ ਗਏ।

ਇਨ੍ਹਾਂ ਉਪਰਾਲਿਆਂ ਦਾ ਲਾਭ ਅੱਜ ਪੂਰੇ ਦੇਸ਼ ਨੂੰ ਹੀ ਨਹੀਂ, ਗੁਆਂਢੀ ਦੇਸ਼ਾਂ ਨੂੰ ਵੀ ਮਿਲ ਰਿਹਾ ਹੈ। ਇਨ੍ਹਾਂ ਉਪਾਵਾਂ ਤਹਿਤ ਇਕ ਪਾਸੇ ਜਿੱਥੇ ਮੌਸਮ ਸਬੰਧੀ ਸਟੀਕ ਸੂਚਨਾਵਾਂ ਦੇਣ ਵਾਲੇ ਤੰਤਰ ਨੂੰ ਦਰੁਸਤ ਕੀਤਾ ਗਿਆ, ਓਥੇ ਹੀ ਦੂਜੇ ਪਾਸੇ ਕਿਸੇ ਵੀ ਤਰ੍ਹਾਂ ਦੀ ਆਫਤ ਤੋਂ ਪੀੜਤ ਲੋਕਾਂ ਦੇ ਬਚਾਅ ਲਈ ਐੱਨਡੀਆਰਐੱਫ ਦਾ ਗਠਨ ਕੀਤਾ ਗਿਆ। ਇਸੇ ਤਰਜ਼ 'ਤੇ ਸੂਬਿਆਂ ਨੇ ਵੀ ਆਪਣੇ ਆਫਤ ਪ੍ਰਬੰਧਨ ਬਲ ਗਠਿਤ ਕੀਤੇ। ਅਜਿਹਾ ਕਰਨਾ ਸਮੇਂ ਦੀ ਮੰਗ ਸੀ। ਅੱਜ ਐੱਨਡੀਆਰਐੱਫ ਹਰ ਤਰ੍ਹਾਂ ਦੀ ਆਫਤ ਦੀ ਸਥਿਤੀ ਵਿਚ ਭਰੋਸੇਯੋਗ ਹੀ ਨਹੀਂ, ਦੇਸ਼ ਦੀ ਤਾਕਤ ਵੀ ਹੈ। ਬੀਤੇ ਕੁਝ ਵਰ੍ਹਿਆਂ 'ਚ ਇਸ ਨੇ ਤੂਫਾਨ, ਹੜ੍ਹਾਂ ਦੇ ਨਾਲ-ਨਾਲ ਵੱਡੇ ਹਾਦਸਿਆਂ ਵਿਚ ਰਾਹਤ ਅਤੇ ਬਚਾਅ ਦੇ ਜੋ ਕੰਮ ਕੀਤੇ ਹਨ, ਉਹ ਮਿਸਾਲੀ ਹਨ। ਐੱਨਡੀਆਰਐੱਫ ਨੇ ਹੁਣ ਤਕ ਸਾਢੇ ਚਾਰ ਲੱਖ ਤੋਂ ਵੱਧ ਵਿਅਕਤੀਆਂ ਨੂੰ ਬਚਾਉਣ ਦਾ ਹੀ ਕੰਮ ਨਹੀਂ ਕੀਤਾ ਸਗੋਂ ਰਾਹਤ ਅਤੇ ਬਚਾਅ ਸਬੰਧੀ ਤੰਤਰ ਨੂੰ ਵੀ ਮਜ਼ਬੂਤ ਕੀਤਾ ਹੈ। ਜੋ ਲੋਕ ਇਹ ਕਹਿੰਦੇ ਹਨ ਕਿ ਦੇਸ਼ ਤਰੱਕੀ ਨਹੀਂ ਕਰ ਰਿਹਾ ਅਤੇ ਕਿਤੇ ਵੀ ਹਾਲਾਤ ਠੀਕ ਨਹੀਂ ਹਨ, ਉਨ੍ਹਾਂ ਨੂੰ ਐੱਨਡੀਆਰਐੱਫ ਵਰਗੀਆਂ ਸੰਸਥਾਵਾਂ ਦੇ ਕੰਮਕਾਜ ਨੂੰ ਵੇਖਣਾ ਚਾਹੀਦਾ ਹੈ।

ਬੇਸ਼ੱਕ ਇਸ ਦਾ ਮੁਲੰਕਣ ਕਰਨ ਵਿਚ ਸਮਾਂ ਲੱਗੇਗਾ ਕਿ ਪ੍ਰਚੰਡ ਰੂਪ ਧਾਰਨ ਕਰਨ ਵਾਲੇ 'ਫੇਨੀ' ਤੂਫਾਨ ਨੇ ਕਿੱਥੇ ਕਿੰਨਾ ਨੁਕਸਾਨ ਕੀਤਾ ਹੈ ਪਰ ਇਹ ਜਾਣਨਾ ਸੁਖਾਵਾਂ ਹੈ ਕਿ ਲੱਖਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ। ਕਿਉਂਕਿ ਆਲਮੀ ਤਪਸ਼ ਦੇ ਮਾੜੇ ਸਿੱਟਿਆਂ ਕਾਰਨ ਮੌਸਮ ਵਿਚ ਅਣ-ਕਿਆਸੀ ਤਬਦੀਲੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਲਈ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਰਿਹਾਇਸ਼ੀ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵੱਲ ਖ਼ਾਸ ਤਵੱਜੋ ਦੇਣੀ ਚਾਹੀਦੀ ਹੈ।

Posted By: Arundeep